ਚੰਡੀਗੜ੍ਹ, 13 ਮਾਰਚ : ਫਿਲਮ "ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ" ਦਾ ਨਵਾਂ ਗੀਤ 'ਪਿਗਲ ਗਾਈ' ਰਿਲੀਜ਼ ਹੋ ਚੁਕਿਆ ਹੈ, ਜੋ ਇੱਕ ਔਰਤ ਦੀਆਂ ਦਿਲ ਦੀਆਂ ਭਾਵਨਾਵਾਂ ਨੂੰ ਸਾਂਝਾ ਕਰਦਾ ਹੈ। ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੀ ਗਈ ਹੈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਇਹ ਫਿਲਮ ਮਜਬੂਰੀ ਵੱਸ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੀਆਂ ਅਸਲ ਭਾਵਨਾਵਾਂ ਨੂੰ ਬਿਆਨ ਕਰਦੀ ਹੈ। ਜੋਤਿਕਾ ਟਾਂਗੜੀ ਦੀ ਆਵਾਜ਼ ਤੁਹਾਡੇ ਦਿਲ ਨੂੰ ਖੁਸ਼ ਕਰ ਦੇਵੇਗੀ, ਜੋ ਇਸ ਗੀਤ ਰਾਹੀਂ ਤੁਹਾਨੂੰ ਉਸ ਦਿਲ ਦੇ ਅਹਿਸਾਸ ਤੋਂ ਜਾਣੂ ਕਰਵਾਏਗੀ, ਜਿਸ ਦੇ ਆਉਣ ਨਾਲ ਕਿਸੇ ਦੇ ਦਿਲ 'ਚ ਖੁਸ਼ੀ ਅਤੇ ਪਿਆਰ ਦੀ ਉਮੀਦ ਆ ਜਾਂਦੀ ਹੈ।ਇੰਨਾ ਹੀ ਨਹੀਂ ਇਸ ਗੀਤ 'ਚ ਇਕ ਔਰਤ ਦੇ ਦਿਲ ਵਿਚ ਵਸਦੇ ਪਿਆਰ ਨੂੰ ਖੂਬਸੂਰਤੀ ਨਾਲ ਉਕਰਿਆ ਗਿਆ ਹੈ। ਗੀਤ ਦੇ ਬੋਲ ਹਰਿੰਦਰ ਕੌਰ ਨੇ ਲਿਖੇ ਹਨ ਅਤੇ ਸੰਗੀਤ ਗੁਰਮੋਹ ਨੇ ਦਿੱਤਾ ਹੈ, ਗੀਤ ਦੇ ਬੋਲ ਬਿਆਨ ਕਰਦੇ ਹਨ ਕਿ ਕਿਵੇਂ ਦਿਲ ਦੀ ਬੰਜਰ ਜ਼ਮੀਨ 'ਤੇ ਪਿਆਰ ਦਾ ਬੀਜ ਬੀਜਿਆ ਜਾਂਦਾ ਹੈ ਜਿਸ ਨਾਲ ਉਸ ਦੇ ਸਾਰੇ ਦਰਦ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ। ਫਿਲਮ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਰੁਪਿੰਦਰ ਰੂਪੀ, ਜੱਸ ਬਾਜਵਾ ਅਤੇ ਅਦਿਤੀ ਸ਼ਰਮਾ ਸਮੇਤ ਇੱਕ ਵੱਡੀ ਅਤੇ ਨਿਪੁੰਨ ਸਟਾਰਕਾਸਟ ਹੈ, ਹਰ ਇੱਕ ਅਸਲੀਅਤ ਨਾਲ ਜੁੜ ਕੇ ਵੱਖੋ ਵੱਖਰੀਆਂ ਕਹਾਣੀਆਂ ਨੂੰ ਉਜਾਗਰ ਕਰਦਾ ਹੈ ਜਿਸ ਵਿੱਚ ਬਹੁਤ ਸਾਰੇ ਲੋਕ ਅਸਲ ਵਿੱਚ ਜੀ ਰਹੇ ਹਨ। ਫ਼ਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ, ਅਤੇ ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਰਾਜੂ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ। ਫਿਲਮ ਨੂੰ ਦੁਨੀਆ ਭਰ ਵਿੱਚ ਓਮਜੀ ਸਟਾਰ ਸਟੂਡੀਓਜ਼ ਦੁਆਰਾ ਡਿਸਟ੍ਰਿਬਯੂਟ ਕੀਤਾ ਜਾਵੇਗਾ। ਫਿਲਮ ਭਾਵਨਾਤਮਕ ਬੰਧਨ ਅਤੇ ਦੋਸਤੀ ਦੀ ਇੱਕ ਝਲਕ ਦਿੰਦੀ ਹੈ ਜੋ ਜੀਵਨ ਦੇ ਵੱਖ-ਵੱਖ ਖੇਤਰਾਂ ਤੋਂ ਅਜਨਬੀਆਂ ਨੂੰ ਬੰਨ੍ਹਦੀ ਹੈ। ਫਿਲਮ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' 24 ਮਾਰਚ, 2023 ਨੂੰ ਰਿਲੀਜ਼ ਹੋਣ ਵਾਲੀ ਹੈ।