ਗਾਇਕ ਮਨਕੀਰਤ ਔਲਖ ਨੂੰ ਖ਼ਤਰਾ, ਬਾਇਕ ਸਵਾਰਾਂ ਵੱਲੋਂ ਕੀਤੀ ਗਈ ਰੇਕੀ

ਚੰਡੀਗੜ੍ਹ, 13 ਅਪ੍ਰੈਲ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਗਾਇਕਾਂ ਤੇ ਅਦਾਕਾਰਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹਾਲ ਹੀ ਵਿੱਚ ਉਸਦੀ ਰੇਕੀ ਕੀਤੀ ਗਈ। ਮਨਕੀਰਤ ਔਲਖ ਦੀ ਦੇਰ ਰਾਤ ਮੁਹਾਲੀ ਵਿਖੇ ਰੇਕੀ ਕੀਤੀ ਗਈ। ਇਸ ਮਾਮਲੇ ਵਿੱਚ ਬਕਾਇਦਾ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਿਕ ਬਾਇਕ ‘ਤੇ ਸਵਾਰ ਅਣਪਛਾਤੇ ਲੋਕਾਂ ਵੱਲੋਂ ਮੁਹਾਲੀ ਸਥਿਤ ਮਨਕੀਰਤ ਔਲਖ ਦੀ ਸੁਸਾਇਟੀ ਦੀ ਰੇਕੀ ਕੀਤੀ ਗਈ। ਪੁਲਿਸ ਮੁਤਾਬਿਕ ਇਹ ਰੇਕੀ ਬੁੱਧਵਾਰ ਰਾਤ ਨੂੰ ਹੋਈ ਜਿਸਤੋਂ ਬਾਅਦ ਪੁਲਿਸ ਵੱਲੋਂ ਆਸੇ-ਪਾਸੇ ਦੇ ਸਾਰੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ। ਘਟਨਾ ਬੁੱਧਵਾਰ ਰਾਤ ਦੇ ਕਰੀਬ ਪੌਣੇ ਇੱਕ ਵਜੇ ਦੀ ਦੱਸੀ ਜਾ ਰਹੀ ਹੈ ਜਦੋਂ 3 ਸ਼ੱਕੀ ਬਾਇਕ ਸਵਾਰ ਜਿੰਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਲਗਾਤਾਰ ਗੱਡੀਆਂ ਦਾ ਪਿੱਛਾ ਕਰ ਰਹੇ ਸਨ। ਮਨਕੀਰਤ ਔਲਖ ਵੱਲੋਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੁਹਾਲੀ ਪੁਲਿਸ ਨੂੰ ਦਿੱਤੀ ਗਈ ਜਿਸਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।