ਕਨੇਡਾ ਦੇ ਬੀਸੀ ਸੂਬੇ ਦੇ ਪਿੰਡ ਉੱਤੇ ਆਇਆ ਕਹਿਰ !

ਪੂਰੀ ਦੁਨੀਆਂ ਦੇ ਸੈਲਾਨੀਆਂ ਦਾ ਹਰਮਨ ਪਿਆਰਾ ਕਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬਾ ਲੰਘੇ ਬੀਤੇ ਹਫਤੇ ਅੱਤ ਦੀ ਗਰਮੀ ਅਤੇ ਉੱਚ ਤਾਪਮਾਨ ਕਾਰਨ ਲੱਗੀ ਅੱਗ ਦੇ ਕਹਿਰ ਨੇ ਆਪਣੀ ਲਪੇਟ ਲੈ ਲਿਆ ਹੈ । ਹਰਿਆਲੇ ਪਹਾੜਾਂ ਅਤੇ ਝੀਲਾਂ-ਚਸ਼ਮਿਆਂ ਨਾਲ ਪੂਰੇ ਵਿਸ਼ਵ ਵਿੱਚ ਸੈਲਾਨੀਆਂ ਦੇ ਹਰਮਨ ਪਿਆਰੇ ਜਾਣੇ ਜਾਂਦੇ ਇਸ ਇਲਾਕੇ ਦਾ ਪਿੰਡ ਲਿਟਨ ਪੂਰੇ ਕਨੇਡਾ ਦਾ ਸਭ ਤੋਂ ਗਰਮ ਸ਼ਹਿਰ ਹੋਣ ਕਾਰਨ ਚਰਚਾ ਵਿੱਚ ਰਿਹਾ, ਜਿਸਦਾ ਤਾਪਮਾਨ 49.5 ਡਿਗਰੀ ਸੈਲਸੀਅਸ ਤੱਕ ਰਿਕਾਰਡਤੋੜ ਰਿਹਾ ਜੋ ਕਿ ਕਨੇਡਾ ਦੇ ਇਤਿਹਾਸ ਵਿੱਚ ਰਿਕਾਰਡ ਕੀਤੇ ਸਸਕੈਚਵਨ ਸੂਬੇ ਦੇ ਮੈਪਲ ਕਰੀਕ ਸ਼ਹਿਰ ਦੇ ਮਿਤੀ 5 ਅਗਸਤ 1961 ਦੇ 43.3 ਡਿਗਰੀ ਸੈਲਸੀਅਸ ਦੇ ਹੁਣ ਤੱਕ ਦੇ ਰਿਕਾਰਡ ਤੋਂ ਕਾਫੀ ਜਿਆਦਾ ਉੱਪਰ ਹੈ । ਇੰਨੇ ਖੁਸ਼ਕ ਉੱਚ ਤਾਪਮਾਨ ਕਾਰਨ ਇਲਾਕੇ ਵਿੱਚ ਲੱਗੀ ਅੱਗ ਅੱਗੇ ਵਧਦੀ ਹੋਈ ਪਿੰਡ ਲਿਟਨ ਤੱਕ ਪੁੱਜ ਗਈ । ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਪਿੰਡ 90 ਫੀਸਦ ਤੱਕ ਜਲ਼ ਕੇ ਰਾਖ ਹੋ ਚੁੱਕਾ ਹੈ ।

Village

ਅੱਗ ਇੰਨੀ ਤੇਜੀ ਨਾਲ ਫੈਲੀ ਕਿ ਲੋਕ ਆਪਣਾ ਲੋੜੀਂਦਾ ਕੇਵਲ ਤਨ ਢਕਣ ਜੋਗਾ ਸਮਾਨ ਹੀ ਆਪਣੇ ਘਰਾਂ ਤੋਂ ਚੁੱਕ ਸਕੇ ਅਤੇ ਲੋਕ ਅੱਗ ਦੇ ਕਾਰਨ ਘਰਾਂ ਦੇ ਸੁਆਹ ਹੋ ਜਾਣ ਕਾਰਨ ਘਰੋਂ ਬੇਘਰ ਹੋ ਗਏ । ਜਿਕਰਯੋਗ ਹੈ ਕਿ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ।

ਬ੍ਰਿਟਿਸ਼ ਕਿਲੰਬੀਆ ਸੂਬੇ ਵਿੱਚ ਪਿਛਲੇ ਹਫਤੇ ਤੋਂ ਵਰ੍ਹਦੀ ਗਰਮੀ ਕਾਰਨ ਸੈਂਕੜਿਆਂ ਦੀ ਗਿਣਤੀ ਵਿੱਚ ਮੌਤਾਂ ਹੋਣ ਦਾ ਰਿਕਾਰਡ ਵੀ ਬਣ ਚੁੱਕਾ ਹੈ । ਮਰਨ ਵਾਲਿਆਂ ਵਿੱਚ ਜਿਆਦਾਤਰ ਵੱਡੀ ਉਮਰ ਦੇ ਲੋਕ ਸ਼ਾਮਲ ਹਨ ਜੋ ਦਮੇ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ । ਸੂਬੇ ਦੇ ਸ਼ਹਿਰ ਵੈਨਕੂਵਰ, ਸਰ੍ਹੀ ਅਤੇ ਬਰਨਬੀ ਸ਼ਹਿਰਾਂ ਵਿੱਚੋਂ ਇਕੱਲੇ ਵੈਨਕੂਵਰ ਵਿੱਚ ਹੀ 65 ਤੋਂ ਜਿਆਦਾ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸੂਬੇ ਦੇ 20 ਤੋਂ ਵੀ ਜਿਆਦਾ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੋਂ ਲੈ ਕੇ 46.7 ਡਿਗਰੀ ਸੈਲਸੀਅਸ ਦਰਮਿਆਨ ਰਿਹਾ ।

Peoples

ਇਸ ਅਚਾਨਕ ਹੀ ਆਈ ਗਰਮੀ ਕਾਰਨ ਸ਼ਹਿਰਾਂ ਦੇ ਸਟੋਰਾਂ ਵਿੱਚੋਂ ਪੱਖੇ, ਕੂਲਰ ਅਤੇ ਏਅਰਕੰਡੀਸ਼ਨਡ ਹੱਥੋ-ਹੱਥੀ ਹੀ ਧੜਾਧੜ ਵਿਕ ਗਏ । ਇਸ ਸਮੇਂ ਏਅਰਕੰਡੀਸ਼ਨ ਨਾਲ ਸਬੰਧਤ ਕਾਮਿਆਂ ਦੀ ਵੱਡੀ ਘਾਟ ਦੇਖਣ ਨੂੰ ਵੀ ਨਜ਼ਰ ਆਈ । ਕਲੋਨਾ ਦੇ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਕਰੀਬ ਵੀਹ ਸਾਲਾਂ ਤੋਂ ਇੱਥੇ ਏਅਰਕੰਡੀਸ਼ਨ ਦੀ ਲੋੜ ਮਹਿਸੂਸ ਨਹੀਂ ਕੀਤੀ ਸੀ । ਲੋਕਾਂ ਦਾ ਮੰਨਣਾ ਹੈ ਕਿ ਇੰਨੇ ਠੰਢੇ ਦੇਸ਼ ਵਿੱਚ ਅਚਾਨਕ ਇੰਨੀ ਗਰਮੀ ਦਾ ਹੋ ਜਾਣਾ ਕਿਸੇ ਅਚੰਭੇ ਤੋਂ ਘੱਟ ਨਹੀਂ ਹੈ ।