ਅਮਰੀਕਾ : ਕੈਲੇਫ਼ੋਰਨੀਆ ਦੇ ਸ਼ਹਿਰ ਮਰਸਿਡ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ 8-ਮਹੀਨੇ ਦੀ ਬੱਚੀ ਆਰੋਹੀ ਢੇਰੀ, ਉਸਦੇ ਪਿਤਾ ਜਸਦੀਪ ਸਿੰਘ ਅਤੇ ਮਾਤਾ ਜਸਲੀਨ ਕੌਰ ਅਤੇ ਚਾਚਾ ਅਮਨਦੀਪ ਸਿੰਘ ਦੇ ਅਗਵਾ ਅਤੇ ਬਾਅਦ ਵਿੱਚ ਕੀਤੇ ਕਤਲ ਨੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤ੍ਰਾਸਦੀ ਦੇ ਸ਼ਿਕਾਰ ਦੁੱਖੀ ਪਰਿਵਾਰ ਨਾਲ ਦਿਲੀ ਸੰਵੇਦਨਾ ਵਿਅਕਤ ਕਰਦੇ ਹੋਏ ਫਰਿਜ਼ਨੋ ਵਿਖੇ ਸਮੁੱਚੇ ਭਾਈਚਾਰੇ ਵੱਲੋਂ ਹਾਅ ਦਾ ਨਾਅਰਾ ਮਾਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਸੰਬੰਧੀ ਫਰਿਜਨੋ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਅਤੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਹਾਅ ਦਾ ਨਾਅਰਾ ਮਾਰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਸ. ਮਨਜੀਤ ਸਿੰਘ ਪੱਤੜ ਅਤੇ ਸਾਥੀਆਂ ਦੇ ਸੱਦੇ ‘ਤੇ ਫਰਿਜਨੋ ਦੇ ਸਾਅ ਐਵਨਿਉ ਅਤੇ ਗੋਲਡਨ ਸਟੇਟ ਦੇ ਐਟਰ-ਸੈਕਸ਼ਨ ਉੱਪਰ ਬੈਨਰ ਫੜ ਪਰਿਵਾਰ ਨਾਲ ਹਾਅ ਦਾ ਨਾਅਰਾ ਮਾਰਦੇ ਹੋਏ, ਇਨਸਾਫ ਦੀ ਮੰਗ ਕੀਤੀ ਗਈ। ਜਿਸ ਵਿੱਚ ਸਮੁੱਚੇ ਭਾਈਚਾਰੇ ਦੇ ਵੱਲੋਂ ਸਹਿਯੋਗ ਦਿੱਤਾ ਗਿਆ। ਇਸੇ ਦੌਰਾਨ ਫਰਿਜਨੋ ਵਿੱਚ “ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ” ਫਰਿਜ਼ਨੋ ਵਿੱਚ ਸ਼ਾਮ ਨੂੰ ਮੋਮਬੱਤੀਆਂ ਲੈ ਮ੍ਰਿਤਕ ਪਰਿਵਾਰ ਨੂੰ ਸਰਧਾਜ਼ਲੀਆਂ ਦਿੰਦੇ ਹੋਏ ਇਕ ਕੈਂਡਲ ਵਿਗਲ ਵੀ ਕੀਤਾ ਗਿਆ। ਇੰਨਾਂ ਦੋਨਾਂ ਪ੍ਰੋਗਰਾਮਾਂ ਦੌਰਾਨ ਫਰਿਜ਼ਨੋ ਦੇ ਸਮੁੱਚੇ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਜਿੰਨ੍ਹਾਂ ਨੇ ਇਨਸਾਫ਼ ਦੀ ਮੰਗ ਅਤੇ ਸਮੁੱਚੇ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੈਲੀਫੋਰਨੀਆਂ ਦੇ ਸਰਕਾਰੀ ਸਿਸਟਮ ਉੱਪਰ ਚਿੰਤਾ ਪ੍ਰਗਟਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ। ਇਸ ਸਮੇਂ ਬਹੁਤ ਸਾਰੇ ਬੁਲਾਰਿਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ । ਸਮੂੰਹ ਸੰਗਤਾਂ ਵੱਲੋਂ ਭਵਿੱਖ ਵਿੱਚ ਸਮੂੰਹ ਪਰਿਵਾਰਾ ਦੀ ਸੁਰੱਖਿਆ ਅਤੇ ਮਰਸਿਡ ਸ਼ਹਿਰ ਦੇ ਪਰਿਵਾਰ ਦੇ ਇਨਸਾਫ ਸਾਫ ਲਈ ਪੁਕਾਰ ਕੀਤੀ ਗਈ। ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਪੀੜਤ ਪਰਿਵਾਰ ਨੂੰ ਇਹ ਦੁਖਦਾਈ ਘਟਨਾ ਸਹਿਣ ਦਾ ਬਲ ਬਖਸ਼ਣ।