ਚੰਡੀਗੜ੍ਹ, 21 ਜੁਲਾਈ : ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਆਪਣਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ। ਗੀਤ 'ਚ ਉਸਨੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ 'ਚ ਜਾਣ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਸਪੱਸ਼ਟੀਕਰਨ ਦਿੰਦਿਆਂ ਆਪਣੇ ਗੀਤ ਦੇ ਅਲਫਾਜ਼ਾਂ ਨਾਲ ਟ੍ਰੋਲਰਸ 'ਤੇ ਪੁੱਠਾ ਨਿਸ਼ਾਨਾ ਵੀ ਸਾਧਿਆ ਹੈ। ਨਿੱਕੂ ਨੇ ਇਹ ਗੀਤ ਗਾ ਸਪੱਸ਼ਟ ਕਿਹਾ ਕਿ ਉਸ ਦੇ ਬੱਚੇ ਉਸ ਤੋਂ ਪੁੱਛਦੇ ਨੇ ਕਿ ਤੁਸੀਂ ਅਜਿਹਾ ਕਿਹੜਾ ਅਪਰਾਧ ਕੀਤਾ ਹੈ ਕਿ ਲੋਕ ਤੁਹਾਨੂੰ ਗੱਦਾਰ ਸਮਝ ਰਹੇ ਹਨ। ਕੱਲ ਤੱਕ ਜੋ ਲੋਕ ਤੁਹਾਡੀ ਪੱਗ ਦੇ ਪ੍ਰਸ਼ੰਸਕ ਸਨ, ਅੱਜ ਉਹੀ ਲੋਕ ਤੁਹਾਡੀ ਪੱਗ ਦਾ ਅਪਮਾਨ ਕਿਉਂ ਕਰ ਰਹੇ ਹਨ। ਆਪਣੇ ਗਾਣੇ ਦੇ ਬੋਲਾਂ ਰਹਿਣ ਨਿੱਕੂ ਨੇ ਪੁੱਛਿਆ ਕਿ ਕੀ ਉਸ ਨੇ ਕਿਸੇ ਦਾ ਕਤਲ ਕੀਤਾ ਹੈ? ਝੂਠ ਬੋਲਿਆ ਹੈ? ਜਾਂ ਲੀਡਰਾਂ ਵਾਂਗ ਕਿਸੀ ਦੀ ਇੱਜ਼ਤ ਲੁੱਟੀ ਹੈ? ਨਿੱਕੂ ਨੇ ਕਿਹਾ ਕਿ ਜੋ ਉਸ ਨੂੰ ਇਸ ਤਰ੍ਹਾਂ ਦੋਸ਼ੀ ਕਰਾਰ ਰਹੇ ਨੇ, ਤਾਂ ਦੁੱਖ ਦੇ ਸਮੇਂ ਮਨੁੱਖ ਹਰ ਥਾਂ ਆਸ ਦੀ ਕਿਰਨ ਲੈ ਕੇ ਜਾਉਂਦਾ ਹੈ। ਉਨ੍ਹੇ ਕਿਹਾ ਕਿ 80 ਫੀਸਦੀ ਲੋਕ ਅਜਿਹੇ ਹਨ ਜੋ ਬਾਬਿਆਂ ਦੇ ਕੋਲ ਜਾਂਦੇ ਨੇ, ਤੇ ਮੀਟ-ਮੁਰਗਾ ਵੀ ਖਾਂਦੇ ਹਨ। ਇਸ ਲਈ ਜੋ ਮੈਨੂੰ ਮਾੜਾ ਕਹਿ ਰਹੇ ਹੋ, ਤੁਸੀਂ ਆਪ ਕਿੰਨੇ ਚੰਗੇ ਹੋ?, ਨਿੱਕੂ ਨੇ ਟ੍ਰੋਲਰਸ ਨੂੰ ਇਹ ਸਵਾਲ ਪੁੱਛਿਆ ਹੈ। ਉਨ੍ਹੇ ਕਿਹਾ ਕਿ ਮੇਰਾ ਸਿਰਫ ਇੱਕ ਹੀ ਕਸੂਰ ਹੈ ਕਿ ਮੈਂ ਲੋਕਾਂ ਵਿੱਚ ਥੋੜ੍ਹਾ ਮਸ਼ਹੂਰ ਹਾਂ। ਬਾਗੇਸ਼ਵਰ ਧਾਮ ਦਾ ਮੇਰਾ ਵੀਡੀਓ ਸਿਰਫ ਹਾਸੇ ਲਈ ਸ਼ੇਅਰ ਕੀਤਾ ਗਿਆ ਸੀ। ਨਿੱਕੂ ਨੇ ਦੱਸਿਆ ਕਿ ਕਈਆਂ ਨੇ ਤਰਸ ਖਾ ਕੇ ਉਸਨੂੰ ਹਲਾ ਸ਼ੇਰੀ ਵੀ ਦਿੱਤੀ। ਇਸ ਤੋਂ ਇਲਾਵਾ ਕੁਝ ਸ਼ੋਅ ਵੀ ਬੁੱਕ ਕੀਤੇ ਪਰ ਕਈਆਂ ਨੇ ਈਰਖਾ ਕੀਤੀ ਅਤੇ ਮਦਦ ਕਰਨ ਦੇ ਨਾਂਅ 'ਤੇ ਪ੍ਰਸਿੱਧੀ ਖੱਟ ਕਈਆਂ ਨੇ ਸ਼ੋਅ ਰੱਦ ਵੀ ਕਰ ਦਿੱਤੇ। ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਸ਼ੋਅ ਕਰਵਾਉਣ ਦਾ ਵਾਅਦਾ ਕਰਨ ਮਗਰੋਂ ਵੀ ਸ਼ੋਅ ਰੱਦ ਕਰ ਦਿੱਤਾ। ਨਿੱਕੂ ਨੇ ਕਿਹਾ ਕਿ ਉਹ ਲੋਕਾਂ ਦੀ ਨਫ਼ਰਤ ਦਾ ਭਾਰ ਚੁੱਕਣ ਲਈ ਤਿਆਰ ਹੈ। ਉਹ ਹਰ ਧਰਮ ਦਾ ਸਤਿਕਾਰ ਕਰਦਾ ਹੈ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਹੈ। ਅੰਤ ਵਿੱਚ ਨਿੱਕੂ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਕੱਲ੍ਹ ਤੱਕ ਜਿਹੜੇ ਮੇਰੇ ਗੀਤਾਂ 'ਤੇ ਨੱਚਦੇ ਸੀ ਅੱਜ ਉਹ ਉਸ ਨੂੰ ਨਫ਼ਰਤ ਕਰਦੇ ਨੇ, ਪਰ ਜਿਹੜੇ ਲੋਕ ਕਿਸੇ ਦੀ ਮਾਂ-ਭੈਣ ਨੂੰ ਗਾਲ੍ਹਾਂ ਕੱਢਦੇ ਨੇ, ਉਹ ਕਿੰਨੇ ਸਹੀ ਨੇ ਇਹ ਆਪ ਸੋਚ ਲੈਣ।