ਗੜ੍ਹਸ਼ੰਕਰ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ

ਗੜ੍ਹਸ਼ੰਕਰ, 08 ਫਰਵਰੀ 2025 : ਸਥਾਨਕ ਸ਼ਹਿਰ ਤੋਂ ਚੰਡੀਗੜ੍ਹ ਮਾਰਗ ਦੇ ਸਥਿਤ ਪਿੰਡ ਬਗਵਾਈ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਹਾਦਸੇ ਵਿੱਚ ਇੱਕ ਦਰਜਨ ਦੇ ਕਰੀਬ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਜਖ਼ਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਵਾਲੀ ਸਾਇਡ ਤੋਂ ਬਲਾਚੌਰ ਨੂੰ ਇੱਕ ਲੱਕੜ ਨਾਲ ਭਰਿਆ ਟਰੱਕ ਜਾ ਰਿਹਾ ਸੀ ਤਾਂ ਦੂਜੀ ਸਾਇਡ ਤੋਂ ਆ ਰਹੀ ਨਰਸਿੰਗ ਕਾਲਜ ਦੀ ਬੱਸ ਨਾਲ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਵਾਹਨ ਪਲਟ ਗਏ। ਇਸ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਵੀ ਲਪੇਟ ਵਿੱਚ ਆ ਗਿਆ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਬੱਸ ਡਰਾਈਵਰ ਸਮੇਤ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਅਤੇ ਗੜ੍ਹਸ਼ੰਕਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਨਿੱਜੀ ਹਸਪਤਾਲ ਵਿੱਚ ਬੱਸ ਡਰਾਈਵਰ ਗਗਨਦੀਪ (28) ਵਾਸੀ ਭਰੋਵਾਲ ਥਾਣਾ ਗੜ੍ਹਸ਼ੰਕਰ ਦੀ ਵੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਦੀ ਪਛਾਣ ਗੋਲਡੀ (25) ਪੁੱਤਰ ਅਸ਼ੋਕ ਕੁਮਾਰ ਵਾਸੀ ਜਲਵਾਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ। ਫੱਟੜ ਹੋਈਆਂ ਵਿਦਿਆਰਥਣਾਂ ਵਿੱਚ ਗੁਨੀਤ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਕੁੱਕੜਾਂ, ਸਾਕਸ਼ੀ ਪੁੱਤਰੀ ਮੁਕੇਸ਼ ਚਾਵਲਾ ਵਾਸੀ ਗੜ੍ਹਸ਼ੰਕਰ, ਮੀਨਾ ਪਤਨੀ ਪਰਵੀਨ ਕੁਮਾਰ ਵਾਸੀ ਪਾਰੋਵਾਲ, ਰਾਧਾ ਪੁੱਤਰੀ ਜੋਨਾ ਵਾਸੀ ਬੋੜਾ, ਪ੍ਰਭਜੋਤ ਕੌਰ ਪੁੱਤਰੀ ਰਣਵੀਰ ਸਿੰਘ ਵਾਸੀ ਦਦਿਆਲ, ਆਦਰਸ਼ਪ੍ਰੀਤ ਪੁੱਤਰੀ ਜਸਵੰਤ ਸਿੰਘ ਵਾਸੀ ਜੀਵਨਪੁਰ ਜੱਟਾਂ, ਹਰਪ੍ਰੀਤ ਪੁੱਤਰੀ ਸੁਰਿੰਦਰ ਸਿੰਘ ਵਾਸੀ ਜੱਸੋਵਾਲ, ਆਰਤੀ ਪੁੱਤਰੀ ਬੋਧਰਾਜ ਵਾਸੀ ਪਦਰਾਣਾ, ਸਵਿਤਾ ਪੁੱਤਰੀ ਜਸਵਿੰਦਰ ਪਾਲ ਵਾਸੀ ਸਤਨੌਰ, ਸਿਮਰਨ ਕੌਰ ਸ਼ਾਮਿਲ ਹਨ ਜਦਕਿ ਨਾਜ਼ੀਆ ਪੁੱਤਰੀ ਮੁਹੰਮਦ ਸਲੀਮ ਵਾਸੀ ਸਲੇਮਪੁਰ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ।