ਗੁਰੂ ਨਾਨਕ ਸਾਹਿਬ ਦਾ ਮੁਢਲਾ ਜੀਵਨ


ਗੁਰੂ ਨਾਨਕ ਸਾਹਿਬ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਉਹਨਾਂ ਦਾ ਇਹ ਜਨਮ ਸਥਾਨ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਲਾਹੌਰ ਵਿੱਚ ਨਨਕਾਣਾ ਸਾਹਿਬ ਨੇੜੇ ਪੈਂਦਾ ਹੈ । ਗੁਰੂ ਸਾਹਿਬ ਦੇ ਪਿਤਾ ਕਲਿਆਣ ਚੰਦ ਦਾਸ ਬੇਦੀ, ਮਹਿਤਾ ਕਾਲੂ ਦੇ ਨਾਂ ਨਾਲ ਜਾਣੇ ਜਾਂਦੇ ਸਨ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ । ਪਿਤਾ ਪਟਵਾਰ ਦੀ ਨੌਕਰੀ ਕਰਦੇ ਸਨ । ਆਪ ਦਾ ਖ਼ਾਨਦਾਨ ਪੇਸੇਵਰ ਵਜੋਂ ਵਪਾਰੀ ਸੀ ਜੋ ਕਿ ਹਿੰਦੂ ਖੱਤਰੀ ਬਰਾਦਰੀ ਨਾਲ ਸਬੰਧਤ ਸੀ । ਪਰਿਵਾਰ ਵਿੱਚ ਉਹਨਾਂ ਤੋਂ ਤਕਰੀਬਨ ਪੰਜ ਸਾਲ ਵੱਡੀ ਭੈਣ ਬੇਬੇ ਨਾਨਕੀ ਸੀ । ਇਤਿਹਾਸਕਾਰਾਂ ਅਨੁਸਾਰ ਦੋਵੇਂ ਭੈਣ – ਭਰਾ ਵਿੱਚ ਅਤਿ ਸਨੇਹ ਅਤੇ ਪਿਆਰ ਸੀ । ਬੇਬੇ ਨਾਨਕੀ ਸੁਲਤਾਨਪੁਰ ਲੋਧੀ ਵਿਖੇ ਜੈ ਰਾਮ ਨੂੰ ਵਿਆਹੀ ਹੋਈ ਸੀ । ਜੈ ਰਾਮ ਲਾਹੌਰ ਦੇ ਗਵਰਨਰ ਦੌਲਤ ਖਾਨ ਲੋਧੀ ਦੇ ਮੋਦੀਖ਼ਾਨੇ ਵਿੱਚ ਨੌਕਰੀ ਕਰਦਾ ਸੀ । ਭੈਣ ਨਾਨਕੀ ਨਾਲ ਡਾਹਢਾ ਸਨੇਹ ਹੋਣ ਕਰਕੇ ਗੁਰੂ ਸਾਹਿਬ ਭੈਣ ਨਾਨਕੀ ਨਾਲ ਉਸਦੇ ਸਹੁਰੇ ਘਰ ਹੀ ਸੁਲਤਾਨਪੁਰ ਰਹਿਣ ਲੱਗ ਪਏ । ਜੀਜੇ ਜੈ ਰਾਮ ਦੀ ਸਿਫ਼ਾਰਸ਼ ਕਰਨ ਤੇ ਗੁਰੂ ਸਾਹਿਬ ਨੂੰ ਦੌਲਤ ਖਾਨ ਦੇ ਮੋਦੀਖ਼ਾਨੇ ਵਿੱਚ ਨੌਕਰੀ ਮਿਲ ਗਈ । ਉਸ ਸਮੇ ਆਪ 16 ਸਾਲਾਂ ਦੀ ਉਮਰ ਦੇ ਸਨ ।

ਪੁਰਾਤਨ ਜਨਮ ਸਾਖੀਆਂ ਅਨੁਸਾਰ ਨਾਨਕ ਸਾਹਿਬ ਦਾ ਮੁੱਢਲਾ ਜੀਵਨ ਇਲਾਹੀ ਕੌਤਕਾਂ ਨਾਲ ਭਰਪੂਰ ਰਿਹਾ ਹੈ । ਉਹਨਾਂ ਦੀ ਜ਼ਿੰਦਗੀ ਬਾਲ ਅਵਸਥਾ ਤੋਂ ਹੀ ਰੁਹਾਨੀਅਤ ਨਾਲ ਆਤਮਿਕ ਤੌਰ ਤੇ ਜੁੜ ਚੁੱਕੀ ਸੀ । ਜਨਮ ਸਾਖੀਆਂ ਅਨੁਸਾਰ ਉਨ੍ਹਾਂ ਨੇ ਪੰਜ ਕੁ ਸਾਲਾਂ ਦੀ ਬਾਲਕ ਅਵਸਥਾ ਵਿੱਚ ਹੀ ਇਲਾਹੀ ਮੱਤ ਨਾਲ ਵਿਚਰਨਾ ਸ਼ੁਰੂ ਕਰ ਦਿੱਤਾ ਸੀ । ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜਦੋਂ ਉਹਨਾਂ ਨੂੰ ਕੇਵਲ ਸੱਤ ਸਾਲਾਂ ਦੀ ਆਯੂ ਵਿੱਚ ਪਿਤਾ ਮਹਿਤਾ ਕਾਲੂ ਵੱਲੋਂ ਵਿੱਦਿਆ ਪ੍ਰਾਪਤੀ ਦੇ ਹਿੱਤ ਪਿੰਡ ਦੇ ਸਕੂਲ ਪੜ੍ਹਨ ਵਾਸਤੇ ਘੱਲਿਆ ਗਿਆ ਤਾਂ ਇਹ ਗੱਲ ਕੌਣ ਨਹੀਂ ਜਾਣਦਾ ਕਿ ਗੁਰੂ ਸਾਹਿਬ ਨੇ ਸਕੂਲ ਵਿੱਚ ਆਪਣੇ ਅਧਿਆਪਕ ਨੁੰ ਇੱਕ ਅੰਕ ਨਾਲ ਗੁਰਮੁੱਖੀ ਦੇ ਅੱਖਰ ਓ ਨੂੰ ਜੋੜਕੇ ਇੱਕ ਰੱਬ ਦੇ ਹੋਣ ਦੇ ਗਿਆਨ ਦਾ ਸਬਕ ਸਿਖਾਇਆ । ਇਸੇ ਤਰਾਂ ਗੁਰੂ ਸਾਹਿਬ ਦੇ ਬਚਪਨ ਦੇ ਜੀਵਨ ਦੇ ਹੋਰ ਵੀ ਅਨੇਕਾਂ ਰੂਹਾਨੀ ਕੌਤਕ ਸੁਣਨ ਨੂੰ ਮਿਲਦੇ ਹਨ , ਜਿਵੇਂ ਕਿ ਇੱਕ ਵਾਰ ਰਾਏ ਬੁਲਾਰੇ ਦੀ ਚਸ਼ਮਦੀਹੀ ਗਵਾਹੀ ਅਨੁਸਾਰ ਆਪ ਜੀ ਨੂੰ ਸੁੱਤੇ ਪਏ ਨੂੰ ਜਹਿਰਲੇ ਸੱਪ ਵੱਲੋਂ ਛਾਂ ਕਰਨ ਦਾ ਜ਼ਿਕਰ ਮਿਲਦਾ ਹੈ ।

ਤਕਰੀਬਨ 18 ਸਾਲਾਂ ਦੀ ਉਮਰ ਵਿੱਚ ਨਾਨਕ ਸਾਹਿਬ ਦਾ ਵਿਆਹ 24 ਸਤੰਬਰ 1487 ਈਸਵੀ ਨੂੰ ਬਟਾਲੇ ਦੇ ਵਸਨੀਕ ਮੂਲ ਚੰਦ ਦੇ ਗ੍ਰਹਿ ਵਿਖੇ ਮਾਤਾ ਚੰਦੋ ਰਾਣੀ ਦੀ ਕੁੱਖੋਂ ਜਨਮੀ ਮਾਤਾ ਸੁਲੱਖਣੀ ਨਾਲ ਹੋਇਆ । ਆਪ ਦੇ ਘਰ ਦੋ ਪੁੱਤਰਾਂ , ਵੱਡੇ ਸ੍ਰੀ ਚੰਦ ( 8 ਸਤੰਬਰ 1494 – 13 ਜਨਵਰੀ 1629 ) ਅਤੇ ਛੋਟੇ ਲਖਮੀ ਦਾਸ ( 12 ਫ਼ਰਵਰੀ 1497 – 9 ਅਪ੍ਰੈਲ 1555 )  ਨੇ ਜਨਮ ਲਿਆ । ਉਹਨਾਂ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਆਪ ਦੀ ਸਿਖਿਆਵਾਂ ਨੂੰ ਜੀਵਨ ਵਿੱਚ ਗ੍ਰਹਿਣ ਕਰਕੇ ਧਰਮ -ਕਰਮ ਦੇ ਧਾਰਨੀ ਬਣ ਗਏ ਜਿਨ੍ਹਾਂ ਨੂੰ ਉਦਾਸੀਨ ਸੰਪ੍ਰਦਾਇ ਦਾ ਪਿਤਾਮਾ ਮੰਨਿਆਂ ਜਾਂਦਾ ਹੈ ।

ਗੁਰੂ ਨਾਨਕ ਦੇਵ ਦਾ ਮੋਦੀਖ਼ਾਨੇ ਵਿੱਚ “ ਤੇਰਾਂ - ਤੇਰਾਂ “ ਤੋਲਣਾ :

1

 

ਬਾਲਕ ਨਾਨਕ ਇੱਕ ਸਾਧਾਰਨ ਬਾਲਕ ਨਹੀਂ ਸੀ । ਉਹ ਬਚਪਨ ਤੋਂ ਹੀ ਸਾਧੂ ਬਿਰਤੀ ਅਤੇ ਦਾਨੀ ਕਿਸਮ ਦੇ ਮਾਲਕ ਸਨ, ਜਿਸ ਕਾਰਨ ਪਿਤਾ ਮਹਿਤਾ ਕਾਲੂ ਉਹਨਾਂ ਦੇ ਭਵਿੱਖ ਪ੍ਰਤੀ ਫਿਕਰਮੰਦ ਸਨ । ਨਾਨਕ ਸਾਹਿਬ ਨੂੰ ਕਿਸੇ ਕਾਰੋਬਾਰ ਵਿੱਚ ਲਗਾਉਣ ਲਈ ਪਿਤਾ ਨੇ ਆਪਣੀ ਧੀ ਬੇਬੇ ਨਾਨਕੀ ਕੋਲ ਉਸਦੇ ਸਹੁਰੇ ਘਰ ਭੇਜਣ ਦਾ ਫੈਸਲਾ ਕੀਤਾ ,  ਕਿਉਂਕਿ ਦੋਵੇਂ ਭੈਣ – ਭਰਾ ਵਿੱਚ ਨਿੱਘਾ ਸਨੇਹ ਸੀ । ਗੁਰੂ ਨਾਨਕ ਸਾਹਿਬ ਦਾ ਜੀਜਾ ਜੈ ਰਾਮ ਸੁਲਤਾਨਪੁਰ ਲੋਧੀ ਵਿਖੇ ਲਾਹੌਰ ਦੇ ਗਵਰਨਰ ਦੌਲਤ ਖਾਨ ਲੋਧੀ ਦੇ ਮੋਦੀਖ਼ਾਨੇ ਵਿੱਚ ਨੌਕਰੀ ਕਰਦਾ ਸੀ । ਗੁਰੂ ਸਾਹਿਬ ਨੂੰ ਫ਼ਾਰਸੀ ਭਾਸ਼ਾ ਦਾ ਚੰਗਾ ਗਿਆਨ ਹੋਣ ਕਰਕੇ ਇੱਥੇ ਹੀ ਜੈ ਰਾਮ ਦੀ ਸਿਫ਼ਾਰਸ਼ ‘ਤੇ  ਗੁਰੂ ਨਾਨਕ ਸਾਹਿਬ ਨੂੰ ਨੌਕਰੀ ਮਿਲ ਗਈ । ਮੋਦੀਖ਼ਾਨੇ ਵਿੱਚ ਗੁਰੂ ਸਾਹਿਬ ਦੀ ਡਿਉਟੀ ਅਨਾਜ ਅਤੇ ਜਿਣਸ ਦੀ ਸਾਂਭ ਸੰਭਾਲ਼ ਦਾ ਹਿਸਾਬ – ਕਿਤਾਬ ਰੱਖਣ ਦੀ ਸੀ । ਇੱਥੇ ਗੁਰੂ ਸਾਹਿਬ ਨੇ ਤਕਰੀਬਨ ਦਸ – ਬਾਰਾਂ ਸਾਲ ਨੌਕਰੀ ਕੀਤੀ । ਮੋਦੀਖ਼ਾਨੇ ਵਿੱਚੋਂ ਉਹਨਾਂ ਨੂੰ ਤਨਖ਼ਾਹ ਅਨਾਜ ਜਾਂ ਜਿਣਸ ਦੇ ਰੂਪ ਵਿੱਚ ਹੀ ਮਿਲਦੀ ਸੀ ਅਤੇ ਉਹ ਜ਼ਰੂਰਤ ਅਨੁਸਾਰ ਹੀ ਆਪਣੀ ਤਨਖ਼ਾਹ ਬਦਲੇ ਮਿਲਦਾ ਅਨਾਜ ਲੈ ਕੇ ਜਾਂਦੇ ਸਨ ਅਤੇ ਬਾਕੀ ਅਨਾਜ ਇੱਥੇ ਹੀ ਰੱਖ ਲੈਂਦੇ ਸਨ । ਗੁਰੂ ਜੀ ਸਾਧੂ ਸੁਭਾਅ ਦੇ ਹੋਣ ਕਰਕੇ ਮੋਦੀਖਾਨੇ ਵਿੱਚ ਨੌਕਰੀ ਕਰਦੇ ਸਮੇ ਪ੍ਰਭੂ ਭਗਤੀ ਵਿੱਚ ਲੀਨ ਹੋਏ ਆਪਣੀ ਤਨਖਾਹ ਦੇ ਹਿੱਸੇ ਦਾ ਮੋਦੀਖ਼ਾਨੇ ਵਿੱਚ ਪਿਆ ਅਨਾਜ ਗਰੀਬ ਲੋੜਵੰਦਾਂ ਨੂੰ ਤੇਰਾ ਤੇਰਾ ਸ਼ਬਦ ਉਚਾਰਦੇ ਹੋਏ ਹੀ ਵਰਤਾਉਂਦੇ ਰਹਿੰਦੇ ਅਤੇ ਉਹਨਾਂ ਦਾ ਸੁਕਰਾਨਾ ਕਰਦੇ ਹੋਏ ਸੀਸਾਂ ਲੈਂਦੇ ਰਹਿੰਦੇ । ਇਸ ਤਰਾਂ ਉਹਨਾਂ ਦੀ ਸੇਵਾ ਭਾਵਨਾ ਦਾ ਜਸ ਛੇਤੀ ਹੀ ਆਲੇ ਦੁਆਲੇ  ਫੈਲਣ ਲੱਗਾ ਅਤੇ ਮੋਦੀਖ਼ਾਨੇ ਵਿੱਚ ਗੁਰੂ ਨਾਨਕ ਦੇਵ  ਨੂੰ ਚਾਹੁਣ ਵਾਲ਼ਿਆਂ ਦੀ ਭੀੜ ਜੁੜਨ ਲੱਗ ਪਈ । ਇਸ ਗੱਲ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਸੁਲਤਾਨਪੁਰ ਲੋਧੀ ਵਾਰੇ ਲਿਖਦੇ ਹਨ ਕਿ “ ਸੁਲਤਾਨ ਪੁਰਿਭਗਤਿ ਭੰਡਾਰਾ “ ( ਵਾਰ 11-12 ) ਭਾਵ ਸੁਲਤਾਨਪੁਰ ਭਗਤੀ ਦਾ ਭੰਡਾਰ ਬਣ ਗਿਆ । ਇਸ ਗੱਲ ਦੀ ਗੁਰੂ ਸਾਹਿਬ ਦੀ ਸਿਕਾਇਤ ਜਦੋਂ ਨਵਾਬ ਦੌਲਤ ਖਾਨ ਕੋਲ ਪਹੁੰਚੀ ਕਿ ਉਹ ਲੋਕਾਂ ਤੋਂ ਪੈਸੇ ਲਏ ਬਗੈਰ ਹੀ ਮੋਦੀਖ਼ਾਨੇ ਦਾ ਅਨਾਜ ਵਰਤਾਕੇ ਲੁਟਾਈ ਜਾ ਰਿਹਾ ਹੈ ਤਾਂ ਸ਼ਿਕਾਇਤ ਉਪਰੰਤ ਨਵਾਬ ਖਾਨ ਨੇ ਮੋਦੀਖ਼ਾਨੇ ਵਿੱਚ ਪਏ ਅਨਾਜ ਦਾ ਹਿਸਾਬ ਕਰਨ ਦਾ ਹੁਕਮ ਦਿੱਤਾ ਅਤੇ ਨਾਲ ਹੀ ਮੋਦੀਖ਼ਾਨੇ ਦਾ ਹਿਸਾਬ ਕਰਨ ਤੱਕ ਨਾਨਕ ਸਾਹਿਬ ਨੂੰ ਕੋਠੜੀ ਵਿੱਚ ਬੰਦ ਕਰਕੇ ਰੱਖਣ ਦਾ ਫੁਰਮਾਨ ਜਾਰੀ ਕੀਤਾ । ਮੋਦੀਖ਼ਾਨੇ ਦਾ ਹਿਸਾਬ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਨਵਾਬ ਦੇ 760 ਰੁਪਏ ਗੁਰੂ ਨਾਨਕ ਜੀ ਨੂੰ ਦੇਣੇ ਬਣਦੇ ਹਨ ਅਤੇ ਮੋਦੀਖ਼ਾਨੇ ਵਿੱਚ ਪਿਆ ਅਨਾਜ ਵੀ ਵੱਧ ਰਿਹਾ ਹੈ ਤਾਂ ਇਹ ਸਭ ਦੇਖਕੇ ਨਵਾਬ ਦੌਲਤ ਖਾਂ ਬਹੁਤ ਹੀ ਸ਼ਰਮਿੰਦਾ ਹੋਇਆ । ਉਹ ਗੁਰੂ ਸਾਹਿਬ ਦਾ ਇਹ ਕੌਤਕ ਦੇਖਕੇ ਉਹਨਾਂ ਦੇ ਚਰਨੀਂ ਡਿੱਗ ਪਿਆ ਅਤੇ ਭੁੱਲਾਂ ਬਖਸ਼ਾਉਣ ਲੱਗਾ । ਨਵਾਬ ਨੇ ਜਦੋਂ ਵਧੀ ਹੋਈ ਰਕਮ ਗੁਰੂ ਜੀ ਨੂੰ ਵਾਪਸ ਮੋੜਨੀ ਚਾਹੀ ਤਾਂ ਗੁਰੂ ਜੀ ਨੇ ਵਧੀ ਹੋਈ ਰਕਮ  ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਰੇ ਪੈਸੇ ਗਰੀਬ ਅਤੇ ਲੋੜਵੰਦ ਲੋਕਾਂ ਵਿੱਚ ਵੰਡਣ ਲਈ ਨਵਾਬ ਨੂੰ ਬੇਨਤੀ ਕੀਤੀ ।

ਇਸ ਤਰਾਂ ਗੁਰੂ ਨਾਨਕ ਸਾਹਿਬ ਨੇ ਇੱਥੇ ਖ਼ੁਦ ਆਪਣੇ ਹੱਥੀਂ ਧਰਮ ਦੀ ਕਿਰਤ ਕਮਾਈ ਕੀਤੀ, ਪ੍ਰਭੂ ਦਾ ਨਾਮ ਜਪਿਆ ਅਤੇ ਸੱਚੀ ਅਤੇ ਸੁੱਚੀ ਕਿਰਤ ਕਮਾਈ ਵਿੱਚੋਂ ਵੰਡ ਕੇ ਛਕਣ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਂਦੇ ਹੋਏ ਲੋੜਵੰਦਾਂ ਦੀਆਂ “ਤੇਰਾਂ - ਤੇਰਾਂ“ ਪੁਕਾਰਦੇ ਹੋਏ ਝੋਲੀਆਂ ਭਰੀਆਂ ।