ਅਮਰੀਕਾ ਵਿੱਚ ਬਰਫੀਲੇ ਤੂਫਾਨ ਕਾਰਨ 10 ਲੋਕਾਂ ਦੀ ਮੌਤ, 2100 ਉਡਾਣਾਂ ਰੱਦ, ਗੜੇਮਾਰੀ ਅਤੇ ਠੰਢ ਦੀ ਚੇਤਾਵਨੀ

ਵਾਸ਼ਿੰਗਟਨ, 23 ਜਨਵਰੀ 2025 : ਅਮਰੀਕਾ ਦੇ ਕਈ ਦੱਖਣੀ ਸੂਬੇ ਭਾਰੀ ਬਰਫਬਾਰੀ ਨਾਲ ਜੂਝ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੂਫਾਨ ਕਾਰਨ ਹੁਣ ਤੱਕ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 2100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮਿਸੀਸਿਪੀ, ਅਲਾਬਾਮਾ, ਫਲੋਰੀਡਾ, ਜਾਰਜੀਆ ਅਤੇ ਲੁਈਸਿਆਨਾ ਸਮੇਤ ਕਈ ਰਾਜਾਂ ਨੇ ਐਮਰਜੈਂਸੀ ਘੋਸ਼ਿਤ ਕੀਤੀ ਹੈ। ਕਈ ਇਲਾਕਿਆਂ 'ਚ ਰਿਕਾਰਡ ਬਰਫਬਾਰੀ ਕਾਰਨ ਸਕੂਲ ਅਤੇ ਸਰਕਾਰੀ ਦਫਤਰ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਅਮਰੀਕਾ ਦੀ ਰਾਸ਼ਟਰੀ ਮੌਸਮ ਸੇਵਾ ਨੇ ਚਿਤਾਵਨੀ ਦਿੱਤੀ ਸੀ ਕਿ ਬਰਫੀਲੇ ਤੂਫਾਨ ਕਾਰਨ ਅਮਰੀਕਾ ਦੇ ਦੱਖਣ-ਪੂਰਬੀ ਰਾਜਾਂ 'ਚ ਭਾਰੀ ਬਰਫਬਾਰੀ, ਗੜੇਮਾਰੀ ਅਤੇ ਬਰਫੀਲੀ ਬਾਰਿਸ਼ ਹੋ ਸਕਦੀ ਹੈ। ਸੜਕਾਂ ਬੰਦ ਹੋਣ ਕਾਰਨ ਅਮਰੀਕਾ ਦੇ ਟੈਕਸਾਸ ਤੋਂ ਫਲੋਰੀਡਾ ਤੱਕ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ।ਅੰਦਾਜ਼ਾ ਹੈ ਕਿ ਬਰਫਬਾਰੀ ਰੁਕਣ ਤੋਂ ਬਾਅਦ ਵੀ ਸੜਕਾਂ ਖੁੱਲ੍ਹਣ ਅਤੇ ਹਵਾਈ ਸੇਵਾਵਾਂ ਸ਼ੁਰੂ ਹੋਣ 'ਚ ਕਈ ਦਿਨ ਲੱਗ ਜਾਣਗੇ।