ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਕਿਡਨੀ ਫੇਲ ਹੋਣ ਦੀ ਪੋਸਟ ਕੀਤੀ ਖਬਰ, ਬੀਮਾਰੀ ਕਾਰਨ ਪ੍ਰਾਜੈਕਟ ਹੱਥੋਂ ਨਿਕਲਣੇ ਸ਼ੁਰੂ

ਮੁੰਬਈ : ਟੀਵੀ ਅਦਾਕਾਰਾ ਅਨਾਇਆ ਸੋਨੀ ਲਗਭਗ ਦੋ ਸਾਲਾਂ ਤੋਂ ਡਾਇਲਸਿਸ ਕਰਵਾ ਰਹੀ ਹੈ। ਜਦੋਂ ਤੋਂ ‘ਮੇਰੇ ਸਾਈਂ’ ਦੀ ਇਸ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਕਿਡਨੀ ਫੇਲ ਹੋਣ ਦੀ ਖਬਰ ਪੋਸਟ ਕੀਤੀ ਹੈ, ਉਦੋਂ ਤੋਂ ਉਸ ਦੀਆਂ ਪਰੇਸ਼ਾਨੀਆਂ ਵਧ ਗਈਆਂ ਹਨ। ਉਨ੍ਹਾਂ ਦੀ ਬੀਮਾਰੀ ਕਾਰਨ ਕਈ ਪ੍ਰਾਜੈਕਟ ਹੱਥੋਂ ਨਿਕਲਦੇ ਜਾ ਰਹੇ ਹਨ। ਲਗਾਤਾਰ ਡਾਇਲਸਿਸ ਦੇ ਖਰਚੇ ਅਤੇ ਕੰਮ ਦੀ ਮੁਸ਼ਕਲ ਨੇ ਇਸ ਅਭਿਨੇਤਰੀ ਨੂੰ ਤੋੜ ਦਿੱਤਾ ਹੈ। ਅਨਾਇਆ ਨੇ ਕਿਹਾ, ”ਮੈਂ ਦੋ ਦਿਨ ਪਹਿਲਾਂ ਹੀ ਸੀਰੀਅਲ ‘ਮੇਰੇ ਸਾਈਂ’ ਦੀ ਸ਼ੂਟਿੰਗ ਤੋਂ ਵਾਪਸ ਆਈ ਹਾਂ। ਡਾਇਲਸਿਸ ਕਾਰਨ ਮੈਂ ਨਿਯਮਤ ਕੰਮ ਕਰਨ ਦੇ ਯੋਗ ਨਹੀਂ ਹਾਂ। ਜਿਸ ਦਿਨ ਡਾਇਲਸਿਸ ਹੁੰਦਾ ਹੈ, ਉਸ ਦਿਨ ਸੈੱਟ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਮੈਨੂੰ ਹਰ ਹਫ਼ਤੇ ਤਿੰਨ ਵਾਰ ਡਾਇਲਸਿਸ ਲਈ ਜਾਣਾ ਪੈਂਦਾ ਹੈ। ਕੁੱਲ ਮਿਲਾ ਕੇ, ਮੈਂ ਇੱਕ ਮਹੀਨੇ ਵਿੱਚ ਇਸ ਵਿੱਚ 12 ਦਿਨ ਬਿਤਾਉਂਦੀ ਹਾਂ. ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਡਨੀ ਨਹੀਂ ਮਿਲ ਜਾਂਦੀ। ਹਰ ਸੈਸ਼ਨ ਲਈ ਪੰਦਰਾਂ ਸੌ ਰੁਪਏ ਲਏ ਜਾਂਦੇ ਹਨ, ਇਸ ਤੋਂ ਇਲਾਵਾ ਦਵਾਈਆਂ ਦਾ ਖਰਚਾ ਵੱਖਰਾ ਹੈ।