- ਸਿੱਧੂ ਮੂਸੇਵਾਲਾ ਵੱਲੋਂ ਸੰਗੀਤ ਲਈ ਦਿੱਤੇ ਵੱਡਮੁੱਲੇ ਯੋਗਦਾਨ ਨੂੰ ਦਿੱਤੀ ਮਾਨਤਾ
- ਸਿੱਧੂ ਮੂਸੇਵਾਲਾ ਨੇ ਮੌਤ ਤੋਂ ਬਾਅਦ ਆਪਣੇ ਗੀਤਾਂ ਰਾਹੀਂ ਕਈ ਰਿਕਾਰਡਸ ਬਣਾਏ ਹਨ।
ਮੁੰਬਈ, 08 ਫਰਵਰੀ : ‘ਗ੍ਰੈਮੀ ਐਵਾਰਡਸ 2023’ ਵਿੱਚ ਇੱਕ ਵਾਰ ਫਿਰ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ। ਜਿੱਥੇ ਇੱਕ ਪਾਸੇ ਮਸ਼ਹੂਰ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣਾ ਤੀਜਾ ਗ੍ਰੈਮੀ ਐਵਾਰਡ 2023 ਜਿੱਤਿਆ, ਉੱਥੇ ਹੀ ਇਸ ਵਾਰ ਗ੍ਰੈਮੀ ਐਵਾਰਡਸ ਸ਼ੋਅ ਵਿੱਚ ਸਾਲ 2022 ਵਿੱਚ ਦੁਨੀਆ ਨੂੰ ਅਲਵਿਦਾ ਕਹਿ ਜਾਣ ਵਾਲੇ ਗਾਇਕਾਂ ਤੇ ਸੰਗੀਤਕਾਰਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਐਵਾਰਡ ਸ਼ੋਅ ਵਿੱਚ ਇਸ ਵਾਰ ਭਾਰਤ ਦੇ ਦਿੱਗਜ਼ ਗਾਇਕਾਂ ਨੂੰ ਵੀ ਯਾਦ ਕੀਤਾ ਗਿਆ ਤੇ ਸੰਗੀਤ ਜਗਤ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਲਈ ਸ਼ਲਾਘਾ ਕੀਤੀ ਗਈ। ਇਸ ਐਵਾਰਡ ਸ਼ੋਅ ਵਿੱਚ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਸਮੇਤ ਭਾਰਤ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ, ਸੰਗੀਤਕਾਰ ਬੱਪੀ ਲਹਿਰੀ, ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਨੂੰ ਵੀ ਯਾਦ ਕੀਤਾ ਗਿਆ। ਇਸ ਐਵਾਰਡ ਸ਼ੋਅ ਵਿੱਚ ਮਰਹੂਮ ਪੰਜਾਬੀ ਗਾਇਕਾਂ ਬਲਵਿੰਦਰ ਸਫਰੀ ਤੇ ਸਿੱਧੂ ਮੂਸੇਵਾਲਾ ਵੱਲੋਂ ਸੰਗੀਤ ਲਈ ਦਿੱਤੇ ਗਏ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਵੀ ਦਿੱਤੀ ਗਈ। ਦੱਸ ਦੇਈਏ ਕਿ ਇਸ ਸਾਲ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣਾ ਤੀਜਾ ਗ੍ਰੈਮੀ ਐਵਾਰਡ ਜਿੱਤਿਆ ਹੈ । ਬੈਂਗਲੁਰੂ ਦੇ ਸੰਗੀਤਕਾਰ ਰਿੱਕੀ ਨੂੰ ਉਸ ਦੀ ਐਲਬਮ ‘ਡਿਵਾਈਨ ਟਾਈਡਜ਼’ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ । ਪਹਿਲੀ ਵਾਰ ਗ੍ਰੈਮੀ ਅਵਾਰਡ ਵਿੱਚ ਕਿਸੇ ਪੰਜਾਬੀ ਕਲਾਕਾਰ ਦੇ ਸੰਗੀਤ ਨੂੰ ਮਾਨਤਾ ਮਿਲਣਾ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਸਿੱਧੂ ਮੂਸੇਵਾਲਾ ਨੇ ਨਾਂ ਮਹਿਜ਼ ਆਪਣੇ ਜਿਊਂਦੇ ਜੀ ਸਗੋਂ ਆਪਣੀ ਮੌਤ ਤੋਂ ਬਾਅਦ ਆਪਣੇ ਗੀਤਾਂ ਰਾਹੀਂ ਕਈ ਰਿਕਾਰਡਸ ਬਣਾਏ ਹਨ।