ਇਸਤਰੀਆਂ ਦੀ ਸ਼ਿੰਗਾਰ ਸਮੱਗਰੀ

ਇਸਤਰੀਆਂ ਦੀ ਹਾਰ ਸ਼ਿੰਗਾਰ ਸਮਗਰੀ ਸਬੰਧੀ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਵੇਰਵੇ ਮਿਲਦੇ ਹਨ । ਇਹਨਾਂ ਗ੍ਰੰਥਾਂ ਵਿੱਚ ਔਰਤ ਦੇ ਹੁਸਨ ਅਤੇ ਰੂਪ ਦੀ ਸ਼ੋਭਾ ਵਧਾਉਣ ਦੇ ਸ਼ਿੰਗਾਰ ਨੂੰ “ਸੋਲਹ ਸ਼ਿੰਗਾਰ” ਦੀ ਮਹਿਮਾ ਦਿੱਤੀ ਗਈ ਹੈ । ਜੇਕਰ ਸੋਲਾਂ (16) ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਧਾਰਨਾ ਚੱਲੀ ਆ ਰਹੀ ਹੈ ਕਿ ਕਲਾ ਗਿਣਤੀ ਅਨੁਸਾਰ ਸੋਲਾਂ ਮੰਨੀਆਂ ਗਈਆਂ ਹਨ ਅਤੇ ਸੋਲਾਂ ਕਲਾ ਸੰਪੂਰਨ ਨੂੰ ਅਵਤਾਰ ਕਿਹਾ ਗਿਆ ਹੈ । ਇਸ ਲਈ ਬ੍ਰਹਮ ਵੈਵਰਤ ਪੁਰਾਣ  ਅਨੁਸਾਰ -

ਗਿਆਨ,ਧਿਆਨ, ਸ਼ੁਭ ਕਰਮ, ਹੱਠ, ਸੰਜਮ,ਧਰਮਰੁ, ਵਿੱਦਿਆ ਦਾਨ।

ਭਜਨ, ਸੁਪ੍ਰੇਮ, ਜਤ, ਅਧਿਯਾਤਮ, ਮਤ ਮਾਨ । 

ਦਯਾ , ਨੇਮ ਅਰੁ ਚਤੁਰਤਾ, ਬੁੱਧ, ਦੁੱਧ, ਇਹ ਜਾਨ ।

ਗੁਰਬਾਣੀ ਵਿੱਚ ਵੀ “ਸੋਲਹ ਸ਼ਿੰਗਾਰ” ਵਾਰੇ ਜਿਕਰ ਹੈ ਕਿ ਪ੍ਰੀਤਮ ਦੇ ਮਿਲਾਪ ਬਗੈਰ ਸੋਲਾਂ ਸ਼ਿੰਗਾਰ ਦਾ ਕੋਈ ਲਾਭ ਨਹੀਂ -

ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ । ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ।।

ਜੇ ਘਰਿ ਆਵੈ ਕੰਤੁ ਤ ਸਭਿ ਕਿਛੁ ਪਾਈਐ । ਹਰਿਹਾ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ।।

ਇਸ ਲਈ ਉਪਰੋਕਤ ਪ੍ਰਮਾਣ ਇਹ ਸਪਸ਼ਟ ਕਰਦੇ ਹਨ ਕਿ ਇਸਤਰੀ ਦੇ ਸ਼ਿੰਗਾਰ ਦਾ ਚਲਿਨ ਪ੍ਰਾਚੀਨ ਕਾਲ ਤੋਂ ਹੀ ਪ੍ਰਚੱਲਿਤ ਹੈ । ਸੰਧੂਰ, ਕੇਸਰ, ਸੁਰਮਾ, ਬਿੰਦੀ, ਇਤਰ, ਤੇਲ, ਮਹਿੰਦੀ ਅਤੇ ਦੰਦਾਸਾ ਆਦਿ ਸ਼ਿੰਗਾਰ ਸਮਗਰੀ ਦਾ ਜਿਕਰ ਪ੍ਰਾਚੀਨ ਸਮਿਆਂ ਤੋਂ ਹੀ ਹੁੰਦਾ ਆ ਰਿਹਾ ਹੈ । ਇਸਤਰੀਆਂ ਦੀ ਸ਼ਿੰਗਾਰ ਸਮਗਰੀ ਹੇਠ ਲਿਖੀ ਹੈ -

  • ਸੁਰਮਾ : ਸੁਰਮਾ ਇੱਕ ਖਿਣਜੀ ਪੱਥਰ ਤੋਂ ਬਣਿਆ ਹੁੰਦਾ ਹੈ । ਸੁਰਮੇ ਨੂੰ ਤਿਆਰ ਕਰਨ ਲਈ ਇਸ ਪੱਥਰ ਨੂੰ ਬਰੀਕ ਪੀਹ ਲਿਆ ਜਾਂਦਾ ਹੈ ਅਤੇ ਇਸ ਪੀਸੇ ਹੋਏ ਪਾਊਡਰਨੁਮਾ ਨੂੰ ਥੋੜੀ ਜਿਹੀ ਹੀ ਮਾਤਰਾ ਵਿੱਚ  ਸਿਲਾਈ (ਸੁਰਮਚੂ) ਨਾਲ ਲਗਾ ਕੇ ਦੋਵੇਂ ਅੱਖਾਂ ਦੀਆਂ ਗੱਠੀਆਂ ਅਤੇ ਕਨੱਖੀਆਂ ‘ਤੇ ਬੜੇ ਹੀ ਪਿਆਰ ਅਤੇ ਸਲੀਕੇ ਨਾਲ ਲਗਾਇਆ ਜਾਂਦਾ ਹੈ। ਸੁਰਮੇ ਨੂੰ ਲੰਮੇ ਸਮੇ ਤੱਕ ਸੰਭਾਲ ਕੇ ਰੱਖਣ ਲਈ ਸੁਰਮੇਦਾਨੀ ਵਿੱਚ ਪਾ ਕੇ ਰੱਖਿਆ ਜਾਂਦਾ ਹੈ । ਸੁਰਮੇਦਾਨੀ ਪਿੱਤਲ ਜਾਂ ਕਿਸੇ ਹੋਰ ਧਾਤ ਦੀ ਸ਼ੀਸ਼ੀ-ਨੁਮਾ ਹੁੰਦੀ ਹੈ ਜਿਸਦੇ ਢੱਕਣ ਹੇਠਾਂ ਸਿਲਾਈ (ਸੁਰਮਚੂ) ਜੁੜੀ ਹੋਈ ਹੁੰਦੀ ਹੈ ਜੋ ਸੁਰਮੇਦਾਨੀ ਵਿੱਚ ਡੁੱਬੀ ਹੁੰਦੀ ਹੈ । ਇਹ ਢੱਕਣ ਨੂੰ ਖੋਲ੍ਹਣ ਅਤੇ ਬੰਦ ਕਰਨ ਲਈ ਚੂੜੀ ਕਸਕੇ ਟਾਈਟ ਕਰ ਲਿਆ ਜਾਂਦਾ ਹੈ । ਖਣਿਜੀ ਪੱਥਰ ਨੂੰ ਪੀਹ ਕੇ ਬਣਿਆ ਇਹ ਸੁਰਮਾ ਪੰਜਾਬੀ ਸੱਭਿਆਚਾਰ ਵਿੱਚ ਅੱਖਾਂ ਦੀ ਸੁੰਦਰਤਾ ਵਧਾਉਣ ਵਾਲੀ ਸ਼ਿੰਗਾਰ ਸਮੱਗਰੀ ਵਿੱਚੋਂ ਪ੍ਰਮੁੱਖ ਜਾਂਦਾ ਹੈ । ਪ੍ਰੰਤੂ ਸੁਰਮੇ ਨੂੰ ਅੱਖਾਂ ਦੀ ਔਸ਼ਧੀ ਵਜੋਂ ਵੀ ਦਵਾਈਆਂ ਦੇ ਰੂਪਾਂ ਵਿੱਚ ਵਰਤਿਆ ਜਾਂਦਾ ਹੈ । ਵਿਆਹਾਂ - ਸ਼ਾਦੀਆਂ ਸਮੇਂ ਸੁਰਮੇ ਦਾ ਜ਼ਿਕਰ ਅਕਸਰ ਹੀ ਗੀਤਾਂ ਵਿੱਚ ਔਰਤਾਂ ਕੋਲੋਂ ਸੁਣਨ ਨੂੰ ਮਿਲ ਜਾਂਦਾ ਹੈ -

ਲਾੜ੍ਹਿਆ, ਸਾਫਾ ਬੰਨ੍ਹਿਆ ਰੰਗਦਾਰ ਅੱਖੀਂ ਮਣ- ਮਣ ਸੁਰਮਾ ਅੱਖਾਂ ਟੀਰਮ ਟੀਰੀਆਂ ।

  • ਕੱਜਲ : ਕੱਜਲ ਵੀ ਸੁਰਮੇ ਵਾਂਗ ਇਸਤਰੀਆਂ ਵੱਲੋਂ ਅੱਖਾਂ ਦੀ ਸੁੰਦਰਤਾ ਵਧਾਉਣ ਲਈ ਵਰਤੀ ਜਾਂਦੀ ਹੈ । ਕੱਜਲ ਸਿਆਹ ਕਾਲੇ ਦ੍ਰਵ ਦੇ ਰੂਪ ਵਿੱਚ ਹੁੰਦੀ ਹੈ । ਕੱਜਲ ਪਾਉਣ ਨਾਲ ਅੱਖਾਂ ਮੋਟੀਆਂ ਅਤੇ ਬਣਾਵਟ ‘ਚ ਚ ਸੁੰਦਰ ਦਿਸਦੀਆਂ ਹਨ । ਇਸ ਨਾਲ ਸੁਹੱਪਣ ਵਿੱਚ ਹੋਰ ਨਿਖਾਰ ਆ ਜਾਂਦਾ ਹੈ । ਭਾਵੇਂ ਅੱਜਕੱਲ ਕਾਸਮੈਟਿਕ ਕੰਪਨੀਆਂ ਵੱਲੋਂ ਤਿਆਰ ਕੀਤੀ ਹੋਈ ਕੱਜਲ ਬਾਜ਼ਾਰ ਵਿੱਚ ਉਪਲਭਧ ਹੈ, ਪ੍ਰੰਤੂ ਪੁਰਾਣੇ ਸਮਿਆਂ ਵੇਲੇ ਦੀਵੇ ਦੀ ਲਾਟ ‘ਤੇ ਚੱਪਣੀ ਜਾਂ ਕੁੱਜੀ ਮੂਧੀ ਕਰਕੇ ਉਸ ਵਿੱਚ ਲਾਟ ਦੀ ਕਾਲਖ ਇਕੱਠੀ ਕਰ ਲਈ ਜਾਂਦੀ ਸੀ ਅਤੇ ਇਸ ਵਿੱਚ ਇਕੱਠੀ ਕੀਤੀ ਕਾਲਖ ਵਿੱਚ ਘਰ ਦਾ ਹੱਥੀਂ ਤਿਆਰ ਕੀਤਾ ਸ਼ੁੱਧ ਮੱਖਣ ਜਾਂ ਸਰ੍ਹੋਂ ਦੇ ਤੇਲ ਦੀ ਕੱਚੀ ਘਾਣੀ ਦਾ ਕੋਹਲੂ ਤੋਂ ਲਿਆਂਦਾ ਸਰ੍ਹਂ ਦਾ ਤੇਲ ਮਿਲਾ ਕੇ ਦ੍ਰਵ ਦੇ ਰੂਪ ਵਿੱਚ ਕੱਜਲ ਬਣਾ ਕੇ ਡੱਬੀ ਵਿੱਚ ਪਾ ਕੇ ਰੱਖ ਲਿਆ ਜਾਂਦਾ ਸੀ । ਸੁਰਮੇ ਵਾਂਗ ਹੀ ਕੱਜਲ ਨੂੰ ਵੀ ਸਿਲਾਨਾਲ ਲਗਾਕੇ ਅੱਖਾਂ ਨੂੰ ਅੱਧਮੀਟ ਕੇ ਸਿਲਾਈ ਨੂੰ ਪਲਕਾਂ ਵਿਚਕਾਰ ਫੇਰ ਲਿਆ ਜਾਂਦਾ ਹੈ । ਕੱਜਲ ਨੂੰ ਸਿਲਾਈ ਤੋਂ ਬਿਨਾਂ ਉੰਗਲੀ ਦੇ ਪੋਟੇ ਨਾਲ ਵੀ ਲਗਾ ਲਿਆ ਜਾਂਦਾ ਹੈ । ਸਾਡੇ ਪੰਜਾਬੀ ਸੱਭਿਆਚਾਰ ਵਿੱਚ ਕੱਜਲ ਦੀ ਧਾਰ ‘ਤੇ ਅਨੇਕਾਂ ਲੋਕ ਗੀਤਾਂ ਦੀ ਸਿਰਜਣਾ ਹੋਈ ਮਿਲਦੀ ਹੈ -

ਜੰਗੀਰ ਕੁਰ ਕੁੜੀ ਦੀਆਂ ਬਾਲੀਆਂ ਨੀਂ

ਲੋਹੜੇ ਮਾਰੀਆਂ ਨੀ

ਦੂਜਾ ਬਾਜੂਬੰਦ ਨੀ

ਤੀਜਾ ਮੱਥੇ ਦੀ ਬਿੰਦੀ ਤੇਰੀ

ਖੂਨ ਗੁਜ਼ਾਰਦੀ ਨੀਂ

ਚੌਥਾ ਅੱਖਾਂ ਦਾ ਕੱਜਲਾ ਤੇਰਾ

ਸੈਨਤਾਂ ਮਾਰਦਾ ਨੀਂ ।

  • ਮਹਿੰਦੀ : ਮਹਿੰਦੀ ਪੰਜਾਬੀ ਸੱਭਿਆਚਾਰ ਵਿੱਚ ਸੁਹਾਗ ਦੇ ਸ਼ਗਨਾਂ ਦਾ ਪ੍ਰਤੀਕ ਹੈ । ਭਾਵੇਂ ਅੱਜ ਦੇ ਵਰਤਮਾਨ ਯੁੱਗ ਵਿੱਚ ਪੰਜਾਬਣਾਂ ਬਜ਼ਾਰੂ ਮਹਿੰਦੀ ਵਰਤਣ ਲੱਗ ਪਈਆਂ ਹਨ । ਪਰ ਪੁਰਾਣੇ ਸਮੇਂ ‘ਚ ਔਰਤਾਂ ਮਹਿੰਦੀ ਨੂੰ ਆਪਣੇ ਹੱਥੀਂ ਤਿਆਰ ਕਰਦੀਆਂ ਸਨ । ਮਹਿੰਦੀ ਦੇ ਬੂਟੇ ਦੇ ਪੱਤਿਆਂ ਨੂੰ ਪੀਸ ਕੇ ਇਸ ਵਿੱਚ ਪਾਣੀ ਮਿਲਾਕੇ ਗਾੜ੍ਹਾ ਘੋਲ ਤਿਆਰ ਕਰ ਲਿਆ ਜਾਂਦਾ ਸੀ । ਇਸ ਘੋਲ ਨੂੰ ਪੰਜਾਬਣਾਂ ਖੁਸ਼ੀ ਦੇ ਮੌਕਿਆਂ ‘ਤੇ ਹੱਥਾਂ ਜਾਂ ਪੈਰਾਂ ਉੱਤੇ ਵੱਖ ਵੱਖ ਡਿਜ਼ਾਇਨ ਬਣਾ ਕੇ ਲਗਾ ਲੈਂਦੀਆਂ ਸਨ ਅਤੇ ਸੁੱਕਣ ‘ਤੇ ਇਸਨੂੰ ਧੋ ਲੈਂਦੀਆਂ ਸਨ । ਪੰਜਾਬੀ ਸੱਭਿਆਚਾਰ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਜਿਸ ਕੁੜੀ ਦੇ ਮਹਿੰਦੀ ਦਾ ਰੰਗ ਜਿਆਦਾ ਗੂੜ੍ਹਾ ਚੜ੍ਹਦਾ ਹੈ, ਉਸਨੂੰ ਸੱਸ ਨੂੰ ਪਿਆਰੀ ਮੰਨਿਆ ਜਾਂਦਾ ਹੈ । ਮਹਿੰਦੀ ਨੂੰ ਵਿਆਹੀਆਂ ਅਤੇ ਕੁਆਰੀਆਂ,ਤੀਆਂ, ਕਰਵਾਚੌਥ ਜਾਂ ਹੋਰ ਖਾਸ ਮੌਕਿਆਂ ‘ਤੇ ਚਾਈਂ-ਚਾਈਂ ਲਾਉਂਦੀਆਂ ਹਨ । ਪੰਜਾਬੀ ਲੋਕ ਗੀਤਾਂ ਵਿੱਚ ਮਹਿੰਦੀ ਦਾ ਵਿਸ਼ੇਸ਼ ਸਥਾਨ ਹੈ -

ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ

ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,

ਮੈਂ ਵੀ ਆਖਾਂ ਮਹਿੰਦੀ ।

ਬਾਗਾਂ ਦੇ ਵਿੱਚ ਸਸਤੀ ਵਿਕਦੀ,

ਹੱਟੀਆਂ ਦੇ ਵਿੱਚ ਮਹਿੰਗੀ ।

ਹੇਠਾਂ ਕੁੰਡੀ ਉੱਤੇ ਸੋਟਾ,

ਦੋਹਾਂ ਦੀ ਸੱਟ ਸਹਿੰਦੀ ।

ਘੋਟ ਘੋਟ ਮੈਂ ਹੱਥਾਂ ‘ਤੇ ਲਾਈ,

ਬੱਤੀਆਂ ਬਣ ਬਣ ਲਹਿੰਦੀ ।

ਮਹਿੰਦੀ ਸ਼ਗਨਾਂ ਦੀ,

ਬਿਨ ਧੋਤਿਆਂ ਨੀਂ ਲਹਿੰਦੀ ।

  • 4 ਦੰਦਾਸਾ : ਕਿੱਕਰ ਜਾਂ ਟਾਹਲੀ ਆਦਿ ਦੀ ਟਾਹਣੀ ਨਾਲ ਦੰਦ ਸਾਫ ਕਰਨ ਵਾਲੀ ਟਾਹਣੀ ਨੂੰ ਦਾਤਣ ਕਿਹਾ ਜਾਂਦਾ ਹੈ ।ਪਰ ਜੇ ਅਖਰੋਟ ਦੇ ਦਰਖਤ ਦੇ ਛਿਲਕੇ ਨਾਲ ਦੰਦ ਸਾਫ ਕੀਤੇ ਜਾਂਦੇ ਹਨ ਤਾਂ ਇਸ ਤਰਾਂ ਦੰਦ ਸਾਫ ਕਰਨ ਵਾਲੇ ਛਿਲਕੇ ਨੂੰ ਦਾਤਣ ਨਹੀਂ, ਬਲਕਿ ਦੰਦਾਸਾ ਕਿਹਾ ਜਾਂਦਾ ਹੈ । ਦਾਤਣ ਅਤੇ ਦੰਦਾਸੇ ਵਿੱਚ ਫਰਕ ਸਿਰਫ ਇੰਨਾ ਹੈ ਕਿ ਦਾਤਣ ਕੇਵਲ ਦੰਦ ਸਾਫ ਕਰਦੀ ਹੈ ਜਦਕਿ ਦੰਦਾਸਾ ਦੰਦਾਂ ਨੂੰ ਸਾਫ ਕਰਨ ਦੇ ਨਾਲ ਨਾਲ ਬੁੱਲ੍ਹਾਂ ਅਤੇ ਮਸੂੜਿਆਂ ਨੂੰ ਬਦਾਮੀ ਰੰਗੇ ਕਰਕੇ ਬੁੱਲ੍ਹਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੰਦਾ ਹੈ । ਪੰਜਾਬੀ ਸੱਭਿਆਚਾਰ ਵਿੱਚ ਪੰਜਾਬਣਾਂ ਵੱਲੋਂ ਦੰਦਾਸੇ ਨੂੰ ਪੁਰਾਤਨ ਸਮਿਆਂ ਤੋਂ ਵਰਤ ਕੇ ਆਪਣੀ ਸਰੀਰਕ ਸੁੰਦਰਤਾ ਵਿੱਚ ਵਾਧਾ ਕੀਤਾ ਜਾਂਦਾ ਰਿਹਾ ਹੈ । ਪੰਜਾਬੀ ਸੱਭਿਆਚਾਰ ਵਿੱਚ ਇਹ ਮਾਨਤਾ ਹੈ ਕਿ ਅੱਖਾਂ ਦੀ ਚਟਿਆਈ ਅਤੇ ਬੁਲ੍ਹਾਂ ਅਤੇ ਨਹੁੰਆਂ ਦੀ ਲਾਲੀ ਇਨਸਾਨ ਦੇ ਨਿਰੋਗੀ ਅਤੇ ਤੰਦਰੁਸਤ ਇਨਸਾਨ ਹੋਣ ਦੀ ਨਿਸ਼ਾਨੀ ਮੰਨੀ ਜਾਂਦੀ ਹੈ । ਦੰਦਾਸੇ ਦੀ ਮਹੱਤਤਾ ਦਾ ਅੰਦਾਜਾ ਅਸੀਂ ਗੀਤ ਦੀਆਂ ਇਹਨਾਂ ਸਤਰਾਂ ਤੋਂ ਸਹਿਜੇ ਹੀ ਲਗਾ ਸਕਦੇ ਹਾਂ -

ਮੁੰਡਾ ਮੋਹ ਲਿਆ ਤਬੀਤਾਂ ਵਾਲਾ,

ਦਮੜੀ ਦਾ ਸੱਕ ਮਲ ਕੇ ।

  • 5 ਸੁਗੰਧ-ਪਦਾਰਥ : ਪ੍ਰਾਚੀਨ ਸਮਿਆਂ ਤੋਂ ਹੀ ਪੰਜਾਬੀ ਸੱਭਿਆਚਾਰ ‘ਚ ਸੁਗੰਧ-ਪਦਾਰਥਾਂ ਦੀ ਵਰਤੋਂ ਦਾ ਜਿਕਰ ਪੁਰਾਤਨ ਗਰੰਥਾਂ ਵਿੱਚ  ਸੰਕੇਤ ਮਿਲਦੇ ਹਨ । ਪ੍ਰੰਤੂ ਇਹ ਸੰਕੇਤ ਸਿਰਫ ਰਾਜੇ-ਮਹਾਰਾਜਿਆਂ ਦੇ ਰਾਜ ਮਹੱਲਾਂ ਦੀਆਂ ਮਹਾਰਾਣੀਆਂ ਜਾਂ ਉੱਚ ਘਰਾਣਿਆਂ ਦੀਆਂ ਔਰਤਾਂ ਹੀ ਤੱਕ ਸੀਮਤ ਸਨ । ਕਿਉਂਕਿ ਪੰਜਾਬ ਦੇ ਸੱਭਿਆਚਾਰ ਵਿੱਚ ਔਰਤ ਨੂੰ ਤਾਂ ਆਪਣਾ ਸਿਰ ਨੰਗਾ ਰੱਖਣਾ ਵੀ ਅਸੱਭਿਅਕ ਮੰਨਿਆ ਜਾਂਦਾ ਸੀ ਅਤੇ ਕੇਸਾਂ ਵਿੱਚ ਰੰਗ-ਬਿਰੰਗੇ ਅਤੇ ਸੁਗੰਧੀਦਾਇਕ ਫੁੱਲ ਸਜਾਉਣੇ ਵੀ ਨਾਂਹ ਬਰਾਬਰ ਸਨ । ਕੇਵਲ ਵਿਆਹਾਂ ਸਮੇਂ ਲਾੜ੍ਹੇ ਦੇ ਸਿਹਰੇ ਵਿੱਚ ਹੀ ਚਮੇਲੀ ਦੀਆਂ ਕਲੀਆਂ ਦਾ ਜ਼ਿਕਰ ਮਿਲਦਾ ਹੈ । ਹਲਦੀ ਅਤੇ ਸਰ੍ਹੋਂ ਦੇ ਤੇਲ ਦਾ ਵਟਣਾ ਮਲਣ ਦਾ ਰਿਵਾਜ਼ ਭਾਵੇਂ ਅੱਜ ਦੇ ਮਾਡਰਨ ਯੁੱਗ ਵਿੱਚ ਵੀ ਹੈ,ਪੁਰਾਤਨ ਸਮਿਆਂ ਵਿੱਚ ਪਿੰਡੇ ਉੱਤੇ ਮਲਣ ਵਾਲੇ, ਚੰਦਨ, ਕੇਸਰ, ਗਾਚਨੀ,ਲੋਹਬਾਨ, ਜਟਾਮਾਸੀ, ਕੁਸ਼ਠ, ਨਖ, ਗੁੱਗਲ, ਕਪੂਰ ਅਤੇ ਅਗਰੂ ਆਦਿ ਦੀ ਵਰਤੋਂ ਹੋਣ ਦੇ ਸੰਕੇਤ ਮਿਲਦੇ ਹਨ । ਉਪਰੋਕਤ ਦਾ ਜਿਕਰ ਕਿੱਸਾ-ਕਾਵਿ ਅਤੇ ਕਵੀਸ਼ਰੀ-ਕਾਵਿ ਵਿੱਚ ਵੀ ਕਿਤੇ ਕਿਤੇ ਆਮ ਦੇਖਣ ਨੂੰ ਮਿਲਦਾ ਹੈ । ਇਸੇ ਤਰਾਂ ਚੰਦਨ, ਮਹੂਆ, ਚਮੇਲੀ,ਕਿਉੜਾ ਅਤੇ ਗੁਲਾਬ ਜਲ ਆਦਿ ਵੀ ਪੰਜਾਬੀ ਸੱਭਿਆਚਾਰ ਦੇ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਸੁਗੰਧ ਦੇਣ ਵਾਲੀ ਸ਼ਿੰਗਾਰ ਸਮਗਰੀ ਹੈ । ਪ੍ਰੰਤੂ ਅਜੋਕੇ ਦੌਰ ਵਿੱਚ ਪ੍ਰਚੱਲਿਤ ਸੁਗੰਧਿਤ ਸਮਗਰੀ ਇੰਨੀ ਜਿਆਦਾ ਹੈ ਕਿ ਇਹ ਗਿਣਤੀ ਤੋਂ ਬਾਹਰ ਹੈ ।