ਹੁੱਲੇ-ਹੁਲਾਰੇ ਇਸਤਰੀਆਂ ਵੱਲੋਂ ਕਰਿਆ ਜਾਣ ਵਾਲਾ ਹਰਮਨ ਪਿਆਰਾ ਲੋਕ-ਨਾਚ ਹੈ । ਇਹ ਦੋਵੇਂ ਹੀ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੀਆਂ ਇਸਤਰੀਆਂ ਦਾ ਨਾਚ ਹੈ । ਇਹ ਨਾਚ ਹਿੰਦੂ, ਮੁਸਲਿਮ, ਸਿੱਖ ਧਰਮ ਦੀਆਂ ਔਰਤਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਵੱਖ-ਵੱਖ ਧਰਮਾਂ ਦੀਆਂ ਔਰਤਾਂ ਵਿੱਚ ਲੋਕ ਪ੍ਰਿਅ ਹੈ । ਇਸ ਲੋਕ-ਨਾਚ ਦੇ ਇਤਿਹਾਸ ਦੀਆ ਵੀ ਵੱਖ-ਵੱਖ ਲੋਕ ਦੰਦ-ਕਥਾਵਾਂ ਪ੍ਰਚਲਿਤ ਹਨ । ਪੁਰਾਤਨ ਗ੍ਰੰਥਾਂ ਅਨੁਸਾਰ ਪੂਰਵ ਕਾਲ ਵਿੱਚ ਹੁੱਲੇ-ਹੁਲਾਰੇ ਨਾਚ ਨੂੰ ਹਲੀਸਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਕਈ ਇਤਿਹਾਸਕਾਰਾਂ ਨੇ ਇਸ ਲੋਕ-ਨਾਚ ਨੂੰ ਦੇਵ-ਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੋੜ ਕੇ ਵਰਨਣ ਕੀਤਾ ਹੈ । ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਕੋਈ ਇੱਕ ਨੱਚ ਕੇ ਆਪਣੀਆਂ ਆਦਾਵਾਂ ਦਾ ਪ੍ਰਦਰਸ਼ਨ ਕਰਦੀ ਹੋਈ ਗੀਤ ਦੀ ਹਰ ਪਹਿਲੀ ਤੁਕ ਦਾ ਗਾਉਂਦੀ ਹੋਈ ਉਚਾਰਣ ਕਰਦੀ ਹੈ , ਜਦੋਂ ਕਿ ਉਸ ਦੁਆਲੇ ਘੇਰਾ ਬਣਾ ਕੇ ਬੈਠੀਆਂ ਬਾਕੀ ਸਾਥਣਾ ਉੱਚੀ- ਉੱਚੀ ਇੱਕ ਖ਼ਾਸ ਸੁਰ ਅਤੇ ਲੈਅ ਵਿੱਚ ‘ਹੁੱਲੇ-ਹੁੱਲੇ’ ਸ਼ਬਦ ਦਾ ਗਾ ਕੇ ਉਚਾਰਣ ਕਰਦੀਆਂ ਹਨ । ਹੁੱਲੇ-ਹੁਲਾਰੇ ਨਾਚ ਕਈ ਵੱਖ-ਵੱਖ ਪ੍ਰਕਾਰ ਦੀਆਂ ਮੁਦਰਾਵਾਂ ਵਿੱਚ ਕੀਤੇ ਜਾਣ ਵਾਲਾ ਨਾਚ ਹੈ । ਨਾਚ ਕਰਨ ਸਮੇਂ ਇਸਤਰੀ ਆਪਣੀ ਬਾਹਵਾਂ ਦੇ ਹੁਲਾਰਿਆਂ ਨਾਲ ਆਪਣੇ ਪਤਲੇ ਲੱਕ ਨੂੰ ਮਟਕਾਉਂਦੀ ਹੋਈ ਦੇਖਣ ਵਾਲ਼ਿਆਂ ਦਾ ਮਨ ਮੋਹ ਲੈਂਦੀ ਹੈ । ਉਹ ਪੈਰਾਂ ਦੇ ਠੁਮਕਿਆਂ ਨਾਲ ਝਾਂਜਰਾਂ ਛਣਕਾਉਂਦੀ ਹੋਈ ਤਾੜੀਆਂ ਮਾਰ-ਮਾਰ ਕੇ ਤੇਜ਼ੀ ਨਾਲ ਘੁੰਮਦੀ ਹੈ । ਇਸ ਤਰਾਂ ਨਾਚ ਕਰਨ ਵਾਲੀ ਇਸਤਰੀ ਹੁੱਲੇ-ਹੁਲਾਰੇ ਦਾ ਪਰਦਰਸ਼ਨ ਕਰਦੀ ਹੈ ।
ਹੁੱਲੇ-ਹੁਲਾਰੇ ਦੇ ਗੀਤ :
ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ – ਹੁੱਲੇ
ਸੱਸ ਤੇ ਸਹੁਰਾ ਚੱਲੇ – ਹੁੱਲੇ
ਜੇਠ ਜੇਠਾਣੀ ਚੱਲੇ – ਹੁੱਲੇ
ਦਿਉਰ ਜਠਾਣੀ ਚੱਲੇ – ਹੁੱਲੇ
ਵਹੁਟੀ ਗੱਭਰੂ ਚੱਲੇ – ਹੁੱਲੇ
ਸੌਂਕਣ ਨਾਲ ਲੈ ਚੱਲੇ – ਹੁੱਲੇ
ਮੈਂ ਕੱਲੀ ਛੱਡ ਚੱਲੇ – ਹੁੱਲੇ
ਗੱਡੀ ਚੜ੍ਹ ਗਏ ਸਾਰੇ – ਹੁੱਲੇ
ਮੈਂ ਸੀ ਝਾਈ ਲੀਤੀ – ਹੁੱਲੇ
ਮੈਂ ਸੀ ਚੰਗੀ ਕੀਤੀ – ਹੁੱਲੇ
ਅੱਗੇ ਸੱਸ ਨਹਾਵੇ – ਹੁੱਲੇ
ਅੱਗੇ ਸਹੁਰਾ ਨ੍ਹਾਵੇ – ਹੁੱਲੇ
ਜੇਠ ਜੇਠਾਣੀ ਨ੍ਹਾਵੇ – ਹੁੱਲੇ
ਦਿਉਰ ਦਰਾਣੀ ਨ੍ਹਾਵੇ – ਹੁੱਲੇ
ਵਹੁਟੀ ਗੱਭਰੂ ਨ੍ਹਾਵੇ – ਹੁੱਲੇ
ਮੈਂ ਵੀ ਚੰਗੀ ਕੀਤੀ – ਹੁੱਲੇ
ਗੁੱਤਾਂ ਸੀ ਫੜ ਲੀਤੀ – ਹੁੱਲੇ
ਸੌਂਕਣ ਰੋੜ੍ਹ ਲੀਤੀ – ਹੁਲੇ
ਮੈਨੂੰ ਦਿਓ ਵਧਾਈਆਂ ਜੀ – ਹੁੱਲੇ
ਕਿ ਸੌਂਕਣ ਰੋੜ੍ਹ ਆਈਆਂ ਜੀ
ਮੈਨੂੰ ਦਿਓ ਵਧਾਈਆਂ ਜੀ
ਮੈਨੂੰ ਦਿਓ ..................