ਚੰਡੀਗੜ੍ਹ : ਨਗਰ ਨਿਗਮ ਚੰਡੀਗੜ੍ਹ ਨੇ ਅੱਜ ਇੱਥੋਂ ਦੇ ਪਿੰਡ ਡੱਡੂਮਾਜਰਾ ਵਿਖੇ 14 ਕਨਾਲ 16 ਮਰਲੇ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਇੰਜਨੀਅਰਿੰਗ ਵਿੰਗ ਅਤੇ ਅਸਟੇਟ ਸ਼ਾਖਾ ਸਮੇਤ ਐਮਸੀਸੀ ਦੀ ਟੀਮ ਨੇ ਪੁਲੀਸ ਫੋਰਸ ਦੀ ਮਦਦ ਨਾਲ ਉਕਤ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਜ਼ਮੀਨ ਪਹਿਲਾਂ ਵਾਲੀ ਗ੍ਰਾਮ ਪੰਚਾਇਤ ਦੀ ਜ਼ਮੀਨ ਦੀ ਸੀ ਅਤੇ ਇਸ ਜ਼ਮੀਨ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਪੰਚਾਇਤਾਂ ਦਾ ਐਮਸੀਸੀ ਨਾਲ ਰਲੇਵਾਂ ਹੋਣ ਤੋਂ ਬਾਅਦ, ਸਾਰੀਆਂ ਜਾਇਦਾਦਾਂ ਐਮਸੀਸੀ ਵਿੱਚ ਨਿਯਤ ਕੀਤੀਆਂ ਗਈਆਂ ਸਨ। ਇਸ ਅਨੁਸਾਰ ਗ੍ਰਾਮ ਪੰਚਾਇਤ ਦੀ ਜ਼ਮੀਨ ਦਾ ਇੰਤਕਾਲ ਮਾਲ ਵਿਭਾਗ, ਯੂਟੀ, ਚੰਡੀਗੜ੍ਹ ਦੁਆਰਾ ਐਮਸੀਸੀ ਦੇ ਹੱਕ ਵਿੱਚ ਕੀਤਾ ਗਿਆ ਸੀ। ਅੱਜ ਅਨਿੰਦਿਤਾ ਮਿਤਰਾ, ਆਈ.ਏ.ਐਸ., ਕਮਿਸ਼ਨਰ, ਐਮ.ਸੀ.ਸੀ. ਤੋਂ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ, ਟੀਮ ਨੇ ਇਸ ਪ੍ਰਮੁੱਖ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਆਰਜ਼ੀ ਕਬਜ਼ੇ ਹਟਾ ਕੇ ਸਾਰੇ ਖੇਤਰ ਨੂੰ ਵਾੜ ਲਾ ਦਿੱਤੀ। ਟੀਮ ਨੇ ਇਸ ਜ਼ਮੀਨ ਵਿੱਚ ਬੋਰਡ ਵੀ ਲਗਾ ਦਿੱਤਾ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਜ਼ਮੀਨ ਨਗਰ ਨਿਗਮ ਚੰਡੀਗੜ੍ਹ ਦੀ ਹੈ। ਡੱਡੂਮਾਜਰਾ-ਤੋਗਾ ਰੋਡ 'ਤੇ ਸਥਿਤ ਇਸ ਪ੍ਰਮੁੱਖ ਜ਼ਮੀਨ 'ਤੇ ਕਬਾੜ ਡੀਲਰਾਂ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਨੁਕਸਾਨੇ ਵਾਹਨਾਂ ਦੀ ਡੰਪਿੰਗ ਕੀਤੀ ਜਾ ਰਹੀ ਹੈ। ਐਮਸੀਸੀ ਵੱਲੋਂ ਪੁਰਾਣੇ ਪਿੰਡਾਂ ਖੁੱਡਾ ਅਲੀ ਸ਼ੇਰ, ਖੁੱਡਾ ਲਾਹੌਰਾ, ਕੈਂਬਵਾਲਾ ਅਤੇ ਹੱਲੋਮਾਜਰਾ ਵਿੱਚ ਹੋਰ ਗ੍ਰਾਮ ਪੰਚਾਇਤ ਜ਼ਮੀਨਾਂ ਦਾ ਕਬਜ਼ਾ ਲੈਣ ਦੀ ਪ੍ਰਕਿਰਿਆ ਜਾਰੀ ਹੈ।