ਸਰਦਾਰ ਹਰੀ ਸਿੰਘ ਨਲੂਆ

ਸਿੱਖ ਧਰਮ ਮਹਾਨ ਯੋਧਿਆਂ ਦੀ ਬਦੌਲਤ ਸੰਸਾਰ ਵਿਚ ਅੱਵਲ ਸਥਾਨ 'ਤੇ ਹੈ। ਸੰਸਾਰ ਦੇ ਜਾਂਬਾਜ਼ ਯੋਧਿਆਂ 'ਚ ਖ਼ਾਲਸਾ ਰਾਜ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਨਾਂ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ। ਹਰੀ ਸਿੰਘ ਨਲੂਆ ਦਾ ਜਨਮ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ ਪਿੰਡ ਗੁਜਰਾਂਵਾਲੇ ਦੇ ਵਸ਼ਨੀਕ ਤੇ 'ਸ਼ੁੱਕਰਚਕੀਆ ਮਿਸਲ' ਦੇ ਕੁਮੇਦਾਨ ਸ. ਗੁਰਦਿਆਲ ਸਿੰਘ ਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ 1791 ਈਸਵੀ 'ਚ ਹੋਇਆ। ਸ. ਗੁਰਦਿਆਲ ਸਿੰਘ ਨੇ ਹਰੀ ਸਿੰਘ ਦੀ ਪੜ੍ਹਾਈ ਲਿਖਾਈ ਲਈ ਘਰ ਵਿਚ ਹੀ ਚੰਗੇ ਵਿਦਵਾਨ ਦਾ ਪ੍ਰੰਥਧ ਕਰ ਦਿੱਤਾ। ਸਰਦਾਰ ਹਰੀ ਸਿੰਘ ਨੋ ਧਾਰਮਿਕ ਵਿੱਦਿਆ ਦੇ ਨਾਲ-ਨਾਲ ਹੋਰਨਾਂ ਭਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ। ਹਰੀ ਸਿੰਘ ਬਚਪਨ ਤੋਂ ਹੀ ਤੀਖਣ ਬੁੱਧੀ ਤੇ ਜੋਸੀਲੇ ਸੁਭਾਅ ਵਾਲੇ ਸਨ। ਉਨ੍ਹਾਂ ਦੀ ਯਾਦਦਾਸ਼ਤ ਇੰਨੀ ਤਕੜੀ ਸੀ ਕਿ ਇਕ ਵਾਰ ਜੋ ਪੜ੍ਹ ਲੈਣਾ, ਉਸ ਨੂੰ ਭੁੱਲਦੇ ਨਹੀਂ ਸਨ। ਸਰਦਾਰ ਹਰੀ ਸਿੰਘ ਸੱਤ ਸਾਲ ਦੇ ਹੀ ਸਨ ਕਿ ਪਿਤਾ ਸਰਦਾਰ ਗੁਰਦਿਆਲ ਸਿੰਘ ਦਾ ਦੇਹਾਂਤ ਹੋ ਗਿਆ। ਪਿਤਾ ਦੇ ਅਕਾਲ ਚਲਾਣੇ ਪਿੱਛੋਂ ਹਰੀ ਸਿੰਘ ਨੂੰ ਆਪਣੀ ਮਾਤਾ ਧਰਮ ਕੌਰ ਨਾਲ ਆਪਣੇ ਨਾਨਕੇ ਘਰ ਰਹਿਣਾ ਪਿਆ। ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਘੋੜਸਵਾਰੀ, ਨੌਜ਼ੇਬਾਜ਼ੀ, ਤੀਰਅੰਦਾਜ਼ੀ ਆਦਿ ਯੁੱਧ ਕਲਾਵਾਂ 'ਚ ਮੁਹਾਰਤ ਹਾਸਲ ਕਰ ਲਈ ਸੀ। ਤੇਜ਼ ਜਾਹੋ-ਜਲਾਲ ਵਾਲਾ ਸਰਦਾਰ ਸੋਹਣਾ-ਸੁਨੌਖਾ ਨੌਜਵਾਨ ਬਣ ਗਿਆ। ਸਰਦਾਰ ਹਰੀ ਸਿੰਘ ਨਲੂਆ ਦਾ ਚਿਹਰਾ ਇੱਨਾਂ ਰੋਹਬ-ਦਾਬ ਵਾਲਾ ਸੀ ਕਿ ਕੋਈ ਵੀ ਵਿਅਕਤੀ ਉਨ੍ਹਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਕਰਨ ਲਈ ਸਾਲ 'ਚ ਪੰਦਰਾਂ ਦਿਨਾਂ ਦਾ ਕੈਪ ਲਗਾਇਆ ਜਾਂਦਾ ਸੀ, ਜਿਸ ਵਿਚ ਨੌਜਵਾਨ ਸਰੀਰਕ ਤੇ ਜੰਗੀ ਕਰਤਬ ਵਿਖਾਉਂਦੇ ਸਨ। ਅਜਿਹੇ ਹੀ ਇਕ ਕੈਪ ਵਿਚ ਸਰਦਾਰ ਹਰੀ ਸਿੰਘ ਨੇ ਵੀ ਵਿਲੌਖਣ ਜੰਗੀ ਕਰਤਬ ਵਿਖਾਏ। ਸਰਦਾਰ ਹਰੀ ਸਿੰਘ ਦੀ ਵਿਲੱਖਣ ਪ੍ਰਤਿਭਾ ਤੇ ਜੰਗੀ ਸੂਝ-ਬੂਝ ਨੂੰ ਵੇਖਦੇ ਹੋਏ ਮਹਾਰਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਫ਼ੌਜ ਵਿਚ ਖ਼ਾਸ ਰੁਤਬੇ 'ਤੇ ਭਰਤੀ ਕਰ ਲਿਆ। ਇਕ ਦਿਨ ਮਹਾਰਾਜਾ ਰਣਜੀਤ ਸਿੰਘ ਜੰਗਲ 'ਚ ਸ਼ਿਕਾਰ ਖੇਡਣ ਗਏ। ਸਰਦਾਰ ਹਰੀ ਸਿੰਘ ਵੀ ਉਨ੍ਹਾਂ ਦੇ ਨਾਲ ਸੀ। ਅਚਾਨਕ ਇਕ ਸ਼ੇਰ ਨੇ ਸਰਦਾਰ ਹਰੀ ਸਿੰਘ ਉਪਰ ਹਮਲਾ ਕਰ ਦਿੱਤਾ। ਸ਼ੇਰ ਦਾ ਹਮਲਾ ਇੰਨਾਂ ਤੇਜ਼ ਸੀ ਕਿ ਸਰਦਾਰ ਹਰੀ ਸਿੰਘ ਨੂੰ ਮਿਆਨ 'ਚੋ ਕਿਰਪਾਨ ਕੱਢਣ ਦਾ ਵੀ ਮੌਕਾ ਨਾ ਮਿਲਿਆ। ਉਨ੍ਹਾਂ ਨੇ ਨਿਡਰਤਾ ਤੇ ਫੁਰਤੀ ਨਾਲ ਸ਼ੇਰ ਨੂੰ ਜਬਾੜਿਆਂ ਤੋ ਫੜ ਕੇ ਇੰਨੇ ਜ਼ੋਰ ਨਾਲ ਜ਼ਮੀਨ 'ਤੇ ਪਟਕਿਆ ਅਤੇ ਮਿਆਨ 'ਚੋ ਕਿਰਪਾਨ ਕੱਢ ਕੇ ਇੱਕੋ ਵਾਰ ਨਾਲ ਸ਼ੇਰ ਦਾ ਸਿਰ ਧੜ ਨਾਲੋ ਵੱਖ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੋ ਇਸ ਘਟਨਾ ਨੂੰ ਅੱਖੀ ਵੇਖਣ ਤੋ ਬਾਅਦ ਸਰਦਾਰ ਹਰੀ ਸਿੰਘ ਦੇ ਨਾਂ ਨਾਲ 'ਨਲੂਆ' ਸ਼ਬਦ ਵੀ ਜੋੜ ਦਿੱਤਾ। ਮਹਾਰਜਾ ਰਣਜੀਤ ਸਿੰਘ ਨੇ ਭਰੇ ਦਰਬਾਰ ਵਿਚ ਸ਼ੇਰ ਨੂੰ ਮਾਰਨ ਵਾਲੀ ਘਟਨਾ ਤੇ ਸਰਦਾਰ ਹਰੀ ਸਿੰਘ ਨਲੂਆ ਦੀ ਬਹਾਦਰੀ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਨੂੰ 800 ਸੈਨਿਕਾਂ ਦੇ ਜਥੇ ਦਾ ਸਰਦਾਰ ਐਲਾਨ ਦਿੱਤਾ। ਸਰਦਾਰ ਹਰੀ ਸਿੰਘ ਨਲੂਆ ਨੇ 1807 ਵਿਚ ਕਸੂਰ ਦੇ ਮੈਦਾਨ ਵਿਚ ਜੀਵਨ ਦੀ ਪਹਿਲੀ ਲੜਾਈ ਲੜੀ, ਜਿਸ ਵਿਚ ਨਵਾਬ ਜ਼ਬਰਦਸਤ ਟੱਕਰ ਦਿੱਤੀ ਕਿ ਨਵਾਬ ਦੀਆਂ ਫ਼ੌਜਾਂ ਮੋਰਚੇ ਛੱਡ ਕੇ ਕਸੂਰ ਦੇ ਕਿਲ੍ਹੇ ਵੱਲ ਭੱਜ ਪਈਆਂ। ਭੱਜਦੀ ਹੋਈ ਫ਼ੌਜ ਦਾ ਪਿੱਛਾ ਕਰ ਕੇ ਹਰੀ ਸਿੰਘ ਨਲੂਆ ਨੇ ਦੋ ਸੈਕੜੇ ਤੋ ਵੱਧ ਗਾਜ਼ੀਆਂ ਨੂੰ ਬੰਦੀ ਬਣਾ ਕੇ ਉਨ੍ਹਾਂ ਦੇ ਹਥਿਆਰ ਜਬਤ ਕਰ ਲਏ ਤੇ ਉਨ੍ਹਾਂ ਨੂੰ ਖ਼ਾਲਸਾ ਦਰਬਾਰ ਵਿਚ ਮਹਾਰਾਜੇ ਦੇ ਅੱਗੇ ਪੇਸ਼ ਕੀਤਾ। ਮਹਾਰਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਦੀ ਇਸ ਬਹਾਦਰੀ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਕਈ ਪਿੰਡਾਂ ਦੀ ਜਾਗੀਰ ਬਖ਼ਸ਼ੀ। ਨਵਾਬ ਕੁਤਬਦੀਨ ਖ਼ਾਨ ਜਦ ਕਸੂਰ ਦੇ ਕਿਲ੍ਹੇ 'ਚ ਜਾ ਵੜਿਆ ਤਾਂ ਕਿਲ੍ਹੇ ਨੂੰ ਤੋੜਨ ਲਈ ਸਿੱਖ ਫ਼ੌਜ ਨੇ ਹਰੀ ਸਿੰਘ ਨਲੂਆ ਦੀ ਅਗਵਾਈ ਵਿਚ ਕਿਲ੍ਹੇ ਦੀਆਂ ਨੀਹਾਂ ਵਿਚ ਬਰੂਦ ਭਰ ਕੇ ਕੰਧਾਂ ਉਡਾ ਦਿੱਤੀਆਂ ਤੇ ਕਿਲ੍ਹੇ ਅੰਦਰ ਧਾਵਾ ਬੋਲ ਦਿੱਤਾ। ਕਿਲ੍ਹੇ ਅੰਦਰ ਖ਼ਾਲਸੇ ਦੀ ਚੜ੍ਹਤ ਨੂੰ ਵੇਖਦਿਆਂ ਨਵਾਬ ਕੁਤਬਦੀਨ ਖ਼ਾਨ ਨੇ ਕਿਲ੍ਹੇ ਵਿਚੋ ਭੱਜਣ ਦੀ ਕੋਸ਼ਿਸ ਕੀਤੀ ਪਰ ਹਰੀ ਸਿੰਘ ਨਲਵਾ ਦੀ ਫ਼ੌਜ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕੁਤਬਦੀਨ ਨੂੰ ਖ਼ਾਲਸਾ ਦਰਬਾਰ ਵਿਚ ਪੇਸ਼ ਕੀਤਾ ਰਿਆ। ਸ਼ੇਰ-ਏ-ਪੰਜਾਬ ਨੇ ਹਰੀ ਸਿੰਘ ਨਲਵਾ ਦੀ ਬਹਾਦਰੀ ਤੋ ਖ਼ੁਸ਼ ਹੋ ਕੇ 30 ਹਜ਼ਾਰ ਰੁਪਏ ਸਾਲਾਨਾ ਦੀ ਜਾਗੀਰ ਦੀ ਬਖ਼ਸ਼ਿਸ਼ ਕੀਤੀ ਗਈ। ਇਸ ਲੜਾਈ ਵਿਚ ਹਰੀ ਸਿੰਘ ਨਲੂਆ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ। 1810 ਵਿਚ ਮੁਲਤਾਨ ਦੀ ਜੰਗ 'ਚ ਹਰੀ ਸਿੰਘ ਨਲੂਆ ਨੇ ਜਾਨ ਦੀ ਬਾਜ਼ੀ ਲਗਾਉਂਦਿਆਂ ਅਦੁੱਤੀ ਨਿਰਭੈਤਾ ਤੇ ਸੂਰਮਗਤੀ ਦਾ ਸਬੂਤ ਦਿੱਤਾ। ਇਸ ਜੰਗ ਤੋਂ ਬਾਅਦ ਸ਼ੇਰ-ਏ-ਪੰਜਾਬ 'ਤੇ ਉਨ੍ਹਾਂ ਦੀਆਂ ਫ਼ੌਜਾਂ ਵਿਚ ਸਰਦਾਰ ਹਰੀ ਸਿੰਘ ਨਲੂਆ ਨੂੰ ਬੜੀ ਇੱਜਤ ਨਾਲ ਵੇਖਿਆ ਜਾਣ ਲੌਗਾ। ਮਹਾਰਜਾ ਨੇ 20 ਹਜ਼ਾਰ ਰੁਪਏ ਸਾਲਾਨਾ ਦੀ ਜਾਗੀਰ ਤੇ ਫ਼ੌਜ ਵਿਚ ਉਨ੍ਹਾਂ ਦਾ ਰੁਤਬਾ ਵੀ ਵਧਾ ਦਿੱਤਾ ਗਿਆ। 1812 ਵਿਚ ਹਰੀ ਸਿੰਘ ਨਲੂਆ ਨੇ ਆਪਣੇ ਬਾਹੂਬਲ ਤੇ ਦੂਰ-ਅੰਦੇਸ਼ੀ ਨਾਲ ਮਿੱਠੇ ਟਿਵਾਣੇ ਦੇ ਇਲਾਕੇ 'ਤੇ ਕਬਜ਼ਾ ਕਰ ਕੇ ਖ਼ਾਲਸਾ ਰਾਜ ਦਾ ਕੇਸਰੀ ਪਰਚਮ ਲਹਿਰਾਇਆ। ਅਟਕ ਦਾ ਇਤਿਹਾਸਿਕ ਕਿਲ੍ਹਾ ਦਰਿਆ ਸਿੰਧ ਦੇ ਪੱਤਣ 'ਤੇ ਬਣਿਆ ਹੈ। ਇਸ ਕਿਲੇ ਨੂੰ ਫ਼ਤਹਿ ਕਰਨ ਲਈ ਸ਼ੇਰ-ਏ-ਪੰਜਾਬ ਨੇ ਹਰੀ ਸਿੰਘ ਨਲੂਆ ਨੂੰ ਜ਼ਿੰਮੇਵਾਰੀ ਸੌਪੀ। ਸਰਦਾਰ ਹਰੀ ਸਿੰਘ ਨਲੂਆ ਨੇ ਸੰਨ 1813 ਵਿਚ ਬਹਾਦਰੀ ਨਾਲ ਅਫ਼ਗਾਨਾਂ ਨਾਲ ਗਹਿਗੱਚ ਲੜਾਈ ਲੜੀ। ਇਹ ਲੜਾਈ ਦੋਹਾਂ ਧਿਰਾਂ ਲਈ ਜ਼ਿੰਦਗੀ-ਮੌਤ ਦਾ ਸਵਾਲ ਸੀ। ਸ. ਨਲੂਆ ਨੇ ਆਪਣੀ ਫ਼ੌਜ ਨੂੰ ਲਗਾਤਾਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਜੰਗ ਵਿਚ ਕਈ ਨਾਮੀ ਸਿੱਖ ਯੋਧੇ ਸ਼ਹਾਦਤ ਦਾ ਜਾਮ ਪੀ ਗਏ ਪਰ ਸਰਦਾਰ ਹਰੀ ਸਿੰਘ ਨਲੂਆ ਦੇ ਦ੍ਰਿੜ ਇਰਾਦਿਆਂ ਨੇ ਇਹ ਜੰਗ ਜਿੱਤ ਲਈ ਤੇ ਅਟਕ ਦੇ ਕਿਲ੍ਹੇ ਉਪਰ ਖ਼ਾਲਸਾਈ ਝੰਡਾ ਬੁਲੰਦ ਕੀਤਾ। ਅਟਕ ਦੀ ਜਿੱਤ ਉਪਰੰਤ ਸਰਦਾਰ ਹਰੀ ਸਿੰਘ ਨਲੂਆ ਨੇ ਕਸ਼ਮੀਰ ਨੂੰ ਖ਼ਾਲਸਾ ਰਾਜ 'ਚ ਸ਼ਾਮਲ ਕੀਤਾ। ਸ਼ੇਰ-ਏ-ਪੰਜਾਬ ਨੇ ਹਰੀ ਸਿੰਘ ਨਲੂਆ ਦੀ ਕਾਬਲੀਅਤ ਨੂੰ ਵੇਖਦੇ ਹੋਏ 1820 ਵਿਚ ਉਨ੍ਹਾਂ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ। ਇਸ ਮਹਾਨ ਜਰਨੈਲ ਨੇ ਕਸ਼ਮੀਰ ਦਾ ਰਾਜ ਪ੍ਰਬੰਧ ਇੰਨੇ ਚੰਗੇ ਤੇ ਨਿਰਪੱਖ ਢੰਗ ਨਾਲ ਚਲਾਇਆ ਕਿ ਸਭ ਵਰਗਾਂ ਦੇ ਮਨ ਜਿੱਤ ਲਏ। ਕਸ਼ਮੀਰ ਦੇ ਜੋ ਲੋਕ ਜ਼ੁਲਮ ਅਤੇ ਅਤਿਆਚਾਰ ਤੋ ਪਰੇਸ਼ਾਨ ਹੋ ਕੇ ਹਿਜਰਤ ਕਰ ਗਏ ਸਨ, ਉਹ ਮੁੜ ਕਸ਼ਮੀਰ ਪਰਤ ਆਏ ਸਨ। ਕਸ਼ਮੀਰ ਦੇ ਚੰਗੇ ਪ੍ਰਬੰਧਾਂ ਨੂੰ ਵੇਖਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਆ ਨੂੰ ਉਥੇ ਆਪਣੇ ਨਾਂ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਵੀ ਦੇ ਦਿੱਤਾ। ਖ਼ਾਲਸਾ ਕੰਮ ਦੇ ਇਸ ਅਦੁੱਤੀ ਜਰਨੈਲ ਨੇ 1821 ਵਿਚ ਮਾਂਗਲੀ ਘਾਟੀ 'ਤੇ ਜਿੱਤ ਦਾ ਪਰਚਮ ਲਹਿਰਾਉਣ ਮਗਰੋ ਖੁਸ਼ਾਬ ਦੇ ਮੁਕਾਮ 'ਤੇ ਸ਼ੇਰ-ਏ-ਪੰਜਾਬ ਨਾਲ ਮੁਲਕਾਤ ਕੀਤੀ ਤਾਂ ਇਸ ਮੌਕੇ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਮਾਹਰਾਜੇ ਨੇ ਸਰਦਾਰ ਹਰੀ ਸਿੰਘ ਨੂੰ ਆਪਣੀ ਛਾਤੀ ਨਾਲ ਲਾ ਕੇ ਅਖਿਆ, 'ਮੇਰਾ ਬਹਾਦਰ ਜਰਨੈਲ ਖ਼ਾਲਸੇ ਦਾ ਨਾਂ ਸੂਰਜ ਦੀ ਤਰ੍ਹਾਂ ਸੰਸਾਰ 'ਚ ਰੋਸ਼ਨ ਕਰ ਰਿਹਾ ਹੈ।' ਸਰਦਾਰ ਹਰੀ ਸਿੰਘ ਨੇ ਹਜ਼ਾਰਾ ਸਮੇਤ ਕਈ ਖੇਤਰਾਂ ਵਿਚ ਖ਼ਾਲਸਾ ਰਾਜ ਕਾਇਮ ਕੀਤਾ। ਇਨ੍ਹਾਂ ਖੇਤਰਾਂ ਦਾ ਪ੍ਰਬੰਧ ਵੀ ਮਹਾਰਾਜਾ ਵੱਲੋ ਸਰਦਾਰ ਹਰੀ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਇਸ ਨਿਡਰ ਸਿੱਖ ਜਰਨੈਲ ਨੇ 1823 ਵਿਚ ਗਾਜ਼ੀਆਂ, ਪਠਾਣਾਂ ਤੇ ਅਫ਼ਗਾਨਾਂ ਨੂੰ ਹਰਾ ਕੇ ਖ਼ਾਲਸਾ ਫ਼ੌਜ ਦੀ ਧਾਕ ਜਮਾਈ। ਮਹਾਰਾਜੇ ਦੇ ਹੁਕਮਾਂ 'ਤੇ 1828 ਵਿਚ ਇਸ ਮਹਾਨ ਜਰਨੈਲ ਨੇ ਕਟੋਚੀਆਂ ਦੇ ਇਲਾਕੇ ਬਾਈਧਾਰ ਦੇ ਰਾਜਿਆਂ ਉਪਰ ਚੜ੍ਹਾਈ ਕੀਤੀ। ਖ਼ਾਲਸਾ ਫ਼ੌਜ ਨੇ ਸੀਬਾ, ਗੁਲੇਰ, ਨਦੌਣ, ਲੰਬਾਗਾਉਂ ਦੀ ਰਾਜਧਾਨੀ 'ਤੇ ਕਬਜ਼ਾ ਕਰ ਲਿਆ। 1834 ਵਿਚ ਮਹਾਰਾਜਾ ਨੇ ਜਦ ਹਰੀ ਸਿੰਘ ਨਲਵਾ ਨੂੰ ਪਿਸ਼ਾਵਰ 'ਤੇ ਧਾਵਾ ਬੋਲਣ ਦਾ ਹੁਕਮ ਦਿੱਤਾ ਤਾਂ ਇਹ ਵੀ ਐਲਾਨ ਕੀਤਾ ਕਿ ਸਰਦਾਰ ਹਰੀ ਸਿੰਘ ਨਲੂਆ ਹੁਣ ਤੋਂ ਖ਼ਾਲਸਾ ਫ਼ੌਜ ਦੇ ਕਮਾਂਡਰ ਇਨ ਚੀਫ ਹੈ। ਇਸ ਅਦੁੱਤੀ ਜਰਨੈਲ ਦੀ ਕਮਾਂਡ ਵਿਚ ਖ਼ਾਲਸਾ ਫ਼ੌਜ ਨੇ ਪਿਸ਼ਾਵਰ 'ਤੇ ਹਮਲਾ ਕੀਤਾ। ਪਠਾਣਾਂ ਨੇ ਖ਼ਾਲਸਾ ਫ਼ੌਜ ਦਾ ਬਹਾਦਰੀ ਨਾਲ ਲੜਦਿਆਂ ਰਾਹ ਰੋਕਣ ਦੀ ਕੋਸ਼ਿਸ ਕੀਤੀ ਪਰ ਇਸ ਜੋਸ਼ੀਲੇ ਜਰਨੈਲ ਦੀ ਫ਼ੌਜ ਨੇ ਪਠਾਣਾਂ ਦੇ ਮੋਰਚਿਆਂ ਨੂੰ ਤਹਿਸ-ਨਹਿਸ ਕਰ ਦਿੱਤਾ। ਪਿਸ਼ਾਵਰ 'ਤੇ ਕਬਜ਼ਾ ਹੁੰਦਿਆਂ ਹੀ ਇਲਾਕੇ ਦੇ ਪਠਾਣਾਂ ਦੇ ਦਿਲਾਂ ਵਿਚ ਖ਼ਾਲਸਾ ਫ਼ੌਜ ਤੇ ਹਰੀ ਸਿੰਘ ਨਲੂਆ ਦੇ ਨਾਂ ਦਾ ਡਰ ਸਦਾ ਲਈ ਬੈਠ ਗਿਆ। ਪਿਸ਼ਾਵਰ ਦਾ ਗਵਰਨਰ ਵੀ ਸਰਦਾਰ ਨਲੂਆ ਨੂੰ ਬਣਾਇਆ ਗਿਆ। ਅਮੀਰ ਦੋਸਤ ਮੁਹੰਮਦ ਖ਼ਾਨ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਇਕ ਤਕੜੀ ਫ਼ੌਜ ਤਿਆਰ ਕੀਤੀ। ਪਰ ਉਹ ਆਪ ਸਰਦਾਰ ਨਲੂਆ ਦਾ ਸਾਹਮਣਾ ਕਰਨ ਤੋ ਝਿਜਕਦਾ ਸੀ। ਇਸ ਲਈ ਅਮੀਰ ਦੋਸਤ ਮੁਹੰਮਦ ਖ਼ਾਨ ਨੇ ਆਪਣੇ ਪੁੱਤਰ ਅਕਬਰ ਖ਼ਾਨ ਦੀ ਅਗਵਾਈ ਵਿਚ 1837 ਵਿਚ ਸਰਦਾਰ ਹਰੀ ਸਿੰਘ ਨਲੂਆ ਦੀ ਜ਼ੈਰ ਹਾਜ਼ਰੀ ਦਾ ਫਾਇਦਾ ਉਠਾਦਿਆਂ ਜਮਰੌਦ ਦੇ ਕਿਲ੍ਹੇ 'ਤੇ ਹਮਲਾ ਕਰਵਾ ਦਿੱਤਾ। ਕਿਲ੍ਹੇ 'ਚ ਮੌਜੂਦ ਖ਼ਾਲਸਾ ਫ਼ੌਜ ਨੇ ਹਮਲਵਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਸਰਦਾਰ ਨਲੂਆ ਨੂੰ ਹਮਲੇ ਦੀ ਖ਼ਬਰ ਭੇਜੀ। ਜੰਗ ਦੇ ਤੀਜੇ ਦਿਨ ਅਫ਼ਗਾਨ ਜਮਰੰਦ ਦੇ ਕਿਲ੍ਹੇ ਦੇ ਨਜਦੀਕ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ ਕਿ ਹਰੀ ਸਿੰਘ ਨਲੂਆ ਵੀ ਫ਼ੌਜ ਸਮੇਤ ਮੌਕੇ 'ਤੇ ਪਹੁੰਚ ਗਿਆ। ਸਰਦਾਰ ਨਲੂਆ ਦੀ ਆਮਦ ਦਾ ਪਤਾ ਲਗਦਿਆਂ ਹੀ ਵੈਰੀ ਫ਼ੌਜ ਮੈਦਾਨ ਛੱਡ ਕੇ ਭੱਜਣੀ ਸ਼ੁਰੂ ਹੋ ਗਈ। ਨਲੂਆ ਦੀ ਫ਼ੌਜ ਨੇ ਦੁਸ਼ਮਣ ਫ਼ੌਜ ਦਾ ਕਾਫ਼ੀ ਜੰਗੀ ਸਮਾਨ ਖੋਹ ਲਿਆ। ਜੰਗ 'ਚੋਂ ਦੁਸਮਣਾਂ ਨੂੰ ਭਜਾ ਕੇ ਜਦ ਉਹ ਵਾਪਸ ਜਮਰੌਦ ਦੇ ਕਿਲ੍ਹੇ ਵੱਲ ਜਾ ਰਹੇ ਸਨ ਤਾਂ ਇਕ ਗੁਫ਼ਾ 'ਚ ਲੁਕੇ ਹੋਏ ਗਾਜ਼ੀਆਂ ਨੇ ਉਨ੍ਹਾਂ ਉਪਰ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਅੰਗ ਰੱਖਿਅਕ ਨੂੰ ਲੱਗੀ। ਹਰੀ ਸਿੰਘ ਨਲੂਆ ਨੇ ਆਪਣਾ ਘੋੜਾ ਗੁਫ਼ਾ ਵੱਲ ਮੋੜਿਆ ਤਾਂ ਗੁਫ਼ਾ ਵਿਚੋ ਗਾਜ਼ੀਆਂ ਨੇ ਫਿਰ ਦੋ ਗੋਲੀਆਂ ਚਲਾਈਆਂ, ਜੋ ਹਰੀ ਸਿੰਘ ਨਲੂਆ ਦੀ ਛਾਤੀ ਅਤੇ ਵੱਖੀ ਵਿਚ ਵੱਜੀਆਂ। ਉਹ ਆਪਣੇ ਘੋੜੇ ਨੂੰ ਮੋੜ ਕੇ ਜਮਰੌਦ ਦੇ ਕਿਲ੍ਹੇ ਅੰਦਰ ਲੈ ਗਏ। ਕਿਲ੍ਹੇ ਅੰਦਰ ਮਹਾਂ ਸਿੰਘ ਨੇ ਸਰਦਾਰ ਨਲੂਆ ਦਾ ਇਲਾਜ ਸ਼ੁਰੂ ਕੀਤਾ। ਹਰੀ ਸਿੰਘ ਨਲੂਆ ਨੇ ਹਦਾਇਤ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤਕ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਕਿਲ੍ਹੇ ਤੋ-- ਬਾਹਰ ਨਾ ਜਾਵੇ। ਇਹ ਗੱਲ ਆਖ ਕੇ ਖ਼ਾਲਸਾ ਫ਼ੌਜ ਦਾ ਇਹ ਮਹਾਨ ਜਰਨੈਲ 30 ਅਪ੍ਰੈਲ 1837 ਨੂੰ ਸ਼ਹੀਦ ਹੋ ਗਿਆ। ਇਹ ਖ਼ਬਰ ਜਦ ਮਹਾਰਜਾ ਰਣਜੀਤ ਸਿੰਘ ਕੋਲ ਪੁੱਜੀ ਤਾਂ ਦਰਬਾਰ 'ਚ ਸੰਨਾਟਾ ਛਾ ਗਿਆ। ਮਹਾਰਾਜੇ ਨੇ ਵੈਰਾਗਮਈ ਆਵਾਜ਼ 'ਚ ਕਿਹਾ ਕਿ ਅੱਜ ਖ਼ਾਲਸਾ ਰਾਜ ਦੇ ਕਿਲ੍ਹੇ ਦਾ ਇਕ ਵੱਡਾ ਬੁਰਜ ਢਹਿ ਗਿਆ ਹੈ।

                                                                                                                                                                          ਗੁਰਜੀਵਨ ਸਿੰਘ ਸਿੱਧੂ ਨਥਾਣਾ

                                                                                                                                                                              94170-79435