![](/sites/default/files/2025-02/19_8.jpg)
ਲੰਡਨ (ਏਪੀ), 11 ਫਰਵਰੀ, 2025 : ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ ਲੋਕਾਂ ਦੀ ਫੜੋ-ਫੜੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਭਾਰਤੀ ਰੈਸਟੋਰੈਂਟ, ਨੇਲ ਬਾਰ, ਕਰਿਆਨੇ ਦੀਆਂ ਦੁਕਾਨਾਂ ਤੇ ਕਾਰ ਵਾਸ਼ ਹੁਣ ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਨਿਸ਼ਾਨੇ ’ਤੇ ਹਨ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਨਾਜਾਇਜ਼ ਤੌਰ ’ਤੇ ਕੰਮ ਕਰਨ ਵਾਲਿਆਂ ਦੇ ਇਨ੍ਹਾਂ ਸਥਾਨਾਂ ਨੂੰ ਦੇਸ਼ ਦੇ ਅਜਿਹੇ ਇਲਾਕੇ ਦੱਸਿਆ ਹੈ, ਜਿਥੇ ਖ਼ਤਰਨਾਕ ਹਮਲਾ ਹੋਇਆ ਹੋਵੇ। ਬ੍ਰਿਟੇਨ ਦੇ ਗ੍ਰਹਿ ਮੰਤਰੀ ਯਵੇਟੇ ਕੂਪਰ ਨੇ ਦੱਸਿਆ ਕਿ ਉਨ੍ਹਾਂ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਨਵਰੀ ’ਚ 828 ਕੰਪਲੈਕਸਾਂ ’ਤੇ ਮਾਰੇ ਗਏ ਛਾਪਿਆਂ ’ਚ 609 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਸਾਲ ਜਨਵਰੀ ਦੇ ਮੁਕਾਬਲੇ ਇਸ ਫੜੋ-ਫੜੀ ’ਚ 73 ਫ਼ੀਸਦੀ ਦਾ ਵਾਧਾ ਹੋਇਆ ਹੈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਅਨੁਸਾਰ, ਵੱਖ ਵੱਖ ਖੇਤਰਾਂ ਤੋਂ ਮਿਲੀਆਂ ਜਾਣਕਾਰੀਆਂ ਦੇ ਆਧਾਰਾ ’ਤੇ ਪਿਛਲੇ ਮਹੀਨੇ ਕਈ ਰੈਸਟੋਰੈਂਟਾਂ, ਟੇਕਅਵੇ ਤੇ ਕੈਫੇ ’ਚ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਖ਼ੁਰਾਕੀ, ਤਰਲ ਤੇ ਤੰਬਾਕੂ ਉਦਯੋਗ ਨਾਲ ਜੁੜੇ ਟਿਕਾਣਿਆਂ ’ਤੇ ਵੀ ਫੜੋ-ਫੜੀ ਕੀਤੀ ਗਈ ਹੈ। ਉੱਤਰੀ ਇੰਗਲੈਂਡ ਦੇ ਹੰਬਰਸਾਈਡ ਸਥਿਤ ਇਕ ਭਾਰਤੀ ਰੈਸਟੋਰੈਂਟ ਤੋਂ ਸੱਤ ਗ੍ਰਿਫ਼ਤਾਰੀਆਂ ਹੋਈਆਂ ਹਨ ਤੇ ਚਾਰ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪਿਛਲੇ ਇਕ ਸਾਲ ’ਚ ਕੁੱਲ 1090 ਸਿਵਲ ਨੋਟਿਸ ਜਾਰੀ ਕੀਤੇ ਗਏ ਸਨ। ਜੇ ਨਿਯੁਕਤ ਕਰਨ ਵਾਲਿਆਂ ਨੂੰ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਨੂੰ ਪ੍ਰਤੀ ਮੁਲਾਜ਼ਮ 60 ਹਜ਼ਾਰ ਪਾਊਂਡ ਦੇਣੇ ਹੋਣਗੇ। ਕੂਪਰ ਨੇ ਕਿਹਾ ਕਿ ਇਮੀਗ੍ਰੇਸ਼ਨ ਦੇ ਨਿਯਮਾਂ ਦਾ ਸਨਮਾਨ ਹੋਵੇ ਤੇ ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਪਰ ਇਕ ਅਰਸੇ ਤੋਂ ਇਥੇ ਨਿਯੁਕਤ ਕਰਨ ਵਾਲੇ ਨਾਜਾਇਜ਼ ਇਮੀਗ੍ਰੈਂਟਸ ਦਾ ਸ਼ੋਸ਼ਣ ਕਰ ਰਹੇ ਹਨ ਤੇ ਬਹੁਤ ਸਾਰੇ ਲੋਕ ਨਾਜਾਇਜ਼ ਤੌਰ ’ਤੇ ਆਉਣ ’ਚ ਕਾਮਯਾਬ ਰਹੇ ਤੇ ਹੁਣ ਤੱਕ ਉਨ੍ਹਾਂ ਖ਼ਿਲਾਫ਼ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ। ਛੋਟੀਆਂ ਬੇੜੀਆਂ ਨਾਲ ਇੰਗਲਿਸ਼ ਚੈਨਲ ਪਾਰ ਕਰ ਕੇ ਆਉਣ ਵਾਲਿਆਂ ਤੋਂ ਬ੍ਰਿਟੇਨ ਦੀ ਅਰਥਵਿਵਸਥਾ ਤੇ ਕਾਨੂੰਨ ਵਿਵਸਥਾ ਦੋਵਾਂ ਨੂੰ ਨੁਕਸਾਨ ਪਹੁੰਚਿਆ ਹੈ।