29 ਮਾਰਚ 1748 ਨੂੰ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਜਥੇਦਾਰ ਐਲਾਨਿਆ ਗਿਆ ਸੀ।
1762 ਚ ਹੋਏ ਵੱਡੇ ਘੱਲੁਘਾਰੇ ਦੌਰਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ 64 ਫੱਟ ਲੱਗੇ ਸਨ। ਪਰ ਉਹਨਾਂ ਨੇ ਬਹੁਤ ਹੀ ਦਲੇਰੀ ਨਾਲ ਲੜਦੇ ਹੋਏ ਤੇ ਅੱਗੇ ਵੱਧਦੇ ਹੋਏ ਸਿੱਖਾਂ ਦਾ ਬਚਾਅ ਕਰਦੇ ਹੋਏ ਅਬਦਾਲੀ ਦੀ ਫੌਜ ਦਾ ਟਾਕਰਾ ਕੀਤਾ।
ਸਰਦਾਰ ਜੱਸਾ ਸਿੰਘ ਨੂੰ ‘ਬੰਦੀ ਛੋੜ’ ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ 2200 ਹਿੰਦੂ ਲੜਕੀਆਂ ਅਬਦਾਲੀ ਦੇ ਚੁੰਗਲ ਚੋਂ ਛਡਾਈਆਂ ਸਨ।
“ ਜੱਸਾ ਸਿੰਘ ਕੋਲ ਲਾਹੌਰ ਨੂੰ ਜਿੱਤਣ ਤੋਂ ਬਾਅਦ ਸਿੱਕਾ ਜਾਰੀ ਕਰਨ ਦਾ ਅਧਿਕਾਰ ਸੀ ਅਤੇ ਦਿੱਲੀ ਚ ਲਾਲ ਕਿੱਲੇ ਮੁਗਲ ਬਾਦਸ਼ਾਹਾਂ ਦੇ ਤਖਤ ਤੇ ਬੈਠਣ ਦਾ ਵੀ (ਦਿੱਲੀ ਜਿੱਤਣ ਤੋਂ ਬਾਅਦ)। ਸਰਦਾਰ ਜੱਸਾ ਸਿੰਘ ਨੇ ਅਬਦਾਲੀ ਨਾਲ ਕਈ ਵਾਰ ਆਹਮਣੇ ਸਾਹਮਣੇ ਦੀ ਲੜਾਈ ਕੀਤੀ ਸੀ ਜੋ ਆਪਣੇ ਸਮੇਂ ਏਸ਼ੀਆ ਦਾ ਸਭ ਤੋਂ ਮਹਾਨ ਜਰਨੈਲ ਸੀ। ਹਮਲਾਵਰ ਅਬਦਾਲੀ ਨੇ ਕਈ ਵਾਰ ਜੱਸਾ ਸਿੰਘ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਗਈਆਂ। ਪਟਿਆਲਾ ਅਤੇ ਜੀਂਦ ਦੇ ਰਾਜੇ ਸਰਦਾਰ ਜੱਸਾ ਸਿੰਘ ਦੇ ਸਾਹਮਣੇ ਨਿਮਰਤਾ ਸਹਿਤ ਇੱਜਤ ਦਿੰਦੇ ਹੋਏ ਖੱੜਦੇ ਸਨ। ਨਾਲਾਗ੍ਹੜ, ਬਿਲਾਸਪੁਰ, ਕਾਂਗੜਾ ਅਤੇ ਜੰਮੂ ਦੇ ਰਾਜੇ ਜੱਸਾ ਸਿੰਘ ਦੇ ਗੋਡੀਂ ਹੱਥ ਲਾਉਂਦੇ ਸਨ। ਮਲੇਰਕੋਟਲਾ ਅਤੇ ਕੁੰਜਪੁਰਾ ਦੇ ਨਵਾਬ ਜੱਸਾ ਸਿੰਘ ਨੂੰ ਮੱਥਾ ਟੇਕਦੇ ਸਨ। ਪਰ ਫੇਰ ਵੀ ਸਰਦਾਰ ਜੱਸਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਨਿਮਰ ਅਤੇ ਅਧੀਣਗੀ ਮੰਨਣ ਵਾਲਾ ਸਿੱਖ ਬਣਕੇ ਰਿਹਾ। ਜੱਸਾ ਸਿੰਘ ਰਾਂਹੀ ਗੁਰੂ ਗੋਬਿੰਦ ਸਿੰਘ ਨੇ ਚਿੱੜੀਆਂ ਨੂੰ ਬਾਜਾਂ ਨਾਲ ਲੜਾਇਆ। ਜੱਸਾ ਸਿੰਘ ਮਹਾਨ ਲੜਾਕਾ, ਤਾਕਤਵਰ ਜਰਨੈਲ, ਪ੍ਰਮੁੱਖ ਪ੍ਰਬੰਧਕ ਸੀ।
ਜੱਸਾ ਸਿੰਘ ਆਹੂਲਵਾਲੀਆ ਦੇ ਸ਼ਰੀਰ ਦੇ ਮੂਹਰਲੇ ਪਾਸੇ 32 ਨਿਸ਼ਾਨ ਕ੍ਰਿਪਾਨ ਅਤੇ ਗੋਲੀਆਂ ਦੇ ਸਨ ਅਤੇ ਇੱਕ ਵੀ ਪਿੱਛਲੇ ਪਾਸੇ ਨਹੀਂ ਸੀ। ਉਹਨਾਂ ਦਾ ਸ਼ਰੀਰ ਬਹੁਤ ਵੱਡਾ ਸੀ। ਜੱਸਾ ਸਿੰਘ ਦੀ ਰੋਜ ਦੀ ਖੁਰਾਕ ਚ ਇੱਕ ਕਿੱਲੋ ਆਟਾ, ਅੱਧਾ ਕਿੱਲੋ ਮੱਖਣੀ, 250 ਗ੍ਰਾਮ ਮਿਸ਼ਰੀ, ਅਤੇ ਇੱਕ ਲੱਸੀ ਦੀ ਬਾਲਟੀ ਸੀ। ਇੱਕ ਸਬੂਤਾ ਬੱਕਰਾ ਉਹਨਾਂ ਦੀ ਦੋ ਵਾਰੀ ਭੁੱਖ ਮਿਟਾਉਂਦਾ ਸੀ। ਕਾਜ਼ੀ ਨੂਰ ਮੁਹੰਮਦ ਜਿਸਨੇ ਜੱਸਾ ਸਿੰਘ ਨੂੰ ਲੜਦੇ ਦੇਖਿਆ ਸੀ ਅਬਦਾਲੀ ਖਿਲਾਫ, ਉਸਨੂੰ ‘ਪਹਾੜ’ ਵਰਗਾ ਕਿਹਾ ਹੈ। ਸਰਦਾਰ ਜੱਸਾ ਸਿੰਘ ਦਾ ਰੰਗ ਕਣਕਵੰਨਾ, ਕੱਦ ਲੰਮਾ, ਸ਼ਰੀਰ ਭਾਰਾ, ਵੱਡਾ ਮੱਥਾ, ਚੌੜੀ ਛਾਤੀ, ਉੱਚੀ ਤੇ ਗਰਜਵੀਂ ਅਵਾਜ ਸੀ ਜਿਹੜੀ ਕਿ 50,000 ਦੇ ਇਕੱਠ ਚ ਵੀ ਸਾਫ ਸੁਣੀ ਜਾ ਸਕਦੀ ਸੀ। ਉਹਨਾਂ ਦੀ ਬਾਹਾਂ ਲੰਮੀਆਂ ਸੀ ਗੋਡਿਆਂ ਤੱਕ। ਜਿਸ ਕਰਕੇ ਉਹ ਪੂਰੇ ਜੋਰ ਨਾਲ ਕਿਰਪਾਨ ਸੱਜੇ ਖੱਬੇ ਘੁਮਾ ਸਕਦੇ ਸਨ”
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਨੇ ‘ਸੁਲਤਾਨ-ਉਲ-ਕੌਮ’ ਦਾ ਖਿਤਾਬ ਦਿੱਤਾ ਹੋਇਆ ਸੀ। 1783 ਚ ਦਿੱਲੀ ਜਿੱਤਣ ਤੋਂ ਬਾਅਦ ਸਰਦਾਰ ਜੱਸਾ ਸਿੰਘ ਮੁਗਲਾਂ ਦੇ ਤਖਤ ਉਪਰ ਜਾ ਬੈਠੇ ਤੇ ਸਿੱਖਾਂ ਨੇ ਉਹਨਾਂ ਨੂੰ ‘ਬਾਦਸ਼ਾਹ ਸਿੰਘ’ ਕਿਹਾ।
ਸਰਦਾਰ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਨੇ ਪੰਜਾਬ ਲਿਆਂਦਾ ਸੀ। ਦਿੱਲੀ ਚ ਰਹਿਣ ਕਰਕੇ ਸਰਦਾਰ ਜੱਸਾ ਸਿੰਘ ਦੀ ਬੋਲੀ ਅਤੇ ਦਿੱਖ ਹਿੰਦੋਸਤਾਨੀ ਸੀ ਜਿਸ ਕਰਕੇ ਪੰਜਾਬ ਵਾਲੇ ਸਿੱਖ ਜੱਸਾ ਸਿੰਘ ਦਾ ਮਜਾਕ ਵੀ ਉਡਾਉਂਦੇ ਜਦੋਂ ਉਹ ‘ਹਮਕੋ-ਤੁਮਕੋ’ ਜਿਹੇ ਸ਼ਬਦ ਵਰਤਦੇ। ਸਰਦਾਰ ਜੱਸਾ ਸਿੰਘ ਦਾ ਪਹਿਲਾ ਕੰਮ ਘੋੜਿਆਂ ਨੂੰ ਘਾਹ-ਦਾਣਾ ਪਾਉਣਾ ਸੀ।
-ਹਰੀ ਰਾਮ ਗੁਪਤਾ
•ਸਰਦਾਰ ਜੱਸਾ ਸਿੰਘ ਦੀ ਸਿੱਖ ਬਨਣ ਤੋਂ ਪਹਿਲਾਂ ਪੂਰਬਲੀ ਜਾਤ ‘ਕਲਾਲ’ ਸੀ। ਜੋ ਕਿ ਵਰਨ ਵੰਡ ਚ ਨੀਵੀਂ ਜਾਤ ਹੀ ਗਿਣੀ ਜਾਂਦੀ ਸੀ। ਜੱਟ, ਕਲਾਲ, ਤਰਖਾਣ, ਆਦਿ ਇਹ ਸਭ ਨੀਵੀਆਂ ਜਾਤਾਂ ਮੰਨੀਆਂ ਜਾਂਦੀਆਂ ਸਨ ਪਰ ਗੁਰੂ ਸਹਿਬਾਨ ਨੇ ਇਹਨਾਂ ਵਿੱਚੋਂ ਹੀਣ ਭਾਵਨਾ ਕੱਢ ਕੇ ਨਵੀਂ ਰੂਹ ਫੂਕ ਦਿੱਤੀ।
•ਜਦੋਂ ਇਹ ਅਖੌਤੀ ਨੀਵੀਆਂ ਜਾਤਾਂ ਵਾਲੇ ਆਪਣੀਆਂ ਪੂਰਬਲੀਆਂ ਜਾਤਾਂ ਨੂੰ ਭੁੱਲ ਕੇ ਸਿੱਖ ਬਣ ਗਏ ਤਾਂ ਗੁਰੂ ਸਾਹਿਬ ਦੇ ਥਾਪੜੇ ਨਾਲ ਇਹਨਾਂ ਲਹੌਰ ਅਤੇ ਦਿੱਲੀ ਦੇ ਤਖਤ ਪੈਰਾਂ ਚ ਰੋਲ ਦਿੱਤੇ।
•ਅੰਮ੍ਰਿਤਪਾਲ ਸਿੰਘ ਘੋਲੀਆ