ਪੰਜਾਬ ਦੀ ਧਰਤੀ ֹ’ਤੇ ਬਹੁਤ ਮਹਾਨ ਸਹਿਤਕਾਰਾਂ ਨੇ ਜਨਮ ਲਿਆ। ਪੰਜਾਬੀ ਸਕਾਲਰਾਂ ਅਤੇ ਸਹਿਤਕਾਰਾਂ ਦੀ ਸੂਚੀ ਬਹੁਤ ਲੰਮੀ ਹੈ। ਪਰ ਇੰਨ੍ਹਾਂ ਸਾਰਿਆਂ ਵਿੱਚੋਂ ਭਾਈ ਵੀਰ ਸਿੰਘ ਦੀ ਸ਼੍ਰੋਮਣੀ ਸਹਿਤਕਾਰਾਂ ਵਿੱਚੋਂ ਵੀ ਸ਼ੋਮਣੀ ਸਹਿਤਕਾਰ ਸਨ। ਜਿੰਨ੍ਹਾਂ ਨੇ ਪੰਜਾਬੀ ਸਹਿਤ ਨੂੰ ਨਵਾਂ ਰੂਪ ਦਿੱਤਾ। ਭਾਰਤ-ਪਾਕਿ ਦੀ ਵੰਡ ਤੋਂ ਪਹਿਲਾਂ ਸਿੱਖ ਪੰਜਾਬੀ ਵਿਰਸੇ ਨੂੰ ਇੱਕ ਨਵਾਂ ਰੂਪ ਦੇਣ, ਪ੍ਰਵੁੱਲਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਭਾਈ ਵੀਰ ਸਿੰਘ ਪੰਜਾਬੀ ਸਹਿਤ ਦੇ ਇੱਕ ਅਜਿਹੇ ਕਵੀ ਤੇ ਵਿਦਵਾਨ ਸਨ ਜਿੰਨ੍ਹਾਂ ਨੂੰ ਅਜੋਕੇ ਪੰਜਾਬੀ ਸਹਿਤ ਦੇ ਮੋਢੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ। ਸਿੱਖ ਘਰਾਣੇ ਨਾਲ ਸਬੰਧ ਰੱਖਦੇ ਹੋਣ ਕਰਕੇ ਉਨ੍ਹਾਂ ਦੀ ਸਖ਼ਸੀਅਤ ਉਪਰ ਗੁਰਮਤਿ ਅਤੇ ਗੁਰਬਾਣੀ ਦਾ ਬਹੁਤ ਪ੍ਰਭਾਵ ਸੀ।
ਮੈਟ੍ਰਿਕ(1891) ਪਾਸ ਕਰਨ ਪਿੱਛੋਂ ਉਨ੍ਹਾਂ ਨੇ ਕਿਸੇ ਨੌਕਰੀ ਦੀ ਇੱਛਾ ਨਾ ਕੀਤੀ ਸਗੋਂ ਸ. ਵਜ਼ੀਰ ਸਿੰਘ ਨਾਲ ਮਿਲ ਕੇ ‘ਵਜ਼ੀਰ ਹਿੰਦ ਪ੍ਰੈੱਸ’ ਸਥਾਪਨਾ ਕੀਤੀ ਅਤੇ ਸਿੱਖ ਪੰਥ ਵਿੱਚ ਧਾਰਮਕ, ਵਿਦਿਅਕ, ਸਭਿੱਆਚਾਰਕ ਪੱਖੋਂ ਜਾਗ੍ਰਿਤੀ ਲਿਆਉਣ ਲਈ ‘ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ ਅਤੇ ਛੋਟੇ-ਛੋਟੇ ਟ੍ਰੈਕਟਾਂ ਰਾਹੀਂ ਪ੍ਰਚਾਰ ਦਾ ਕੰਮ ਸ਼ੁਰੂ ਕਰ ਦਿੱਤਾ। ਸੰਨ 1899 ਵਿੱਚ ਵਜ਼ੀਰ ਸਿੰਘ ਦੇ ਸਹਿਯੋਗ ਨਾਲ (ਵਜ਼ੀਰ ਹਿੰਦ ਪ੍ਰੈੱਸ ਅੰਮ੍ਰਿਤਸਰ) ਦੇ ਸਹਿਯੋਗ ਨਾਲ ਖਾਲਸਾ ਸਮਾਚਾਰ ਦੀ ਸ਼ੁਰੂਆਤ ਕੀਤੀ। ਜੋ ਅੱਜ ਤੱਕ ਵੀ ਬੜੀ ਸਫਲਤਾ ਨਾਲ ਜਾਰੀ ਹੈ।
ਭਾਈ ਵੀਰ ਸਿੰਘ ਨੇ ਆਪਣਾ ਪੂਰਾ ਜੀਵਨ ਸਾਹਿਤ ਸਿਰਜਣਾ ਵਿੱਚ ਲਗਾ ਦਿੱਤਾ। ਭਾਈ ਸਾਹਿਬ ਦੀਆਂ ਸਹਿਤਕ ਰਚਨਾਵਾਂ ਦੀ ਗਿਣਤੀ ਤਿੰਨ ਹਰਜਨ ਤੋਂ ਵਧੀਕ ਹੈ, ਜਿੰਨ੍ਹਾਂ ਵਿੱਚ ਮਹਾਂਕਾਵਿ, ਸੱਤ ਕਾਵਿ ਸੰਗ੍ਰਹਿ, ਚਾਰ ਨਾਵਲ, ਇੱਕ ਨਾਟਕ, ਗੁਰੂਆਂ ਦੇ ਜੀਵਨ ਬਾਰੇ ਚਮਤਕਾਰ, ਬਾਲ ਪੁਸਤਕਾਂ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ ਸਾਹਿਤ ਅਨੁਵਾਦ ਟੀਕੇ ਅਤੇ ਸੰਪਾਦਨ ਗ੍ਰੰਥ ਵੀ ਮਿਲਦੇ ਹਨ। ਖਾਲਸਾ ਸਮਾਚਾਰ ਵਿੱਚ ਵੱਖ-ਵੱਖ ਸਮੇਂ ਪ੍ਰਭਾਸ਼ਿਤ 154 ਕਵਿਤਾਵਾਂ ਅਜਿਹੀਆਂ ਹਨ। ਜਿਹੜੀਆਂ ਅਜੇ ਤੱਕ ਕਿਸੇ ਸੰਗ੍ਰਹਿ ਵਿੱਚ ਸ਼ਾਮਲ ਨਹੀਂ ਹੋਈਆ(ਜਾਣਕਾਰੀ ਸਾਧਨ ਪ੍ਰੋ. ਨਵਸੰਗੀਤ ਸਿੰਘ)। “ਭਾਈ ਵੀਰ ਸਿੰਘ ਦੀਆਂ ਏਨੇ ਵੱਡੇ ਆਕਾਰ ਦੀ ਬਹੁ-ਪੱਖੀ ਤੇ ਉਤਮ ਰਚਨਾਵਾਂ ਨੂੰ ਪੜ ਕੇ ਪ੍ਰੋ. ਪੂਰਨ ਸਿੰਘ ਨੇ ਲਿਖਿਆਂ ਸੀ ਭਾਈ ਵੀਰ ਸਿੰਘ ਆਪਣੇ ਆਪ ਵਿੱਚ ਇੱਕ ਯੁਗ ਪੁਰਸ਼ ਹਨ। ਉਨ੍ਹਾਂ ਦੇ ਪ੍ਰਵੇਸ਼ ਨਾਲ ਹੀ ਅਤਿ-ਨਵੀਨ ਪੰਜਬੀ ਬੋਲੀ ਦਾ ਮੁੱਢ ਬਣਿਆ ਹੈ। ਉਨ੍ਹਾਂ ਨੇ ਹੀ ਇਸ ਨੂੰ ਇਕ ਨਵੀਂ ਬੋਲੀ, ਨਵੀਂ ਲੋਅ ਅਤੇ ਨਵਾਂ ਰਾਹ ਬਖ਼ਸ਼ਿਆਂ ਹੈ।” ਬਾਬਾ ਖੜਕ ਸਿੰਘ ਨੇ ਉਨ੍ਹਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ,“ਨਵੀਨ ਪੰਜਾਬੀ ਸਾਹਿਤ ਨੂੰ ਇਤਨਾ ਹਰ ਦਿਲ ਅਜੀਜ ਤੇ ਵਿਸ਼ਾਲ ਬਣਾਉਣ ਵਿੱਚ ਜੋ ਘਾਲ ਭਾਈ ਵੀਰ ਸਿੰਘ ਨੇ ਘਾਲੀ ਹੈ, ਉਸ ਲਈ ਹਰ ਪੰਜਾਬੀ ਪਿਆਰਾ ਉਨ੍ਹਾਂ ਦਾ ਰਿਣੀ ਹੈ।”
ਭਾਈ ਵੀਰ ਸਿੰਘ ਸੁੰਦਰਤਾਂ ਦੇ ਬਹੁਤ ਵੱਡੇ ਪ੍ਰਸੰਸਕ ਸਨ। ਉਹ ਕੁਦਰਤ ਦੇ ਰੰਗਲ ਦੇਖ ਉਸ ਤੋਂ ਬਲਿਹਾਰੇ ਜਾਂਦੇ ਅਤੇ ਕੁਦਰਤ ਦੀ ਸੁੰਦਰਤਾਂ ਉਨ੍ਹਾਂ ਦੀ ਕਲਮ ਨੂੰ ਚੁੱਕਣ ਲਈ ਮਜਬੂਰ ਕਰ ਦਿੰਦੀ, ਬਸ ਫਿਰ ਉਹ ਆਪਣੇ ਹਰ ਜ਼ਜਬਾਤ, ਭਾਵਨਾ ਨੂੰ ਕੁਦਰਤ ਦੇ ਰੰਗ ਵਿੱਚ ਰੰਗ ਕੇ ਸਾਹਿਤ ਦੇ ਰੰਗ ਬਰੰਗੇ ਫੁੱਲ ਉਕਾਰਦੇ। ਜਿੱਥੇ ਉਨ੍ਹਾਂ ਦਾ ਕੁਦਰਤ ਪ੍ਰਤੀ ਪਿਆਰ, ਸਨੇਹ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਝਲਕਦਾ ਹੈ, ਉੱਥੇ ਇਹ ਦੱਸਣਾ ਵੀ ਜਰੂਰੀ ਸਮਝਦੀ ਹਾਂ ਕਿ ਉਹਨਾਂ ਨੂੰ ਫੁੱਲ ਬੂਟੇ ਪੌਦੇ ਉਗਾਉਣ ਦਾ ਸ਼ੌਕ ਸੀ।
ਅੱਜ ਤੱਕ ਅੰਮ੍ਰਿਤਸਰ ਵਿੱਚ ਸਥਿਤ ਉਨ੍ਹਾਂ ਦੇ ਘਰ ਤੋਂ ਰੋਜ਼ਾਨਾ ਦਰਬਾਰ ਸਾਹਿਬ ਲਈ ਤਾਜ਼ੇ ਫੁੱਲਾਂ ਦਾ ਗੁਲਦਸਤਾ ਜਾਂਦਾ ਹੈ। ਉਨ੍ਹਾਂ ਦੇ ਬਹੁਤ ਸਾਰੇ ਪਾਠਕ ਪ੍ਰਸ਼ੰਸਕ ਇਹ ਗੱਲ ਜਾਣਦੇ ਹਨ ਕਿ ਉਨ੍ਹਾਂ ਦਾ ਜਿਆਦਾਤਰ ਸਾਹਿਤ ਕੁਦਰਤ ਤੋਂ ਪ੍ਰਭਾਵਿਤ ਸੀ ਪਰ ਉਨ੍ਹਾਂ ਦੀ ਲੇਖਣੀ ਦਾ ਜਿਆਦਾਤਰ ਹਿੱਸਾ ਵਿਚਾਰਿਆ ਨਹੀਂ ਗਿਆ, ਉਹ ਹੈ ਭਾਈ ਵੀਰ ਸਿੰਘ ਹੋਣ ਦਾ ਔਰਤਾਂ ਪ੍ਰਤੀ ਨਜਰੀਆਂ ਅਤੇ ਸਾਹਿਤ।
ਭਾਈ ਵੀਰ ਸਿੰਘ ਦੀਆਂ ਲਿਖਤਾਂ ਦਾ ਪਾਤਰ ਕੋਈ ਡਰੀ, ਸਹਿਮੀ, ਮਦਦ ਲਈ ਗੁਹਾਰ ਲਗਾਉਂਦੀ, ਬੇਬਸ਼ ਔਰਤਚ ਨਹੀਂ ਰਹੀ, ਬਲਕਿ ਉਹਨਾਂ ਦੀਆਂ ਲਿਖਤਾਂ ਦੀ ਪਾਤਰ ਹਮੇਸ਼ਾਂ ਜਰਨੈਲ ਔਰਤ ਰਹੀ ਹੈ ਜੋ ਆਪਣੇ ਹੱਕ ਲਈ ਆਵਾਜ਼ ਉਠਾਉਂਦੀ ਹੈ ਅਤੇ ਲੋੜ ਪੈਣ ਤੇ ਆਪਣੀ ਅਣਖ ਆਣ ਦੀ ਖਾਤਰ ਤਲਵਾਰ ਨੂੰ ਹੱਥ ਪਾਉਂਦੀ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਈ ਵੀਰ ਸਿੰਘ ਅਣਖ, ਆਣ ਸ਼ਾਨ ਵਾਲੀਆਂ ਬਹਾਦਰ ਔਰਤਾਂ ਦੇ ਕਿਰਦਾਰ ਨੂੰ ਪਸੰਦ ਕਰਦੇ ਸਨ। ਇਸ ਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਭਾਈ ਵੀਰ ਸਿੰਘ ਜੀ ਨੇ ਸਿੱਖ ਇਤਿਹਾਸ ਨੂੰ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ ਹੈ। ਉਨ੍ਹਾਂ ਦੀ ਰਚਨਾ “ਸੁੰਦਰੀ” ਔਰਤਾਂ ਦੀ ਸੂਰਬੀਰਤਾ ਅਤੇ ਬਹਾਦੁਰੀ ਨੂੰ ਦਰਸਾਉਂਦੀ ਹੈ। ਇਹ ਰਚਨਾ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਰਚਨਾ ਹੈ ਜੋ ਜ਼ੁਲਮ ਨਾਲ ਸਤਾਈਆਂ ਮਜ਼ਲੂਮ, ਬੇਬਸ, ਲਾਚਾਰ ਬਣੀਆਂ ਬੈਠੀਆਂ ਔਰਤਾਂ ਵਿੱਚ ਅਣਖ ਦੀ ਜਾਗ ਲਾ ਆਪਣੇ ਹੱਕਾਂ ਲਈ ਉੱਠ ਖੜਨ ਲਈ ਪ੍ਰੇਰਿਤ ਕਰਦੀ ਹੈ। ਭਾਈ ਵੀਰ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਔਰਤਾਂ ਦੀ ਬਰਾਬਰੀ ਤੇ ਪੜਾਈ ਲਈ ਆਵਾਜ਼ ਉਠਾਈ। ਸੁੰਦਰੀ ਨਾ ਕੇਵਲ ਔਰਤਾਂ ਲਈ ਬਲਕਿ ਗੁਰੂ ਨਾਨਕ ਨਾਮ ਸੇਵਾ ਸਮੂਹ ਸੰਗਤ ਉਪਰ ਆਪਣਾ ਗਹਿਰਾ ਪ੍ਰਭਾਵ ਪਾਉਂਦੀ ਹੈ। ਇਸ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਪੰਥ ਰਤਨ ਮਾ, ਤਾਰਾ ਸਿੰਘ ਜੀ ਪਹਿਲਾਂ ਸਹਿਜਧਾਰੀ ਸਿੱਖ ਸਨ ਜੋ ਭਾਈ ਵੀਰ ਸਿੰਘ ਜੀ ਦੀ ‘ਸੁੰਦਰੀ’ ਰਚਨਾ ਪੜ੍ਹ ਕੇ ਗੁਰੂ ਦੇ ਸਿੰਘ ਸਜੇ।
ਭਾਈ ਵੀਰ ਸਿੰਘ ਦੀ ਰਚਨਾ ਵਿੱਚ ਰੂਹਾਨੀਅਤ ਝਲਕਦੀ ਹੈ, ਉਹਨਾਂ ਦੀ ਲਿਖਤ “ਕੰਥਦੀ ਕਲਾਈ” ਦੀਆਂ ਸਤਰਾਂ-
“ਸੁਪਨੇ ਵਿਚ ਤੁਸੀ ਮਿਲੇ ਅਸਾਨੂੰ,
ਅਸਾਂ ਧਾ ਗਲਵਕੜੀ ਪਾਈ।
ਨਿਰਾਂ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੱਥਦੀ ਰਹੀ ਕਲਾਈ।”
ਰੂਹਾਨੀ ਇਸ਼ਕ ਦੀਆਂ ਬਾਤਾਂ ਪਾਉਂਦੀ ਹੈ।
ਆਪਣੀਆਂ ਬੇਮਿਸਾਲ ਰਚਨਾਵਾਂ ਤੇ ਸਾਹਿਤ ਸਿਰਜਣਾ ਲਈ ਭਾਈ ਵੀਰ ਸਿੰਘ ਜੀ ਨੂੰ ਸੰਨ 1955 ਵਿੱਚ ਸਾਹਿਤ ਅਕੈਡਮੀ ਐਵਾਰਡ ਤੇ ਸੰਨ 1956 ਵਿੱਚ ‘ਪਦਮ ਵਿਭੂਸ਼ਣ’ ਦੇ ਕੇ ਸਨਮਾਨਿਆ ਗਿਆ। ਸਾਹਿਤ ਦੀ ਦੁਨੀਆ ਵਿੱਚ ਇੱਕ ਮੀਲ ਪੱਥਰ ਕਾਇਮ ਕਰ ਅੰਤ 10 ਜੂਨ ਸੰਨ 1957 ਈ. ਨੂੰ 84 ਸਾਲ 6 ਮਹੀਨੇ ਤੇ 5 ਦਿਨ ਦੀ ਧੁਰੋਂ ਬਖਸ਼ੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਅੱਜ ਜਿੱਥੇ ਸਾਡਾ ਸਮਾਜ ਕਈ ਤਰ੍ਹਾਂ ਦੀਆਂ ਚੁਨੌਤੀਆਂ ਨਾਲ ਜੂਝ ਰਿਹਾ ਹੈ, ਉੱਥੇ ਭਾਈ ਵੀਰ ਸਿੰਘ ਦਾ ਸਾਹਿਤ ਸਾਡੀ ਲੀਹੋਂ ਲੱਥ ਰਹੀ ਨੋਜਵਾਨ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ ਦਾ ਬਹੁਤ ਵਧੀਆਂ ਸਾਧਨ ਹੈ। ਅੱਜ ਦੇ ਅਣ-ਸੁਖਾਵੇਂ ਹਾਲਾਤ ਦੇ ਚਲਦਿਆਂ ਜਿੱਥੇ ਨੋਜਵਾਨ ਲੜਕੀਆਂ ਜ਼ੁਲਮ ਦਾ ਸ਼ਿਕਾਰ ਤੇ ਆਤਮ-ਹੱਤਿਆਂ ਦਾ ਰਾਹ ਚੁਣ ਲੈਂਦੀਆਂ ਹਨ ਸੁੰਦਰੀ ਵਰਗੇ ਰਚਨਾ ਉਹਨਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਈ ਹੋਵੇਗੀ ਪਰ ਇਹ ਵੀ ਅੱਜ ਦੇ ਸਮੇਂ ਦਗੀ ਤ੍ਰਾਸਦੀ ਹੈ ਕਿ ਸਾਡੀ ਨੋਜਵਾਨ ਪੀੜੀ ਸਾਹਿਤ ਤੋਂ ਦੂਰ ਹੋ ਰਹੀ ਹੈ। ਸਮੇਂ ਦੀ ਮੰਗ ਹੈ ਕਿ ਆਪਣੇ ਬੱਚਿਆਂ ਨੂੰ ਸ਼੍ਰੋਮਣੀ ਸਹਿਤਕਾਰਾਂ ਅਤੇ ਸਾਹਿਤ ਨਾਲ ਜੋੜਿਆਂ ਜਾਵੇ। ਅਜਿਹੇ ਯੁੱਗ ਪੁਰਸ਼ਾਂ ਦੀਆਂ ਜੀਵਨੀਆਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਸਿਲੇਬਸਾਂ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ। ਇਸ, ਨਾਲ ਹੀ ਵੱਧ ਤੋਂ ਵੱਧ ਨੋਜਵਾਨ ਇਨ੍ਹਾਂ ਰੂਹਾਨੀ ਪਾਕਿ ਰੂਹਾਂ ਬਾਰੇ ਜਾਣ ਸਕਦੇ ਹਨ ਅਤੇ ਇਨ੍ਹਾਂ ਨੂੰ ਯੁੱਗਾਂ-ਯੁੱਗਾਂ ਤਕ ਜਿਉਂਦਿਆਂ ਰੱਖਣ ਵਿੱਚ ਆਪਣੇ ਬਣਦੇ ਫਰਜ਼ ਦਾ ਅਹਿਸਾਸ ਕਰ ਸਕਦੇ ਹਨ।