ਜਿਲਾ ਹਸਪਤਾਲ ਵਿੱਚ "ਸਿਹਤਮੰਦ ਸ਼ੁਰੂਆਤ, ਆਸਵੰਦ ਭਵਿੱਖ" ਥੀਮ ਤਹਿਤ ਮਨਾਇਆ ਵਿਸ਼ਵ ਸਿਹਤ ਦਿਵਸ

ਸ੍ਰੀ ਫਤਿਹਗੜ੍ਹ ਸਾਹਿਬ, 07 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਕੰਵਲਦੀਪ ਸਿੰਘ ਦੀ ਅਗਵਾਈ ਹੇਠ  ਜਿਲਾ ਹਸਪਤਾਲ ਵਿਖੇ "ਵਿਸ਼ਵ ਸਿਹਤ ਦਿਵਸ" ਤੇ ਮੌਕੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਵਿਅਕਤੀ ਅਤੇ ਵਾਤਾਵਰਨ ਦਾ ਸਿਹਤਮੰਦ ਹੋਣਾ ਅਤੀ ਜਰੂਰੀ ਹੁੰਦਾ ਹੈ ਕਿਉਂਕਿ ਇੱਕ ਸਿਹਤਮੰਦ ਵਿਅਕਤੀ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਹਨਾਂ ਇਸ ਸਾਲ ਦੀ ਥੀਮ "ਸਿਹਤਮੰਦ ਸ਼ੁਰੂਆਤ, ਆਸਵੰਦ  ਭਵਿੱਖ" ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਤੰਦਰੁਸਤ ਵਿਅਕਤੀ ਨੂੰ ਹੀ ਸਿਹਤਮੰਦ ਮਨੁੱਖ ਕਿਹਾ ਜਾ ਸਕਦਾ ਹੈ ।ਉਹਨਾਂ ਕਿਹਾ ਕਿ ਭਾਵੇਂ ਸਿਹਤ ਵਿਭਾਗ ਹਰ ਵਿਅਕਤੀ ਨੂੰ ਮਿਆਰੀ ਸਿਹਤ ਸੇਵਾਵਾਂ  ਉਪਲਬਧ ਕਰਾਉਣ ਲਈ ਵਚਨਵੱਧ  ਹੈ ਪਰ ਫਿਰ ਵੀ ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ  ਕਿਹਾ ਕਿ ਜੰਕ ਫੂਡ ਅਤੇ ਫਾਸਟ ਫੂਡ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਫਾਸਟ ਫੂਡ ਦੀ ਵਰਤੋਂ ਕਰਨ ਨਾਲ ਬੱਚਿਆਂ ਵਿੱਚ ਸਹੀ ਵਾਧਾ ਤੇ ਵਿਕਾਸ ਨਹੀਂ ਹੁੰਦਾ ,ਇਸ ਤੋਂ ਇਲਾਵਾ ਵਾਤਾਵਰਨ ਦਾ ਪ੍ਰਦੂਸ਼ਤ ਹੋਣਾ, ਵਧ ਰਹੀ ਆਬਾਦੀ ਵੀ ਸਿਹਤ ਸਮੱਸਿਆਵਾਂ ਪੈਦਾ ਕਰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਸਿਹਤਮੰਦ ਰਹਿਣ ਲਈ ਸਾਨੂੰ  ਸੰਤੁਲਿਤ ਭੋਜਨ ਮੌਸਮੀ ਫਲ, ਸਬਜ਼ੀਆਂ ਅਤੇ ਹਰ ਰੋਜ਼ ਨਿਯਮਤ ਤੌਰ ਤੇ 30 ਤੋਂ 45 ਮਿੰਟ  ਕਸਰਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ  ਸ਼ੁੱਧ ਵਾਤਾਵਰਨ ,ਸਾਫ ਹਵਾ ਅਤੇ ਪਾਣੀ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤਾਂਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਅਮਰੀਕ ਸਿੰਘ ਚੀਮਾ, ਅੱਖਾਂ ਦੇ ਮਾਹਰ ਡਾ ਜਸਪ੍ਰੀਤ ਸਿੰਘ ਬੇਦੀ, ਜਿਲਾ ਪ੍ਰੋਗਰਾਮ ਮੈਨੇਜਰ ਡਾ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਤੋਂ ਇਲਾਵਾ ਆਮ ਲੋਕ ਹਾਜ਼ਰ ਸਨ।