![](/sites/default/files/2025-02/02_11.jpg)
ਜਲੰਧਰ-12 ਫਰਵਰੀ (ਭੁਪਿੰਦਰ ਸਿੰਘ ਧਨੇਰ) : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੁਦਰਤੀ ਅਨਮੋਲ ਸੋਮਿਆਂ, ਲੋਕਾਂ ਦੀ ਜਾਨ ਮਾਲ ਅਤੇ ਮੁਢਲੇ ਮਾਨਵੀ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦੇ ਲੋਕ ਦਰਦੀਆਂ ਖ਼ਿਲਾਫ਼ ਘੇਰੋ ਅਤੇ ਕੁਚਲੋ ਦੀ ਧਾਰਨ ਕੀਤੀ ਭਾਜਪਾ ਦੀ ਕੇਂਦਰੀ ਹਕੂਮਤ ਦੀ ਨੀਤੀ ਖ਼ਿਲਾਫ਼ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ 26 ਫਰਵਰੀ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਵੇਰੇ 11 ਵਜੇ ਵਿਸ਼ੇਸ਼ ਵਿਚਾਰ ਚਰਚਾ ਹੋਏਗੀ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਸੰਵਿਧਾਨਕ ਮਰਿਆਦਾ, ਨਿਯਮਾਂ ਅਤੇ ਜਮਹੂਰੀ ਕਦਰਾਂ ਕੀਮਤਾਂ ਦੀ ਘੋਰ ਉਲੰਘਣਾ ਕਰਦੇ ਹੋਏ ਮੁਲਕ ਦੇ ਗ੍ਰਹਿ ਮੰਤਰੀ ਦਾ ਨਿਸੰਗ ਹੋ ਕੇ ਇਹ ਕਹਿਣਾ ਕਿ ਇੱਕ ਵਰ੍ਹੇ ਦੇ ਅੰਦਰ ਇਨਕਲਾਬੀ ਤਵਾਰੀਖ਼ ਦਾ ਮੁਕੰਮਲ ਸਫਾਇਆ ਕਰ ਦਿੱਤਾ ਜਾਏਗਾ ਪੂਰੀ ਤਰ੍ਹਾਂ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸਾਡੇ ਮੁਲਕ ਅੰਦਰ ਵਿਚਾਰਧਾਰਕ ਅਤੇ ਰਾਜਨੀਤਕ ਅਨੇਕਾਂ ਵੰਨਗੀਆਂ ਦੇਖੀਆਂ ਸੁਣੀਆਂ ਜਾ ਸਕਦੀਆਂ ਹਨ ਉਹਨਾਂ ਵਿਚੋਂ ਕਿਸੇ ਬਾਰੇ ਵੀ ਆਲੋਚਨਾਤਮਕ ਦ੍ਰਿਸ਼ਟੀ ਤੋਂ ਆਪਣਾ ਵਿਚਾਰ ਰੱਖਣਾ ਜਾਂ ਵਿਰੋਧ ਕਰਨਾ ਤਾਂ ਸਮਝ ਆਉਂਦਾ ਹੈ ਪਰ ਇਹ ਅਧਿਕਾਰ ਤਾਂ ਕਿਸੇ ਨੂੰ ਵੀ ਨਹੀਂ ਕਿ ਉਹ ਆਪਣੀ ਨਾ ਪਸੰਦ ਜਾਂ ਉਸਤੋਂ ਵੱਖਰੇ ਵਿਚਾਰ ਰੱਖਣ ਵਾਲੇ ਲੋਕ ਹਿੱਤਾਂ ਦੇ ਪੱਖ ਵਿਚ ਖੜ੍ਹਨ ਵਾਲਿਆਂ ਦੇ ਮੁਕੰਮਲ ਸਫਾਏ ਦਾ ਐਲਾਨ ਕਰਕੇ ਸੰਵਿਧਾਨਕ ਤੌਰ ਤੇ ਮਾਨਤਾ ਪ੍ਰਾਪਤ ਕਾਇਦੇ ਕਾਨੂੰਨਾਂ ਦੀਆਂ ਧਜੀਆਂ ਉਡਾਵੇ। ਜੇ ਕੋਈ ਵੀ ਇਉਂ ਕਰਦਾ ਹੈ ਤਾਂ ਸਗੋਂ ਕਾਨੂੰਨ ਨੂੰ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਦੜ ਵੱਟਣੀ ਚਾਹੀਦੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਿਚਾਰ ਹੈ ਕਿ ਅਨਿਆਂ ਅਤੇ ਘੋਰ ਨਾਬਰਾਬਰੀ ’ਤੇ ਆਧਾਰਤ ਮੌਜੂਦਾ ਰਾਜਨੀਤਕ ਪ੍ਰਬੰਧ ਦੀ ਲੋਕ-ਵਿਰੋਧੀ ਕਾਰਗੁਜ਼ਾਰੀ ’ਚੋਂ ਉਪਜੀ ਸਮਾਜਿਕ- ਬੇਚੈਨੀ ਦੇ ਇਜ਼ਹਾਰ ਨੂੰ ਰਾਜਨੀਤਕ ਮਸਲੇ ਵਜੋਂ ਲੈਣ ਦੀ ਬਜਾਏ ਭਾਰਤੀ ਹੁਕਮਰਾਨ ਲੋਕਾਂ ਦੀ ਜ਼ੁਬਾਨਬੰਦੀ ਕਰਨ ਅਤੇ ਸਫ਼ਾਇਆ ਕਰਨ ਦੇ ਐਲਾਨ ਕਰ ਰਹੇ ਹਨ, ਇਹ ਮਾਨਵੀ ਕਦਰਾਂ ਕੀਮਤਾਂ ਦਾ ਘੋਰ ਉਲੰਘਣ ਹੈ। ਸੁਰੱਖਿਆ ਬਲਾਂ ਦੀ ਵਿਆਪਕ ਛਾਉਣੀ ਬਣਾ ਕੇ ਆਪਣੇ ਹੀ ਲੋਕਾਂ ਦਾ ਸ਼ਿਕਾਰ ਖੇਡਣ ਦੀ ਭਾਜਪਾ ਨੀਤੀ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਕਥਿਤ ਵਿਕਾਸ ਦੇ ਨਾਂਅ ਹੇਠ ਕਾਰਪੋਰੇਟ ਪ੍ਰੋਜੈਕਟਾਂ ਦਾ ਰਾਹ ਸਾਫ ਕਰਨ ਦੀ ਫਾਸ਼ੀਵਾਦੀ ਨੀਤੀ ਤੇ ਚੱਲ ਰਹੀ ਹੈ ਜਿਸ ਦਾ ਮੁਲਕ ਦੇ ਹਿਤਾਂ ਅਤੇ ਲੋਕਾਂ ਦੀ ਬਿਹਤਰੀ ਨਾਲ ਕੋਈ ਲੈਣਾ-ਦੇਣਾ ਨਹੀਂ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਕੂਕਾ ਲਹਿਰ,ਗ਼ਦਰੀ ਬਾਬਿਆਂ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਆਜ਼ਾਦ ਹਿੰਦ ਫੌਜ, ਪਰਜਾ ਮੰਡਲ ਲਹਿਰ ਅਤੇ ਨੌਜਵਾਨ ਭਾਰਤ ਸਭਾ ਲਹਿਰ ਵਰਗੀਆਂ ਲਹਿਰਾਂ ਦੀ ਵਿਰਾਸਤ ਉਪਰ ਪਹਿਰਾ ਦਿੰਦੇ ਹੋਏ ਇਹਨਾਂ ਦਾ ਅਪਮਾਨ ਕਰਨ ਦੇ ਰਾਹ ਪਈ ਭਾਜਪਾ ਹਕੂਮਤ ਦੇ ਇਹਨਾਂ ਮਨਸੂਬਿਆਂ ਅਤੇ ਕਤਲੇਆਮ ਮੁਹਿੰਮ ਖ਼ਿਲਾਫ਼ ਆਵਾਜ਼ ਉਠਾਉਣ ਲਈ 26 ਫਰਵਰੀ ਨੂੰ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਹੋ ਰਹੀ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਵਿਚਾਰ ਚਰਚਾ ਵਿੱਚ ਆਦਿਵਾਸੀ ਇਲਾਕਿਆਂ ਵਿਚ ਵਿਆਪਕ ਕਤਲੇਆਮ ਸਮੇਤ ਅਤੇ ਪੂਰੇ ਮੁਲਕ ਵਿਚ ਵਿੱਢੇ ਕਾਰਪੋਰੇਟ ਅਤੇ ਫਿਰਕੂ ਫਾਸ਼ੀ ਹੱਲੇ ਦੀ ਮੁਹਿੰਮ ਬੰਦ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾਏਗੀ। ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ,ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਦੱਸਿਆ ਕਿ ਇਸ ਰੋਜ਼ ਫਰਵਰੀ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਦੀ ਬਣਦੀ ਪ੍ਰਸੰਗਿਕਤਾ ਉਪਰ ਇਸ ਵਿਚਾਰ ਚਰਚਾ ਮੌਕੇ ਰੌਸ਼ਨੀ ਪਾਈ ਜਾਏਗੀ।