ਲੋਕ ਸਾਜ

ਲੋਕ ਸਾਜ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹਨ । ਗੀਤ-ਸੰਗੀਤ ਅਤੇ ਲੋਕ ਨਾਚਾਂ ਸਮੇਂ ਵਰਤੇ ਜਾਣ ਵਾਲੇ ਸਾਜਾਂ ਨੂੰ ਲੋਕ ਸਾਜ ਕਹਿੰਦੇ ਹਨ । ਲੋਕ ਸਾਜਾਂ ਦਾ ਘਾੜਾ ਮਨੁੱਖ ਹੀ ਅਸਲ ਵਿੱਚ ਕੁਦਰਤ ਦਾ ਬਣਾਇਆ ਹੋਇਆ ਇੱਕ ਲੋਕ ਸਾਜ ਹੈ ਅਤੇ ਕੁਦਰਤ ਦਾ ਸਰਬੋਤਮ ਸਾਜ ਹੈ । ਭਾਵੇਂ ਸੰਸਾਰ ਦੇ ਸੰਗੀਤ ਜਗਤ ਵਿਚ ਵਰਤੇ ਜਾਣ ਵਾਲੇ ਸਾਰੇ ਸਾਜ ਇਨਸਾਨ ਰੂਪੀ ਕੁਦਰਤੀ ਸਾਜ ਦੀ ਪੈਦਾਇਸ਼ ਹਨ, ਪਰ ਇਹਨਾਂ ਨੂੰ ਅਸਲ ਮਾਅਨਿਆਂ ਵਿੱਚ ਨਕਲੀ ਸਾਜ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗਾ । ਕਿਉਂਕਿ ਇਨਸਾਨੀ ਸਾਜ ਇੱਕ ਅਜਿਹਾ ਸਾਜ ਹੈ ਜਿਸਨੇ ਭਾਸ਼ਾ ਦੀ ਉੱਤਪਤੀ ਕੀਤੀ ਹੈ । ਸਵਾਸ ਪ੍ਰਕਿਰਿਆ, ਮੂੰਹ, ਨੱਕ ਅਤੇ ਨਾਦ ਪੱਤੀਆਂ ਮਨੁੱਖੀ ਸਰੀਰ ਦੇ ਕੁਦਰਤੀ ਸਾਜ ਹਨ । ਸਰੀਰ ਅੰਦਰ ਫੇਫੜਿਆਂ ਰਾਹੀਂ ਸਾਹ ਦੀ ਵਾਪਸੀ ਰੌਂਅ ਨਾਲ ਨਾਦ ਪੱਤੀਆਂ ਕੰਬਦੀਆਂ ਹਨ ਅਤੇ ਇਸ ਕਾਂਬੇ ਨਾਲ ਮੂੰਹ ਵਿੱਚੋਂ ਭਾਸ਼ਾ ਦੇ ਸਵ੍ਰਾਂ ਦਾ ਉਚਾਰਣ ਹੁੰਦਾ ਹੈ । ਮਨੁੱਖ ਦੇ ਮੂੰਹ ਅਤੇ ਨੱਕ ਦੇ ਦੋਵੇਂ ਰਸਤੇ ਰੈਜ਼ੋਨੇਟਰ ਦਾ ਕੰਮ ਕਰਦੇ ਹਨ ਜਿਹਨਾਂ ਦੁਆਰਾ ਸਾਹ ਦੀ ਵਾਪਸੀ ਹੋਣ ਤੇ ਤਾਲ ਨਾਲ ਸਬੰਧਤ ਵਿਅੰਜਨ ਉਚਾਰੇ ਜਾਂਦੇ ਹਨ । ਸੋ ਇਸ ਪ੍ਰਕਾਰ ਇਹ ਕਿਹਾ ਜਾ ਸਕਦਾ ਹੈ ਕਿ ਮਨੁੱਖੀ ਸਾਜ ਤਿੰਨ ਭਾਂਤੀ, ਹਵਾ ਨਾਲ  ਚੱਲਣ ਵਾਲਾ, ਥਰਥਰਾਉਣ ਵਾਲਾ ਅਤੇ ਵੱਜਣ ਵਾਲਾ ਸਾਜ ਮੰਨਿਆ ਜਾ ਸਕਦਾ ਹੈ । ਲੋਕ ਸਾਜਾਂ ਦੀ ਚਾਰ ਵੰਨਗੀਆਂ ਵਿੱਚ ਵੰਡ ਕੀਤੀ ਜਾ  ਸਕਦੀ ਹੈ ।

  1. ਸਾਹ ਜਾਂ ਹਵਾ ਦੇ ਦਬਾਉ ਨਾਲ ਵੱਜਣ ਵਾਲੇ ਸਾਜ ।
  2. ਥਰਥਰਾ ਕੇ ਤਾਰ ਨਾਲ ਵੱਜਣ ਵਾਲੇ ਸਾਜ ।
  3. ਚਮੜੇ ਨਾਲ ਮੜ੍ਹੇ ਹੋਏ ਵੱਜਣ ਵਾਲੇ ਸਾਜ ।
  4. ਟਕਰਾਉ ਨਾਲ ਅਵਾਜ ਕੱਢਕੇ ਵੱਜਣ ਵਾਲੇ ਸਾਜ ।