ਦਿੱਗਜ਼ ਅਭਿਨੇਤਾ ਵਿਕਰਮ ਗੋਖਲੇ ਦਾ ਦੇਹਾਂਤ

ਪੁਣੇ : ਮਲਟੀ ਆਰਗਨ ਫੇਲਅਰ ਦੇ ਬਾਅਦ ਦਿੱਗਜ਼ ਅਭਿਨੇਤਾ ਵਿਕਰਮ ਗੋਖਲੇ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। 77 ਸਾਲਾ ਅਭਿਨੇਤਾ ਨੇ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿਚ ਅੰਤਿਮ ਸਾਹ ਲਿਆ, ਜਿਥੇ ਉਨ੍ਹਾਂ ਦਾ 5 ਨਵੰਬਰ ਤੋਂ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਸ ਦੌਰਾਨ ਉਨ੍ਹਾਂ ਦੀ ਮੌਤ ਦੀ ਅਫਵਾਹ ਵੀ ਉਡੀ, ਜਿਸ ਦਾ ਪਰਿਵਾਰ ਨੇ ਖੰਡਨ੍ ਕੀਤਾ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ਵਿਚ ਕੁਝ ਸੁਧਾਰ ਹੋਇਆ ਸੀ ਪਰ ਮਲਟੀ ਆਰਗਨ ਫੇਲਅਰ ਦੀ ਵਜ੍ਹਾ ਨਾਲ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਾਲ ਗੰਧਰਵ ਰੰਗ ਮੰਦਰ ਲਿਜਾਇਆ ਜਾਵੇਗਾ ਅਤੇ ਵੈਕੁੰਠ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸ ਦੇਈਏ ਕਿ 40 ਸਾਲਾਂ ਤੋਂ ਵੱਧ ਦੇ ਕੈਰੀਅਰ ਵਿੱਚ, ਗੋਖਲੇ ਨੇ 1990 ਵਿੱਚ ਅਮਿਤਾਭ ਬੱਚਨ ਅਭਿਨੀਤ ‘ਅਗਨੀਪਥ’ ਅਤੇ 1999 ਵਿੱਚ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਨਾਲ ‘ਹਮ ਦਿਲ ਦੇ ਚੁਕੇ ਸਨਮ’ ਸਮੇਤ ਵੱਖ-ਵੱਖ ਮਰਾਠੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ। ਉਹ ਆਖਰੀ ਵਾਰ ਸ਼ਿਲਪਾ ਸ਼ੈੱਟੀ ਅਤੇ ਅਭਿਮਨਿਊ ਦਸਾਨੀ ਦੇ ਨਾਲ ‘ਨਿਕੰਮਾ’ ਵਿੱਚ ਨਜ਼ਰ ਆਏ ਸਨ। ਇਹ ਫਿਲਮ ਇਸ ਸਾਲ ਜੂਨ ਵਿੱਚ ਸਿਨੇਮਾਘਰਾਂ ਵਿੱਚ ਆਈ ਸੀ। ਵਿਕਰਮ ਗੋਖਲੇ ਦਰਜਨਾਂ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਉਹ 1989 ਤੋਂ 1991 ਤੱਕ ਦੂਰਦਰਸ਼ਨ ‘ਤੇ ਚੱਲ ਰਹੇ ਮਸ਼ਹੂਰ ਸ਼ੋਅ ‘ਉਡਾਨ’ ਦਾ ਹਿੱਸਾ ਸੀ। ਇਸ ਤੋਂ ਇਲਾਵਾ ਉਹ ਅਕਬਰ ਬੀਰਬਲ ਵਰਗੇ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੇ ਹਨ।