ਬਟਾਲਾ, 22 ਸਤੰਬਰ 2024 : ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਵਿਖੇ ਖੇਤਾਂ ਵਿੱਚੋਂ ਚਾਲੂ ਹਾਲਤ ਵਿੱਚ ਡਰੋਨ ਅਤੇ ਉਸ ਨਾਲ ਬੰਨਿਆ ਇੱਕ ਪੈਕਟ ਹੈਰੋਇਨ ਬਰਾਮਦ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਕਿਸਾਨ ਬਿਕਰਮਜੀਤ ਸਿੰਘ ਪੁੱਤਰ ਅਮਰ ਸਿੰਘ ਸਵੇਰੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਜਦੋਂ ਉਸਨੇ ਆਪਣੇ ਖੇਤਾਂ ਵਿੱਚ ਡਰੋਨ ਵੇਖਿਆ ਤੇ ਤੁਰੰਤ ਬੀਐਸਐਫ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਬੀਐਸਐਫ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਵਧੇਰੀ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੇ ਜਾਣ ਦੀ ਉਮੀਦ ਹੈ। ਇਹ ਡਰੋਨ ਅਤੇ ਇਸ ਨਾਲ ਜੁੜਿਆ ਹੈਰੋਇਨ ਦਾ ਇੱਕ ਪੈਕੇਟ ਬੀਐਸਐਫ ਦੀ 27 ਬਟਾਲੀਅਨ ਦੇ ਬੀਓਪੀ ਮੇਟਲਾ ਸੈਕਟਰ ਗੁਰਦਾਸਪੁਰ ਅਤੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰੂਵਾਲ ਤੋਂ ਬਰਾਮਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰੂਵਾਲ ਦੇ ਕਿਸਾਨ ਦੇ ਗੋਭੀ ਦੇ ਖੇਤਾਂ ਵਿੱਚੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜਿਆ ਗਿਆ ਇਕ ਡਰੋਨ ਅਤੇ ਉਸ ਨਾਲ ਬੰਨਿਆ ਇੱਕ ਪੀਲੇ ਰੰਗ ਦਾ ਪੈਕਟ ਜਿਸ ਵਿੱਚ ਹੈਰੋਇਨ ਦੱਸੀ ਜਾ ਰਹੀ ਹੈ, ਬਰਾਮਦ ਹੋਇਆ ਹੈ। ਐਤਵਾਰ ਨੂੰ ਜਦੋਂ ਖੇਤ ਮਾਲਕ ਕਿਸਾਨ ਖੇਤਾਂ ਵਿੱਚ ਪਾਣੀ ਲਾਣ ਗਿਆ ਤਾਂ ਉਸ ਨੇ ਡਰੋਨ ਨੂੰ ਆਪਣੇ ਖੇਤਾਂ 'ਚ ਡਿੱਗਦਾ ਦੇਖਿਆ ਤਾਂ ਉਸ ਨੇ ਤੁਰੰਤ ਪੁਲਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ, ਜਿੱਥੇ ਤੁਰੰਤ ਪੁਲਸ ਅਤੇ ਬੀ.ਐੱਸ.ਐੱਫ ਨੇ ਡਰੋਨ ਅਤੇ ਉਸ ਨਾਲ ਭੇਜੇ ਪੈਕਟ ਨੂੰ ਕਬਜ਼ੇ 'ਚ ਲੈ ਕੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।