ਕਾਹਿਰਾ, 28 ਅਕਤੂਬਰ 2024 : ਸੂਡਾਨ ਦੇ ਪੂਰਬੀ-ਮੱਧ ਖੇਤਰ ’ਚ ਰੈਪਿਡ ਸਪੋਰਟ ਫੋਰਸ (ਆਰ.ਐੱਸ.ਐੱਫ.) ਦੇ ਲੜਾਕਿਆਂ ਨੇ ਕਈ ਦਿਨਾਂ ਤਕ ਹਿੰਸਾ ਕੀਤੀ, ਜਿਸ ’ਚ ਇਕ ਕਸਬੇ ’ਚ 120 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਡਾਕਟਰਾਂ ਦੇ ਇਕ ਸਮੂਹ ਅਤੇ ਸੰਯੁਕਤ ਰਾਸ਼ਟਰ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਸੂਡਾਨ ਦੀ ਫੌਜ ’ਤੇ ਆਰਐਸਐਫ ਦਾ ਇਹ ਤਾਜ਼ਾ ਹਮਲਾ ਸੀ, ਜੋ ਖੇਤਰ ’ਚ ਫੌਜ ਦੇ ਲਗਾਤਾਰ ਕਈ ਝਟਕਿਆਂ ਦਾ ਸਾਹਮਣਾ ਕਰਨ ਤੋਂ ਬਾਅਦ ਹੋਇਆ ਸੀ। ਡੇਢ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਜੰਗ ਨੇ ਅਫਰੀਕੀ ਦੇਸ਼ ਨੂੰ ਤਬਾਹ ਕਰ ਦਿਤਾ ਹੈ, ਜਿਸ ਨਾਲ ਇਸ ਦੀ ਆਬਾਦੀ ਦਾ ਵੱਡਾ ਹਿੱਸਾ ਵਿਸਥਾਪਿਤ ਹੋ ਗਿਆ ਹੈ। ਸੰਯੁਕਤ ਰਾਸ਼ਟਰ ਨੇ ਸਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 20-25 ਅਕਤੂਬਰ ਨੂੰ ਆਰ.ਐਸ.ਐਫ. ਦੇ ਲੜਾਕਿਆਂ ਨੇ ਗੇਜ਼ੀਰਾ ਸੂਬੇ ਦੇ ਪੂਰਬੀ ਅਤੇ ਉੱਤਰੀ ਹਿੱਸਿਆਂ ਦੇ ਪਿੰਡਾਂ ਅਤੇ ਕਸਬਿਆਂ ਵਿਚ ਹਿੰਸਾ ਕੀਤੀ, ਨਾਗਰਿਕਾਂ ਨੂੰ ਗੋਲੀ ਮਾਰ ਦਿਤੀ ਅਤੇ ਔਰਤਾਂ ਅਤੇ ਲੜਕੀਆਂ ਦਾ ਜਿਨਸੀ ਸੋਸ਼ਣ ਕੀਤਾ। ਉਨ੍ਹਾਂ ਨੇ ਬਾਜ਼ਾਰਾਂ ਸਮੇਤ ਨਿੱਜੀ ਅਤੇ ਜਨਤਕ ਜਾਇਦਾਦਾਂ ਨੂੰ ਵੀ ਲੁੱਟਿਆ। ਸੂਡਾਨ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਕੋਆਰਡੀਨੇਟਰ ਕਲੇਮੈਂਟਾਈਨ ਨਕੁਏਤਾ-ਸਲਾਮੀ ਨੇ ਸਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਹ ਘਿਨਾਉਣੇ ਅਪਰਾਧ ਹਨ। ਉਨ੍ਹਾਂ ਕਿਹਾ, ‘‘ਔਰਤਾਂ ਅਤੇ ਬੱਚੇ ਇਕ ਸੰਘਰਸ਼ ਦਾ ਖਮਿਆਜ਼ਾ ਝੱਲ ਰਹੇ ਹਨ ਜਿਸ ਨੇ ਪਹਿਲਾਂ ਹੀ ਬਹੁਤ ਸਾਰੀਆਂ ਜਾਨਾਂ ਲੈ ਲਈਆਂ ਹਨ। ਉਨ੍ਹਾਂ ਕਿਹਾ ਕਿ ਇਹ ਹਮਲੇ 2000 ਦੇ ਦਹਾਕੇ ਦੇ ਸ਼ੁਰੂ ਵਿਚ ਦਾਰਫੂਰ ਕਤਲੇਆਮ ਦੌਰਾਨ ਵਾਪਰੀਆਂ ਭਿਆਨਕ ਘਟਨਾਵਾਂ ਵਰਗੇ ਸਨ, ਜਿਨ੍ਹਾਂ ਵਿਚ ਜਬਰ ਜਨਾਹ, ਜਿਨਸੀ ਸੋਸ਼ਣ ਅਤੇ ਸਮੂਹਕ ਕਤਲੇਆਮ ਸ਼ਾਮਲ ਸਨ। ਸੂਡਾਨੀ ਡਾਕਟਰਾਂ ਦੀ ਯੂਨੀਅਨ ਨੇ ਇਕ ਬਿਆਨ ਵਿਚ ਕਿਹਾ ਕਿ ਸਰੀਹਾ ਸ਼ਹਿਰ ਵਿਚ ਘੱਟੋ-ਘੱਟ 124 ਲੋਕਾਂ ਦੀ ਮੌਤ ਹੋ ਗਈ ਅਤੇ 200 ਹੋਰ ਜ਼ਖਮੀ ਹੋ ਗਏ। ਇਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਆਰ.ਐਸ.ਐਫ. ’ਤੇ ਦਬਾਅ ਬਣਾਉਣ ਦੀ ਅਪੀਲ ਕੀਤੀ।