“ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ 2023-PEFA” ਚੰਡੀਗੜ੍ਹ ਵਿੱਚ ਕੀਤਾ ਆਯੋਜਿਤ

ਚੰਡੀਗੜ੍ਹ 25 ਫਰਵਰੀ : ਪੰਜਾਬੀ ਮਨੋਰੰਜਨ ਇੰਡਸਟਰੀ ਦਾ ਪਹਿਲਾ ਐਵਾਰਡ ਸ਼ੋਅ “ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ 2023-PEFA” ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ। ਸੁਨਾਹਿਰੀ ਯਾਦਾਂ ਛੱਡ ਗਈ ਇਸ ਸ਼ਾਨਦਾਰ ਸ਼ਾਮ ਵਿੱਚ ਪੰਜਾਬੀ ਇੰਡਸਟਰੀ ਦੇ ਨਾਮੀਂ ਕਲਾਕਾਰਾਂ ਦੇ ਨਾਲ ਨਾਲ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਐਵਾਰਡ ਨਾਈਟ ਦੀ ਸ਼ੁਰੂਆਤ ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ। PEFA ਦੇ ਫਾਊਡਰ ਸਪਨ ਮਨਚੰਦਾ ਅਤੇ ਕੋ-ਫਾਊਡਰ ਨਿਹਾਰਕਾ ਨੇ ਦੱਸਿਆ ਕਿ ਇਸ ਐਵਾਰਡ ਸ਼ੋਅ ਦਾ ਮਕਸਦ ਪੰਜਾਬੀ ਸਿਨਮਾ ਤੇ ਸੰਗੀਤ ਜਗਤ ਨੂੰ ਦੁਨੀਆਂ ਭਰ ਵਿੱਚ ਮਕਬੂਲ ਕਰਨ ਵਾਲੀਆਂ ਸਖਸੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਦੇ ਉਨ੍ਹਾਂ ਨਾਮਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਹੈ ਜਿੰਨਾ ਨੇ ਇਸ ਇੰਡਸਟਰੀ ਦੀ ਸ਼ੁਰੂਆਤ ਕੀਤੀ ਹੈ। ਇਸ ਐਵਾਰਡ ਸ਼ੋਅ ਦੇ ਮੌਕੇ ਤੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਅਤੇ ਸੰਗੀਤ ਸਮਰਾਟ ਚਰਨਜੀਤ ਸਿੰਘ ਅਹੂਜਾ ਨੂੰ ਪੰਜਾਬ ਰਤਨ ਐਵਾਰਡ, ਜੈਜੀ ਬੀ ਅਤੇ ਮਨਿੰਦਰ ਬੁੱਟਰ ਨੂੰ ਗਲੋਬਲ ਸਟਾਰ ਐਵਾਰਡ, ਯੋਗਰਾਜ ਸਿੰਘ, ਸਰਦਾਰ ਸੋਹੀ ਅਤੇ ਸੁਨੀਤਾ ਧੀਰ ਨੂੰ ਪ੍ਰਿਥਵੀ ਰਾਜ ਕਪੂਰ ਲਾਈਫ ਟਾਈਮ ਅਚੀਵਮੈਂਟ ਐਵਾਰਡ, ਸਰਗੁਣ ਮਹਿਤਾ ਨੂੰ ਦਲਜੀਤ ਕੌਰ ਯਾਦਗਾਰੀ ਐਵਾਰਡ, ਗੁਰਪ੍ਰੀਤ ਘੁੱਗੀ ਅਤੇ ਵਿਜੇ ਟੰਡਨ ਨੂੰ ਪ੍ਰਾਈਡ ਆਫ ਪੰਜਾਬੀ ਸਿਨਮਾ, ਸਰਬਜੀਤ ਚੀਮਾ ਅਤੇ ਸ਼ਿਪਰਾ ਗੋਇਲ ਨੂੰ ਪ੍ਰਾਈਡ ਆਫ ਪੰਜਾਬੀ ਮਿਊਜ਼ਿਕ ਐਵਾਰਡ ਨਾਲ ਨਿਵਾਜਿਆ ਗਿਆ। ਕਾਮੇਡੀਅਨ ਜਸਵਿੰਦਰ ਭੱਲਾ ਨੂੰ ਗੋਪਾਲ ਦਾਸ ਸਹਿਗਲ ਯਾਦਗਾਰੀ ਐਵਾਰਡ, ਬੀਨੂੰ ਢਿੱਲੋਂ ਅਤੇ ਦੇਵ ਖਰੌੜ ਨੂੰ ਬਲਰਾਜ ਸਾਹਨੀ ਯਾਦਗਾਰੀ ਐਵਾਰਡ, ਗਾਇਕਾ ਮੰਨਤ ਨੂਰ ਨੂੰ ਗੁਰਮੀਤ ਬਾਵਾ ਯਾਦਗਾਰੀ ਐਵਾਰਡ, ਗੁਰਮੀਤ ਸਿੰਘ ਤੇ ਐਵੀ ਸਰ੍ਹਾ ਨੂੰ ਜਸਵੰਤ ਭੰਵਰਾ ਯਾਦਗਾਰੀ ਐਵਾਰਡ, ਅਸ਼ੀਸ਼ ਦੁੱਗਲ ਨੂੰ ਗੁਰਕੀਰਤਨ ਯਾਦਗਾਰੀ ਐਵਾਰਡ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਬਾਜਵਾ ਨੂੰ ਪ੍ਰੋਮਿਸਿੰਗ ਐਵਾਰਡ, ਕਰਤਾਰ ਚੀਮਾ ਅਤੇ ਹਰਦੀਪ ਗਰੇਵਾਲ ਨੂੰ ਯੂਥ ਆਈਕੋਨ ਐਵਾਰਡ, ਅਨੀਤਾ ਸ਼ਬਦੀਸ਼ ਨੂੰ ਭਾਈ ਮੰਨਾ ਸਿੰਘ ਯਾਦਗਾਰੀ ਐਵਾਰਡ, ਨਿਰਦੇਸ਼ਕ ਸਿਮਰਜੀਤ ਸਿੰਘ ਨੂੰ ਵਰਿੰਦਰ ਯਾਦਗਾਰੀ ਐਵਾਰਡ, ਹੈਪੀ ਰਾਏਕੋਟੀ ਨੂੰ ਨੰਦਲਾਲ ਨੂਰਪੂਰੀ ਐਵਾਰਡ, ਅੰਬਰਦੀਪ ਨੂੰ ਮੁਲਕਰਾਜ ਭਾਖੜੀ ਐਵਾਰਡ, ਕੁਲਵਿੰਦਰ ਬਿੱਲਾ ਨੂੰ ਕੁਲਦੀਪ ਮਾਣਕ ਯਾਦਗਾਰੀ ਐਵਾਰਡ, ਖਾਨ ਸਾਹਬ ਨੂੰ ਸਰਦੂਲ ਸਿਕੰਦਰ ਯਾਦਗਾਰੀ ਐਵਾਰਡ, ਰਾਜ ਸ਼ੋਕਰ ਨੂੰ ਲਾਇਮਲਾਇਟ ਸਟਾਰ ਐਵਾਰਡ, ਅਮਰ ਨੂਰੀ ਨੂੰ ਸ਼ਾਨ-ਏ-ਪੰਜਾਬ ਐਵਾਰਡ, ਨਾਲ ਨਿਵਾਜਿਆ ਗਿਆ। ਇਸ ਮੌਕੇ ਤੇ ਫ਼ਿਲਮ ਡਿਸਟੀਬਿਊਟਰ ਮੁਨੀਸ਼ ਸਾਹਨੀ, ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਨਾਮੀ ਅਦਾਕਾਰ ਮੁਕੇਸ਼ ਰਿਸ਼ੀ, ਮੰਚ ਸੰਚਾਲਕ ਸਤਿੰਦਰ ਸੱਤੀ, ਗਾਇਕਾ ਸਰਘੀ ਮਾਨ, ਮਿਊਜ਼ਿਕ ਪ੍ਰੋਡਿਊਸਰ ਦਿਨੇਸ਼ ਔਲਖ ਨੂੰ ਸਪੈਸ਼ਲ ਐਪਰੀਸੇਸ਼ਨ ਐਵਾਰਡ ਨਾਲ ਨਿਵਾਜਿਆ ਗਿਆ। ਇਸ ਮੌਕੇ ਸਪਨ ਮਨਚੰਦਾ ਵੱਲੋਂ ਤਿਆਰ ਕੀਤੀ ਪੰਜਾਬੀ ਇੰਡਸਟਰੀ ਦੀ ਡਾਟਾ-ਇਨਫਰਮੇਸ਼ਨ ਅਤੇ ਟੈਲੀਫ਼ੋਨ ਡਾਇਰੈਕਟਰੀ ਦਾ ਸਾਲ 2023-24 ਦਾ ਨਵਾਂ ਅਡੀਸ਼ਨ ਵੀ ਰਿਲੀਜ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ਅਜਿਹੇ ਐਵਾਰਡ ਸਮਾਰੋਹਾਂ ਦੀ ਪੰਜਾਬੀ ਇੰਡਸਟਰੀ ਨੂੰ ਬੇਹੱਦ ਜ਼ਰੂਰਤ ਸੀ। ਅਜਿਹੇ ਐਵਾਰਡ ਕਲਾਕਾਰਾਂ ਦਾ ਹੌਸਲਾ ਬੁਲੰਦ ਕਰਦੇ ਹਨ। ਇਸ ਮੌਕੇ ਪੰਜਾਬੀ ਗਾਇਕ ਸਰਬਜੀਤ ਚੀਮਾ, ਵਿੱਕੀ, ਬੈਨਟ ਦੁਸਾਂਝ, ਰਮਨ ਗਿੱਲ, ਸੰਗਰਾਮ ਹੰਜਰਾ, ਸਰਘੀ ਮਾਨ ਸਮੇਤ ਨਾਮੀਂ ਗਾਇਕਾਂ ਦੇ ਲਾਈਵ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ PEFA ਦੇ ਸਹਿਯੋਗੀ ਲਾਡੀ ਕਾਂਗੜ, ਗੁਰਪ੍ਰੀਤ ਖੇਤਲਾ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀਆਂ ਨਾਮੀ ਹੋਰ ਨਾਮੀ ਸਖ਼ਸ਼ੀਅਤਾਂ ਹਾਜ਼ਰ ਸਨ।