ਕੇਰਲ ਹਾਈ ਕੋਰਟ ਨੇ ਅਦਾਕਾਰਾ ਸੰਨੀ ਲਿਓਨੀ ਤੇ ਉਸ ਦੇ ਪਤੀ ਡੇਨੀਅਲ ਵੇਬਰ ਨੂੰ ਦਿੱਤੀ ਵੱਡੀ ਰਾਹਤ

ਕੋਚੀ (ਪੀ.ਟੀ.ਆਈ) : ਕੇਰਲ ਹਾਈ ਕੋਰਟ ਨੇ ਬੁੱਧਵਾਰ ਨੂੰ ਅਦਾਕਾਰਾ ਸੰਨੀ ਲਿਓਨੀ ਤੇ ਉਸ ਦੇ ਪਤੀ ਡੇਨੀਅਲ ਵੇਬਰ ਨੂੰ ਵੱਡੀ ਰਾਹਤ ਦਿੱਤੀ ਹੈ। ਦੋਵਾਂ 'ਤੇ ਕੇਰਲ ਹਾਈ ਕੋਰਟ 'ਚ ਧੋਖਾਧੜੀ ਦਾ ਮਾਮਲਾ ਦਰਜ ਹੈ। ਇਕ ਅਦਾਲਤ ਨੇ ਬੁੱਧਵਾਰ ਨੂੰ ਰਾਜ ਪੁਲਿਸ ਦੀ ਅਪਰਾਧ ਸ਼ਾਖਾ ਦੁਆਰਾ ਅਦਾਕਾਰਾ ਸੰਨੀ ਲਿਓਨੀ ਅਤੇ ਦੋ ਹੋਰਾਂ ਵਿਰੁੱਧ ਦਰਜ ਕੀਤੇ ਗਏ ਇਕਰਾਰਨਾਮੇ ਦੀ ਉਲੰਘਣਾ ਦੇ ਮਾਮਲੇ ਦੀ ਅਗਲੀ ਕਾਰਵਾਈ 'ਤੇ ਰੋਕ ਲਗਾ ਦਿੱਤੀ। ਕੇਰਲ ਹਾਈ ਕੋਰਟ ਦੇ ਜਸਟਿਸ ਜ਼ਿਆਦ ਰਹਿਮਾਨ ਏਏ ਨੇ ਲਿਓਨੀ ਦੀ ਉਸ ਪਟੀਸ਼ਨ 'ਤੇ ਇਹ ਹੁਕਮ ਦਿੱਤਾ ਜਿਸ ਵਿਚ ਉਸ ਦੇ ਖਿਲਾਫ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਹਾਈ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਦੀ ਅਗਲੀ ਤਰੀਕ ਤਕ ਅਪਰਾਧਿਕ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ।ਕ੍ਰਾਈਮ ਬ੍ਰਾਂਚ ਨੇ ਚਾਰ ਸਾਲ ਪਹਿਲਾਂ ਕੋਝੀਕੋਡ ਵਿੱਚ ਇੱਕ ਸਟੇਜ ਪ੍ਰਦਰਸ਼ਨ ਲਈ ਇੱਕ ਕੰਪਨੀ ਨਾਲ ਕਰਾਰ ਦੀਆਂ ਸ਼ਰਤਾਂ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਦੇ ਦੋਸ਼ ਵਿੱਚ ਸੰਨੀ ਲਿਓਨੀ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਅਦਾਕਾਰਾ ਨੇ ਪਟੀਸ਼ਨ 'ਚ ਆਪਣੇ ਪਤੀ ਤੇ ਉਸ ਦੇ ਕਰਮਚਾਰੀ 'ਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਕਿਸੇ ਅਪਰਾਧ ਵਿੱਚ ਸ਼ਾਮਲ ਨਹੀਂ ਸੀ।