ਆਕਲੈਂਡ ਦੇ ਹੈਮਿਲਟਨ ਏਅਰਪੋਰਟ ਉੱਤੇ ਲੰਘੇ ਮੰਗਲਵਾਰ ਪੰਜਾਬੀ ਨੌਜੁਆਨ ਟੈਕਸੀ ਡਰਾਈਵਰ ਸੁਖਜੀਤ ਸਿੰਘ ਰੱਤੂ (29) ਉੱਤੇ ਨਸਲੀ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਕਰਯੋਗ ਹੈ ਕਿ ਜਦੋਂ ਉਹ ਏਅਰਪੋਰਟ ਦੇ ਬਾਹਰ ਆਪਣੀ ਟੈਕਸੀ ਵਿੱਚ ਬੈਠਾ ਗਾਹਕ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਇੱਕ ਵਿਅਕਤੀ ਨੇ ਉਸਦੇ ਕੋਲ ਆ ਕੇ ਉਸਦੀ ਟੇਕਸੀ ਦੀ ਟਾਕੀ ਖੋਲ੍ਹਕੇ ਉਸਦੇ ਮੂੰਹ ‘ਤੇ ਪੂਰੇ ਜੋਰ ਨਾਲ ਮੁੱਕਾ ਮਾਰਿਆ ਅਤੇ ਉਹ ਉਸਨੂੰ “ਓਹ ਫਕਿੰ ......” ਕਹਿਕੇ ਗੁੱਸੇ ਵਿੱਚ ਚਿਲਾਉਂਦਾ ਹੋਇਆ ਗਾਲ਼ਾਂ ਦੇਣ ਲੱਗ ਪਿਆ । ਇਸ ਹਮਲੇ ਵਿੱਚ ਸੁਖਜੀਤ ਦੀ ਅੱਖ ਦੁਆਲੇ ਜ਼ਖਮ ਹੋ ਗਿਆ ਅਤੇ ਖੂਨ ਵਗਣ ਲੱਗ ਪਿਆ । ਸੁਖਜੀਤ ਦੇ ਦੱਸਣਾ ਹੈ ਕਿ ਉਹ ਉਸ ਵਿਅਕਤੀ ਨੂੰ ਪਿੱਛੇ ਹਾਈਵੇਅ ਉੱਤੇ ਓਵਰਟੇਕ ਕਰਕੇ ਆਇਆ ਸੀ ਅਤੇ ਉਹਨਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਤਲਖ਼ੀ ਭਰੀ ਗੱਲਬਾਤ ਨਹੀਂ ਹੋਈ । ਘਟਨਾ ਮੌਕੇ ਨਜਦੀਕ ਹੀ ਸੁਖਜੀਤ ਨਾਲ ਉਸਦਾ ਦੂਸਰਾ ਸਾਥੀ ਟੈਕਸੀ ਡਰਾਈਵਰ ਫੋਨ ਉੱਤੇ ਗੱਲ ਕਰ ਰਿਹਾ ਸੀ, ਨੇ ਹਮਲਾ ਕਰਨ ਵਾਲੇ ਵਿਅਕਤੀ ਦੀ ਗੱਡੀ ਦਾ ਨੰਬਰ ਨੋਟ ਕਰ ਲਿਆ ਅਤੇ ਸੁਖਜੀਤ ਨੇ ਪੁਲੀਸ ਨੂੰ ਹਮਲਾਵਰ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ । ਪੁਲੀਸ ਨੇ ਇਸ ਘਟਨਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ ਹੈ ।