ਟਿੰਡਾਂ ਵਾਲਾ ਖੂਹ

ਟਿੰਡਾਂ ਵਾਲਾ ਖੂਹ ਪੰਜਾਬੀ ਸੱਭਿਆਚਾਰ ਵਿੱਚ ਕਿਰਸਾਨੀ ਜੀਵਨ ਨਾਲ ਜੁੜਿਆ ਹੋਇਆ ਇੱਕ ਵਿਰਾਸਤੀ ਰੰਗ ਹੈ । ਭਾਵੇਂ ਟਿੰਡਾਂ ਵਾਲਾ ਖੂਹ ਅੱਜ ਸਾਇੰਸ ਦੇ ਯੁੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ, ਪਰ ਅੱਜ ਵੀ ਇਸਦਾ ਪੰਜਾਬ ਦੇ ਕਿਸਾਨਾਂ ਅਤੇ ਸੁਆਣੀਆਂ ਨਾਲ ਇੱਕ ਅਟੁੱਟ ਰਿਸ਼ਤਾ ਨਿਭਦਾ ਆ ਰਿਹਾ ਹੈ । ਸਮੇਂ ਦੇ ਚੱਕਰ ਨਾਲ ਚੱਲਦਿਆਂ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਂਦਾ ਹੋਇਆ ਭਾਵੇਂ ਅੱਜ ਇਹ ਜੰਗਾਲ ਦੀ ਮੁੱਖ ਮਿਟਾਉਂਦਾ ਹੋਇਆ ਆਪਣੀ ਹੋਂਦ ਗੁਆ ਚੁੱਕਾ ਹੈ, ਪਰ ਟਿੰਡਾਂ ਵਾਲੇ ਖੂਹ ਦਾ ਮੜੰਗਾ ਅਤੇ ਮੁਹਾਂਦਰਾ ਸਾਡੇ ਜ਼ਿਹਨ ਵਿੱਚ ਸਦੀਵੀਂ, ਜਿਉਂਦਾ ਅਤੇ ਜਾਗਦਾ ਰਹੇਗਾ । ਖੂਹ ਗੇੜਦੇ ਊਠਾਂ ਅਤੇ ਬਲਦਾਂ ਗਲ਼ ਟਨ-ਟਨ ਕਰਦੀਆਂ ਟੱਲੀਆਂ ਤੋਂ ਉਪਜੇ ਸੰਗੀਤ ਨਾਲ ਮਿੰਨੀ-ਮਿੰਨੀ ਹਵਾ ਦੇ ਝੋਂਕਿਆਂ ਨਾਲ ਝੂਮਦੀਆਂ ਫਸਲਾਂ ਜਿਵੇਂ ਨੱਚ ਰਹੀਆਂ ਹੋਣ । ਜਿੱਥੇ ਟਿੰਡਾਂ ਵਾਲਾ ਖੂਹ ਕਦੇ ਪੰਜਾਬ ਦੇ ਖੇਤਾਂ ਦੀ ਸ਼ਾਨ ਸੀ, ਉੱਥੇ ਇਹ ਪਿੰਡ ਦੇ ਲੋਕਾਂ ਅਤੇ ਪਸ਼ੂਆਂ ਦੀ ਪਿਆਸ ਬੁਝਾਉਣ ਦਾ ਵੀ ਇੱਕ ਜ਼ਰੀਆ ਸੀ । ਪਿੰਡ ਦੀਆਂ ਮੁਟਿਆਰਾਂ ਅਤੇ ਔਰਤਾਂ ਇੱਥੇ ਇਕੱਠੀਆਂ ਹੋ ਕੇ ਕੱਪੜੇ-ਲੀੜੇ ਧੋਂਦੀਆਂ ਸਨ ਅਤੇ ਘਰਾਂ ਲਈ ਘੜੇ ਭਰਕੇ ਪਾਣੀ ਢੋਇਆ ਕਰਦੀਆਂ ਸਨ । ਖੂਹ ਉੱਤੇ ਮੁਟਿਆਰਾਂ ਦੀਆਂ ਰੌਣਕਾਂ ਦਾ ਵਰਨਣ ਪ੍ਰੋ. ਪੂਰਨ ਸਿੰਘ ਆਪਣੀ ਕਵਿਤਾ

‘ਖੂਹ ਉੱਤੇ’ ਵਿੱਚ ਵੀ ਕਰਦੇ ਹਨ -

ਨਿੱਕੀਆਂ-ਵੱਡੀਆਂ ਘੱਗਰੀਆਂ,

ਨਿੱਕੀਆਂ-ਨਿੱਕੀਆਂ ਬਾਂਹਾਂ ।

ਕੁੜੀਆਂ ਪੰਜਾਬ ਦੀਆਂ,

ਪਾਣੀ ਪਈਆਂ ਭਰਦੀਆਂ ।

ਕਈ ਵਾਰ ਖੂਹ ਪਿੰਡ ਤੋਂ ਦੂਰ ਹੋਣ ਕਾਰਨ ਮੁਟਿਆਰਾਂ ਨੂੰ ਪਾਣੀ ਭਰਨ ਲਈ ਦੂਰ ਜਾਣਾ ਪੈਂਦਾ ਸੀ ਤਾਂ ਉਹ ਸਹੁਰੇ ਘਰ ਨੇੜੇ ਖੂਹ ਹੋਣ ਦੀਆਂ ਅਰਦਾਸਾਂ ਕਰਦੀਆਂ ਸਨ -

ਦੇਈਂ ਵੇ ਬਾਬਲ ਓਸ ਘਰੇ,

ਜਿੱਥੇ ਵਗਣ ਦਵਾਟੇ ਖੂਹ ।

ਠੰਢਾ-ਮਿੱਠਾ ਜਲ ਭਰਾਂ,

ਮੇਰੀ ਭਿੱਜੀ ਰਹੇ ਸਦਾ ਰੂਹ ।

ਵੇ ਬਾਬਲ ਤੇਰਾ ਪੁੰਨ ਹੋਵੇ ….।

ਮਲਕੀ ਅਤੇ ਕੀਮਾ ਦਾ ਪ੍ਰੇਮ-ਪ੍ਰਸੰਗ ਵੀ ਇਸ ਖੂਹ ਦੇ ਨਾਲ ਹੀ ਜੁੜਿਆ ਹੋਇਆ ਹੈ । ਇਸੇ ਖੂਹ ‘ਤੇ ਹੀ ਕਦੇ ਮਲਕੀ ਨੇ ਰਾਹ ਜਾਂਦੇ ਕੀਮੇ ਦੀ ਪਾਣੀ ਪਿਆਕੇ ਪਿਆਸ ਬੁਝਾਈ ਸੀ । ਇਸੇ ਕਰਕੇ ਇਹ ਖੂਹ ਅੱਜ ਵੀ ਸਾਡੇ ਪੰਜਾਬੀ ਵਿਰਸੇ ਦੀਆਂ ਲੋਕ-ਗੀਤਾਂ ਰਾਹੀਂ ਕਹਾਣੀਆਂ ਪਾਉਂਦੇ ਆ ਰਹੇ ਹਨ -

ਮਲਕੀ ਖੂਹ ਦੇ ਉੱਤੋਂ ਭਰਦੀ ਪਈ ਸੀ ਪਾਣੀ,

ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ ।

ਲੰਮਾ ਪੈਂਡਾ ਰਾਹੀ ਮਰ ਗਏ ਨੀ ਪਿਆਸੇ,

ਛੰਨਾ ਪਾਣੀ ਦਾ ਤੂੰ ਪਿਆ ਦੇ ਇੱਕ ਮੁਟਿਆਰੇ ।

ਛੰਨਾ ਪਾਣੀ ਦਾ ਤੂੰ ……………।

ਪਿੰਡ ਦੇ ਹਾਲ਼ੀ ਅਤੇ ਪਾਲ਼ੀ ਵੀ ਪਿੰਡ ਦੇ ਸਾਂਝੇ ਖੂਹ ਤੋਂ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਇਆ ਕਰਦੇ ਸਨ । ਇਹ ਖੂਹ ਰਾਹ ਜਾਂਦੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਮੱਦਦਗਾਰ ਹੋਇਆ ਕਰਦੇ ਸਨ । ਪ੍ਰਸਿੱਧ ਨਾਵਲਕਾਰ ਸੋਹਣ ਸਿੰਘ ਸ਼ੀਤਲ ਨੇ ਆਪਣੇ ਪ੍ਰਸਿੱਧ ਨਾਵਲ “ਤੂਤਾਂ ਵਾਲਾ ਖੂਹ” ਵਿੱਚ ਇਸਦਾ ਬਾਖ਼ੂਬੀ ਚਿਤਰਣ ਕੀਤਾ ਹੈ । ਇਸ ਨਾਵਲ ਦੀ ਸਾਰੀ ਦੀ ਸਾਰੀ ਕਹਾਣੀ ਖੂਹ ਦੁਆਲੇ ਹੀ ਘੁੰਮਦੀ ਹੈ । 

ਖੂਹ ਬਣਾਉਣ ਲਈ ਸਭ ਤੋਂ ਪਹਿਲਾਂ ਖੇਤ ਵਿੱਚ ਚੰਗੀ ਢੁਕਵੀਂ ਅਤੇ ਉੱਚੀ ਜਗ੍ਹਾ ਦੀ ਚੋਣ ਕੀਤੀ ਜਾਂਦੀ ਸੀ। ਫਿਰ ਇਸ ਚੁਣੀ ਹੋਈ ਜਗ੍ਹਾ ਉੱਤੇ ਪੰਦਰਾਂ ਕੁ ਫੁੱਟ ਦਾ ਗੋਲ ਨਿਸ਼ਾਨ ਲਗਾਕੇ ਇਸਦੀ ਪੁਟਾਈ ਸੁਰੂ ਕੀਤੀ ਜਾਂਦੀ ਸੀ । ਇਸ ਟੋਏ ਨੂੰ ਦੱਸ ਫੁੱਟ ਤੱਕ ਪੁੱਟਿਆ ਜਾਂਦਾ ਸੀ। ਖੂਹ ਬਣਾਉਣ ਲਈ ਪਹਿਲਾਂ ਮਿਸਤਰੀ ਤੋਂ ਚੱਕ ਵੀ ਬਣਵਾਉਣਾ ਪੈਂਦਾ ਸੀ। ਇਹ ਚੱਕ ਨਰੋਈ ਲੱਕੜ ਦਾ ਗੱਡੇ ਦੇ ਪਹੀਏ ਦੇ ਅਕਾਰ ਦਾ ਬਣਿਆ ਹੁੰਦਾ ਸੀ। ਇਸਨੂੰ ਖੂਹ ਦੀ ਨੀਂਹ ਜਾਂ ਬੁਨਿਆਦ ਕਿਹਾ ਜਾ ਸਕਦਾ ਸੀ । ਇਸ ਚੱਕ ਉੱਤੇ ਪੱਕੀਆਂ ਇੱਟਾਂ ਦੇ ਨਾਲ ਗੋਲਾਈ ਵਿੱਚ ਚਿਣਾਈ ਕੀਤੀ ਜਾਂਦੀ ਸੀ । ਉਸਾਰੀ ਦਾ ਕੰਮ ਸੁਰੂ ਕਰਨ ਤੋਂ ਪਹਿਲਾਂ ਚੱਕ ਹੇਠਾਂ ਉਤਾਰਨ ਵੇਲੇ ਘਰਾਂ ਵਿੱਚੋਂ ਚਾਚੀਆਂ, ਤਾਈਆਂ, ਭਰਜਾਈਆਂ ਅਤੇ ਹੋਰ ਔਰਤਾਂ ਘੱਗਰੇ ਫੁਲਕਾਰੀਆਂ ਪਹਿਨ ਕੇ ਗੀਤ ਗਾਉਂਦੀਆਂ ਹੋਈਆਂ ਚੱਕ ਨੂੰ ਖੰਮ੍ਹਣੀਆਂ ਬੰਨ੍ਹਕੇ ਅਤੇ ਸੰਧੂਰ ਲਾ ਕੇ ਮਿੱਠੇ ਚੌਲ਼ਾਂ ਦਾ ਮੱਥਾ ਟੇਕਣ ਮਗਰੋਂ ਖ਼ਵਾਜਾ ਪੀਰ ਦੀ ਅਰਦਾਸ ਕਰਕੇ ਸ਼ਗਨ-ਵਿਹਾਰ ਕਰਦੀਆਂ ਸਨ । ਇਸ ਮੌਕੇ ਮੌਜੂਦ ਸਭ ਲੋਕਾਂ ਨੂੰ ਮਿੱਠੇ ਚੌਲ਼ ਵੰਡੇ ਜਾਂਦੇ ਸਨ । ਖੂਹ ਦੀ ਚਿਣਾਈ ਸਮੇਂ ਸੀਮੈਂਟ ਦੀ ਕਮੀ ਹੋਣ ਕਰਕੇ ਚੂਨਾ ਵਰਤਿਆ ਜਾਂਦਾ ਸੀ ਅਤੇ ਕੇਵਲ ਅੰਦਰੋਂ ਪਲੱਸਤਰ ਕਰਨ ਵੇਲੇ ਹੀ ਸੀਮੈਂਟ ਦੀ ਵਰਤੋਂ ਕੀਤੀ ਜਾਂਦੀ  ਸੀ । ਚਿਣਾਈ ਕਰਨ ਸਮੇਂ ਖੂਹ ਨੂੰ ਹੇਠਾਂ ਉਤਾਰਨ ਦਾ ਕੰਮ ਵੀ ਨਾਲ਼ੋਂ ਨਾਲ਼ ਹੀ ਕਰਨਾ ਪੈਂਦਾ ਸੀ, ਜੋ ਕਿ ਖੂਹ ਬਣਾਉਣ ਸਮੇਂ ਔਖਾ ਕੰਮ ਮੰਨਿਆ ਜਾਂਦਾ ਸੀ। ਖੂਹ ਨੂੰ ਉਤਾਰਨ ਸਮੇਂ ਲੋਹੇ ਦਾ ਇੱਕ ਵੱਡਾ ਕਹਿਆ ਲੰਮੀ ਲਾਸ ਨਾਲ ਬੰਨ੍ਹ ਲਿਆ ਜਾਂਦਾ ਸੀ । ਹੇਠਾਂ ਖੂਹ ਵਿੱਚ ਉੱਤਰਿਆ ਹੋਇਆ ਕੋਈ ਬੰਦਾ ਜ਼ੋਰ ਨਾਲ ਚੱਕ ਨੂੰ ਕਹਿਆ ਮਾਰਦਾ ਸੀ ਅਤੇ ਖੂਹ ਦੇ ਹੇਠਾਂ ਤੁਰਨ ਤੇ ਲੰਮੀ ਹੇਕ ਲਗਾਕੇ ਉੱਪਰ ਕੰਮ ਕਰ ਰਹੇ ਲੋਕਾਂ ਨੂੰ ਇਸ਼ਾਰਾ ਕਰ ਦਿੰਦਾ ਸੀ ਤਾਂ ਬਲਦਾਂ ਦੀ ਜੋੜੀ ਜਾਂ ਊਠ ਨਾਲ ਲਾਸ ਨੂੰ ਉੱਪਰ ਖਿੱਚ ਲਿਆ ਜਾਂਦਾ ਸੀ । ਉੱਪਰ ਦੋ ਬੰਦੇ ਰੇਤਾ ਕੱਢਕੇ ਕਹਿਆ ਵਾਪਸ ਹੇਠਾਂ ਭੇਜ ਦਿੰਦੇ ਸਨ । ਖੂਹ ਵਿੱਚੋਂ ਮਿੱਟੀ ਕੱਢਣ ਅਤੇ ਖੂਹ ਹੇਠਾਂ ਤੋਰਨ ਦਾ ਇਹ ਕੰਮ ਇਸ ਤਰਾਂ ਲਗਾਤਾਰ ਚੱਲਦਾ ਰਹਿੰਦਾ ਸੀ । ਚਿਣਾਈ ਦੇ ਕੁਝ ਗੇੜ ਲੱਗਣ ਮਗਰੋਂ ਖੂਹ ਆਪਣੇ ਭਾਰ ਨਾਲ ਹੀ ਹੇਠਾਂ ਤੁਰਨਾ ਸੁਰੂ ਹੋ ਜਾਂਦਾ ਸੀ । ਪਰ ਕਈ ਵਾਰ ਖੂਹ ਨੂੰ ਹੇਠਾਂ ਤੋਰਨ ਵੇਲੇ ਰੋੜ ਜਾਂ ਪਾਂਡੇ ਆ ਜਾਣ ‘ਤੇ ਖੂਹ ਹੇਠਾਂ ਤੋਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ ਅਤੇ ਅਜਿਹੇ ਮੌਕੇ ਤਾਂ ਸਾਰੇ ਦਿਨ ਵਿੱਚ ਮਸਾਂ ਗਿੱਠ-ਦੋ ਗਿੱਠ ਹੀ ਖੂਹ ਹੇਠਾਂ ਤੁਰਦਾ ਸੀ । ਇਸਤੋਂ ਔਖਾ ਕੰਮ ਉਸ ਵੇਲੇ ਹੋ ਜਾਂਦਾ ਸੀ, ਜਦੋਂ ਹੇਠਾਂ ਕੰਮ ਕਰ ਰਹੇ ਬੰਦੇ ਨੂੰ ਪਾਣੀ ਵਿੱਚ ਚੁੱਭੀ ਮਾਰ ਕੇ ਕਹਿਆ ਚੱਕ ਥੱਲੇ ਮਾਰਨਾ ਪੈਂਦਾ ਸੀ। ਖੂਹ ਦੀ ਚਿਣਾਈ ਪੂਰੀ ਹੋਣ ਮਗਰੋਂ ਹਲ਼ਟ, ਟਿੰਡਾਂ,ਗਾਧੀ ਅਤੇ ਪਾਰਚਾ ਆਦਿ ਫਿੱਟ ਕੀਤੇ ਜਾਂਦੇ ਸਨ । ਬਾਹਰ ਪਾਣੀ ਸਾਂਭਣ ਲਈ ਚੁਬੱਚਾ ਬਣਾ ਦਿੱਤਾ ਜਾਂਦਾ ਸੀ । ਖੂਹ ਦਾ ਪਾਣੀ ਠੰਢਾ ਰੱਖਣ ਲਈ ਇਸਦੇ ਆਲੇ-ਦੁਆਲੇ ਛਾਂਦਾਰ ਦਰਖ਼ਤ ਲਗਾ ਦਿੱਤੇ ਜਾਂਦੇ ਸਨ ।

ਖੇਤਾਂ ਵਿੱਚ ਫਿਰਦੇ ਅਵਾਰਾ ਪਸ਼ੂਆਂ ਅਤੇ ਬੋਰਬੈੱਲਾਂ ਵਿੱਚ ਬੱਚਿਆਂ ਦੇ ਡਿੱਗਣ ਦੀਆਂ ਘਟਨਾਵਾਂ ਵਾਪਰਨ ਕਾਰਨ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਵਜੋਂ ਬਚੇ-ਖੁਚੇ ਖੂਹਾਂ ਦੀ ਹੋਂਦ ਮਿੱਟੀ ਨਾਲ ਪੂਰਨ  ਕਰਕੇ ਅੱਜ ਤਕਰੀਬਨ ਬਿਲਕੁਲ ਖਤਮ ਹੀ ਹੋ ਚੁੱਕੀ ਹੈ । ਕੁਝ ਯਾਦਗਾਰਾਂ ਵਜੋਂ ਸਾਂਭਕੇ ਰੱਖੇ ਹੋਏ ਖੂਹ ਇਤਿਹਾਸ ਨਾਲ ਜੋੜਕੇ ਸਾਡੇ ਬੱਚਿਆਂ ਨੂੰ ਸਾਡੀਆਂ ਵਿਰਾਸਤਾਂ ਵਜੋਂ ਦਿਖਾਏ ਜਾਣ ਲਈ ਹੀ ਬਚੇ ਹਨ । ਜਿਵੇਂ ਕਿ ਜਲ੍ਹਿਆਂ ਵਾਲੇ ਬਾਗ ਦਾ ਖੂਹ, ਛੇਹਰਟਾ ਸਾਹਿਬ ਦਾ ਖੂਹ, ਅਜਨਾਲੇ ਦਾ 1857 ਵਾਲਾ ਖੂਹ, ਮੋਗੇ ਦਾ ਸਰਕਾਰੀ ਖੂਹ ਅਤੇ ਭਗਤੇ ਭਾਈਕੇ ਦਾ ਭੂਤਾਂ ਵਾਲਾ ਖੂਹ ਆਦਿ । ਅੱਜ ਜੇਕਰ ਕਿਸੇ ਵਡੇਰੀ ਉਮਰ ਦੇ ਬਜ਼ੁਰਗ ਨਾਲ ਟਿੰਡਾਂ ਵਾਲੇ ਖੂਹ ਦੀ ਗੱਲ ਛੇੜੀ ਜਾਵੇ ਤਾਂ ਉਹ ਹਉਕੇ ਭਰਦਾ ਇਹੀ ਕਹੇਗਾ ਕਿ ਖੂਹਾਂ ਦਾ ਸ਼ਰਬਤ ਵਰਗਾ ਪਾਣੀ ਅੱਜ ਦੇ ਠੰਢੇ-ਮਿੱਠੇ ਸ਼ਰਬਤਾਂ ਨਾਲ਼ੋਂ ਕਿਤੇ ਮਿੱਠਾ ਹੁੰਦਾ ਸੀ ।