ਭਾਵਨਗਰ, 16 ਜੂਨ : ਬਿਪਰਜਯ ਤੂਫਾਨ ਦਾ ਅਸਰ ਗੁਜਰਾਤ ਦੇ ਕਈ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਤੂਫਾਨ ਕਾਰਨ ਕਈ ਦਰੱਖ਼ਤ ਅਤੇ ਖੰਭੇ ਡਿੱਗ ਗਏ ਹਨ। ਕਈ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ ਹੈ। ਵੀਰਵਾਰ ਸ਼ਾਮ ਨੂੰ ਬਿਪਰਜਯ ਦਾ ਲੈਂਡਫਾਲ ਹੋਇਆ ਸੀ। ਇਸ ਦੇ ਪ੍ਰਭਾਵ ਨੂੰ ਦੇਖਦਿਆਂ NDRF, SDRF ਦੀਆਂ ਕਈ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅਰਬ ਸਾਗਰ 'ਚ 10 ਦਿਨ ਪਹਿਲਾਂ ਉੱਠਿਆ ਚੱਕਰਵਾਤੀ ਤੂਫਾਨ ਬਿਪਰਜਯ ਵੀਰਵਾਰ ਸ਼ਾਮ ਨੂੰ ਗੁਜਰਾਤ ਦੇ ਕੱਛ 'ਚ ਜਖਾਊ ਬੰਦਰਗਾਹ ਨਾਲ ਟਕਰਾ ਗਿਆ। ਬਿਪਰਜਯ ਕਾਰਨ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਮੀਂਹ ਪੈ ਰਿਹਾ ਹੈ। ਕੱਛ ਅਤੇ ਸੌਰਾਸ਼ਟਰ ਦੇ ਤੱਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਤੇਜ਼ ਹਵਾ ਕਾਰਨ ਜਖਾਊ ਅਤੇ ਮੰਡਵੀ ਵਿਚ ਕਈ ਦਰੱਖਤ, ਹੋਰਡਿੰਗ ਅਤੇ ਬਿਜਲੀ ਦੇ ਖੰਭੇ ਉੱਖੜ ਗਏ ਹਨ। ਭਾਵਨਗਰ ਜ਼ਿਲ੍ਹੇ 'ਚ ਖੱਡ 'ਚ ਫਸੀਆਂ ਆਪਣੀਆਂ ਬੱਕਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਪਿਤਾ ਅਤੇ ਪੁੱਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਵਭੂਮੀ ਦਵਾਰਕਾ 'ਚ ਵੀ ਦਰੱਖਤ ਡਿੱਗਣ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ ਹਨ। ਤੂਫਾਨ ਫਿਲਹਾਲ 13-14 ਕਿਲੋਮੀਟਰ ਦੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਤੂਫਾਨ ਕਾਰਨ ਕੱਛ, ਦਵਾਰਕਾ ਅਤੇ ਜਾਮਨਗਰ 'ਚ ਅੱਜ ਵੀ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ।