ਮੁੰਬਈ, 07 ਜਨਵਰੀ : ਦਿੱਲੀ ਦੇ ਸੁਲਤਾਨਪੁਰ - ਕੰਝਾਵਲਾ ਮਾਮਲੇ ਵਿਚ ਪੀੜਤਾ ਅੰਜਤੀ ਸਿੰਘ ਦੇ ਪਰਿਵਾਰ ਦੀ ਮਦਦ ਲਈ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅੱਗੇ ਆਏ ਹਨ। ਸ਼ਾਹਰੁਖ ਖਾਨ ਦੀ NGO ਮੀਰ ਫਾਊਂਡੇਸ਼ਨ ਵੱਲੋਂ ਅੰਜਲੀ ਦੇ ਪਰਿਵਾਰ ਨੂੰ ਆਰਥਿਕ ਮਦਦ ਮੁਹੱਈਆ ਕਰਵਾਈ ਗਈ ਹੈ। ਅੰਜਲੀ ਦੇ ਮਾਮਾ ਮੁਤਾਬਕ ਕੱਲ੍ਹ ਸ਼ਾਮ ਮੀਰ ਫਾਊਂਡੇਸ਼ਨ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮਦਦ ਸੌਂਪੀ ਗਈ, ਕਿੰਨੇ ਪੈਸੇ ਮਿਲੇ ਇਸ ਬਾਰੇ ਕੁਝ ਨਹੀਂ ਦੱਸਿਆ। ਦਿੱਲੀ ਦੇ ਕੰਝਾਵਲਾ ਇਲਾਕੇ ਵਿਚ 1 ਤੇ 2 ਜਨਵਰੀ ਦੀ ਦਰਮਿਆਨੀ ਰਾਤ ਲਗਭਗ 2.30 ਵਜੇ ਇਕ ਦਰਦਨਾਕ ‘ਹਿਟ ਐਂਡ ਰਨ’ ਕੇਸ ਵਿਚ 20 ਸਾਲਾ ਅੰਜਲੀ ਦੀ ਮੌਤ ਹੋ ਗਈ ਸੀ। ਇਕ ਕਾਰ ਨੇ ਅੰਜਲੀ ਦੀ ਸਕੂਟੀ ਵਿਚ ਟੱਕਰ ਮਾਰ ਦਿੱਤੀ ਸੀ ਜਿਸ ਨਾਲ ਉਹ ਕਾਰ ਦੇ ਹੇਠਾਂ ਫਸ ਗਈ। ਕਾਰ ਉਸ ਨੂੰ 12 ਕਿਲੋਮੀਟਰ ਘਸੀਟਦੇ ਹੋਏ ਲੈ ਗਈ। ਅੰਜਲੀ ਦੀ ਡੈੱਡ ਬਾਡੀ ਸੜਕ ‘ਤੇ ਪਈ ਮਿਲੀ ਸੀ। ਪੀੜਤਾ ਆਪਣੇ ਘਰ ਵਿਚ ਇਕੱਲੀ ਕਮਾਉਣ ਵਾਲੀ ਸੀ। ਉਸ ਦੀ ਮਾਂ ਦੀ ਤਬੀਅਤ ਖਰਾਬ ਰਹਿੰਦੀ ਹੈ ਤੇ ਭਰਾ-ਭੈਣ ਅਜੇ ਛੋਟੇ ਹਨ। ਮੀਰ ਫਾਊਂਡੇਸ਼ਨ ਦੀ ਆਰਥਿਕ ਸਹਾਇਤਾ ਦਾ ਉਦੇਸ਼ ਵਿਸ਼ੇਸ਼ ਤੌਰ ‘ਤੇ ਅੰਜਲੀ ਦੇ ਮਾਂ ਨੂੰ ਉਨ੍ਹਾਂ ਦੇ ਇਲਾਜ ਤੇ ਉਸ ਦੇ ਭਰਾ-ਭੈਣ ਦੀ ਪੜ੍ਹਾਈ ਵਿਚ ਮਦਦ ਕਰਨਾ ਹੈ।