ਓਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਪੰਜ ਭਾਰਤੀ-ਕੈਨੇਡੀਅਨ ਉਮੀਦਵਾ ਜਿੱਤੇ 

ਓਨਟਾਰੀਓ, 1 ਮਾਰਚ 2025 : ਕੈਨੇਡਾ ਵਿਚ ਵਧ ਰਹੀ ਭਾਰਤ ਵਿਰੋਧੀ ਭਾਵਨਾ ਦੇ ਵਿਚਕਾਰ ਭਾਰਤੀ-ਕੈਨੇਡੀਅਨਾਂ ਨੇ ਚੋਣਾਂ ਜਿਤੀਆਂ ਹਨ। ਓਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਪੰਜ ਇੰਡੋ-ਕੈਨੇਡੀਅਨ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਜਿਨ੍ਹਾਂ ਵਿਚ ਕਈ ਪ੍ਰਮੁੱਖ ਮੰਤਰੀ ਵੀ ਸ਼ਾਮਲ ਹਨ। ਇਹ ਚੋਣ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਲਈ ਮਹੱਤਵਪੂਰਨ ਸੀ। ਜਿਸ ਨੇ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕੀਤੀ ਹੈ। ਕੈਨੇਡਾ ਵਿਚ ਭਾਰਤ ਵਿਰੁਧ ਸਾਜ਼ਿਸ਼ਾਂ ਕੋਈ ਨਵੀਂ ਗੱਲ ਨਹੀਂ ਹੈ। ਖ਼ਾਲਿਸਤਾਨੀ ਗਤੀਵਿਧੀਆਂ ਤੋਂ ਲੈ ਕੇ ਕੂਟਨੀਤਕ ਤਣਾਅ ਤਕ, ਪਿਛਲੇ ਕੁੱਝ ਸਾਲਾਂ ਵਿਚ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁੜੱਤਣ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ ਪਰ ਇਸੇ ਕੈਨੇਡਾ ਵਿਚ, ਭਾਰਤੀ ਮੂਲ ਦੇ ਪੰਜ ਨੇਤਾਵਾਂ ਨੇ ਚੋਣਾਂ ਜਿੱਤ ਕੇ ਇਕ ਨਵਾਂ ਇਤਿਹਾਸ ਰਚਿਆ ਹੈ। ਓਨਟਾਰੀਓ ਵਿਧਾਨ ਸਭਾ ਦਾ ਕਾਰਜਕਾਲ 2026 ਤਕ ਸੀ, ਪਰ ਪ੍ਰੀਮੀਅਰ ਡੱਗ ਫ਼ੋਰਡ ਨੇ ਅਚਾਨਕ ਚੋਣਾਂ ਦਾ ਐਲਾਨ ਕਰ ਦਿਤਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ਼ ਦੀ ਧਮਕੀ ਦਾ ਹਵਾਲਾ ਦਿੰਦੇ ਹੋਏ ਇਕ ਮਜ਼ਬੂਤ ਜਨਾਦੇਸ਼ ਦੀ ਮੰਗ ਕੀਤੀ। ਹਾਲਾਂਕਿ, ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਫੋਰਡ ਪਹਿਲਾਂ ਹੀ ਰਾਜਨੀਤਿਕ ਲਾਭ ਹਾਸਲ ਕਰਨ ਲਈ ਛੇਤੀ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ। ਇਨ੍ਹਾਂ ਚੋਣ ਵਿਚ, ਵਿਰੋਧੀ ਧਿਰ ਨੇ ਫੋਰਡ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਮੁਹਿੰਮ ਦੌਰਾਨ ਵਾਸ਼ਿੰਗਟਨ ਦੇ ਦੋ ਅਧਿਕਾਰਤ ਦੌਰੇ ਕਰ ਕੇ ਚੋਣ ਮਰਿਆਦਾ ਦੀ ਉਲੰਘਣਾ ਕੀਤੀ ਪਰ ਇਨ੍ਹਾਂ ਆਲੋਚਨਾਵਾਂ ਦੇ ਬਾਵਜੂਦ, ਉਨ੍ਹਾਂ ਦੀ ਪਾਰਟੀ ਨੇ ਲਗਭਗ 80 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਹਾਲਾਂਕਿ, ਇਹ ਅੰਕੜਾ 2022 ਵਿਚ 83 ਸੀਟਾਂ ਦੇ ਮੁਕਾਬਲੇ ਥੋੜ੍ਹਾ ਘੱਟ ਸੀ।

ਚੋਣ ਵਿਚ ਜਿੱਤਣ ਵਾਲੇ ਪੰਜ ਭਾਰਤੀ-ਕੈਨੇਡੀਅਨ 

  • ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਸਾਊਥ ਤੋਂ 53 ਫ਼ੀ ਸਦੀ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।
  • ਨੀਨਾ ਤਾਂਗਰੀ, ਐਸੋਸੀਏਟ ਮੰਤਰੀ ਆਫ਼ ਹਾਊਸਿੰਗ, ਮਿਸੀਸਾਗਾ ਨੇ ਸਟ੍ਰੀਟਸਵਿਲ ਤੋਂ 48 ਫ਼ੀ ਸਦੀ ਵੋਟਾਂ ਨਾਲ ਲਗਾਤਾਰ ਤੀਜੀ ਵਾਰ ਚੁਣੀ ਗਈ।
  • ਹਰਦੀਪ ਗਰੇਵਾਲ ਬਰੈਂਪਟਨ ਈਸਟ ਤੋਂ ਜਿੱਤੇ, 2022 ਵਿਚ ਪਹਿਲੀ ਵਾਰ ਵਿਧਾਇਕ ਬਣੇ ਸੀ।
  • ਅਮਰਜੋਤ ਸੰਧੂ ਤੀਜੀ ਵਾਰ ਬਰੈਂਪਟਨ ਵੈਸਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ।
  • ਦੀਪਕ ਆਨੰਦ ਮਿਸੀਸਾਗਾ- ਮਾਲਟਨ ਤੋਂ ਦੁਬਾਰਾ ਚੋਣ ਜਿੱਤਣ ਵਿਚ ਕਾਮਯਾਬ ਰਹੇ।
  • ਹਰਦੀਪ ਗਰੇਵਾਲ ਨੂੰ ਛੱਡ ਕੇ, ਬਾਕੀ ਸਾਰੇ ਆਗੂ ਲਗਾਤਾਰ ਤਿੰਨ ਵਾਰ ਜਿੱਤੇ ਹਨ।