ਬਾਬਾ ਦੀਪ ਸਿੰਘ ਜੀ

 

ਸਿਰੁ ਧਰਿ ਤਲੀ ਗਲੀ ਮੇਰੀ ਆਉ॥
    (ਬੀਤੇ ਕੱਲ੍ਹ 15 ਨਵੰਬਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਸੰਦਰਭ ਵਿੱਚ)


                  ਮਾਣ-ਮੱਤੇ ਅਤੇ ਲਹੂ-ਰੱਤੇ ਸਿੱਖ ਇਤਿਹਾਸ ਅਨੁਸਾਰ  “ੴ (ਇਕ ਓਅੰਕਾਰ)” ਤੋਂ ਲੈ ਕੇ- “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ॥” ਤਕ ਦਾ ਸਫ਼ਰ; ਦਿਨਾਂ, ਮਹੀਨਿਆਂ, ਸਾਲਾਂ ਜਾਂ ਦਹਾਕਿਆਂ ਦਾ ਸਫ਼ਰ ਨਹੀਂ ਹੈ। ਬਲਕਿ ਪੂਰੀਆਂ ਢਾਈ ਸਦੀਆਂ ਦਾ ਘਾਲਣਾ ਭਰਿਆ ਸਫ਼ਰ ਇੱਥੋਂ ਤੱਕ ਪਹੁੰਚਣ ਲਈ ਸਿੱਖ ਪੰਥ ਨੂੰ ਤੈਅ ਕਰਨਾ ਪਿਆ। ਸਿੱਖ ਪੰਥ ਦੇ ਕਰਤਾ ਧਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਮਾਲ਼ਾ ਤੋਂ ਹਲ਼ ਦਾ ਮੁੰਨਾ ਪਕੜਨ ਤੱਕ ਦੀ, ਭਗਤੀ ਤੋਂ ਮਿਹਨਤ ਤੱਕ; ਭਾਵ ਕਿਰਤ ਕਰੋ,ਨਾਮ ਜਪੋ,ਵੰਡ ਛਕੋ ਦਾ ਮੰਤਰ ਦ੍ਰਿੜਾਉਂਦਿਆਂ “ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥” ਦੀ ਗੁੜ੍ਹਤੀ ਤਿਆਰ ਕਰਦਿਆਂ  


“ਜਉ ਤਉ ਪ੍ਰੇਮ ਖੇਲਣ ਕਾ ਚਾਉ॥ 
ਸਿਰੁ ਧਰਿ ਤਲੀ ਗਲੀ ਮੇਰੀ ਆਉ॥ 
ਇਤੁ ਮਾਰਗਿ ਪੈਰੁ ਧਰੀਜੈ॥ 
ਸਿਰੁ ਦੀਜੈ ਕਾਣਿ ਨ ਕੀਜੈ॥


       (-ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ-1412,ਸਲੋਕ ਵਾਰਾਂ ਤੇ ਵਧੀਕ)
ਦਾ ਨੁਸਖਾ ਵੀ ਵਿੱਚੇ ਹੀ ਪਾ ਦਿੱਤਾ ਸੀ। ਇਹ ਵੀ ਦ੍ਰਿੜ੍ਹ ਕਰਵਾ ਦਿੱਤਾ ਸੀ- 


 “ਇਤੁ ਮਾਰਗਿ ਪੈਰੁ ਧਰੀਜੈ॥
  ਸਿਰੁ ਦੀਜੈ ਕਾਣਿ ਨ ਕੀਜੈ॥”

ਸਿੱਖੀ ਦਾ ਮਹਾਨ ਇਤਿਹਾਸ ਗਵਾਹ ਹੈ ਕਿ ਉਕਤ ਗੁੜ੍ਹਤੀ ਲੈ ਕੇ ਗੁਰੂ ਸਾਹਿਬ ਦੇ ਫੁਰਮਾਨਾਂ ਨੂੰ ਸੱਚ ਕਰਨ ਵਾਲੇ ਮਰਜੀਵੜੇ, ਸੰਤ-ਸਿਪਾਹੀਆਂ ਦੀ ਕਤਾਰ ਬਹੁਤ ਲੰਮੀ ਹੈ। ਆਪ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ  ਦੇਵ ਜੀ, ਉਪਰੰਤ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ‘ਸਬਰ, ਸਿਦਕ ਤੇ ਸਿਰੜ’ ਦੇ ਸੂਰੇ, ਗੌਰਵਮਈ ਗਾਥਾਵਾਂ ਸਿਰਜਣ ਵਾਲਿਆਂ ਯੋਧਿਆਂ ਵਿੱਚ ਇੱਕ ਬਹੁਤ ਹੀ ‘ਬੀਰ-ਬਹਾਦਰ, ਕਰਨੀ ਤੇ ਕਥਨੀ ਦੇ ਪੂਰੇ; ਬਹੁਤ ਉੱਚੇ ਕੱਦ ਵਾਲੇ ਅਤੇ ਸ਼ਹੀਦਾਂ ਵਿਚ ਸਿਰਮੌਰ ਸਥਾਨ ਰੱਖਣ ਕਰਨ ਵਾਲੇ ਸੰਤ-ਸਿਪਾਹੀ ਬਾਬਾ ਦੀਪ ਸਿੰਘ ਦਾ ਨਾਮ ਵੀ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਉਨ੍ਹਾਂ ਨੂੰ ਸਿੱਖ ਪੰਥ ਵਿਚ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਵਾਲਾ ਸਥਾਨ ਪ੍ਰਾਪਤ ਹੈ। ਉਹ ਪੂਰਨ ਗੁਰਸਿੱਖ, ਮਹਾਨ ਯੋਧੇ ਅਤੇ ਉੱਚ ਕੋਟੀ ਦੇ ਵਿਦਵਾਨ ਸਨ। ਗੁਰਦੁਆਰਾ ਸਾਹਿਬਾਨਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਸਿੱਖਾਂ ਵੱਲੋਂ ਕੁਰਬਾਨੀਆਂ ਦਾ ਇਤਿਹਾਸ ਕਈ ਵਾਰ ਦੁਹਰਾਇਆ ਗਿਆ। ਸਾਕਾ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਤਰਨਤਾਰਨ, ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋਏ ਸਿੰਘ ਇਸ ਦੀ ਮਿਸਾਲ ਹਨ। ਅਕਾਲੀ ਮੋਰਚਿਆਂ ਵਿੱਚ ਵੀ ਸ਼ਹੀਦ ਸਿੱਖਾਂ ਅਤੇ ਬਾਬਾ ਦੀਪ ਸਿੰਘ ਜੀ ਦਾ ਕੀਮਤੀ ਵਿਰਸਾ ਪ੍ਰੇਰਨਾ ਦਾ ਪ੍ਰਮੁੱਖ ਸਰੋਤ ਬਣਿਆ ਰਿਹਾ। ਅੱਜ ਵੀ ਕਿਸਾਨੀ ਅੰਦੋਲਨ ਵਿੱਚ ਸਬਰ, ਸਿਦਕ, ਸਿਰੜ ਤੇ ਕੁਰਬਾਨੀ ਵਾਲ਼ੀ ਇਹ ਗੁੜ੍ਹਤੀ ਆਪਣਾ ਅਸਰ ਪ੍ਰਬਲ ਰੂਪ ਵਿੱਚ ਦਿਖਾ ਰਹੀ ਹੈ।
75 ਸਾਲ ਦੀ ਵਡੇਰੀ ਉਮਰ ਵਿੱਚ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਨ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੀ ਇਸ ਮਹਾਨ ਸ਼ਖ਼ਸੀਅਤ ਦਾ ਜਨਮ 14 ਮੱਘਰ,1739 ਬਿਕਰਮੀ ਭਾਵ ਸਨ 1682 ਈਸਵੀ ਵਿੱਚ ਮਾਝੇ ਦੇ ਪਿੰਡ ਪਹੂਵਿੰਡ, ਤਹਿਸੀਲ: ਪੱਟੀ, ਜ਼ਿਲ੍ਹਾ: ਅੰਮ੍ਰਿਤਸਰ (ਹੁਣ ਜ਼ਿਲ੍ਹਾ: ਤਰਨਤਾਰਨ) ਵਿੱਚ ਹੋਇਆ ਆਪ ਜੀ ਦੇ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜਿਊਣੀ ਜੀ ਸਨ। ਉਨ੍ਹਾਂ ਦਾ ਬਚਪਨ ਦਾ ਨਾਮ ਦੀਪਾ ਸੀ। ਅੰਮ੍ਰਿਤਸਰ ਤੋਂ ਲਗਪਗ ਪੈਂਤੀ ਚਾਲੀ ਕਿਲੋਮੀਟਰ ਦੂਰ ਦੱਖਣ ਪੱਛਮ ਵੱਲ ਬਾਬਾ ਦੀਪ ਸਿੰਘ ਜੀ ਦੇ ਖਾਨਦਾਨ ਦੇ ਇੱਕ ਵਡੇਰੇ ਬਾਬਾ ਪੋਹੂ ਨੇ ਇਹ ਪਿੰਡ ਵਸਾਇਆ ਸੀ।
ਬਾਬਾ ਪੋਹੂ ਜੀ ਜੋ ਭਿੱਖੀਵਿੰਡ ਪਿੰਡ ਵਿੱਚ ਰਹਿੰਦੇ ਸਨ, ਉੱਥੋਂ ਦੇ ਮੁਸਲਮਾਨ ਰੰਗੜਾਂ ਤੋਂ ਤੰਗ ਹੋ ਕੇ ਪਿੰਡ ਛੱਡ ਕੇ ਕੋਈ ਤਿੰਨ ਕਿਲੋਮੀਟਰ ਦੀ ਦੂਰੀ ਤੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ। ਅਤੇ ਉਨ੍ਹਾਂ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਪਹੂਵਿੰਡ ਪੈ ਗਿਆ ਸੀ। ਕੁੱਝ ਇਤਿਹਾਸਕਾਰ ਬਾਬਾ ਦੀਪ ਸਿੰਘ ਜੀ ਦਾ ਨੱਗਰ ਮਾਲਵੇ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁਰਮ ਨੂੰ ਮੰਨਦੇ ਹਨ। ਉਨ੍ਹਾਂ ਅਨੁਸਾਰ ਬਾਬਾ ਜੀ ਦੇ ਪਿਤਾ ਜੀ ਆਪਣੇ ਸਾਥੀਆਂ ਸਮੇਤ ਅਲਾ ਪੁਰ ਦੇ ਪਠਾਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਅਲਾ ਪੁਰ ਦਾ ਹੁਣ ਨਾਮ ਲਾਪਰ ਹੈ। ਭਾਈ ਭਗਤਾ ਜੀ ਦਾ ਕੋਈ ਸਕਾ ਭਰਾ ਨਾ ਹੋਣ ਕਰਕੇ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਆਪਣੀ ਮਾਤਾ ਨਾਲ ਨਾਨਕੇ ਪਿੰਡ ਪਹੂਵਿੰਡ ਰਹਿਣ ਲੱਗ ਪਏ ਸਨ। ਬਚਪਨ ਤੇ ਜਵਾਨੀ ਦੇ ਪਹਿਲੇ ਸਾਲ ਪਿੰਡ ਦੇ ਆਲੇ ਦੁਆਲੇ ਹੀ ਗੁਜ਼ਰੇ। ਗੁਰਮੁਖੀ ਅੱਖਰ-ਗਿਆਨ ਤੇ ਗੁਰਬਾਣੀ ਉਨ੍ਹਾਂ ਆਪਣੇ ਪਿਤਾ ਜੀ ਤੋਂ ਹੀ ਸਿੱਖ ਲਈ ਸੀ। ਸਰੀਰਕ ਖੇਡਾਂ ਤੇ ਘੋੜ ਸਵਾਰੀ ਦਾ ਉਨ੍ਹਾਂ ਨੂੰ ਬਹੁਤ ਸ਼ੌਕ ਸੀ। ਬਾਬਾ ਜੀ ਚੰਗੀ ਡੀਲ-ਡੌਲ,  ਚੌੜਾ ਮੱਥਾ, ਚੌੜੀ ਛਾਤੀ, ਸੁਡੌਲ ਸਰੀਰ, ਦਗ਼ ਦਗ਼ ਕਰਦਾ ਚਿਹਰਾ ਅਤੇ ਮਜ਼ਬੂਤ ਜੁੱਸੇ ਦੇ ਮਾਲਕ ਸਨ। ਸ਼ੁਰੂ ਤੋਂ ਹੀ ਨਿਡਰ, ਦਲੇਰ ਤੇ ਅਣਖੀ ਸੁਭਾਅ ਵਾਲੇ ਸਨ ਬਾਬਾ ਜੀ। ਖੇਤੀਬਾਡ਼ੀ ਵਿੱਚ ਰੁੱਝੇ ਹੋਏ ਵੀ ਉਹ ਗੁਰਸਿੱਖਾਂ ਦੀ ਸੰਗਤ ਕਰਦੇ ਸਨ। ਨਿਮਰਤਾ, ਹਲੀਮੀ ਅਤੇ ਮਿੱਠੀ ਬੋਲੀ ਉਨ੍ਹਾਂ ਦੇ ਸੁਭਾਅ ਦਾ ਅੰਗ ਸਨ। ਸਵੈ-ਵਿਸ਼ਵਾਸ, ਸਾਦਗੀ ਅਤੇ ਦ੍ਰਿੜ੍ਹਤਾ ਉਨ੍ਹਾਂ ਦੇ ਗਹਿਣੇ ਸਨ।
ਅਠਾਰਾਂ ਕੁ ਸਾਲ ਦੀ ਉਮਰ ਵਿਚ ਉਹ ਪਰਿਵਾਰ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਸ੍ਰੀ ਆਨੰਦਪੁਰ ਸਾਹਿਬ ਆਏ ਅਤੇ ਉੱਥੋਂ ਦੇ ਹੀ ਹੋ ਕੇ ਰਹਿ ਗਏ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਹ-ਓ-ਜਲਾਲ, ਬਹੁਪੱਖੀ ਸ਼ਖ਼ਸੀਅਤ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਅਧਿਆਤਮਕ ਵਾਤਾਵਰਣ ਨੇ ਆਪ ਜੀ ਨੂੰ ਉਥੋਂ ਵਾਪਸ ਨਹੀਂ ਜਾਣ ਦਿੱਤਾ। ਮਾਤਾ ਪਿਤਾ ਸਮੇਤ ਗੁਰੂ ਜੀ ਦੇ ਕਰ ਕਮਲਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਦੀਪਾ ਤੋਂ ਦੀਪ ਸਿੰਘ, ਭਾਈ ਭਗਤੂ ਤੋਂ ਭਗਤ ਸਿੰਘ ਅਤੇ ਮਾਈ ਜਿਊਣੀ ਤੋਂ ਜਿਊਣ ਕੌਰ ਬਣ ਗਏ।
ਆਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਬਾਬਾ ਜੀ ਸੈਨਿਕ ਅਭਿਆਸ, ਲੰਗਰ ਤੇ ਸੰਗਤ ਦੀ ਸੇਵਾ ਵਿੱਚ ਸਮਾਂ ਬਿਤਾਉਣ ਲੱਗੇ। ਬਾਕੀ ਬਚਦੇ ਸਮੇਂ ਦੌਰਾਨ ਗੁਰਬਾਣੀ ਕੰਠ ਕਰਨ ਅਤੇ ਧਾਰਮਿਕ ਗ੍ਰੰਥਾਂ ਦੇ ਅਧਿਐਨ ਵਿੱਚ ਵੀ ਉਨ੍ਹਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਅਤੇ ਭਾਈ ਮਨੀ ਸਿੰਘ ਜੀ ਦੀ ਸੰਗਤ ਕਰਕੇ ਆਪ ਜੀ ਗੁਰਬਾਣੀ ਅਤੇ ਸਿੱਖ ਸਾਹਿਤ ਦੇ ਚੰਗੇ ਵਿਦਵਾਨ ਬਣ ਗਏ। ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਤੇ ਫੁਰਤੀਲੇ ਹੋਣ ਕਰਕੇ ਚੰਗੇ ਸੈਨਿਕ ਵੀ ਸਾਬਤ ਹੋਏ। ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨਾਲ ਗੁਰੂ ਜੀ ਦੀਆਂ ਸਾਰੀਆਂ ਲੜਾਈਆਂ ਵਿੱਚ ਉਨ੍ਹਾਂ ਨੇ ਵੱਧ ਚਡ਼੍ਹ ਕੇ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਵੀ ਆਪ ਜੀ ਨੂੰ ਬਹੁਤ ਪਿਆਰ ਕਰਦੇ ਸਨ। ਕਰੀਬ ਪੰਜ ਸਾਲ ਗੁਰੂ ਨਗਰੀ ਰਹਿਣ ਉਪਰੰਤ ਜੰਗਾਂ ਦਾ ਜ਼ੋਰ ਮੱਠਾ ਪੈਣ ਤੇ ਗੁਰੂ ਜੀ ਨੇ ਸਿੱਖੀ ਪ੍ਰਚਾਰ ਲਈ ਆਪ ਜੀ ਨੂੰ ਪਿੰਡ ਜਾਣ ਦਾ ਆਦੇਸ਼ ਦਿੱਤਾ।
ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਜੀ ਦਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ। ਬਾਬਾ ਜੀ ਆਪ ਓਦੋਂ ਮਾਝੇ ਵਿੱਚ ਹੀ ਰਹਿ ਰਹੇ ਸਨ। ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਭਾਈ ਬਚਿੱਤਰ ਸਿੰਘ ਵਰਗੇ ਯੋਧੇ ਸ਼ਹੀਦ ਹੋ ਗਏ ਸਨ। ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਰਸੋਈਏ ਗੰਗੂ  ਦੀ ਗਦਾਰੀ ਕਾਰਨ ਸਰਹਿੰਦ ਵਿੱਚ ਸ਼ਹੀਦੀ ਜਾਮ ਪੀਤੇ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸੂਰਮਗਤੀ ਪ੍ਰਾਪਤ ਕਰ ਗਏ। ਗੁਰੂ ਸਾਹਿਬ ਜੀ ਮਾਛੀਵਾੜਾ, ਮੁਕਤਸਰ ਹੁੰਦੇ ਹੋਏ ਤਲਵੰਡੀ ਸਾਬੋ ਦਮਦਮਾ ਸਾਹਿਬ ਪਹੁੰਚ ਗਏ।
ਹੁਣ ਤਕ ਮਾਝੇ ਵਿੱਚ ਰਹਿ ਰਹੇ ਬਾਬਾ ਦੀਪ ਸਿੰਘ ਜੀ ਮੁੜ ਇੱਥੇ ਆ ਕੇ ਦੂਸਰੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਗੁਰੂ ਜੀ ਦੇ ਆਦੇਸ਼ ਤੇ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਅਤੇ ਕੁੱਝ ਮੁਖੀ ਸਿੱਖਾਂ ਦੀ ਸਹਾਇਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਅੰਤਿਮ ਰੂਪ ਦਿੱਤਾ ਗਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਗਈ।
ਦੱਖਣ ਵੱਲ ਨੂੰ ਜਾਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਿੱਛੋਂ ਬਾਬਾ ਜੀ ਸਿੱਖੀ ਪ੍ਰਚਾਰ ਦੇ ਉਦੇਸ਼ ਹਿੱਤ ਦਮਦਮਾ ਸਾਹਿਬ ਹੀ ਟਿਕ ਗਏ। ਬਾਬਾ ਜੀ ਦੀ ਯੋਗ ਅਗਵਾਈ ਸਦਕਾ ਦਮਦਮਾ ਸਾਹਿਬ ਸਿੱਖੀ ਪ੍ਰਚਾਰ ਦਾ ਮਹਾਨ ਕੇਂਦਰ ਬਣ ਗਿਆ। ਗੁਰਮਤਿ ਸਾਹਿਤਕ ਗਤੀਵਿਧੀਆਂ ਕਾਰਨ ਅਤੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਕਾਰਨ ਇਸ ਨਗਰ ਨੂੰ ਗੁਰੂ ਕਾਂਸੀ ਦਾ ਰੁਤਬਾ ਵੀ ਦਿੱਤਾ ਗਿਆ।
ਬਾਬਾ ਦੀਪ ਸਿੰਘ ਜੀ ਨੇ ਖਿੰਡ-ਪੁੰਡ ਚੁੱਕੀ ਸਿੱਖ ਫੁਲਵਾੜੀ ਨੂੰ ਮੁੜ ਸੰਗਠਿਤ ਕੀਤਾ। ਗੁਰਬਾਣੀ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਗਤੀ ਦਿੱਤੀ ਗਈ। ਗੁਰਬਾਣੀ ਦੇ ਗੁਟਕੇ ਲਿਖ ਕੇ ਤੇ ਲਿਖਵਾ ਕੇ ਵੰਡਣੇ ਅਤੇ ਗੁਰਬਾਣੀ ਦੇ ਅਰਥ-ਬੋਧ ਸਮਝਾਉਣ ਦੀ ਉਹ ਪ੍ਰਣਾਲੀ ਸ਼ੁਰੂ ਕੀਤੀ ਗਈ ਜੋ ਅੱਜ ‘ਦਮਦਮੀ ਟਕਸਾਲ’ ਕਰਕੇ ਜਾਣੀ ਜਾਂਦੀ ਹੈ। ਬਾਬਾ ਜੀ ਨੇ ਇੱਥੇ ਗੁਰਬਾਣੀ ਪ੍ਰਚਾਰ ਦੇ ਨਾਲ ਨਾਲ ਸੈਨਿਕ ਸਿਖਲਾਈ ਦਾ ਕਾਰਜ ਵੀ ਆਰੰਭ ਕੀਤਾ। ਬਾਬਾ ਜੀ ਦੁਆਰਾ ਸਿੱਖ ਜਰਨੈਲਾਂ- ਭਾਈ ਸੁਧਾ ਸਿੰਘ, ਭਾਈ ਸ਼ੇਰ ਸਿੰਘ, ਭਾਈ ਹੀਰਾ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਦਰਗਾਹ ਸਿੰਘ ਨੇ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੇ ਇਤਿਹਾਸ ਵਿਚ ਸ਼ਾਨਦਾਰ ਭੂਮਿਕਾ ਅਦਾ ਕੀਤੀ। ਉਹ ਬਾਬਾ ਜੀ ਦੁਆਰਾ  ਸਥਾਪਤ ‘ਸ਼ਹੀਦ ਮਿਸਲ’ ਦਾ ‘ਨਿੱਗਰ ਆਧਾਰ’ ਬਣੇ। 1749 ਤੋਂ 1790 ਈਸਵੀ ਤਕ ਵਿਦੇਸ਼ੀ (ਦੁਰਾਨੀ) ਹਮਲਾਵਰਾਂ ਨਾਲ ਜ਼ਬਰਦਸਤ ਟੱਕਰ ਲੈ ਕੇ ਪੰਜਾਬ ਵਿੱਚ ਖ਼ਾਲਸਾ ਰਾਜ ਦੀ ਸਥਾਪਤੀ ਲਈ ਰਾਹ ਪੱਧਰਾ ਕੀਤਾ।  
ਜਦੋਂ ਗੁਰੂ ਸਾਹਿਬ ਨੇ ਨਾਂਦੇੜ ਤੋਂ ਪੰਥ ਦੀ ਅਗਵਾਈ ਅਤੇ ਜ਼ਾਲਮ ਹਾਕਮਾਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ ਬਖ਼ਸ਼ ਕੇ ਪੰਜਾਬ ਵੱਲ ਰਵਾਨਾ ਕੀਤਾ ਤਾਂ ਪੰਜਾਬ ਦੇ ਮੁਖੀ ਸਿੱਖਾਂ ਦੇਵਨਾਮ ਹੁਕਮਨਾਮੇ ਵੀ ਜਾਰੀ ਕਰ ਕੇ ਘੱਲੇ ਸਨ। ਤਲਵੰਡੀ ਸਾਬੋ ਪੁੱਜੇ ਅਜਿਹੇ ਹੁਕਮਨਾਮੇ ਦੀ ਪਾਲਣਾ ਕਰਦਿਆਂ ਬਾਬਾ ਦੀਪ ਸਿੰਘ ਜੀ ਜਥੇ ਸਮੇਤ ਬਾਬਾ ਬੰਦਾ ਸਿੰਘ ਦੀਆਂ ਫ਼ੌਜਾਂ ਨਾਲ ਆ ਰਲ਼ੇ ਸਨ। ਬਾਬਾ ਦੀਪ ਸਿੰਘ ਜੀ ਨੇ ਉਸ ਸਮੇਂ ਲਈ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਭਾਈ ਨੱਥਾ ਸਿੰਘ ਜੀ ਨੂੰ ਸੌਂਪ ਦਿੱਤਾ ਸੀ। ਸਰਹਿੰਦ, ਸਢੌਰਾ, ਸਮਾਣਾ, ਛੱਤ, ਬੰਨੂੜ ਤੇ ਸਹਾਰਨਪੁਰ ਦੀਆਂ ਲੜਾਈਆਂ ਜਿੱਤਣ ਵਿੱਚ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਰਵਾਂ ਸਹਿਯੋਗ ਦਿੱਤਾ। ਕੁਰਬਾਨੀ ਦੇ ਜਜ਼ਬੇ ਕਾਰਨ ਬਾਬਾ ਜੀ ਦੇ ਜਥੇ ਦਾ ਨਾਮ ‘ਸ਼ਹੀਦਾਂ ਦਾ ਜੱਥਾ’ ਕਰਕੇ ਪ੍ਰਸਿੱਧ ਹੋਇਆ। ਇਸੇ ਕਾਰਨ ਉਨ੍ਹਾਂ ਦੀ ਮਿਸਲ ਦਾ ਨਾਮ ਵੀ ‘ਸ਼ਹੀਦਾਂ ਦੀ ਮਿਸਲ’ ਕਰਕੇ ਸਿੱਖ ਇਤਿਹਾਸ ਦੀ ਸ਼ਾਨ ਬਣਿਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਆਪ ਮੁੜ ਦਮਦਮਾ ਸਾਹਿਬ ਪਰਤ ਕੇ ਗੁਰਬਾਣੀ ਪ੍ਰਚਾਰ ਦੇ ਮਹਾਨ ਕਾਰਜ ਵਿੱਚ ਜੁੱਟ ਗਏ। 1716 ਤੋਂ 1726 ਦੇ 10 ਦੇ ਅਰਸੇ ਦੌਰਾਨ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਚਾਰ ਹੱਥ-ਲਿਖਤ ਉਤਾਰੇ ਕਰਕੇ ਚੌਹਾਂ ਤਖ਼ਤਾਂ (ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ) ਵਿਖੇ ਭਿਜਵਾ ਦਿੱਤੇ। ਇਹ ਉਤਾਰੇ ਉਨ੍ਹਾਂ ਨੇ ਉਸ ਬੀੜ ਤੋਂ ਤਿਆਰ  ਕੀਤੇ ਸਨ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਤੇ ਭਾਈ ਮਨੀ ਸਿੰਘ ਜੀ ਨਾਲ ਬਾਬਾ ਦੀਪ ਸਿੰਘ ਜੀ ਨੇ ਵੀ ਵੱਡਾ ਯੋਗਦਾਨ ਪਾ ਕੇ ਸੰਪੂਰਨ ਕੀਤਾ ਸੀ। ਆਪ ਜੀ ਨੇ ਕੁਝ ਸਮਾਂ ਕਰਤਾਰਪੁਰ (ਜਲੰਧਰ) ਵਿਖੇ ਰਹਿ ਕੇ ਦਮਦਮੀ ਬੀੜ ਨੂੰ ਕਰਤਾਰਪੁਰੀ ਬੀੜ ਨਾਲ ਸੋਧਿਆ ਸੀ। ਬਾਬਾ ਜੀ ਨੇ ਗੁਰਬਾਣੀ ਦੇ ਅਣਗਿਣਤ ਗੁੱਟਕੇ ਹੱਥੀਂ ਲਿਖ ਕੇ ਸੰਗਤਾਂ ਨੂੰ ਵੰਡੇ ਸਨ।

ਸਮਾਜ ਸੇਵਾ ਵਿੱਚ ਵੀ ਬਾਬਾ ਜੀ ਦਾ ਬਹੁਤ ਯੋਗਦਾਨ ਸੀ। ਦਮਦਮਾ ਸਾਹਿਬ ਦੇ ਇਲਾਕੇ ਵਿਚ ਲੋਕ ਪਾਣੀ ਦੀ ਘਾਟ ਕਾਰਨ ਬੜੇ ਤੰਗ ਸਨ। ਬਾਬਾ ਜੀ ਨੇ ਇੱਕ ਖੂਹ ਪੁਟਵਾਇਆ ਜੋ ਅਜੇ ਵੀ ਉਨ੍ਹਾਂ ਦੀ ਯਾਦ ਵਿੱਚ ਮੌਜੂਦ ਹੈ। ਇਲਾਕੇ ਦਾ ਪਾਣੀ ਪੀਣ ਯੋਗ ਨਹੀਂ ਸੀ ਪ੍ਰੰਤੂ ਬਾਬਾ ਜੀ ਦੁਆਰਾ ਖੁਦਵਾਏ ਖੂਹ ਦਾ ਪਾਣੀ ਬਹੁਤ ਮਿੱਠਾ ਸੀ। ਬਾਬਾ ਜੀ ਦੇ ਇਕ ਹੋਰ ਸਾਥੀ ਭਾਈ ਬੁੱਢਾ ਸਿੰਘ ਨੇ ਬੇਰੀ ਦਾ ਦਰੱਖਤ ਲਗਵਾਇਆ, ਜਿਸ ਦੇ ਫਲ ਬਹੁਤ ਮਿੱਠੇ ਤੇ ਛਾਂ ਬਹੁਤ ਸੰਘਣੀ ਸੀ। ਇਹ ਭਾਈ ਬੁੱਢਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੰਘਾਂ ਵਿੱਚੋਂ ਇਕ ਸਨ, ਜੋ ਬਾਬਾ ਦੀਪ ਸਿੰਘ ਜੀ ਦੇ ਨਾਲ ਹੀ ਦਮਦਮਾ ਸਾਹਿਬ ਆ ਟਿਕੇ ਸਨ।

1747 ਵਿੱਚ ਨਵਾਬ ਕਪੂਰ ਸਿੰਘ ਨੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਸੀ। ਬਾਬਾ ਜੀ ਵੀ ਉਸ ਵਿੱਚ ਸ਼ਾਮਲ ਹੋ ਗਏ ਸਨ। ਦਲ ਖ਼ਾਲਸਾ ਨੂੰ ਦੋ ਹਿੱਸਿਆਂ ‘ਬੁੱਢਾ ਦਲ’ (ਵਡੇਰੀ ਉਮਰ ਦੇ ਸਿੰਘਾਂ ਦਾ) ਅਤੇ ‘ਤਰੁਣਾ ਦਲ’ (ਨੌਜਵਾਨ ਤੇ ਗੱਭਰੂ ਸਿੰਘਾਂ ਦਾ) ਵਿੱਚ ਵੰਡਿਆ ਗਿਆ। ਅੱਗੇ ਚੱਲ ਕੇ ਇਨ੍ਹਾਂ ਦੋ ਦਲਾਂ ਨੂੰ ਪੰਜ ਜੱਥਿਆਂ ਵਿੱਚ ਸੰਗਠਿਤ ਕੀਤਾ ਗਿਆ। ‘ਵਡੇਰੀ ਉਮਰ ਦੇ ਜਥੇ’ ਦੀ ਜਥੇਦਾਰੀ (ਅਗਵਾਈ) ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਗਈ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਸਿੱਖਾਂ ਨੂੰ ਗੁਰੂ ਸਾਹਿਬ ਦੇ ਫੁਰਮਾਨ- “ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥”; ਤੇ ਪੂਰਾ ਉਤਰਨ ਲਈ ਅਤੇ  ਆਪਣੀ ਨਿਵੇਕਲੀ ਸ਼ਾਨ ਅਤੇ ਹੋਂਦ ਨੂੰ ਸਥਾਪਿਤ ਕਰਨ ਲਈ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ। ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ, ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਹੀ ਗਈ, ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਨੂੰ ਚਰਖੜੀ ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਗੁਲਜ਼ਾਰ ਸਿੰਘ ਨੂੰ ਲਾਹੌਰ ਵਿਖੇ ਪੁੱਠਾ ਲਟਕਾ ਕੇ ਖੱਲ੍ਹ ਲਾਹ ਕੇ ਸ਼ਹੀਦ ਕੀਤਾ ਗਿਆ। ਮਾਸੂਮ ਬੱਚਿਆਂ ਦੇ ਟੋਟੇ ਟੋਟੇ ਕਰ ਕੇ ਅਤੇ ਹਾਰ ਪੁਰੋ ਕੇ ਉਨ੍ਹਾਂ ਦੀਆਂ ਮਾਵਾਂ ਦੇ ਗਲ਼ਾਂ ਵਿੱਚ ਪਾਏ ਗਏ। ਪਰ ਖ਼ਾਲਸਾ ਇਨ੍ਹਾਂ ਸਖ਼ਤੀਆਂ ਅਤੇ ਜ਼ੁਲਮਾਂ ਅੱਗੇ ਝੁਕਣ ਦੀ ਥਾਂ ਸਦਾ ਚੜ੍ਹਦੀ ਕਲਾ ਵਿੱਚ ਰਹਿ ਕੇ ਵਿਚਰਦਾ ਰਿਹਾ।  

1738-39 ਵਿੱਚ ਨਾਦਰ ਸ਼ਾਹ ਅਤੇ 1748 ਤੋਂ ਬਾਅਦ ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਅਤੇ ਹਿੰਦੋਸਤਾਨ ਉੱਪਰ ਹਹਮਲੇ ਕਰਨੇ ਸ਼ੁਰੂ ਕੀਤੇ। ਤਾਂ ਪੰਜਾਬ ਦੀ ਇਹ ‘ਸੂਰਬੀਰ ਕੌਮ’ ਉਨ੍ਹਾਂ ਸਾਹਮਣੇ ‘ਢਾਲ ਬਣ ਕੇ’ ਖੜ੍ਹ ਗਈ। ਉਨ੍ਹਾਂ ਬਾਹਰੀ ਤਾਕਤਾਂ ਨੂੰ ਕਮਜ਼ੋਰ ਕਰਕੇ ਸਿੰਘਾਂ ਨੇ ਪੰਜਾਬ ਵਿੱਚ ਆਪਣੀ ਰਾਜਸੀ ਸ਼ਕਤੀ ਨੂੰ ਕਾਇਮ ਕਰਨਾ ਸ਼ੁਰੂ ਕਰ ਦਿੱਤਾ। ਜਲੰਧਰ ਤੋਂ ਪਠਾਨਕੋਟ ਤੱਕ ਬਹੁਤ ਸਾਰੇ ਇਲਾਕੇ ਸਿੱਖਾਂ ਨੇ ਆਪਣੇ  ਕਬਜ਼ੇ ਵਿੱਚ ਲੈ ਲਏ।

ਡੇਰੀ ਉਮਰ ਵਿੱਚ ਵੀ ਬਾਬਾ ਜੀ ਜਵਾਨਾਂ ਵਾਂਗ ਪੰਥ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ। ਅਹਿਮਦ ਸ਼ਾਹ ਅਬਦਾਲੀ ਦੇ ਇਕ ਹਮਲੇ ਦੌਰਾਨ ਜਦੋਂ ਉਹ ਦਿੱਲੀ ਲੁੱਟ ਕੇ ਰਾਹ ਵਿੱਚੋਂ ਅਨੇਕਾਂ ਅਬਲਾ ਔਰਤਾਂ ਨੂੰ ਬੰਦੀ ਬਣਾ ਕੇ ਕਾਬੁਲ ਨੂੰ ਮੁੜ ਰਿਹਾ ਸੀ ਤਾਂ ਥਨੇਸਰ ਨੇੜੇ ਬਾਬਾ ਦੀਪ ਸਿੰਘ ਨੇ ਪਿੱਛਿਓਂ ਦਹਮਲਾ ਕਰਕੇ ਔਰਤਾਂ ਨੂੰ ਛੁਡਾ ਲਿਆ ਅਤੇ ਉਨ੍ਹਾਂ ਨੂੰ ਬਾ-ਇੱਜ਼ਤ ਘਰੋ-ਘਰੀਂ ਪਹੁੰਚਾ ਦਿੱਤਾ।

ਖਿੱਝੇ ਹੋਏ ਅਬਦਾਲੀ ਨੇ ਸਿੱਖਾਂ ਦੀ ਇਸ ਉੱਭਰ ਰਹੀ ਸ਼ਕਤੀ ਨੂੰ ਖ਼ਤਮ ਕਰ ਦੇਣ ਦੀ ਠਾਣ ਲਈ। ਦੁਰਾਨੀ ਧਾੜਵੀ ਨੇ ਚੌਥੇ ਹਮਲੇ ਦੌਰਾਨ ਪੰਜਾਬ ਨੂੰ ਜਿੱਤ ਕੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਥਾਪ ਦਿੱਤਾ ਅਤੇ ਆਪਣੇ ਪ੍ਰਮੁੱਖ ਜਰਨੈਲ ਜਹਾਨ ਖਾਂ ਨੂੰ ਉਸਦਾ ਸਹਾਇਕ ਬਣਾ ਦਿੱਤਾ ਤਾਂ ਕਿ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਕੇ ਸਦਾ ਲਈ ਕੁਚਲ ਦਿੱਤਾ ਜਾਵੇ।

ਸਿੱਖਾਂ ਦੇ ਵਤੀਰੇ ਤੋਂ ਇਨ੍ਹਾਂ ਹਮਲਾਵਰਾਂ ਨੇ ਇਹ ਜਾਣ ਲਿਆ ਸੀ ਕਿ ਸਿੱਖ ‘ਸ੍ਰੀ ਅੰਮ੍ਰਿਤਸਰ-ਹਰਿਮੰਦਰ ਸਾਹਿਬ’ ਤੋਂ ਸ਼ਕਤੀ ਪ੍ਰਾਪਤ ਕਰਦੇ ਹਨ ਅਤੇ ‘ਅੰਮ੍ਰਿਤ-ਸਰੋਵਰ’ ਵਿੱਚ ਇਸ਼ਨਾਨ ਕਰਕੇ ‘ਮੌਤ ਦੇ ਡਰ ਤੋਂ ਮੁਕਤ’ ਹੋ ਜਾਂਦੇ ਹਨ। ਅੰਮ੍ਰਿਤਸਰ ਤੇ ਹਮਲਾ ਕਰਕੇ ਜਹਾਨ ਖਾਂ ਨੇ 1757 ਵਿੱਚ ‘ਦਰਬਾਰ ਸਾਹਿਬ ਦੀ ਬੇਅਦਬੀ’ ਕਰ ਕੇ ‘ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ’ ਦਿੱਤਾ। ਸਖ਼ਤ ਪਹਿਰੇ ਲਗਾ ਦਿੱਤੇ ਅਤੇ ਸਿੱਖਾਂ ਦਾ ਦਾਖਲਾ ਉੱਥੇ ਬੰਦ ਕਰ ਦਿੱਤਾ।

ਜਦੋਂ ਇਹ ਖ਼ਬਰ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਕੋਲ ਪੁੱਜੀ ਤਾਂ ਉਨ੍ਹਾਂ ਦਾ ‘ਸਿੱਖੀ ਜੋਸ਼ ਉਬਾਲੇ ਖਾਣ ਲੱਗਿਆ।’ 75 ਸਾਲ ਦੀ ਆਯੂ ਵਿੱਚ ਭਾਈ ਸਦਾ ਸਿੰਘ ਨੂੰ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪ ਕੇ  ਸ੍ਰੀ ਅੰਮ੍ਰਿਤਸਰ ਸਾਹਿਬ- ਸ੍ਰੀ ਦਰਬਾਰ ਸਾਹਿਬ ਨੂੰ ਮੁਕਤ ਕਰਾਉਣ ਤੇ ਉੱਥੋਂ ਦੀ ਪਵਿੱਤਰਤਾ ਬਹਾਲ ਕਰਾਉਣ ਦਾ ਫ਼ੈਸਲਾ ਕਰ ਲਿਆ। ਉਹ ਦੁਰਾਨੀ ਫੌਜਾਂ ਨਾਲ ਦੋ ਦੋ ਹੱਥ ਕਰਕੇ ਦੱਸਣਾ ਚਾਹੁੰਦੇ ਸਨ ਕਿ ਗੁਰਧਾਮਾਂ ਦਾ ਅਪਮਾਨ ਸਿੱਖ ਕਦੇ ਸਹਿਣ ਨਹੀਂ ਕਰ ਸਕਦੇ।

ਦਮਦਮਾ ਸਾਹਿਬ ਤੋਂ ਚੱਲੇ ਬਾਬਾ ਦੀਪ ਸਿੰਘ ਜੀ ਨਾਲ ਪਿੰਡ ਜੋਗਾ , ਬਾਮੁਣ , ਨੇਰੀਆਂ ਵਾਲ਼ਾ, ਬਿੰਝੋਕੇ, ਗੁਰੂ ਚੌਂਤਰਾ, ਫੂਲ, ਮਰ੍ਹਾਜ,ਦਰਾਜ, ਭੁਚੋ, ਗੋਬਿੰਦ ਕੋਟ ਅਤੇ ਲੱਖੀ ਜੰਗਲ ਤੋਂ 500 ਚੋਣਵੇਂ ਸਿੰਘ ਨੇ ਇਕੱਤਰ ਹੋ ਕੇ ਸ੍ਰੀ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ।

ਰਸਤੇ ਵਿੱਚ ਮਾਝੇ, ਮਾਲਵੇ, ਦੁਆਬੇ ਵਿੱਚੋਂ ਸਿੰਘ ਰਲਦੇ ਗਏ। ਤਰਨਤਾਰਨ ਤੱਕ ਪਹੁੰਚਣ ਤੱਕ 5000 ਦਾ ਜੱਥਾ ਬਣ ਗਿਆ। ਤਰਨਤਾਰਨ ਤੋਂ ਕੁਝ ਦੂਰ ਦੁਰਾਨੀ ਫ਼ੌਜਾਂ ਰਾਹ ਰੋਕਣ ਲਈ ਤਿਆਰ ਖੜ੍ਹੀਆਂ ਸਨ। ਬਾਬਾ ਜੀ ਨੂੰ ਪਤਾ ਸੀ ਇਸ ਲੜਾਈ ਵਿੱਚੋਂ ਕਿਸੇ ਦਾ ਬਚਣਾ ਸੰਭਵ ਨਹੀਂ ਸੀ। ਤਰਨਤਾਰਨ ਤੋਂ ਕੂਚ ਕਰਨ ਤੋਂ ਪਹਿਲਾਂ ਆਪਣੇ ਦੋ ਧਾਰੇ ਖੰਡੇ ਨਾਲ ਜ਼ਮੀਨ ਉੱਪਰ ਲਕੀਰ ਖਿੱਚ ਦਿੱਤੀ। ਜਿੱਥੇ ਅੱਜਕੱਲ੍ਹ ‘ਗੁਰਦੁਆਰਾ ਲਕੀਰ ਸਾਹਿਬ’ ਸਥਾਪਤ ਹੈ ਅਤੇ ਬਾਬਾ ਜੀ ਨੇ ਵੰਗਾਰ ਕੇ ਆਖਿਆ, “ਖ਼ਾਲਸਾ ਜੀ ਹੁਣ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਜ਼ਾਦ ਕਰਵਾਉਣ ਅਤੇ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ ਹੈ। ਉਹੀ ਸੂਰਬੀਰ ਇਹ ਲਕੀਰ ਟੱਪ ਕੇ  ਅੱਗੇ ਆਉਣ ਜੋ ਆਪਣਾ ਸੀਸ ਗੁਰੂ ਧਾਮਾਂ ਦੀ ਪਵਿੱਤਰਤਾ ਲਈ ਅਰਪਣ ਕਰਨਾ ਚਾਹੁੰਦੇ ਹਨ। ਜਿਨ੍ਹਾਂ ਨੂੰ ਜਾਨ ਅਤੇ ਘਰ ਪਰਿਵਾਰ ਪਿਆਰੇ ਹਨ ਉਹ ਘਰਾਂ ਨੂੰ ਵਾਪਸ ਪਰਤ ਜਾਣ।”

ਬਾਬਾ ਜੀ ਨੇ ਜੈਕਾਰਾ ਛੱਡਿਆ। ਸਾਰਾ ਜੱਥਾ ਲਕੀਰ ਟੱਪ ਕੇ ਬਾਬਾ ਜੀ ਦੇ ਨਾਲ ਅੰਮ੍ਰਿਤਸਰ ਸਾਹਿਬ ਵੱਲ ਨੂੰ ਚੱਲ ਪਿਆ। ਚਿਹਰਿਆਂ ਤੇ ‘ਸ਼ਹੀਦੀਆਂ ਪਾਉਣ ਦਾ ਚਾਅ’ ਸਾਫ਼ ਝਲਕ ਰਿਹਾ ਸੀ। ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਗੂੰਜ ਰਹੀ ਸੀ- 


“ਜਬ ਆਵ ਕੀ ਅਉਧ ਨਿਦਾਨ ਬਨੈ 
  ਅਤਿ ਹੀ ਰਨ ਮੈ ਤਬ ਜੂਝ ਮਰੋਂ ॥


ਹੱਥਾਂ ਵਿੱਚ ਤੇਗਾਂ ਲਿਸ਼ਕਾਉਂਦਾ ਜੱਥਾ ਜੈਕਾਰੇ ਛੱਡਦਾ ਹੋਇਆ ਅੱਗੇ ਵਧਿਆ। ਚੱਬੇ ਦੇ ਨੇੜੇ ਪਿੰਡ ਗੋਹਲਵੜ ਪਹੁੰਚਿਆ ਤਾਂ ਜਹਾਨ ਖਾਂ ਪਹਿਲਾਂ ਹੀ ਭਾਰੀ ਫ਼ੌਜਾਂ ਲੈ ਕੇ ਰਾਹ ਰੋਕੀ ਖੜ੍ਹਾ ਸੀ। ਘਮਸਾਨ ਦਾ ਯੁੱਧ ਹੋਇਆ। ਦੋਹਾਂ ਪਾਸਿਆਂ ਤੋਂ ਤੀਰ, ਤਲਵਾਰਾਂ, ਨੇਜੇ, ਖੰਡੇ ਖੜਕੇ। ਅਣਗਿਣਤ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਅਰਦਾਸਾ ਸੋਧ ਕੇ ਤੁਰੇ ਸਿੰਘ ਦੁਰਾਨੀ ਫੌਜਾਂ ਨੂੰ ਟੁੱਟ ਕੇ ਪੈ ਗਏ। ਬਾਬਾ ਦੀਪ ਸਿੰਘ ਜੀ, ਬਾਬਾ ਨੱਥਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਅਥਾਹ ਜੋਸ਼ ਨੇ ਦੁਰਾਨੀਆਂ ਦੇ ਪੈਰ ਉਖਾੜ ਦਿੱਤੇ। ਬਾਬਾ ਜੀ  ਦਾ ਦੋ ਧਾਰਾ ਖੰਡਾ ਦੁਸ਼ਮਣਾਂ ਦੇ ਸਿਰ ਲਾਹ ਲਾਹ ਕੇ ਸੁੱਟ ਰਿਹਾ ਸੀ। ਨੌੰ ਜਥੇਦਾਰਾਂ- ਬਾਬਾ ਸੁਧਾ ਸਿੰਘ, ਬਾਬਾ ਸੁਰ ਸਿੰਘ, ਬਾਬਾ ਹਰੀ ਸਿੰਘ, ਬਾਬਾ ਕੌਰ ਸਿੰਘ, ਬਾਬਾ ਦਿਆਲ ਸਿੰਘ, ਬਾਬਾ ਬਸੰਤ ਸਿੰਘ, ਬਾਬਾ ਬੀਰ ਸਿੰਘ, ਬਾਬਾ ਬਲਵੰਤ ਸਿੰਘ ਤੇ ਬਾਬਾ ਰਣ ਸਿੰਘ ਨੇ ਬਾਬਾ ਜੀ ਤੇ ਨੱਥਾ ਸਿੰਘ ਜੀ ਦੀ ਅਗਵਾਈ ਵਿੱਚ ਉਹ ਤੇਗਾਂ ਵਾਹੀਆਂ ਕਿ ਦੁਰਾਨੀ ਸੈਨਿਕ ਮੈਦਾਨ ਛੱਡ ਕੇ ਭੱਜਣ ਲੱਗੇ।

ਜਹਾਨ ਖਾਂ ਉੱਥੋਂ ਭੱਜਣ ਦੀ ਤਿਆਰੀ ਵਿੱਚ ਸੀ ਕਿ ਲਾਹੌਰ ਤੇ ਪੱਟੀ ਦੇ ਹਾਕਮਾਂ ਨੇ ਹੋਰ ਫ਼ੌਜਾਂ ਮੱਦਦ ਲਈ ਭੇਜ ਦਿੱਤੀਆਂ। ਗੋਹਲਵੜ ਤੇ ਸ੍ਰੀ ਰਾਮਸਰ ਨੇਡ਼ੇ ਹੋਈ ਗਹਿਗੱਚ ਲੜਾਈ ਵਿੱਚ  ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋ ਗਏ ਅਤੇ ਦੁਰਾਨੀ ਫੌਜਾਂ ਦੇ ਵੱਡੇ ਜਰਨੈਲ ਵੀ ਲੋਥਾਂ ਵਿੱਚ ਬਦਲ ਗਏ। ਗੋਹਲਵੜ ਦੇ ਮੈਦਾਨ ਵਿੱਚ ਸਿੰਘਾਂ ਨੇ ਉਹ ਤੇਗਾਂ ਲਿਸ਼ਕਾਈਆਂ ਕੇ ਛੇ ਕੋਹਾਂ ਅੰਦਰ ਲਾਸ਼ਾਂ ਹੀ ਲਾਸ਼ਾਂ ਵਿਛ ਗਈਆਂ ਅਤੇ ਧਰਤੀ ਖ਼ੂਨ-ਓ-ਖੂਨ ਹੋ ਗਈ।

ਇਸ ਗਹਿਗੱਚ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਵੀ ਬਹੁਤ ਸਾਰੇ ਫੱਟ ਸਰੀਰ ਉੱਪਰ ਲੱਗੇ। ਸ੍ਰੀ ਅੰਮ੍ਰਿਤਸਰ ਦੇ ਬਾਹਰ ਬਾਹਰ ਰਾਮਸਰ ਦੇ ਨੇੜੇ ਇੱਕ ਫੱਟ ਬਾਬਾ ਜੀ ਦੀ ਧੌਣ ਉੱਪਰ ਬਹੁਤ ਗਹਿਰਾ ਲੱਗ ਗਿਆ। ਬਾਬਾ ਜੀ ‘ਸ਼ਹੀਦੀ ਪਾਉਣ ਲੱਗੇ’ ਤਾਂ ਧਰਮ ਸਿੰਘ ਨਾਂ ਦੇ ਇਕ ਸਿੰਘ ਨੇ ਬੜੇ ਹੀ ਪਿਆਰ ਨਾਲ ਬਾਬਾ ਜੀ ਨੂੰ ਯਾਦ ਕਰਾਇਆ ਕਿ- “ਤੁਸਾਂ ਤਾਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸੀਸ ਭੇਟ ਕਰਨ ਲਈ ਅਰਦਾਸਾ ਸੋਧਿਆ ਸੀ। ਫੇਰ ਹੁਣ ਤੁਹਾਡਾ ਪ੍ਰਣ ਕਿਵੇਂ ਪੂਰਾ ਹੋਵੇਗਾ!”  

ਬਾਬਾ ਜੀ ਸੰਭਲ਼ੇ, ਜੋਸ਼ ਵਿੱਚ ਆ ਕੇ ਫੱਟ ਲੱਗੇ ਆਪਣੇ ਸੀਸ (ਗਲ਼ੇ) ਨੂੰ ਖੱਬੇ ਹੱਥ ਦਾ ਸਹਾਰਾ ਦਿੱਤਾ ਅਤੇ ਸੱਜੇ ਹੱਥ ਨਾਲ 8 ਸੇਰ (ਕੱਚਾ) ਭਾਰਾ ਦੋ ਧਾਰਾ ਖੰਡਾ ਵਾਹੁੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵੱਲ ਵਧਣ ਲੱਗੇ। ਇੱਥੇ ਉਹ ਦ੍ਰਿਸ਼ ਬਣ ਗਿਆ ਕਿ-


 “ਬਾਬੇ ਦੀਪ ਸਿੰਘ ਹੱਥ ਖੰਡਾ, ਖੱਪੇ ਖੋਲ੍ਹੀ ਜਾਂਦਾ ਏ।
  ਸਿੰਘ  ਸੂਰਮਾ ਸੀਸ  ਤਲੀ  ਤੇ, ਤੋਲੀ  ਜਾਂਦਾ ਏ।

ਦੁਰਾਨੀ ਸੈਨਿਕਾਂ ਦੇ ਆਹੂ ਲਾਹੁੰਦੇ ਹੋਏ ਤੇ ਆਪਣਾ ਰਾਹ ਬਣਾਉਂਦੇ ਹੋਏ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਦੀ ਦੱਖਣੀ ਬਾਹੀ ਵਿਚ ਉਸ ਥਾਂ ਤੇ ਪਹੁੰਚ ਗਏ ਜਿੱਥੇ ਉਨ੍ਹਾਂ ਦਾ ਸ਼ਹੀਦੀ ਅਸਥਾਨ ਗੁਰਦੁਆਰਾ  ਬਾਬਾ ਦੀਪ ਸਿੰਘ ਬਣਿਆ ਹੋਇਆ ਹੈ। ਅਤੇ ਇਸ ਥਾਂ ਆਪਣਾ ਸੀਸ ਗੁਰੂ ਨੂੰ ਭੇਟ ਕਰਦਿਆਂ, ਗੁਰੂ ਚਰਨਾਂ ਵਿਚ ਜਾ ਬਿਰਾਜੇ ਅਤੇ ਆਪਣਾ ਪ੍ਰਣ ਵੀ ਪੂਰਾ ਕਰ ਦਿੱਤਾ। ਇਸੇ ਥਾਂ ਤੇ ਜਥੇਦਾਰ ਰਾਮ ਸਿੰਘ ਬਹੁਤਿਆਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਿਆ। ਉਸਦਾ ਸ਼ਹੀਦ ਗੰਜ ਕਟੜਾ ਰਾਮਗੜ੍ਹੀਆ ਵਿਚ ਸਥਿਤ ਹੈ। ਬਾਬਾ ਸੱਜਣ ਸਿੰਘ, ਬਾਬਾ ਬਹਾਦਰ ਸਿੰਘ ਅਤੇ ਹੋਰ ਗੁਰੂ ਕੇ ਬਾਗ਼ ਵਿੱਚ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਬਾਗ਼ ਦੀ ਜਗ੍ਹਾ ਤੇ ਅੱਜਕੱਲ੍ਹ ਦੀਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਮੰਜੀ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਝੁਲਾਇਆ ਗਿਆ ਹੈ, ਜਿਸ ਦੇ ਥੜ੍ਹੇ ਉੱਪਰ ਹੇਠ ਲਿਖੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ-

੧.ਬਾਬਾ ਦੀਪ ਸਿੰਘ ਜੀ ਸ਼ਹੀਦ ਮੁੱਖ ਜੱਥੇਦਾਰ       
੨.ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜੱਥੇਦਾਰ
੩.ਬਾਬਾ ਹੀਰਾ ਸਿੰਘ ਜੀ ਸ਼ਹੀਦ ਜੱਥੇਦਾਰ 
੪.ਬਾਬਾ ਗੰਡਾ ਸਿੰਘ ਜੀ ਸ਼ਹੀਦ ਜੱਥੇਦਾਰ 
੫.ਬਾਬਾ ਲਹਿਣਾ ਸਿੰਘ ਸਹੀਦ ਜੱਥੇਦਾਰ 
੬.ਬਾਬਾ ਰਣ ਸਿੰਘ ਜੀ ਸ਼ਹੀਦ ਜੱਥੇਦਾਰ 
੭.ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜੱਥੇਦਾਰ  
੮.ਬਾਬਾ ਭਾਗ ਸਿੰਘ ਜੀ ਸ਼ਹੀਦ ਜੱਥੇਦਾਰ 
੯.ਬਾਬਾ ਸੱਜਣ ਸਿੰਘ ਜੀ ਸ਼ਹੀਦ ਜੱਥੇਦਾਰ
੧੦.ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜੱਥੇਦਾਰ

ਜਿਸ ਥਾਂ ਤੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਚਾਟੀਵਿੰਡ ਕੋਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸੁਸ਼ੋਭਿਤ ਹੈ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫੁਰਮਾਨ-

“ਸਿਰੁ ਧਰਿ ਤਲੀ ਗਲੀ ਮੇਰੀ ਆਉ॥” 

ਨੂੰ ਸੱਚ ਕਰਦਿਆਂ ਇਹ ਸੂਰਮਾ ਸਿੰਘ ਸਿੱਖ ਇਤਿਹਾਸ ਦੇ ਸਿੱਖਾਂ ਦੇ ਖ਼ੂਨ ਨਾਲ਼ ਲਿਖੇ ਸੁਨਹਿਰੀ ਪੰਨਿਆਂ ਦਾ ‘ਅਮਰ ਸ਼ਹੀਦ’ ਬਣ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਪੱਖੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਇਆ ਇਹ ਯੋਧਾ ਭਾਈ ਮਨੀ ਸਿੰਘ ਤੇ ਭਾਈ ਗੁਰਦਾਸ ਜੀ ਵਾਂਗ ਆਪਣੇ ਸਮੇਂ ਦਾ ਉੱਚ ਕੋਟੀ ਦਾ ਵਿਦਵਾਨ ਸੀ। ਸਿੱਖੀ ਦੇ ਅਣਥੱਕ ਪ੍ਰਚਾਰਕ ਅਤੇ ਸਿੱਖੀ ਆਚਰਣ ਦੀ ਅਦੁੱਤੀ ਮਿਸਾਲ ਸਨ, ਬਾਬਾ ਦੀਪ ਸਿੰਘ ਜੀ। ਸੱਚੇ ਅਰਥਾਂ ਵਿਚ ਬਾਬਾ ਜੀ ਗੁਰੂ ਨਾਨਕ ਦੇਵ ਜੀ ਵਾਲੇ ‘ਕਿਰਤੀ-ਸੰਤ’ ਅਤੇ ਦਸਮੇਸ਼ ਪਿਤਾ ਜੀ ਵਾਲੇ ‘ਸਿਪਾਹੀ’ ਸਨ।

ਆਪ ਉਨ੍ਹਾਂ ਖੁਸ਼ਕਿਸਮਤ ਜੀਉੜਿਆਂ ਵਿੱਚੋਂ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਅੰਮ੍ਰਿਤ ਛਕਿਆ ਅਤੇ ਉਨ੍ਹਾਂ ਦਾ ਸਮਾਂ ਵੇਖਿਆ ਸੀ। ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਨਾਲ ਮਿਲ ਕੇ ਸਿੱਖ ਰਾਜ ਦੀ ਸਥਾਪਤੀ ਲਈ ਕੀਤੇ ਮੁੱਢਲੇ  ਯਤਨਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਇਆ ਸੀ। ਆਪ ਨੇ ਸਿੱਖੀ ਸਰੂਪ ਦੀ ਵੱਖਰੀ ਤੇ ਨਿਵੇਕਲੀ ਹੋਂਦ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਬੰਦ ਬੰਦ ਕਟਵਾਉਂਦੇ, ਚਰਖੜੀਆਂ ਤੇ ਚਡ਼੍ਹਦੇ ਤੇ ਖੋਪਰੀਆਂ ਲੁਹਾਉਂਦੇ ਵੇਖਿਆ ਸੀ। ਫਿਰ ਉਨ੍ਹਾਂ ਨੇ ਸਿੱਖਾਂ ਨੂੰ ਮੁਗਲਾਂ ਅਤੇ ਦੁਰਾਨੀਆਂ ਵਿਰੁੱਧ ਦੇਸ਼ ਦੀ ਆਜ਼ਾਦੀ ਲਈ ਢਾਲ ਬਣ ਕੇ ਖੜ੍ਹੋਤਿਆ ਵੇਖਿਆ ਸੀ। ਆਪ ਪੰਜਾਬ ਵਿੱਚ ਵਾਪਰਨ ਵਾਲੀਆਂ ਇਨ੍ਹਾਂ ਘਟਨਾਵਾਂ ਦੇ ਮੂਕ ਦਰਸ਼ਕ ਨਹੀਂ ਸਗੋਂ ਇਕ ਗਤੀਸ਼ੀਲ ਤੇ ਬੀਰ ਨਾਇਕ ਵਜੋਂ ਐਸੇ ਪ੍ਰਮੁੱਖ ਪਾਤਰ ਸਨ ਜਿਨ੍ਹਾਂ ਨੇ ਬਿਖੜੇ ਸਮਿਆਂ ਵਿੱਚ ਸਿੱਖ ਪੰਥ ਦੀ ਅਗਵਾਈ ਕੀਤੀ ਸੀ। ਆਪ ਜੀ ਨੇ ਆਪਣੇ ਪਿੱਛੇ ਅਣਖ, ਆਜ਼ਾਦੀ ਅਤੇ ਕੁਰਬਾਨੀ ਦਾ ਅਜਿਹਾ ਵਿਰਸਾ ਛੱਡਿਆ ਕਿ ਸਿੱਖ ਕੌਮ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਹਰ ਸਦੀ ਵਿੱਚ ਉਨ੍ਹਾਂ ਦੁਆਰਾ ਛੱਡੀਆਂ ਪੈੜਾਂ ‘ਤੇ ਤੁਰਨ ਅਤੇ ਅੱਗੇ  ਵਧਣ ਦਾ ਯਤਨ ਕਰਦੀ ਰਹੀ ਹੈ। ਆਪ ਜੀ ਦਾ ਜੀਵਨ, ਕਿਰਦਾਰ ਤੇ ਕੁਰਬਾਨੀ ਅਜਿਹੇ ਸੋਮੇ ਹਨ ਜਿਥੋਂ ਪ੍ਰੇਰਨਾ ਲੈ ਕੇ ਕੌਮ ਗੌਰਵ ਮਹਿਸੂਸ ਕਰਦੀ ਹੈ ਅਤੇ ਕਰਦੀ ਰਹੇਗੀ।