![](/sites/default/files/2025-02/30_5.jpg)
ਚੰਡੀਗੜ੍ਹ, 11 ਫਰਵਰੀ 2025 : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਅੱਜ ਦਿੱਲੀ ਵਿਖੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ। ਇਸ ‘ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਲਿਖਿਆ ਹੈ ਕਿ ਮੇਰਾ ਵਿਚਾਰ ਹੈ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਆਹੁਦੇ ਤੋਂ ਹਟਾਉਣ ਦੀ ਜ਼ਮੀਨ ਤਿਆਰ ਕਰ ਰਹੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਦਿੱਲੀ ‘ਚ ਸ਼ਰਮਨਾਕ ਹਾਰ ਤੋਂ ਬਾਅਦ ਆਪ ਪੰਜਾਬ ‘ਚ ਬਚਾਅ ਮੋਡ ‘ਚ ਨਜ਼ਰ ਆ ਰਹੀ ਹੈ। ਝਾੜੂ ਪਾਰਟੀ ਨੇ ਸਰਹੱਦੀ ਸੂਬੇ ਵਿੱਚ ਆਪਣੇ ਵਿਨਾਸ਼ਕਾਰੀ ਭਵਿੱਖ ਦਾ ਅਨੁਮਾਨ ਲਾ ਲਿਆ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਦੀ ਅਯੋਗ ਅਗਵਾਈ ਹੇਠ ਪੰਜਾਬ ਦੀ ਆਪ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ, ਮਾਈਨਿੰਗ ਤੋਂ ਸਾਲਾਨਾ 20,000 ਕਰੋੜ ਰੁਪਏ ਇਕੱਠੇ ਕਰਨ, ਕਾਨੂੰਨ ਵਿਵਸਥਾ ਨੂੰ ਸੁਧਾਰਨ ਅਤੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਸਮੇਤ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਇਸ ਲਈ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਅਹੁਦਾ ਪਹਿਲਾਂ ਹੀ ਦਾਅ 'ਤੇ ਲੱਗਾ ਹੋਇਆ ਸੀ।