ਪੰਜਾਬ ਦੇ ਲੋਕ-ਰੰਗ

ਲੋਕ-ਨਾਚ:

       ਲੋਕ-ਨਾਚ ਅਸਲ ਮਾਅਨਿਆਂ ਵਿੱਚ ਲੋਕ ਕਲਾ ਹੈ। ਇਹਨਾਂ ਨੂੰ ਮਨੁੱਖੀ ਜੀਵਨ ਦਾ ਜੇਕਰ ਅੰਗ ਮੰਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ। ਲੋਕ-ਨਾਚ ਸਮਾਜ ਵਿੱਚ ਕੇਵਲ ਮਨੋਰੰਜਨ ਦਾ ਜ਼ਰੀਆ ਹੀ ਨਹੀ ਹੁੰਦੇ, ਬਲਕਿ ਇਹ ਲੋਕਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਵੰਨਗੀਆਂ, ਖੁਸ਼ੀਆਂ-ਖੇੜਿਆਂ ਅਤੇ ਮਨੁੱਖ ਦੀਆਂ ਅੰਦਰਲੀਆਂ ਖੁਸ਼ਨੁਮਾ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਸਾਧਨ ਵੀ ਹਨ। ਡਾ. ਵਣਜਾਰਾ ਬੇਦੀ ਅਨੁਸਾਰ ਲੋਕ ਨਾਚ ਜਾਤੀ ਦੇ ਤਹਿਤ ਤੇ ਸਮੂਹਿਕ ਜਜ਼ਬਿਆਂ ਦਾ ਅੰਗਾਂ ਦੇ ਤਾਲ ਬੱਧ ਲਹਿਰਾਓ ਤੇ ਹਾਵਾਂ ਭਾਵਾਂ ਰਾਹੀਂ ਪ੍ਰਗਟਾਓ ਹੈ।

ਸਮੁੱਚੀ ਦੁਨੀਆ ਵਿੱਚ ਕੋਈ ਅਜਿਹਾ ਖ਼ਿੱਤਾ ਦੇਖਣ ਨੂੰ ਨਹੀਂ ਮਿਲ ਸਕਦਾ, ਜਿਸਦਾ ਆਪਣਾ ਲੋਕ-ਨਾਚ ਨਾ ਹੋਵੇ। ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਨੂੰ ਲੋਕ-ਨਾਚਾਂ ਦਾ ਧੁਰਾ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਥੇ ਲੋਕ-ਨਾਚਾਂ ਨੂੰ ਖਾਸ ਮਹੱਤਵਪੂਰਨ ਸਥਾਨ ਹਾਸਿਲ ਹੈ। ਪ੍ਰਾਚੀਨ ਕਾਲ ਤੋਂ ਹੀ ਨਾਚ ਦਾ ਮਾਨਵ ਜਾਤੀ ਨਾਲ ਅਟੁੱਟ ਰਿਸ਼ਤਾ ਰਿਹਾ ਹੈ। ਇਤਿਹਾਸਕਾਰਾਂ ਅਨੁਸਾਰ ਇੱਥੇ ਕੋਈ ਪੰਜ ਹਜ਼ਾਰ ਈਸਵੀ ਪਹਿਲਾਂ ਤੋਂ ਹੀ ਲੋਕ-ਨਾਚਾਂ ਦੇ ਪ੍ਰਮਾਣ ਦੇਖਣ ਨੂੰ ਮਿਲਦੇ ਹਨ। ਭਾਵੇਂ ਸਮੇਂ-ਸਮੇਂ ਅਨੁਸਾਰ ਇਹ ਇਥੋਂ ਦੀਆਂ ਭੂਗੋਲਿਕ, ਸਮਾਜਿਕ ਅਤੇ ਇਤਿਹਾਸਿਕ ਪ੍ਰਸਥਿਤੀਆਂ ਵਿੱਚੋਂ ਗੁਜਰਕੇ ਤਬਦੀਲ ਹੁੰਦੇ ਰਹੇ ਹਨ, ਪਰ ਇਸਦੇ ਬਾਵਜੂਦ ਵੀ ਇਹ ਲੋਕ-ਨਾਚ ਆਪਣੀ ਹੋਂਦ ਨੂੰ ਜੀਵਿਤ ਰੱਖੀ ਬੈਠੇ ਹਨ। ਵੈਸੇ ਆਮਤੌਰ ਤੇ ਲੋਕ-ਨਾਚਾਂ ਦੀ ਦੋ ਭਾਗਾਂ, ਇਸਤਰੀ-ਨਾਚ ਅਤੇ ਮਰਦ-ਨਾਚ ਵਿੱਚ ਵੰਡ ਕੀਤੀ ਜਾਂਦੀ ਹੈ। ਇਸਤਰੀ-ਨਾਚਾਂ ਵਿੱਚ ਗਿੱਧਾ, ਸੰਮੀ,ਕਿੱਕਲੀ, ਲੁੱਡੀ, ਹੁੱਲੇ-ਹੁਲਾਰੇ ਅਤੇ ਧਮਾਲ ਆਦਿ ਆਉਂਦੇ ਹਨ ਅਤੇ ਮਰਦ-ਨਾਚ ਵਿੱਚ ਭੰਗੜਾ, ਮਰਦਾਂ ਦਾ ਗਿੱਧਾ, ਝੂਮਰ, ਲੁੱਡੀ ਅਤੇ ਧਮਾਲ ਆਦਿ ਆਉਂਦੇ ਹਨ।

ਇਸਤਰੀ ਲੋਕ-ਨਾਚ:

ਗਿੱਧਾ: ਪ੍ਰਾਚੀਨ ਕਾਲ ਤੋਂ ਹੀ ਗਿੱਧਾ ਪੰਜਾਬ ਦੀਆਂ ਔਰਤਾਂ ਅਤੇ ਮਰਦਾਂ ਦਾ ਹਰਮਨ ਪਿਆਰਾ ਲੋਕ-ਨਾਚ ਜਾਣਿਆ ਜਾਂਦਾ ਰਿਹਾ ਹੈ। ਇਹ ਨਾਚ ਜਵਾਨ ਅੱਲ੍ਹੜ ਮੁਟਿਆਰਾਂ ਦੀਆ ਸੱਧਰਾਂ, ਸੁਹਾਗਣਾ ਦਾ ਸਹੁਰੇ ਅਤੇ ਪੇਕਿਆਂ ਪ੍ਰਤੀ ਸਨੇਹ ਅਤੇ ਮਨ ਦੇ ਵਲਵਲਿਆਂ, ਚਾਵਾਂ,ਆਸ-ਉਮੰਗਾਂ ਅਤੇ ਖੁਸ਼ੀਆਂ-ਖੇੜਿਆਂ ਨੂੰ ਉਜਾਗਰ ਕਰਨ ਦਾ ਉੱਤਮ ਸਾਧਨ ਹੈ। ਗਿੱਧਾ ਤਾੜੀਆਂ ਵਜਾ ਕੇ ਕੀਤਾ ਜਾਣ ਵਾਲਾ ਨਾਚ ਹੈ। ਇਸਨੂੰ ਦੂਸਰੇ ਸ਼ਬਦਾਂ ਵਿੱਚ ਤਾੜੀ ਨਾਚ ਵੀ ਕਿਹਾ ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਔਰਤਾਂ ਘੇਰਾ ਬਣਾ ਕੇ ਖੜੋ ਜਾਂਦੀਆਂ ਹਨ। ਦੂਸਰੀਆਂ ਦੋ ਜਾਂ ਦੋ ਤੋਂ ਵੱਧ ਔਰਤਾਂ ਘੇਰੇ ਅੰਦਰ ਨੱਚਦੀਆਂ ਹਨ ਅਤੇ ਉਹਨਾਂ ਦੁਆਲੇ ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਤਾੜੀਆਂ ਵਜਾਉਂਦੀਆਂ ਹਨ। ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਵਿੱਚੋਂ ਕੁਝ ਔਰਤਾਂ ਗੁਰੱਪ ਵਿੱਚ ਬੋਲੀਆਂ ਜਾਂ ਟੱਪੇ ਗਾਉਂਦੀਆਂ ਹਨ। ਬੋਲੀਆਂ ਪਾਉਣ ਵਾਲ਼ੀਆਂ ਔਰਤਾਂ ਬੋਲੀਆਂ ਜਾਂ ਟੱਪੇ ਇੱਕ ਖ਼ਾਸ ਸੁਰ ਵਿੱਚ ਗਾਏ ਜਾਂਦੇ ਹਨ। ਬਾਹਰ ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਦੀਆਂ ਤਾੜੀਆਂ ਦਾ ਵਹਾਅ ਅਤੇ ਗਾਈਆਂ ਜਾਣ ਵਾਲ਼ੀਆਂ ਬੋਲੀਆਂ ਜਾਂ ਟੱਪੇ ਜਦੋਂ ਗਾਉਣ ਵਾਲ਼ੀਆਂ ਔਰਤਾਂ ਦੀਆਂ ਸੁਰਾਂ ਦੀ ਲੈਅ ਇਕੱਠੇ ਨਾਲ-ਨਾਲ ਚੱਲਦੇ ਹਨ ਤਾਂ ਇਸ ਸਮੇ ਪੈਦਾ ਹੋਈ ਇੱਕ ਮਧੁਰ ਸਗੀਤਮਈ ਅਵਸਥਾ ਨੂੰ ਕਾਇਮ ਰੱਖਣ ਲਈ ਬੱਲ- ਬੱਲੇ ਬਈ, ਸਾਵਾ-ਸਾਵਾ ਬਈਆਦਿ ਟੋਟਕਿਆਂ ਨਾਲ ਸੁਰ ਅਤੇ ਲੈਅ ਵਿੱਚ ਬੰਨ੍ਹਕੇ ਰੱਖਿਆ ਜਾਂਦਾ ਹੈ।

 ਜਦੋਂ ਬੋਲੀਆਂ ਅਤੇ ਤਾੜੀਆਂ ਦੀ ਸੁਰ ਅਤੇ ਤਾਲ ਇੱਕਸਾਰ ਹੋ ਜਾਂਦੀ ਹੈ ਤਾਂ ਕੁਦਰਤੀ ਹੁਲਾਰੇ ਆਉਣ ਲੱਗ ਪੈਂਦੇ ਹਨ ਅਤੇ ਘੇਰੇ ਅੰਦਰ ਖੜੋਤੀਆਂ ਔਰਤਾਂ ਦੇ ਅੰਗ ਥਿਰਕਣ ਲੱਗ ਜਾਂਦੇ ਹਨ ਅਤੇ ਉਹ ਮੰਤਰ ਮੁਗਧ ਹੋ ਕੇ ਨੱਚਣ ਲੱਗ ਪੈਂਦੀਆਂ ਹਨ। ਇਸ ਸਮੇਂ ਗਿੱਧਾ ਪੈਂਦਾ ਦੇਖਿਆਂ ਹੀ ਬਣਦਾ ਹੈ। ਗਿੱਧੇ ਵਿੱਚ ਔਰਤਾਂ ਬੋਲੀਆਂ ਰਾਹੀਂ ਆਮਤੌਰ ਤੇ ਘਰੇਲੂ ਅਤੇ ਸਮਾਜਿਕ ਮਸਲਿਆਂ ਜਿਵੇਂ ਕਿ ਨੂੰਹ-ਸੱਸ ਦੀ ਨੋਕ-ਝੋਕ, ਦਿਉਰ-ਭਰਜਾਈ ਦਾ ਰੋਮਾਂਸ, ਸੋਹਣੇ ਵਰ ਦੀ ਚੋਣ, ਅੰਮੜੀ ਦੇ ਵਿਹੜੇ ਆਦਿ ਦਾ ਜ਼ਿਕਰ ਵੱਖਰੇ-ਵੱਖਰੇ ਅੰਦਾਜ਼ ਵਿੱਚ ਕੀਤਾ ਜਾਂਦਾ ਹੈ।

ਪਹਿਰਾਵਾ :

             ਜਿਵੇਂ ਕਿ ਸਿਆਣਿਆਂ ਦੀ ਕਹਾਵਤ ਹੈ ਕਿ ਰਫ਼ਤਾਰ, ਦਸਤਾਰ ਅਤੇ ਗੁੱਫਤਾਰ ਹੀ ਕਿਸੇ ਵਿਅਕਤੀ ਵਿਸ਼ੇਸ਼ ਦੀ ਅਸਲ ਪਹਿਚਾਣ ਹੁੰਦੀ ਹੈ ।ਠੀਕ ਉਸੇ ਤਰ੍ਹਾਂ ਹੀ ਕਿਸੇ ਸਮੂਹ ਦੀ ਪਹਿਚਾਣ ਵੀ ਉਸਦੀ ਚਾਲ-ਢਾਲ ਤੋਂ ਮਾਪੀ ਜਾ ਸਕਦੀ ਹੈ।  ਕਿਸੇ ਲੋਕ ਨਾਚ ਦੀ ਢੁਕਵੀ ਜਾਣਕਾਰੀ ਵੀ ਉਸ ਨਾਚ ਸਮੇਂ ਵਰਤੇ ਜਾਣ ਵਾਲੇ ਸਾਧਨਾਂ ਤੋਂ ਕੀਤੀ ਜਾ ਸਕਦੀ ਹੈ।ਲੋਕ-ਨਾਚ (ਗਿੱਧਾ) ਸਮੇਂ ਵੀ ਔਰਤਾਂ/ਮੁਟਿਆਰਾਂ ਵੱਲੋਂ ਪੰਜਾਬ ਦਾ ਰਵਾਇਤੀ ਪਹਿਰਾਵਾ ਲਹਿੰਗਾ-ਚੋਲੀ, ਜਾਂ ਸਲਵਾਰ-ਕਮੀਜ਼ ਪਹਿਨਆ ਜਾਂਦਾ ਹੈ। ਇਸਦੇ ਨਾਲ ਸਿਰ ਉੱਤੇ ਕਢਾਈਦਾਰ ਦੁਪੱਟਾ ਜਾਂ ਬਾਗ਼ ਪਹਿਿਨਆ ਜਾਂਦਾ ਹੈ। ਇਹ ਪਹਿਰਾਵਾ ਜਿਆਦਾਤਰ ਚਮਕੀਲੇ ਅਤੇ ਗੂੜ੍ਹੇ ਜਿਵੇਂ ਕਿ ਲਾਲ, ਗੁਲਾਬੀ, ਜਾਨਣੀ, ਹਰਾ, ਪੀਲ਼ਾ, ਸੰਤਰੀ ਜਾਂ ਤੋਤੇ ਰੰਗਾ ਜਿਹੇ ਰੰਗਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਔਰਤਾਂ/ਮੁਟਿਆਰਾਂ ਆਪਣੀਆਂ ਗੁੱਤਾਂ ਨੂੰ ਸੂਟਾਂ ਨਾਲ ਮੇਲ ਖਾਂਦੇ ਰੰਗਾਂ ਦੀਆਂ ਡੋਰੀਆਂ ਅਤੇ ਪਰਾਂਦਿਆਂ ਨਾਲ ਗੁੰਦਕੇ ਆਪਣੇ ਹੁਸਨ ਨੂੰ ਹੋਰ ਵੀ ਚਾਰ ਚੰਨ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡ- ਦੀਆਂ।

ਸੰਮੀ : ਸੰਮੀ-ਨਾਚ ਪਾਕਿਸਤਾਨ ਵਿਚਲੇ ਪੱਛਮੀ ਪੰਜਾਬ ਦੇ ਸਾਂਦਲਬਾਰ ਇਲਾਕੇ ਦਾ ਹਰਮਨ ਪਿਆਰਾ ਨਾਚ ਹੈ । ਸੰਮੀ-ਨਾਚ ਦੇ ਇਤਿਹਾਸ ਵਾਰੇ ਵੱਖਰੀਆਂ- ਵੱਖਰੀਆਂ ਦੰਦ-ਕਥਾਵਾਂ ਪ੍ਰਚੱਲਿਤ ਹਨ । ਸੰਮੀ-ਨਾਚ ਵਾਰੇ ਇਹ ਧਾਰਨਾ ਮਸ਼ਹੂਰ ਹੈ ਕਿ ਇੱਕ ਸੰਮੀ ਨਾਂ ਦੀ ਅਤਿ ਸੁੰਦਰ ਮੁਟਿਆਰ ਸੀ , ਜਿਸਦਾ ਢੋਲਾ ਨਾਂ ਦਾ ਇੱਕ ਪ੍ਰੇਮੀ ਸੀ । ਸੰਮੀ ਅਤੇ ਢੋਲਾ ਬਹੁਤ ਹੀ ਅਮੀਰ ਜਾਗੀਰਦਾਰਾਂ ਦੇ ਧੀਆਂ-ਪੁੱਤਰ ਸਨ । ਕਹਿੰਦੇ ਹਨ ਕਿ ਢੋਲਾ ਸ਼ਿਕਾਰ ਖੇਡ੍ਹਦਾ ਆਪਣੇ ਸ਼ਿਕਾਰ ਦਾ ਪਿੱਛਾ ਕਰਦਾ ਹੋਇਆ ਸੰਮੀ ਦੇ ਬਾਗ਼ ਵਿੱਚ ਜਾ ਵੜਿਆ ।ਉਹ ਬਾਗ਼ ਵਿੱਚ ਸੰਮੀ ਨੂੰ ਪਹਿਲੀ ਨਜਰੇ ਹੀ ਤੱਕਦਿਆਂ ਦਿਲ ਦੇ ਬੈਠਾ । ਢੋਲਾ ਸੰਮੀ ਦੇ ਹੁਸਨ ਦਾ ਦੀਵਾਨਾ ਹੋ ਗਿਆ । ਸੰਮੀ ਵੀ ਪਹਿਲੀ ਤੱਕਣੀ ਹੀ ਢੋਲੇ ਨੂੰ ਦਿਲ ਬੈਠਦੀ ਹੈ । ਦੋਵਾਂ ਵਿੱਚ ਪਿਆਰ ਪੈ ਜਾਂਦਾ ਹੈ । ਪਰ ਇੱਕ ਦਿਨ ਢੋਲਾ ਕਿਸੇ ਵਜਹ ਸੰਮੀ ਨੂੰ ਛੱਡਕੇ ਦੂਰ ਚਲਾ ਜਾਂਦਾ ਹੈ । ਪਿੱਛੋਂ ਸੰਮੀ ਆਪਣੇ ਪ੍ਰੇਮੀ ਦੇ ਵਿਯੋਗ-ਰਸ ਵਿੱਚ ਤੜਪਦੀ ਹੋਈ ਨੱਚਦੀ ਹੀ ਰਹਿੰਦੀ ਸੀ ।ਸੰਮੀ-ਨਾਚ ਪ੍ਰੇਮ , ਬ੍ਰਿਹਾ ਅਤੇ ਖੁਸ਼ੀਆਂ ਖੇੜਿਆਂ ਸਮੇਂ ਪਾਇਆ ਜਾਣ ਵਾਲਾ ਨਾਚ ਹੈ । ਇਹ ਅੱਲ੍ਹੜ ਮੁਟਿਆਰਾਂ ਦੇ ਦਿਲਾਂ ਦੇ ਅਰਮਾਨਾਂ ਅਤੇ ਸੱਧਰਾਂ ਦੀ ਰਹਿਨੁਮਾਈ ਕਰਨ ਵਾਲਾ ਨਾਚ ਹੈ । ਸੰਮੀ ਨਾਚ ਕੁਦਰਤ ਦੇ ਰੰਗਾਂ ਦੀ ਵੀ ਬਾਖੂਬੀ ਪੇਸ਼ਕਾਰੀ ਕਰਦਾ ਹੈ। ਇਸ ਨਾਚ ਰਾਹੀਂ ਸੰਮੀ ਦਾ ਗੀਤ ਗਾਏ ਜਾਣ ਸਮੇ ਪ੍ਰਕਿਰਤੀ , ਜੰਗਲਾਂ ਅਤੇ ਜੀਵ-ਜੰਤੂਆਂ ਦਾ ਵੀ ਚਿਤਰਣ ਝਲਕ-ਝਲਕ ਪੈਂਦਾ ਹੈ ।

ਦੇਸ਼ ਦੀ ਵੰਡ ਹੋ ਜਾਣ ਬਾਦ ਮੁਟਿਆਰਾਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆਉਣ ਸਮੇਂ ਸੰਮੀ-ਨਾਚ ਨੂੰ ਆਪਣੇ ਨਾਲ ਹੀ ਲੈ ਆਈਆਂ । ਹੌਲੀ-ਹੌਲੀ ਇਹ ਸੰਮੀ ਪਾਉਣ ਸਮੇਂ ਮੁਟਿਆਰਾਂ/ਔਰਤਾਂ ਬਾਹਵਾਂ ਵਿੱਚ ਬਾਹਵਾਂ ਪਾ ਕੇ ਘੇਰਾ ਬਣਾ ਲੈਂਦੀਆਂ ਹਨ । ਉਹ ਹੱਥਾਂ ਨਾਲ ਤਾੜੀਆਂ ਵਜਾ ਕੇ ਅਤੇ ਚੁਟਕੀਆਂ ਵਜਾ ਕੇ ਨੱਚਦੀਆਂ ਹੋਈਆਂ ਸੰਮੀ ਗਾਉਂਦੀਆਂ ਹਨ । ਉਹ ਆਪਣਾ ਸੱਜਾ ਹੱਥ ਆਪਣੇ ਲੱਕ ਦੁਆਲੇ ਅਤੇ ਖੱਬਾ ਹੱਥ ਮੱਥੇ ਨਾਲ ਲਗਾ ਕੇ ਸਲਾਮ ਕਰਨ ਦਾ ਨਾਟਕ ਕਰਦੀਆਂ ਹਨ ਅਤੇ ਫਿਰ ਆਪਣੇ ਦੋਵੇਂ ਹੱਥ ਆਪਣੇ ਮੱਥੇ ਉੱਤੇ ਰੱਖਕੇ ਲੱਕ ਅੱਗੇ ਕਰਕੇ ਸਲਾਮ ਕਰਦੀਆਂ ਹਨ । ਮੁਟਿਆਰਾਂ ਚੁਟਕੀਆਂ ਅਤੇ ਤਾੜੀਆਂ ਦੀ ਲੈਅ ਨਾਲ ਨੱਚਦੀਆਂ ਹੋਈਆਂ ਆਪਣੇ ਕਦਮਾਂ ਦੀ ਤਾਲ ਨੂੰ ਇੱਕਸੁਰ ਕਰਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੰਦੀਆਂ ਹਨ । ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ , ਸੰਮੀ ਨੇ ਵੀ ਅਪਣੀ ਪੂਰਵ ਹੋਂਦ ਬਦਲ ਲਈ ਹੈ । ਅਜੋਕੇ ਸਮੇ ਨੱਚਣ ਵਾਲੀਆਂ ਮੁਟਿਆਰਾਂ ਨੇ ਸੰਮੀ-ਨਾਚ ਵਿੱਚ ਘੜੇ ਅਤੇ ਢੋਲ ਆਦਿ ਨਵੇਂ ਨਵੇਂ ਉਕਰਨਾਂ ਨੂੰ ਵੀ ਸਾਮਿਲ ਕਰ ਲਿਆ ਹੈ ।

ਪਹਿਰਾਵਾ : ਸੰਮੀ ਪਾਉਣ ਸਮੇਂ ਮੁਟਿਆਰਾਂ/ਔਰਤਾਂ ਵੱਲੋਂ ਆਮ ਤੌਰ ਤੇ ਕੁੜਤਾ ਅਤੇ ਲਹਿੰਗਾ ਪਹਿਿਨਆ ਜਾਂਦਾ ਹੈ ਜੋ ਕਿ ਵੱਖ-ਵੱਖ ਗੂੜ੍ਹੇ ਰੰਗਾਂ ਵਿੱਚ ਹੁੰਦਾ ਹੈ ।ਸ਼ਿੰਗਾਰ ਵਸਤਾਂ ਵਿੱਚ ਸੰਮੀ ਸਮੇਂ ਚਾਂਦੀ ਦੇ ਗਹਿਣਆਂ ਨੂੰ ਪਹਿਨਆ ਜਾਂਦਾ ਹੈ । ਇਸ ਸਮੇਂ ਮੁੱਖ ਤੌਰ ਤੇ ਕੈਂਠੇ, ਜੇਬਾਂ ਅਤੇ ਕੰਗਣ ਆਦਿ ਪਹਿਨੇ ਜਾਂਦੇ ਹਨ ।

                                                                     ਸੰਮੀ ਦਾ ਗੀਤ:

                                                          ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,

                                                                    ਸੰਮੀ ਮੇਰੀ ਵਾਰ ,

                                                          ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,

                                                           ਕੋਠੇ ਉੱਤੇ ਕੋਠੜਾ ਨੀ ਸੰਮੀਏ ,

                                                          ਕੋਠੇ ਤਪੇ ਤੰਦੂਰ ਮੇਰੀ ਸੰਮੀਏ ,

                                                          ਖਾਵਣ ਵਾਲਾ ਦੂਰ ਨੀ ਸੰਮੀਏ ,

                                                          ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,

                                                                   ਸੰਮੀ ਮੇਰੀ ਵਾਰ ,

                                                           ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,

ਝੂੰਮਰ : ਝੂੰਮਰ ਇਸਤਰੀਆਂ ਅਤੇ ਮਰਦਾਂ ਦਾ ਸਾਂਝਾ ਲੋਕ-ਨਾਚ ਹੈ । ਖੁਸ਼ੀ ਵਿੱਚ ਝੂਮ-ਝੂਮ ਕੇ ਨੱਚਣ ਵਾਲੇ ਇਸ ਨਾਚ ਦਾ ਨਾਂ ਝੂਮਰ ਨਾਚ ਪਿਆ ਪਾਕਿਸਤਾਨ  ਵਿੱਚ ਪੈਂਦਾ ਸਾਂਦਲਬਾਰ ਦਾ ਇਲਾਕਾ ਇਸ ਨਾਚ ਦਾ ਅਸਲ ਜਨਮ-ਦਾਤਾ ਹੈ । ਇਹ ਨਾਚ ਇਥੇ ਮਰਦਾਂ ਦੇ ਲੋਕ-ਨਾਚ ਨਾਲ ਜਾਣਿਆਂ ਜਾਂਦਾ ਹੈ । ਸਾਂਦਲਬਾਰ ਵਿੱਚ ਟੋਭਾ ਟੇਕ ਸਿੰਘ, ਸੇਖੂਪੁਰਾ, ਮਿੰਟਗੁਮਰੀ, ਫੈਸਲਾਬਾਦ, ਝੰਗ ਆਦਿ ਜ਼ਿਲ੍ਹੇ ਪਾਏ ਜਾਂਦੇ ਹਨ । ਇਤਿਹਾਸਕਾਰਾਂ ਅਨੁਸਾਰ ਪੂਰਵ ਕਾਲ ਵਿੱਚ ਇਸ ਇਲਾਕੇ ਵਿੱਚ ਜੰਗਲ਼ ਹੋਇਆ ਕਰਦੇ ਸਨ । ਇਸੇ ਕਰਕੇ ਇਸ ਖੇਤਰ ਦੇ ਲੋਕਾਂ ਨੂੰ ਜੰਗਲੀ ਜਾਂ ਜਾਂਗਲੀ ਲੋਕ ਵੀ ਕਿਹਾ ਜਾਂਦਾ ਸੀ । ਪ੍ਰੰਤੂ ਪਾਕਿਸਤਾਨ ਵਿੱਚ ਮੁਸਲੀ ਜਾਤੀ ਦੀਆਂ ਔਰਤਾਂ ਅਤੇ ਮਰਦ ਇਕੱਠੇ ਝੂੰਮਰ ਨਾਚ ਕਰਦੇ ਹਨ ।

ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ਇਸ ਗੱਲ ਦਾ ਜਿਕਰ ਵੀ ਆਉਂਦਾ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਪ੍ਰਾਂਤਾਂ ਵਿੱਚ ਵੀ ਝੂੰਮਰ ਨਾਚ ਪ੍ਰਚਲਿਤ ਹਨ । ਪਰ ਤਕਨੀਕੀ ਪੱਖੋਂ ਇਹ ਪੰਜਾਬ ਦੇ ਝੂੰਮਰ ਨਾਚ ਤੋਂ ਵੱਖਰੇ ਹਨ । ਝੂੰਮਰ ਆਮ ਤੌਰ ਤੇ ਸਿਰਫ ਢੋਲ ਦੇ ਡੱਗੇ ਤੇ ਹੀ ਨੱਚਿਆ ਜਾਣ ਵਾਲਾ ਨਾਚ ਹੈ । ਪਰ ਫਿਰ ਵੀ ਪੇਸ਼ੇਵਰ ਲੋਕ ਇਸ ਨਾਚ ਵਿੱਚ ਢੋਲ ਦੇ ਨਾਲ ਹੋਰ ਵੀ ਸਾਜ ਜਿਵੇਂ ਕਿ ਤੂਤੀਆਂ, ਖੜਤਾਲਾਂ, ਚਿਮਟੇ, ਸ਼ਹਿਨਾਈਆਂ ਜਾਂ ਡਾਂਡੀਆਂ ਆਦਿ ਦੀ ਵੀ ਵਰਤੋਂ ਕਰਨ ਲੱਗ ਪਏ ਹਨ । ਝੂੰਮਰ ਪਾਉਣ ਸਮੇਂ ਝੂੰਮਰੀ ਢੋਲ ਵਜਾਉਣ ਵਾਲੇ ਢੋਲੀ ਦੇ ਆਲੇ ਦੁਆਲੇ ਘੇਰਾ ਬਣਾ ਲੈਂਦੇ ਹਨ । ਘੇਰਾ ਬਣਾ ਕੇ ਖੜ੍ਹੇ ਮਰਦ ਅਤੇ ਔਰਤਾਂ ਆਪਣਾ ਇੱਕ ਇੱਕ ਕਦਮ ਖੱਬੇ ਪਾਸਿਓਂ ਸੱਜੇ ਅਤੇ ਸੱਜੇ ਪਾਸਿਓਂ ਖੱਬੇ ਘੁਮਾਉਣ ਲੱਗਦੇ ਹਨ । ਉਹ ਸਾਰੇ ਇਸ ਮਗਰੋਂ ਪੂਰੇ ਘੁੰਮ ਜਾਂਦੇ ਹਨ । ਅਜਿਹਾ ਕਰਨ ਸਮੇਂ ਸਾਰੇ ਝੂੰਮਰੀ “ਛੂਹ-ਛਾਹ , ਛੂਹ-ਛਾਹ” ਦੀਆਂ ਇੱਕ ਲੈਅ ਵਿੱਚ ਅਵਾਜ਼ਾਂ ਵੀ ਕੱਢਦੇ ਹਨਝੂੰਮਰ ਪਾਉਣ ਵਾਲੇ ਮਰਦ ਔਰਤਾਂ ਨਾਚ ਕਰਨ ਸਮੇ ਆਪਣੀਆਂ ਦੋਵੇਂ ਮੁੱਠੀਆਂ ਮੀਟ ਲੈਂਦੇ ਹਨ ਅਤੇ ਆਪਣੀਆਂ ਛਾਤੀਆਂ ਨਾਲ ਲਗਾ ਕੇ ਝਟਕਾਉਂਦੇ ਹੋਏ ਝੂੰਮਰ ਪਾਉਣਾ ਜਾਰੀ ਰੱਖਦੇ ਹਨ ਅਤੇ ਨਾਲ ਹੀ ਗੀਤ ਗਾਉਂਦੇ ਰਹਿੰਦੇ ਹਨ । ਢੋਲੀ ਦੀਆਂ ਜਿਉਂ-ਜਿਉਂ ਤਾਲਾਂ ਬਦਲਦੀਆਂ ਹਨ, ਤਿਉਂ-ਤਿਉਂ ਝੂੰਮਰ ਪਾਉਣ ਵਾਲੇ ਮਰਦ ਔਰਤਾਂ ਦੇ ਨਾਚ ਦੀ ਗਤੀ ਵਿੱਚ ਵੀ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ । ਇਹ ਸੁਰਤਾਲ ਸ਼ੁਰੂ-ਸ਼ੁਰੂ ਵਿੱਚ ਧੀਮੀ ਚਾਲ ਵਿੱਚ ਹੁੰਦਾ ਹੈ ਜੋ ਬਾਅਦ ਵਿੱਚ ਤੇਜ਼ ਅਤੇ ਹੋਰ ਤੇਜ਼ ਹੋਈ ਜਾਂਦਾ ਹੈ । ਇਸ ਤਰ੍ਹਾਂ ਆਖਿਰ ਝੂੰਮਰ-ਨਾਚ ਆਪਣੇ ਸਿਖਰ ਤੇ ਪਹੁੰਚ ਜਾਂਦਾ ਹੈ ।

 

 

 

ਕਿੱਕਲੀ : ਕਿੱਕਲੀ ਆਮ ਤੌਰ ਤੇ ਪੰਜਾਬ ਵਿੱਚ ਛੋਟੀਆਂ ਕੁੜੀਆਂ ਦਾ ਬਹੁਤ ਹੀ ਹਰਮਨ ਪਿਆਰਾ ਨਾਚ ਹੈ । ਪ੍ਰੰਤੂ ਅੱਜਕਲ ਕਿੱਕਲੀ ਮੁਟਿਆਰਾਂ ਵੱਲੋਂ ਵੀ ਗਿੱਧਾ ਪਾਉਂਣ ਸਮੇਂ ਅਕਸਰ ਪਾ ਲਈ ਜਾਂਦੀ ਹੈ । ਅਜਿਹਾ ਕਰਕੇ ਮੁਟਿਆਰਾਂ ਆਪਣੀ ਬਾਲ ਅਵਸਥਾ ਦੇ ਅਨੁਭਵ ਮਾਨਣ ਦਾ ਸਕੂਨ ਪ੍ਰਾਪਤ ਕਰ ਲੈਂਦੀਆਂ ਹਨ । ਇਸੇ ਕਾਰਨ ਕਿੱਕਲੀ ਦੂਸਰੇ ਨਾਚਾਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਈ ਰੱਖਣ ਦੀ ਸਮਰੱਥਾ ਰੱਖਦੀ ਹੈ ।ਕਿੱਕਲੀ ਪਾਉਣ ਲਈ ਕਿਸੇ ਖ਼ਾਸ ਜਗ੍ਹਾ ਜਾਂ ਸਥਾਨ ਦੀ ਚੋਣ ਕਰਨੀ ਜ਼ਰੂਰੀ ਨਹੀਂ ਹੁੰਦੀ ਜਿਆਦਾਤਰ ਨਿੱਕੀਆਂ ਕੁੜੀਆਂ ਵੱਲੋਂ ਕਿੱਕਲੀ ਖੇਡੀ ਜਾਣ ਕਾਰਨ ਇਸਨੂੰ ਨਿਆਣੀਆਂ ਕੁੜੀਆਂ ਦੀ ਰਵਾਇਤੀ ਖੇਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ‘ਕਿੱਕਲੀ’ ਸ਼ਬਦ ਦੀ ਉਤਪਤੀ ‘ਕਿਰਕਲੀ’ ਸ਼ਬਦ ਤੋਂ ਹੋਈ ਜਿਸਦਾ ਅਰਥ ਅਨੰਦ ਜਾਂ ਖੁਸੀ ਹੈ । ਕਿੱਕਲੀ ਪਾਉਣ ਸਮੇਂ ਕੁੜੀਆਂ ਦੋ-ਦੋ ਦੇ ਗਰੁੱਪ  ਬਣਾ ਲੈਂਦੀਆਂ ਹਨ । ਇੱਕ ਕੁੜੀ ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਖੱਬੇ ਹੱਥ ਨਾਲ ਅਤੇ ਆਪਣਾ ਸੱਜਾ ਹੱਥ ਦੂਸਰੀ ਕੁੜੀ ਦੇ ਖੱਬੇ ਹੱਥ ਵਿੱਚ ਫੜ ਲੈਂਦੀ ਹੈ । ਦੋਵੇਂ ਇੱਕ ਦੂਸਰੇ ਦੇ ਹੱਥਾਂ ਨੂੰ ਘੁੱਟ ਕੇ ਫੜ ਕੇ ਕੰਘੀ ਬਣਾ ਲੈਂਦੀਆਂ ਹਨ । ਉਹ ਦੋਵੇਂ ਆਪਣੇ ਪੈਰਾਂ ਦਾ ਭਾਰ ਆਪਣੇ ਸਰੀਰ ਨੂੰ ਪਿਛਾਂਹ ਵੱਲ ਝੁਕਾ ਕੇ ਆਪਣੇ ਹੱਥਾਂ ਤੇ ਪਾ ਲੈਂਦੀਆਂ ਹਨ ਅਤੇ ਤੇਜ਼ੀ ਨਾਲ ਸੱਜਿਓਂ ਖੱਬੇ ਪਾਸੇ ਵੱਲ ਘੁੰਮਣ ਲੱਗ ਪੈਂਦੀਆਂ ਹਨ । ਇਸ ਤਰ੍ਹਾਂ ਉਹ ਕਿੱਕਲੀ ਪਾਉਂਦੀਆਂ ਹੋਈਆਂ ਨਾਲੋ-ਨਾਲ ਗੀਤ ਗਾਉਂਦੀਆਂ ਹਨ ।

                                                                      ਕਿੱਕਲੀ ਦੇ ਗੀਤ :

                                                                     ਕਿੱਕਲੀ ਕਲੀਰ ਦੀ

                                                                      ਪੱਗ ਮੇਰੇ ਵੀਰ ਦੀ

                                                                   ਦੁਪੱਟਾ ਮੇਰੇ ਭਾਰੀ ਦਾ

                                                                    ਫਿੱਟੇ ਮੂੰਹ ਜਵਾਈ

 

                                                                ਕਿੱਕਲੀ ਪਾਉਣ ਆਈਆਂ

                                                                ਬਦਾਮ ਖਾਵਣ ਆਈਆਂ

                                                                ਬਦਾਮ ਦੀ ਗੁੱਲੀ ਮਿੱਠੀ

                                                                ਮੈਂ ਵੀਰ ਦੀ ਕੁੜੀ ਡਿੱਠੀ

                                                               ਮੇਰੇ ਵੀਰ ਦੀ ਕੁੜੀ ਕਾਲੀ

                                                                ਮੈਨੂੰ ਆ ਗਈ ਭਵਾਲੀ

                                                                ਥਾਲੀ ਥਾਲੀ ਥਾਲੀ ।

 

                                                             ਅੱਠਾਂ ਗਲੀ ਮੈਂ ਆਵਾਂ ਜਾਵਾਂ

                                                               ਅਕਸ ਗਲੀ ਲਸੂੜ੍ਹਾ

                                                               ਭਾਬੋ ਮੰਗੇ ਮੁੰਦਰੀਆਂ

                                                                ਨਣਾਨ ਮੰਗੇ ਚੂੜਾ

                                                              ਨੀ ਇਹ ਲਾਲ ਲਸੂੜ੍ਹਾ ।

 

                                                      ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ

                                                     ਦੁਪੱਟਾ ਮੇਰੇ ਭਾਈ ਦਾ,ਸੂਰਜ ਲੜਾਈ ਦਾ

                                                    ਗਾਵਾਂਗੇ ਤੇ ਹੱਸਾਂਗੇ, ਸਹੇਲੀਆਂ ਨੂੰ ਦੱਸਾਂਗੇ ।

                                                     ਜੰਞ ਚੜ੍ਹੇ ਵੀਰ ਦੀ, ਕਿੱਕਲੀ ਕਲੀਰ ਦੀ ।

 

                                                      ਕਿੱਕਲੀ ਕਲਸ ਦੀ, ਲੱਤ ਭੱਜੇ ਸੱਸ ਦੀ ।

                                                     ਗੋਡਾ ਭੱਜੇ ਜੇਠ ਦਾ, ਝੀਥਾਂ ਥਾਣੀ ਦੇਖਦਾ ।

                                                       ਮੋੜ ਸੂ ਜੇਠਾਣੀਏ, ਮੋੜ ਸੱਸੇ ਰਾਹੀਏ ।

                                              ਸੱਸ ਦਾਲ ਚਾ ਬਣਾਈ, ਛੰਨਾ ਭਰਿਆ ਲੈਕੇ ਆਈ ।

                                               ਸੱਸ ਖੀਰ ਜਾ ਪਕਾਈ, ਵਿੱਚ ਆਲੇ ਜਾ ਲੁਕਾਈ ।

                                          ਅੰਦਰ ਬਾਹਰ ਵੜਦੀ ਖਾਵੇ, ਭੈੜੀ ਗੱਲ-ਗੜੱਪੇ ਲਾਵੇ ।

                                            ਲੋਕੋ ਸੱਸਾਂ ਬੁਰੀਆਂ ਵੇ, ਲਾਵੇ ਕਲ਼ੇਜੇ ਛੁਰੀਆਂ ਵੇ ।

                                             ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ .........।

ਹੁੱਲੇ-ਹੁਲਾਰੇ : ਹੁੱਲੇ-ਹੁਲਾਰੇ ਇਸਤਰੀਆਂ ਵੱਲੋਂ ਕਰਿਆ ਜਾਣ ਵਾਲਾ ਹਰਮਨ ਪਿਆਰਾ ਲੋਕ-ਨਾਚ ਹੈ । ਇਹ ਦੋਵੇਂ ਹੀ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੀਆਂ ਇਸਤਰੀਆਂ ਦਾ ਨਾਚ ਹੈ । ਇਹ ਨਾਚ ਹਿੰਦੂ, ਮੁਸਲਿਮ, ਸਿੱਖ ਧਰਮ ਦੀਆਂ ਔਰਤਾਂ ਤੋਂ ਇਲਾਵਾ ਹੋਰ ਵੀ  ਅਨੇਕਾਂ ਵੱਖ-ਵੱਖ ਧਰਮਾਂ ਦੀਆਂ ਔਰਤਾਂ ਵਿੱਚ ਲੋਕ ਪ੍ਰਿਅ ਹੈ । ਇਸ ਲੋਕ-ਨਾਚ ਦੇ ਇਤਿਹਾਸ ਦੀਆ ਵੀ ਵੱਖ-ਵੱਖ ਲੋਕ ਦੰਦ-ਕਥਾਵਾਂ ਪ੍ਰਚਲਿਤ ਹਨ । ਪੁਰਾਤਨ ਗ੍ਰੰਥਾਂ ਅਨੁਸਾਰ ਪੂਰਵ ਕਾਲ ਵਿੱਚ ਹੁੱਲੇ-ਹੁਲਾਰੇ ਨਾਚ ਨੂੰ ਹਲੀਸਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਈ ਇਤਿਹਾਸਕਾਰਾਂ ਨੇ ਇਸ ਲੋਕ-ਨਾਚ ਨੂੰ ਦੇਵ-ਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੋੜ ਕੇ ਵਰਨਣ ਕੀਤਾ ਹੈ । ਨੱਚਣ ਵਾਲੀਆਂ  ਇਸਤਰੀਆਂ ਵਿੱਚੋਂ ਕੋਈ ਇੱਕ ਨੱਚ ਕੇ ਆਪਣੀਆਂ ਆਦਾਵਾਂ ਦਾ ਪ੍ਰਦਰਸ਼ਨ ਕਰਦੀ ਹੋਈ ਗੀਤ ਦੀ ਹਰ ਪਹਿਲੀ  ਤੁਕ ਦਾ ਗਾਉਂਦੀ ਹੋਈ ਉਚਾਰਣ ਕਰਦੀ ਹੈ , ਜਦੋਂ ਕਿ ਉਸ ਦੁਆਲੇ ਘੇਰਾ ਬਣਾ ਕੇ ਬੈਠੀਆਂ ਬਾਕੀ ਸਾਥਣਾ ਉੱਚੀ- ਉੱਚੀ ਇੱਕ ਖ਼ਾਸ ਸੁਰ ਅਤੇ ਲੈਅ ਵਿੱਚ ‘ਹੁੱਲੇ-ਹੁੱਲੇ’ ਸ਼ਬਦ ਦਾ ਗਾ ਕੇ ਉਚਾਰਣ ਕਰਦੀਆਂ ਹਨ । ਹੁੱਲੇ-ਹੁਲਾਰੇ ਨਾਚ ਕਈ ਵੱਖ-ਵੱਖ ਪ੍ਰਕਾਰ ਦੀਆਂ ਮੁਦਰਾਵਾਂ ਵਿੱਚ ਕੀਤੇ ਜਾਣ ਵਾਲਾ ਨਾਚ ਹੈ । ਨਾਚ ਕਰਨ ਸਮੇਂ ਇਸਤਰੀ ਆਪਣੀ ਬਾਹਵਾਂ ਦੇ ਹੁਲਾਰਿਆਂ ਨਾਲ ਆਪਣੇ ਪਤਲੇ ਲੱਕ ਨੂੰ ਮਟਕਾਉਂਦੀ ਹੋਈ ਦੇਖਣ ਵਾਲ਼ਿਆਂ ਦਾ ਮਨ ਮੋਹ ਲੈਂਦੀ ਹੈ । ਉਹ ਪੈਰਾਂ ਦੇ ਠੁਮਕਿਆਂ ਨਾਲ ਝਾਂਜਰਾਂ ਛਣਕਾਉਂਦੀ ਹੋਈ ਤਾੜੀਆਂ ਮਾਰ-ਮਾਰ ਕੇ ਤੇਜ਼ੀ ਨਾਲ ਘੁੰਮਦੀ ਹੈ । ਇਸ ਤਰਾਂ ਨਾਚ ਕਰਨ ਵਾਲੀ ਇਸਤਰੀ ਹੁੱਲੇ-ਹੁਲਾਰੇ ਦਾ ਪਰਦਰਸ਼ਨ ਕਰਦੀ ਹੈ ।

                                                                    ਹੁੱਲੇ-ਹੁਲਾਰੇ ਦੇ ਗੀਤ :

 

                                                             ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ ਹੁੱਲੇ

                                                                 ਸੱਸ ਤੇ ਸਹੁਰਾ ਚੱਲੇ ਹੁੱਲੇ

                                                                 ਜੇਠ ਜੇਠਾਣੀ ਚੱਲੇ ਹੁੱਲੇ

                                                               ਦਿਉਰ ਜਠਾਣੀ ਚੱਲੇ ਹੁੱਲੇ

                                                                ਵਹੁਟੀ ਗੱਭਰੂ ਚੱਲੇ ਹੁੱਲੇ

                                                              ਸੌਂਕਣ ਨਾਲ ਲੈ ਚੱਲੇ ਹੁੱਲੇ

                                                               ਮੈਂ ਕੱਲੀ ਛੱਡ ਚੱਲੇ ਹੁੱਲੇ

                                                              ਗੱਡੀ ਚੜ੍ਹ ਗਏ ਸਾਰੇ ਹੁੱਲੇ

                                                               ਮੈਂ ਸੀ ਝਾਈ ਲੀਤੀ ਹੁੱਲੇ

                                                               ਮੈਂ ਸੀ ਚੰਗੀ ਕੀਤੀ ਹੁੱਲੇ

                                                               ਅੱਗੇ ਸੱਸ ਨਹਾਵੇ ਹੁੱਲੇ

                                                               ਅੱਗੇ ਸਹੁਰਾ ਨ੍ਹਾਵੇ ਹੁੱਲੇ

                                                               ਜੇਠ ਜੇਠਾਣੀ ਨ੍ਹਾਵੇ ਹੁੱਲੇ

                                                             ਦਿਉਰ ਦਰਾਣੀ ਨ੍ਹਾਵੇ ਹੁੱਲੇ

                                                               ਵਹੁਟੀ ਗੱਭਰੂ ਨ੍ਹਾਵੇ ਹੁੱਲੇ

                                                               ਮੈਂ ਵੀ ਚੰਗੀ ਕੀਤੀ ਹੁੱਲੇ

                                                             ਗੁੱਤਾਂ ਸੀ ਫੜ ਲੀਤੀ ਹੁੱਲੇ

                                                             ਸੌਂਕਣ ਰੋੜ੍ਹ ਲੀਤੀ ਹੁਲੇ

                                                         ਮੈਨੂੰ ਦਿਓ ਵਧਾਈਆਂ ਜੀ ਹੁੱਲੇ

                                                          ਕਿ ਸੌਂਕਣ ਰੋੜ੍ਹ ਆਈਆਂ ਜੀ

                                                           ਮੈਨੂੰ ਦਿਓ ਵਧਾਈਆਂ ਜੀ

                                                            ਮੈਨੂੰ ਦਿਓ ..................

ਭੰਗੜਾ : ਜੇਕਰ ਅੱਲ੍ਹੜ ਮੁਟਿਆਰਾਂ ਦੀ ਗਿੱਧਾ ਜਾਨ ਹੈ , ਠੀਕ ਉਸੇ ਤਰਾਂ ਭੰਗੜਾ ਪੰਜਾਬੀ ਗੱਭਰੂਆਂ ਦੀ ਸ਼ਾਨ ਹੈ । ਭੰਗੜੇ ਦੇ ਇਤਿਹਾਸ ਸਬੰਧੀ ਇਤਿਹਾਸਕਾਰਾਂ ਤੋਂ ਅਲੱਗ-ਅਲੱਗ ਪ੍ਰਮਾਣ ਮਿਲਦੇ ਹਨਭੰਗੜਾ ਜਿਆਦਾ ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਸਿਆਲਕੋਟ ਅਤੇ ਸ਼ੇਖੂਪੁਰਾ ਜਿਲ੍ਹਿਆਂ ਵਿੱਚ ਜਿਆਦਾ ਪ੍ਰਚਲਿਤ ਦੱਸਿਆ ਜਾਂਦਾ ਹੈ । ਲੋਕ-ਨਾਚ ਦੇ ਸੰਬੰਧ ਵਿੱਚ ਇੱਕ ਧਾਰਨਾ ਇਹ ਵੀ ਪ੍ਰਚਲਿਤ ਹੈ ਕਿ ਆਰੀਆ ਲੋਕਾਂ ਦੇ ਕੁਝ ਕਬੀਲੇ ਭਾਰਤ ਵਿੱਚ ਦਾਖਲ ਹੋ ਕੇ ਇਥੇ ਪੰਜਾਬ ਦੇ ਪੱਕੇ ਹੀ ਵਸਨੀਕ ਬਣਕੇ ਰਹਿ ਗਏ ਸਨ । ਇਹ ਕਿਆਸ ਕੀਤਾ ਜਾਂਦਾ ਹੈ ਕਿ ਇਹ ਲੋਕ ਚੜ੍ਹਦੇ  ਵਿਸਾਖ ਮਹੀਨੇ ਨੂੰ ਆਪਣੀ ਕਣਕ ਦੀ ਪੱਕੀ ਫਸਲ ਦੇਖ ਕੇ ਭੰਗ ਪੀ ਕੇ ਖੁਸ਼ੀ ਵਿੱਚ ਖੀਵੇ ਹੋ ਕੇ ਨੱਚਣ ਲੱਗ ਪੈਂਦੇ ਸਨ । ਇਸ ਕਰਕੇ ਇਨ੍ਹਾਂ ਭੰਗ ਪੀ ਕੇ ਨੱਚਣ ਵਾਲੇ ਲੋਕਾਂ ਤੋਂ ਇਸ ਨਾਚ ਦਾ ਨਾਂ ‘ਭੰਗੜਾ’ ਪਿਆਂ । ਭੰਗੜਾ ਹਰ ਖੁਸ਼ੀ ਦੇ ਮੌਕੇ, ਭਾਂਵੇਂ ਵਿਆਹ-ਸ਼ਾਦੀ ਹੋਵੇ ਅਤੇ ਭਾਂਵੇਂ ਵਿਸਾਖੀ ਦਾ ਤਿਉਹਾਰਗੱਲ ਕੀ ਪੰਜਾਬ ਵਿੱਚ ਹਰ ਖੁਸ਼ੀ ਦਾ ਮੌਕਾ ਭੰਗੜੇ ਬਿਨਾ ਸੱਚਮੁੱਚ ਇੱਕ ਤਰਾਂ ਨਾਲ ਅਧੂਰਾ ਹੈ । ਲੋਕ-ਗੀਤਾਂ ਅਤੇ ਲੋਕ-ਬੋਲੀਆਂ ਬਿਨਾ ਭੰਗੜਾ ਅਧੂਰਾ ਮੰਨਿਆ ਜਾਂਦਾ ਹੈ । ਇਨ੍ਹਾਂ ਬੋਲੀਆਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ , ਪੰਜਾਬ ਦੇ ਮੁੱਛ-ਫੁੱਟ ਗੱਭਰੂਆਂ ਅਤੇ ਲੰਮ-ਸਲੰਮੀਆਂ ਨਿਛੋਹ ਗੋਰੀਆਂ ਅੱਲ੍ਹੜ ਮੁਟਿਆਰਾਂ ਦਾ ਜਵਾਨੀ ਦਾ ਠਾਠਾਂ ਮਾਰਦਾ ਜੋਸ਼ , ਗੱਭਰੂਆਂ ਦੇ ਸੁਡੌਲ ਜੁੱਸੇ ਅਤੇ ਹੁਸੀਨ ਮੁਟਿਆਰਾਂ ਆਪਣੇ ਗੁੰਦਵੇਂ ਸਰੀਰ ਨੂੰ ਪੰਜਾਬ ਦੇ ਰਵਾਇਤੀ ਪਹਿਰਾਵੇ ਰਾਹੀਂ ਭੰਗੜੇ ਦੀ ਪੇਸ਼ਕਾਰੀ ਕਰਦੇ ਹਨ ।

 ਭੰਗੜੇ ਵਿੱਚ ਰਵਾਇਤੀ  ਨਿਰੋਲ ਪੇਂਡੂ ਸਜੋ-ਸਮਾਨ ਦੀ ਵਰਤੋਂ ਹੀ ਕੀਤੀ ਜਾਂਦੀ ਹੈ ।ਭੰਗੜੇ ਸਮੇਂ ਵਰਤੋਂ ਵਿੱਚ ਲਿਆਂਦਾ ਜਾਣ ਵਾਲਾ ਮੁੱਖ ਸਾਜ ਢੋਲ ਹੈ । ਪਰ ਇਸਤੋਂ ਇਲਾਵਾ ਇਸ ਨਾਚ ਸਮੇਂ ਅਲਗ਼ੋਜ਼ੇ , ਸੱਪ ,ਕਾਟੋ ,ਖੂੰਡੇ , ਅਤੇ ਬੁੱਗਤੂ ਆਦਿ ਸਾਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ । ਢੋਲ ਵਜਾਉਣ ਵਾਲਾ ਢੋਲੀ ਭੰਗੜੇ ਦਾ ਮੋਢੀ ਹੁੰਦਾ ਹੈ । ਭੰਗੜਾ ਪਾਉਣ ਵਾਲੇ ਢੋਲ ਦੇ ਡੱਗੇ ਤੇ ਮੋਢਿਆਂ ਨੂੰ ਉੱਪਰ ਹੇਠਾਂ ਕਰਕੇ ਹਿਲਾਉਣ ਲੱਗਦੇ ਹਨ ਅਤੇ  ਢੋਲੀ ਦੁਸ਼ਾਲੇ ਘੇਰਾ ਬਣਾ ਕੇ ਆਪਣਾ ਇੱਕ ਗੋਡਾ ਉਤਾਂਹ ਵੱਲ ਕਰਕੇ ਅੱਗੇ ਵੱਲ ਝੁਕਦੇ ਹੋਏ ਬਾਹਵਾਂ ਫੈਲਾ ਕੇ ਹੱਥ ਹਿਲਾਉਂਦੇ ਹਨ । ਉਹ ਚਿਹਰੇ ਤੇ ਮੁਸਕਰਾਹਟ ਲਿਆ ਕੇ ਖੁਸ਼ੀ ਵਿੱਚ ਸਿਰ ਹਿਲਾਉਂਦੇ ਹੋਏ ਘੁੰਮਦੇ ਹਨ । ਉਹ ਢੋਲ ਦੀ ਤਾਲ ਤੇ ਸ਼ਰੀਰ ਦੀਆਂ ਹਰਕਤਾਂ ਬਦਲਦੇ ਰਹਿੰਦੇ ਹਨ ।ਇਸ ਤਰਾਂ ਨੱਚਣ ਵਾਲੇ ਢੋਲ ਦੇ ਡੱਗੇ ਤੇ ਬੋਲੀਆਂ ਪਾਉਂਦੇ ਹੋਇਆਂ ਥਿਰਕਦੇ ਹੋਏ ਭੰਗੜਾ ਪਾ ਕੇ ਮਾਹੌਲ ਸੰਗੀਤਮਈ ਅਤੇ ਖੁਸ਼ਨੁਮਾ ਬਣਾ ਦਿੰਦੇ ਹਨ ।

ਪਹਿਰਾਵਾ :

ਭੰਗੜਾ ਪਾਉਣ ਸਮੇਂ ਭੰਗੜੇ ਵਿੱਚ  ਗੱਭਰੂ ਪੰਜਾਬ ਦਾ ਰਵਾਇਤੀ ਪਹਿਰਾਵਾ ਕੁੜਤੇ-ਚਾਦਰੇ ਅਤੇ ਉੱਪਰ ਰੰਗ-ਬਿਰੰਗੀਆਂ ਜੈਕਟਾਂ ਪਾ ਕੇ  ਤੁਰਲੇ ਵਾਲੀਆਂ ਰੰਗ-ਬਿਰੰਗੀਆਂ ਪੱਗਾਂ ਨਾਲ ਨੋਕਦਾਰ ਤਿੱਲੇ ਦੀਆਂ  ਕਢਾਈ ਵਾਲ਼ੀਆਂ ਪੰਜਾਬੀ ਜੁੱਤੀਆਂ ਪਾਉਂਦੇ ਹਨ । ਗਲਾਂ ਵਿੱਚ ਕੈਂਠੇ ਅਤੇ ਚੀਚੀਆਂ ਤੇ ਰੰਗ-ਬਿਰੰਗੇ ਰੋਸ਼ਨੀ ਰੁਮਾਲ ਬੰਨ੍ਹਿਆਂ ਬਗੈਰ ਪੰਜਾਬੀ ਗੱਭਰੂ ਜਚਦੇ ਹੀ ਨਹੀਂ ।

ਭੰਗੜੇ ਦੇ ਸਾਜ :

 ਢੋਲ

 

Image removed.

 

 

ਤੂੰਬੀ

 

Image removed.

 

 

ਚਿਮਟਾ

 

 

ਅਲਗ਼ੋਜ਼ੇ

 

Image removed.

ਸੱਪ

ਖੂੰਡਾ

ਕਾਟੋ

 

Image removed.

ਮਲਵਈ ਗਿੱਧਾ :

ਮਲਵਈ ਗਿੱਧੇ ਦਾ ਨਾਂ ਸੁਣਦਿਆਂ ਹੀ ਇਸਦਾ ਸੰਬੰਧ ਮਾਲਵਾ ਖੇਤਰ ਨਾਲ ਹੋਣ ਦੀ  ਝੱਟ ਇਹ ਗੱਲ ਜ਼ਿਹਨ ਵਿੱਚ ਆ ਜਾਂਦੀ ਹੈ ਜਿਆਦਾਤਰ ਇਹ ਗਿੱਧਾ ਬਾਬਿਆਂ ਦੇ ਗਿੱਧੇ ਦੇ ਨਾਂ ਨਾਲ ਮਸ਼ਹੂਰ ਹੈ । ਆਮਤੌਰ ਤੇ ਮਲਵਈ ਗਿੱਧੇ ਨੂੰ ਪੁਰਾਣੀ ਪੀੜ੍ਹੀ ਦੇ ਬਜ਼ੁਰਗ ਬਾਬੇ ਪਾਇਆ ਕਰਦੇ ਸਨ । ਪਰ ਅਜੋਕੇ ਯੁੱਗ ਵਿੱਚ ਮਲਵਈ ਗਿੱਧਾ ਕੇਵਲ ਮਲਵਈ ਲੋਕਾਂ ਦਾ ਹੀ ਨਹੀਂ , ਸਗੋਂ ਪੂਰੇ ਪੰਜਾਬ ਦੀ ਯੁਵਾ ਪੀੜ੍ਹੀ ਵਿੱਚ ਹਰਮਨ ਪਿਆਰਾ ਲੋਕ-ਨਾਚ ਬਣ ਗਿਆ ਹੈ । ਵਿਦਵਾਨ ਮਲਵਈ ਗਿੱਧੇ ਵਾਰੇ ਆਪਣੀ ਵੱਖਰੀ-ਵੱਖਰੀ ਰਾਏ ਰੱਖਦੇ ਹਨ। ਉਹਨਾਂ ਵਿੱਚੋਂ ਕੁਝ ਇਸਨੂੰ ਮਾਲਵੇ ਦੇ ਬਜ਼ੁਰਗ ਮਰਦ ਔਰਤਾਂ ਦੀ ਕਾਵਿਕ ਨੋਕ-ਝੋਕ ਦੇ ਸੰਧਰਵ ਵਿੱਚ ਵੀ ਦੇਖਦੇ ਹਨ । ਪੁਰਾਤਨ ਵੇਲਿਆਂ ਵਿੱਚ ਜਦੋਂ ਬਾਰਾਤ ਚੜ੍ਹਦੀ ਸੀ ਤਾਂ ਪਿੱਛੋਂ ਘਰ ਵਿੱਚ ਕੇਵਲ ਬਜ਼ੁਰਗ ਲੋਕ ਅਤੇ ਬੱਚੇ ਹੀ ਰਹਿ ਜਾਇਆ ਕਰਦੇ ਸਨ । ਬਾਰਾਤ ਕੁੜੀ ਵਾਲੇ ਘਰ ਕਈ-ਕਈ ਦਿਨ ਰਹਿੰਦੀ ਸੀ । ਪਿੱਛੇ ਇਕੱਲੇ ਘਰ ਵਿੱਚ ਚੋਰਾਂ-ਉਚੱਕਿਆਂ ਦੇ ਡਰੋਂ ਵਿਆਹ ਵਾਲੇ ਘਰ ਬਜ਼ੁਰਗ ਮਰਦ-ਔਰਤਾਂ ਮਲਵਈ ਗਿੱਧੇ ਰਾਹੀਂ ਆਪਣਾ ਮਨੋਰੰਜਨ ਕਰਕੇ ਸਾਰੀ-ਸਾਰੀ ਰਾਤ ਜਾਗ ਕੇ ਕੱਟ ਲੈਂਦੇ ਸਨ । ਨਾਨਕਾ-ਮੇਲ ਵਿੱਚ ਆਈਆਂ ਮੇਲਣਾ ਬੋਲੀਆਂ ਪਾ ਕੇ ਮਸਤੀ ਕਰਿਆ ਕਰਦੀਆਂ ਸਨ । ਮੇਲਣਾ ਵਿੱਚੋਂ ਕੋਈ ਮਰਦ ਗਿੱਧੇ ਵਿੱਚ ਦਾਦਕੀਆਂ ਨੂੰ ਬੋਲੀਆਂ ਰਾਹੀਂ ਨਿਵੇਕਲੇ ਸੁਆਲ ਕਰਦੀਆਂ ਸਨ-

                                         ਸੁਣ ਨੀ ਦਾਦਕੀਏ ਨੱਚਣ ਵਾਲੀਏ , ਮੈਂ ਤੇਰੇ ਜੱਸ ਗਾਵਾਂ

                                         ਮੰਦੇ ਬੋਲ ਨਾ ਬੋਲਾਂ ਗਿੱਧੇ ਵਿੱਚ , ਮੈਂ ਵਧਕੇ ਬੋਲੀ ਪਾਵਾਂ ।

                                       ਬੰਤਾ ਸਿਉਂ ਮੇਰਾ ਨੀ ਸੋਹਣੀਏ , ਮੈਂ ਪਿੰਡ-ਪਿੰਡ ਖਾੜੇ ਲਾਵਾਂ ।

                                         ਪਿੰਡ ਹੈ ਮੇਰਾ ਖ਼ਾਸ ਹੀਰੀਏ , ਤੈਨੂੰ ਗੱਲਾਂ ਖੋਲ੍ਹ ਸੁਣਾਵਾਂ ।

                                         ਬਾਗ਼ ਵਿੱਚ ਫੁੱਲ ਖਿੜਿਆ , ਨੀ ਤੂੰ ਆਖੇਂ ਤੋੜ ਲਿਆਵਾਂ ।

                                         ਬਾਗ਼ ਵਿੱਚ ..................................................

  ਇਸ ਮੌਕੇ ਦਾਦਕੀਆਂ ਵਾਲੇ  ਕਿਹੜਾ ਘੱਟ ਨੇ , ਉਹ ਮੋੜਵੀਂ ਬੋਲੀ ਰਾਹੀਂ ਨਾਨਕੀਆਂ ਤੇ ਵਾਰ ਕਰਕੇ ਮਲਵਈ ਗਿੱਧੇ ਦੇ ਅਖਾੜੇ ਨੂੰ ਜੋਬਨ ਤੇ ਪਹੁੰਚਾ ਦਿੰਦੇ ਹਨ-

                                          ਕੈਂਠੇ ਆਲਿਆ ਪਾਉਨੈਂ ਬੋਲੀਆਂ , ਸ਼ਾਹ ਤੇਰਾ ਕੰਮ ਮਾੜਾ ।

                                              ਤੇਰੇ ਵਰਗੇ ਪੜ੍ਹਨ ਪੋਥੀਆਂ , ਸੁਬਹ ਫੇਰਦੇ ਮਾਲਾ ।

                                                ਉਏ ਮੇਰੀ ਬੋਲੀ ਦਾ , ਮੋੜ ਕਰੀਂ ਸਰਦਾਰ

                                                ਉਏ ਮੇਰੀ ਬੋਲੀ ਦਾ ....................

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਪੂਰਾ ਮਾਲਵਾ ਖ਼ਿੱਤਾ ਮੇਲਿਆਂ ਦਾ ਅਤੇ ਰੰਗਾਂ ਨਾਲ ਭਰਪੂਰ ਹੈ । ਮਲਵਈ ਗਿੱਧੇ ਵਾਰੇ ਇੱਕ ਦੂਸਰੀ ਧਾਰਨਾ ਇਹ ਵੀ ਹੈ ਕਿ ਮਲਵਈ ਲੋਕ ਚੰਨ ਚਾਨਣੀਆਂ ਰਾਤਾਂ ਨੂੰ ਨੱਚਦੇ ਗਾਉਂਦੇ ਵਹੀਰਾਂ ਘਣਾ ਕੇ ਮੇਲੇ ਦੇਖਣ ਜਾਇਆ ਕਰਦੇ ਸਨ ।ਇਸ  ਤਰਾਂ ਮੇਲਿਆਂ ਵਿੱਚ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਸੀ ।

      ਮਲਵਈ ਗਿੱਧੇ ਦਾ ਮੁੱਖ ਸਾਜ ਢੋਲਕੀ ਹੈ , ਪਰ ਇਸਤੋਂ ਇਲਾਵਾ ਘੜਾ , ਬੁਘਦੂ , ਚਿਮਟੇ , ਸੱਪ ਅਤੇ ਕਾਟੋਆਂ ਵੀ ਮਲਵਈ ਗਿੱਧੇ ਦਾ ਸ਼ਿੰਗਾਰ ਹਨ । ਕਿਤੇ ਕਿਤੇ ਇਸ ਵਿੱਚ ਇੱਕ-ਤਾਰਾ ਅਤੇ ਸਾਰੰਗੀ ਵੀ ਵਰਤ ਲਈ ਜਾਂਦੀ ਹੈ । ਮਲਵਈ ਗਿੱਧੇ ਵਿੱਚ ਬੋਲੀਆਂ ਪਾਉਣ ਵਾਲੇ ਗਿੱਧਾ ਪਾਉਣ ਵਾਲ਼ਿਆਂ ਤੋਂ ਅਲੱਗ ਵੱਖਰੇ ਹੁੰਦੇ ਹਨ ,ਜਿੰਨ੍ਹਾਂ ਦਾ ਕੰਮ ਸਿਰਫ ਬੋਲੀਆਂ ਪਾਉਣ ਦਾ ਹੀ ਹੁੰਦਾ ਹੈ । ਇਸ ਵਿੱਚ ਇੱਕ ਆਦਮੀ ਹੀ ਬੋਲੀ ਸ਼ੁਰੂ ਕਰਦਾ ਹੈ । ਬਾਕੀ ਸਾਰੇ ਚੁੱਪ ਰਹਿੰਦੇ ਹਨ । ਜਿਵੇਂ ਹੀ ਬੋਲੀ ਅੱਧ ਤੱਕ ਪਹੁੰਚਦੀ ਹੈ , ਬੋਲੀ ਪਾਉਣ ਵਾਲਾ ਅਚਾਨਕ ਚੁੱਪ ਹੋ ਜਾਂਦਾ ਹੈ । ਫਿਰ ਦੂਸਰਾ ਵਿਅਕਤੀ ਉੱਚੀ ਸੀਟੀ ਮਾਰਦਾ ਹੈ ਅਤੇ ਇਸਦੇ ਨਾਲ ਹੀ ਸਾਰੇ ਬੋਲੀਆਂ ਪਾਉਣ ਲੱਗ ਪੈਂਦੇ ਹਨ ਅਤੇ ਸਾਜੀ ਸਾਜ ਵਜਾਉਂਦੇ ਹੋਏ ਨੱਚਣ ਲੱਗ ਪੈਂਦੇ ਹਨ ।

ਇਸੇ ਤਰਾਂ ਇਸ ਮਗਰੋਂ ਦੂਸਰਾ ਬੋਲੀਆਂ ਪਾਉਣ ਵਾਲਾ ਗਰੁੱਪ ਪਿੜ ਵਿੱਚ ਆਉਂਦਾ ਹੈ ਅਤੇ ਇਹ ਸਿਲਸਿਲਾ ਇਸੇ ਤਰਾਂ ਚੱਲਦਾ ਰਹਿੰਦਾ ਹੈ ।

ਲੁੱਡੀ : ਯੂਨਾਨੀ ਬੋਲੀ ਵਿੱਚ ‘ਲੁੱਡੀ’ ਦਾ ਅਰਥ ਹੈ ਖੇਡਣਾ-ਕੁੱਦਣਾ । ਇਸੇ ਕਾਰਨ ਹੀ ਇਹ ਵੀ ਧਾਰਨਾ ਵੀ ਬਣੀ ਹੋਈ ਹੈ ਕਿ ਲੁੱਡੀ ਸ਼ਬਦ ਯੂਨਾਨੀ ਭਾਸ਼ਾ  ਰਾਹੀਂ ਪੰਜਾਬੀ ਬੋਲੀ ਵਿੱਚ ਆਇਆ । ਲੁੱਡੀ ਪੰਜਾਬ ਦਾ ਜਿਵੇਂ ਹਰਮਨ ਪਿਆਰਾ ਲੋਕ- ਨਾਚ ਹੈ , ਉਸੇ ਤਰ੍ਹਾਂ ਲੋਕਾਂ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਇੱਕ ਲੋਕ-ਪ੍ਰਿਅ ਮੁਹੱਬਤਾਂ ਵੀ ਬਣਿਆਂ ਹੋਇਆ ਹੈ ਜਿਵੇਂ ਮਾਲਵਾ ਖੇਤਰ ਦਾ ਗਿੱਧਾ ਔਰਤਾਂ ਤੋਂ ਹੌਲੀ-ਹੌਲੀ ਮਰਦਾਂ ਦਾ ਵੀ ਹਰਮਨ ਪਿਆਰਾ (ਮਲਵਈ ਗਿੱਧਾ ) ਦੇ ਨਾਲ ਲੋਕ-ਪ੍ਰਿਅ ਹੋ ਗਿਆ , ਉਸੇ ਤਰ੍ਹਾਂ ਲੁੱਡੀ ਵੀ ਮਰਦਾਂ ਵੱਲੋਂ ਪਾਇਆ ਜਾਣ ਲੱਗਾ । ਇਸ ਤਰ੍ਹਾਂ ਇਹ ਨਾਚ ਮਰਦ ਅਤੇ ਔਰਤਾਂ ਦੋਵਾਂ ਵੱਲੋਂ ਪਾਇਆ ਜਾਣ ਵਾਲਾ ਨਾਚ ਬਣ ਗਿਆ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਜਿਹਲਮ , ਸਿਆਲਕੋਟ , ਸਾਂਝੀਵਾਲ , ਗੁੱਜਰਾਂਵਾਲ਼ਾ , ਸਰਗੋਧਾ ਆਦਿ ਇਲਾਕਿਆਂ ਨੂੰ ਲੁੱਡੀ -ਨਾਚ ਦਾ ਅਸਲ ਜਨਮ-ਦਾਤਾ ਮੰਨਿਆਂ ਜਾਂਦਾ ਹੈ । ਇਹ ਨਾਚ ਆਮਤੌਰ ਤੇ ਖੁੱਲ੍ਹਾ ਕੁਰਤਾ-ਚਾਦਰਾ ਪਹਿਨ ਕੇ ਪਾਰਿਆਂ ਜਾਂਦਾ ਹੈ । ਕਿਸੇ ਸਮੇਂ ਜੰਗ , ਖੇਡ ਜਾਂ ਮੁਕੱਦਮੇ ਵਿੱਚ ਜਿੱਤ ਪ੍ਰਾਪਤ ਕਰਨ ਵਾਲ਼ਿਆਂ ਦਾ ਲੁੱਡੀ ਪਾ ਕੇ ਭਰਵਾਂ ਸਵਾਗਤ ਕੀਤਾ ਜਾਂਦਾ ਸੀ । ਲੁੱਡੀ ਨਾਚ ਸੰਮੀ ਨਾਚ ਨਾਲ ਕਾਫ਼ੀ ਹੱਦ ਤੱਕ ਮੇਲ ਖਾਂਦਾ ਨਾਚ ਹੈ । ਇਨ੍ਹਾਂ ਦੋਵੇਂ ਨਾਚਾਂ ਵਿੱਚ ਫਰਕ ਸਿਰਫ ਇਹੀ ਹੈ ਕਿ ਸੰਮੀ-ਨਾਚ ਪਾਉਣ ਸਮੇਂ ਨਾਲ਼ੋਂ-ਨਾਲ ਗੀਤ ਵੀ ਗਾਏ ਜਾਂਦੇ ਹਨ , ਜਦੋਂ ਕਿ ਲੁੱਡੀ -ਨਾਚ ਪਾਉਣ ਸਮੇਂ ਕੋਈ ਵੀ ਗੀਤ ਜਾਂ ਬੋਲੀ ਆਦਿ ਨਹੀਂ ਪਾਈ ਜਾਂਦੀ । ਇਸ ਨਾਚ ਵਿੱਚ ਨੱਚਣ ਵਾਲ਼ਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਲੁੱਡੀ ਪਾਉਣ ਸਮੇਂ ਢੋਲ ਪਾਉਣ ਵਾਲੇ ਢੋਲੀ ਦੀ ਮੁੱਖ ਭੂਮਿਕਾ ਹੁੰਦੀ ਹੈ । ਜਦੋਂ ਢੋਲੀ ਢੋਲ ਉੱਤੇ ਡੱਗਾ ਲਾਉਂਦਾ ਹੈ ਤਾਂ ਢੋਲ ਦੀ ਤਾਲ ਤੇ ਨੱਚਣ ਵਾਲੇ ਆਪਣੀਆਂ ਛਾਤੀਆਂ ਅੱਗੇ ਜ਼ੋਰ ਨਾਲ ਤਾੜੀ ਮਾਰਦੇ ਹਨ । ਉਹ ਆਪਣੇ ਮੋਢਿਆਂ ਨੂੰ ਹਿਲਾਉਂਦੇ ਹੋਏ ਮੁਸਕਰਾ ਕੇ ਅੱਖਾਂ ਮਟਕਾਉਂਦੇ ਹਨ । ਉਹ ਨੱਚਦੇ ਹੋਏ ਢੋਲੀ ਦੀ ਤਾਲ ਨਾਲ ਨਾਚ ਕਰਦੇ ਹੋਏ ਅੱਗੇ ਵਧਦੇ ਰਹਿੰਦੇ ਹਨ । ਇਸ ਨਾਚ ਵਿੱਚ ਇੱਕੋ ਤਾਲ ਤੇ ਤਾੜੀ ਮਾਰ ਕੇ  ਬਹੁਤ ਹੀ ਧੀਮੀ ਸੁਰ ਵਿੱਚ ਕਦੇ ਤੇਜ਼ ਅਤੇ ਕਦੇ ਹੌਲੀ ਗਤੀ ਵਿੱਚ ਲੁੱਡੀ ਪਾਈ ਜਾਂਦੀ ਹੈ ।

   ਪੰਜਾਬ ਦੀਆਂ ਰਵਾਇਤੀ ਲੋਕ ਖੇਡਾਂ :

‘ਲੋਕ ਖੇਡ’ ਸ਼ਬਦ ਦੋ ਸ਼ਬਦਾਂ ‘ਲੋਕ’ ਅਤੇ ‘ਖੇਡ’ ਦੇ ਸੁਮੇਲ ਤੋਂ ਬਣਿਆ ਹੈ , ਜਿਸਦਾ ਅਰਥ ਲੋਕਾਂ ਦੁਆਰਾ ਖੇਡੀ ਜਾਣ ਵਾਲੀ ‘ਲੋਕਾਂ ਦੀ ਖੇਡ’ ਹੈ । ਦੂਸਰੇ ਸ਼ਬਦਾਂ ਵਿੱਚ ਕਿਸੇ ਪਿੰਡ ਜਾਂ ਨਗਰ/ਸ਼ਹਿਰ ਦੇ ਲੋਕਾਂ ਵੱਲੋਂ ਖੇਡੀ ਜਾਣ ਵਾਲੀ ਖੇਡ ਲੋਕ-ਖੇਡ ਅਖਵਾਉਂਦੀ ਹੈ । ਖੇਡਾਂ ਖੇਡਣਾ ਮਨੁੱਖ ਦਾ ਕੁਦਰਤੀ ਸੁਭਾਅ ਹੈ । ਮਨੁੱਖ ਪੂਰਵ ਕਾਲ ਤੋਂ ਹੀ ਵੱਖ-ਵੱਖ ਤਰਾਂ ਦੀਆਂ ਖੇਡਾਂ ਖੇਡਦਾ ਆਇਆ ਹੈ । ਉਹ ਆਪਣੀ ਸ਼ਰੀਰਕ ਸ਼ਕਤੀ ਅਤੇ ਰੁਚੀਆਂ ਨੂੰ ਮੁੱਖ ਰੱਖਕੇ ਹੀ ਸ਼ੁਰੂ ਤੋਂ ਹੁਣ ਤੱਕ ਖੇਡਾਂ ਖੇਡਦਾ ਰਿਹਾ ਹੈ । ਇਹ ਖੇਡਾਂ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਤੀ ਜ਼ਰੂਰੀ ਹਨ । ਜਿਵੇਂ ਸਰੀਰਕ ਤੰਦਰੁਸਤੀ ਲਈ ਸਮੇਂ- ਸਮੇਂ ਸਿਰ ਸਾਨੂੰ ਵੱਖ-ਵੱਖ ਤਰ੍ਹਾਂ ਦੇ ਸੰਤੁਲਿਤ ਭੋਜਨ ਗ੍ਰਹਿਣ ਕਰਨ ਦੀ ਜ਼ਰੂਰਤ ਪੈਂਦੀ ਹੈ, ਠੀਕ ਉਸੇ ਤਰ੍ਹਾਂ ਮਨੁੱਖ ਨੂੰ ਆਪਣੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਵੱਖ ਵੱਖ ਤਰ੍ਹਾਂ ਦੀਆ ਖੇਡਾਂ ਦਾ ਸਹਾਰਾ ਲੈਣਾ ਪੈਂਦਾ ਹੈ । ਇਨ੍ਹਾਂ ਰਵਾਇਤੀ ਲੋਕ ਖੇਡਾਂ ਦੀ ਖ਼ਾਸ ਮਹੱਤਤਾ ਇਹ ਵੀ ਹੈ ਕਿ ਦੂਸਰੀਆਂ ਖੇਡਾਂ ਵਾਂਗ ਇਨ੍ਹਾਂ ਖੇਡਾਂ ਨੂੰ ਖੇਡਣ ਲਈ ਕੋਈ ਖ਼ਾਸ ਤਰ੍ਹਾਂ ਦੇ ਨਿਯਮ ਲਾਗੂ ਨਹੀਂ ਹੁੰਦੇ ਅਤੇ ਨਾ ਹੀ ਇਨ੍ਹਾਂ ਖੇਡਾਂ ਨੂੰ ਖੇਡਣ ਲਈ ਕੋਈ ਖ਼ਾਸ ਸਥਾਨ ਭਾਵ ਕਿਸੇ ਤਰ੍ਹਾਂ ਦੀ ਪ੍ਰਇਮਰੀ ਗਰਾਊਂਡ ਆਦਿ ਦੀ ਜ਼ਰੂਰਤ ਨਹੀਂ ਪੈਂਦੀ । ਇਹ ਖੇਡਾਂ ਕਿਸੇ ਵੀ ਸਮੇਂ ਦੁਪਹਿਰੇ ਜਾਂ ਚਾਨਣੀਆਂ ਰਾਤਾਂ ਨੂੰ ਵੀ ਖੱਲ੍ਹੇ ਵਿਗੜਿਆ , ਬਰੋਟਿਆ ਦੀ ਛਾਵੇਂ , ਗਲ਼ੀਆਂ ਆਦਿ ਜਾਂ ਖੁਲ੍ਹੀਆਂ ਪਈਆਂ ਖਾਲ਼ੀ ਚਰਾਂਦਾਂ ਵਿੱਚ ਵੀ ਮਸਤੀ ਨਾਲ ਖੇਡੀਆਂ ਜਾਂਦੀਆਂ ਹਨ । ਇਨ੍ਹਾਂ ਖੇਡਾਂ ਨੂੰ ਖੇਡਣ ਲਈ ਦੂਸਰੀਆਂ ਖੇਡਾਂ ਹਾਕੀ , ਫੁੱਟਬਾਲ , ਬਾਸਕਟ ਬਾਲ , ਟੈਨਿਸ , ਬੈਡਮਿੰਟਨ ਵਰਗੀਆਂ ਖੇਡਾਂ ਵਿੱਚ ਵਰਤੇ ਜਾਂਦੇ ਖ਼ਾਸ ਮਹਿੰਗੇ ਸਾਮਾਨ ਦੀ ਵੀ ਜ਼ਰੂਰਤ ਨਹੀਂ ਪੈਂਦੀ ।

ਨਿੱਕੇ ਮੁੰਡੇ ਕੁੜੀਆਂ ਦੀਆਂ ਪੇਂਡੂ ਲੋਕ ਖੇਡਾਂ :

ਭੰਡਾਂ-ਭੰਡਾਰੀਆ : ਇਹ ਖੇਡ ਬਾਲੜੀਆਂ ਨਿਆਣੀ ਉਮਰ ਦੀਆਂ ਕੁੜੀਆਂ ਦੀ ਖੇਡੀ ਜਾਣ ਵਾਲੀ ਖੇਡ ਹੈ । ਇਸ ਖੇਡ ਵਿੱਚ ਖੇਡਣ ਵਾਲੀਆਂ ਕੁੜੀਆਂ ਦੀ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਪਰ ਫਿਰ ਵੀ ਇਸ ਖੇਡ ਨੂੰ ਖੇਡਣ ਲਈ ਘੱਟੋ-ਘੱਟ ਪੰਜ ਖਿਡਾਰੀਆਂ ਦਾ ਹੋਣਾ ਜ਼ਰੂਰੀ ਹੈ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਕੁੜੀਆਂ ਪੁੱਗਦੀਆਂ ਹਨ । ਭੰਡਾਂ-ਭੰਡਾਰੀਆਂ ਵਿੱਚ ਨਾ ਪੁੱਗਣ ਵਾਲ਼ੀਆਂ ਕੁੜੀਆਂ ਨੂੰ ਜ਼ਮੀਨ ਉੱਤੇ ਆਪਣੀਆਂ ਲੱਤਾਂ ਨਿਸਾਰ ਕੇ ਬੈਠਣਾ ਪੈਂਦਾ ਹੈਜ਼ਮੀਨ ਉੱਤੇ ਬੈਠੀ ਕੁੜੀ ਦੇ ਕੋਲ ਖੜੀ ਦੂਸਰੀ ਕੁੜੀ ਆਪਣੇ ਦੋਵੇਂ ਹੱਥਾਂ ਦੀਆਂ ਮੁੱਠੀਆਂ ਬਣਾ ਕੇ  ਉਸਦੇ ਸਿਰ ਸੁੱਤੇ ਇੱਕ-ਇੱਕ ਕਰਕੇ ਦੋਵੇਂ ਮੁੱਠੀਆਂ ਟਿਕਾਉਂਦੀ ਹੋਈ ਬੋਲਦੀ ਹੈ

                                                             ‘ ਭੰਡਾਂ-ਭੰਡਾਰੀਆ ਕਿੰਨਾ ਕੁ ਭਾਰ ‘

                                                   ਹੇਠਾਂ ਜ਼ਮੀਨ ਸੁੱਤੇ ਬੈਠੀ ਦਾਈ ਦੇ ਰਹੀ ਕੁੜੀ ਬੋਲਦੀ ਹੈ

                                                          ‘ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ ‘

ਚਿੜੀ ਉੱਡ , ਕਾਂ ਉੱਡ : ਇਹ ਖੇਡ ਵੀ ਨਿੱਕੀਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ । ਇਹ ਖੇਡ ਖੇਡਣ ਲਈ ਖਿਡਾਰੀ ਕੁੜੀਆਂ ਦੀ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਕੁੜੀਆਂ ਪੁੱਗਦੀਆਂ ਹਨ । ਜਿਹੜੀ ਕੁੜੀ ਨਹੀਂ ਪੁੱਗਦੀ ਉਹ ਦੂਸਰੀਆਂ ਬਾਕੀ ਕੁੜੀਆਂ ਨੂੰ ਅਵਾਜ਼ ਮਾਰ ਕੇ ਖਿੰਡਾ ਦਿੰਦੀ ਹੈ । ਕੁੜੀਆਂ ਘੇਰਾ ਬਣਾ ਕੇ ਬੈਠ ਜਾਂਦੀਆਂ ਹਨ ਅਤੇ ਆਪਣੇ-ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਹੇਠਾਂ ਜ਼ਮੀਨ ਉੱਤੇ ਰੱਖ ਲੈਂਦੀਆਂ ਹਨ । ਪੁੱਗਣ ਵਾਲੀ ਕੁੜੀ ਬੋਲਦੀ ਹੈ ‘ ਕਾਂ ਉੱਡ ‘ਬਾਕੀ ਸਾਰੀਆਂ ਕੁੜੀਆਂ ਆਪਣੇ ਦਿਮਾਗੀ ਚੇਤੰਨਤਾ ਅਨੁਸਾਰ ਕਿ ਕਾਂ ਉੱਡਣ ਵਾਲਾ ਪੰਛੀ ਹੈ , ਆਪਣੀਆਂ ਉਂਗਲਾਂ ਉੱਪਰ ਕਰਕੇ ਆਪਣੇ-ਆਪਣੇ ਹੱਥ ਸਤਹਾਂ ਉਠਾ ਲੈਂਦੀਆਂ ਹਨ ਅਤੇ ਜੇਤੂ ਮੰਨ ਲਈਆਂ ਜਾਂਦੀਆਂ ਹਨ । ਇਸ ਸਮੇਂ ਜਿਹੜੀ ਕੋਈ ਕੁੜੀ ਆਪਣਾ ਹੱਥ ਨਾ ਉਠਾਉਂਦੀ ਤਾਂ ਉਹ ਹਾਰੀ ਹੋਈ ਮੰਨੀ ਜਾਣੀ ਸੀ ।

ਗੀਟੇ ( ਰੋੜੇ ) : ਇਹ ਨਿੱਕੀਆਂ ਕੁੜੀਆਂ ਦੀ ਖੇਡ ਹੈ । ਇਸ ਖੇਡ ਨੂੰ ਪੰਜ ਰੋੜਿਆਂ ਨਲ ਖੇਡਿਆ ਜਾਂਦਾ ਹੈ । ਸਾਰੀਆਂ ਕੁੜੀਆਂ ਵਾਰੀ - ਵਾਰੀ ਗੀਟੇ ਖੇਡਦੀਆਂ ਹਨ । ਪਹਿਲਾਂ ਖੇਡਣ ਵਾਲੀ ਕੁੜੀ ਸਾਰੇ ਰੋੜੇ ਮੁੱਠੀ ਵਿੱਚ ਲੈ ਕੇ ਹੇਠਾਂ ਜ਼ਮੀਨ ਤੇ ਖਿਲਾਰ ਦਿੰਦੀ ਹੈ । ਫਿਰ ਇੱਕ ਰੋੜਾ ਉੱਪਰ ਵੱਲ ਮਾਰ ਕੇ ਉਸੇ ਹੱਥ ਨਾਲ ਹੇਠਾਂ ਖਿਲਾਰੇ ਹੋਏ ਬਾਕੀ ਰੋੜਿਆਂ ਨੂੰ  ਫੁਰਤੀ ਨਾਲ ਵੱਧ ਤੋਂ ਵੱਧ ਇਕੱਠੇ ਕਰਕੇ ਉੱਪਰ ਵੱਲ ਮਾਰੇ ਪਹਿਲੇ ਰੋੜੇ ਨੂੰ ਵੀ ਹੇਠਾਂ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਹੀ ਉਸੇ ਹੱਥ ਵਿੱਚ ਬੋਚਦੀ ਹੈ ਰੋਸ ਤਰਾਂ ਉਹ ਵਾਰੀ ਵਾਰੀ ਹੇਠਾਂ ਜ਼ਮੀਨ ਤੇ ਪਏ ਸਾਰੇ ਰੋੜੇ ਦੱਸੀ ਵਿਧੀ ਰਾਹੀਂ ਇਕੱਠੇ ਕਰਦੀ ਹੈ । ਇਸ ਤਰ੍ਹਾਂ ਖੇਡਦੇ ਹੋਏ ਜੇਕਰ ਉਸ ਵੱਲੋਂ ਉੱਪਰ ਵੱਲ ਮਾਰਿਆ ਹੋਇਆ ਰੋੜਾ ਨਹੀਂ ਬੋਚ ਹੁੰਦਾ ਤਾਂ ਉਹ ਹਾਰ ਗਈ ਸਮਝੀ ਜਾਂਦੀ ਹੈ ਅਤੇ ਫਿਰ ਦੁਬਾਰਾ ਕੋਈ ਹੋਰ ਦੂਸਰੀ ਕੁੜੀ ਮੁੜ ਤੋਂ ਦੁਬਾਰਾ ਖੇਡ ਸ਼ੁਰੂ ਕਰਦੀ ਹੈ । ਪ੍ਰੰਤੂ ਜੇਕਰ ਸਾਰੀ ਖੇਡ ਵਿੱਚ ਉਹ ਉੱਪਰ ਵੱਲ ਸੁੱਟਿਆ ਰੋੜਾ ਬੋਚਦੀ ਰਹਿੰਦੀ ਹੈ ਤਾਂ ਜੇਤੂ ਮੰਨੀ ਜਾਂਦੀ ਹੈ । ਇਸ ਤਰਾਂ ਜਿੱਤਣ ਵਾਲੀ ਕੁੜੀ ਨੂੰ ਮੁੜ ਦੁਬਾਰਾ ਤੋਂ ਫਿਰ ਖੇਡਣ ਦਾ ਮੌਕਾ ਮਿਲ ਜਾਂਦਾ ਹੈ । ਹਾਰਨ ਵਾਲੇ ਨੂੰ ਦੁਬਾਰਾ ਖੇਡਣ ਦਾ ਮੌਕਾ ਨਹੀਂ ਦਿੱਤਾ ਜਾਂਦਾ ।

ਅੱਡੀ ਛੜੱਪਾ: ਅੱਡੀ ਛੜੱਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ । ਇਹ ਦੋ ਟੋਲੀਆਂ ਬਣਾ ਕੇ ਖੇਡੀ ਜਾਣ ਵਾਲੀ ਖੇਡ ਹੈ । ਖੇਡ ਸ਼ੁਰੂ ਕਰਨ ਸਮੇਂ ਇੱਕ ਟੋਲੀ ਦੀਆਂ ਸਭ ਤੋਂ ਲੰਮੇ ਕੱਦ ਦੀਆਂ ਦੋ ਕੁੜੀਆਂ ਹੇਠਾਂ ਜ਼ਮੀਨ ਤੇ ਆਹਮਣੇ ਸਾਹਮਣੇ ਬੈਠ ਕੇ ਲੱਤਾਂ ਖੋਲ ਕੇ ਆਪਣੇ ਦੋਵੇਂ ਪੈਰਾਂ ਦੀਆਂ ਤਲੀਆਂ ਜੋੜਕੇ ਸਮੁੰਦਰ ਬਣਾ ਲੈਂਦੀਆਂ ਹਨ । ਦੂਸਰੇ ਗਰੁੱਪ ਦੀਆਂ ਕੁੜੀਆਂ ਦੂਰੋਂ ਵਾਰੋ ਵਾਰੀ ਭੱਜਕੇ ਜ਼ਮੀਨ ਸੁੱਤੇ ਬੈਠੀਆਂ ਕੁੜੀਆਂ ਵੱਲੋਂ ਬਣਾਏ ਸਮੁੰਦਰ ਨੂੰ ਪਾਰ ਕਰਦੀਆਂ ਹਨ । ਇਸੇ ਤਰ੍ਹਾਂ ਹੀ ਫਿਰ ਦੁਬਾਰਾ ਪੈਰਾਂ ਨਾਲ ਪੈਰ ਜੋੜਕੇ ਇੱਕ ਮੁੱਠੀ ਤੋਂ ਮਗਰੋਂ ਮੁੱਠੀਆਂ ਅਤੇ ਗਿੱਠਾਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ ਅਤੇ ਇੱਕ ਤਰ੍ਹਾਂ ਨਾਲ ਕਾਫ਼ੀ ਜਿਆਦਾ ਇੱਕ ਉੱਚਾ ਟਿੱਲਾ ਜਿਹਾ ਬਣ ਜਾਂਦਾ ਹੈ । ਇਸ ਖੇਡ ਵਿੱਚ ਸਮੁੰਦਰ ਵਿੱਚ ਛਾਲਾਂ ਮਾਰਨ ਵਾਲੀਆਂ ਕੁੜੀਆਂ ਵਿੱਚੋਂ ਜੇਕਰ ਕਿਸੇ ਕੁੜੀ ਦਾ ਅੰਗ ਜਾਂ ਕੱਪੜਾ ਹੇਠਾਂ ਬੈਠੀਆਂ ਕੁੜੀਆਂ ਨੂੰ ਛੂਹ ਜਾਂਦਾ ਹੈ ਤਾਂ ਉਹ ਖੇਡ ਵਿੱਚੋਂ ਬਾਹਰ ਹੋ ਜਾਂਦੀ ਹੈ । ਇਸ ਖੇਡ ਦੇ ਖਤਮ ਹੋਣ ਦਾ ਸਮਾਂ ਨਿਸ਼ਚਿਤ ਨਹੀਂ ਹੈ । ਇਹ ਲਗਾਤਾਰ ਖੇਡੀ ਜਾਣ ਵਾਲੀ ਖੇਡ ਹੈ

ਖੱਡਾ: ਇਹ ਛੋਟੀਆਂ ਕੁੜੀਆਂ ਦੀ ਖੇਡ ਹੈ । ਇਸ ਖੇਡ ਨੂੰ ਪੀਚੋ ਬੱਕਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਸ ਖੇਡ ਨੂੰ ਖੇਡਣ ਲਈ ਧਰਤੀ ਤੇ ਅੱਠ ਜਾਂ ਦੱਸ ਖ਼ਾਨੇ ਬਣਾ ਲਏ ਜਾਂਦੇ ਹਨ । ਖੱਡਾ ਖੇਡਣ ਲਈ ਕੇਵਲ ਇੱਕ ਡੀਟੀ (ਸਪਾਟ ਪੱਥਰ ਦਾ ਟੁਕੜਾ)  ਦੀ ਜ਼ਰੂਰਤ ਪੈਂਦੀ ਹੈ । ਖੱਡਾ ਖੇਡਣ ਵਾਸਤੇ ਖੇਡਣ ਵਾਲ਼ਿਆਂ ਦੀ ਖ਼ਾਸ ਨਿਸ਼ਚਿਤ ਗਿਣਤੀ ਦੀ ਜ਼ਰੂਰਤ ਨਹੀਂ ਪੈਂਦੀ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਪੁੱਗ ਲਿਆ ਜਾਂਦਾ ਹੈ । ਪਹਿਲਾਂ ਪੁੱਗਣ ਵਾਲੀ ਕੁੜੀ ਪਹਿਲਾਂ ਖੇਡਦੀ ਹੈ । ਖੇਡਣ ਵਾਲੀ ਕੁੜੀ  ਸਭ ਤੋਂ ਪਹਿਲਾਂ ਪਹਿਲੇ ਖ਼ਾਨੇ ਵਿੱਚ ਡੀਟੀ ਸੁੱਟਦੀ ਹੈ । ਜੇਕਰ ਉਸ ਵੱਲੋਂ ਸੁੱਟੀ ਗਈ ਡੀਟੀ ਖ਼ਾਨੇ ਵਿੱਚ ਡਿੱਗਣ ਦੀ ਬਜਾਏ ਕਾਰਨ ਨੂੰ ਛੂਹ ਜਾਂਦੀ ਹੈ ਤਾਂ ਉਹ ਖੇਡ ਵਿੱਚੋਂ ਬਾਹਰ ਹੋ ਜਾਂਦੀ ਹੈ । ਪ੍ਰੰਤੂ ਜੇਕਰ ਡੀਟੀ ਖ਼ਾਨੇ ਵਿੱਚ ਡਿੱਗ ਪੈਂਦੀ ਹੈ ਤਾਂ ਉਹ ਆਪਣੇ ਇੱਕ ਪੈਰ ਨੂੰ ਉੱਪਰ ਚੁੱਕ ਕੇ ਦੂਸਰੇ ਪੈਰ ਨਾਲ ਸਾਰੇ ਖ਼ਾਨਿਆਂ ਵਿੱਚੋਂ ਬਾਹਰ ਕੱਢਦੀ ਹੈ ਪਰ ਜੇਕਰ ਅਜਿਹਾ ਕਰਦੇ ਸਮੇਂ ਵੀ ਡੀਟੀ ਲਾਈਨ ਨੂੰ ਛੂਹ ਜਾਂਦੀ ਹੈ ਤਾਂ ਉਹ ਖੇਡ ਤੋਂ ਬਾਹਰ ਹੋ ਜਾਂਦੀ ਹੈ । ਇਸ ਤਰ੍ਹਾਂ ਪਹਿਲੇ ਖ਼ਾਨੇ ਤੋਂ ਅਖੀਰਲੇ ਖ਼ਾਨੇ ਤੱਕ ਉਹ ਵਾਰੀ ਵਾਰੀ ਪਹਿਲੀ ਪ੍ਰਕਿਰਿਆ ਵਾਂਗ ਹੀ ਖੇਡਦੀ ਹੈ । ਇਸ ਤਰ੍ਹਾਂ ਹੀ ਵਾਰੀ ਵਾਰੀ ਸਾਰੀਆਂ ਕੁੜੀਆਂ ਖੱਡਾ ਖੇਡਦੀਆਂ ਹਨ ।

ਕੋਟਲਾ ਛਪਾਕੀ: ਕੋਟਲਾ ਛਪਾਕੀ ਖੇਡ ਕਾਜੀ ਕੋਟਲੇ ਦੀ ਮਾਰ ਖੇਡ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ । ਇਹ ਖੇਡ ਮੁੰਡੇ ਕੁੜੀਆਂ ਵੱਲੋਂ ਮਿਲਕੇ ਵੀ ਖੇਡੀ ਜਾਣ ਵਾਲੀ ਖੇਡ ਹੈ ਅਤੇ ਜਾਂ ਮੁੰਡੇ ਕੁੜੀਆਂ ਵੱਲੋਂ ਅਲੱਗ ਅਲੱਗ ਵੀ ਖੇਡੀ ਜਾ ਸਕਦੀ ਹੈ । ਇਸਨੂੰ ਖੇਡਣ ਲਈ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੈ । ਪ੍ਰੰਤੂ ਕੋਟਲਾ ਛਪਾਕੀ ਖੇਡਣ ਲਈ ਘੱਟੋ ਘੱਟ ਦਸ ਤੋਂ ਪੰਦਰਾਂ ਖਿਡਾਰੀ ਹੋਣੇ ਵੀ ਜ਼ਰੂਰੀ ਹਨ । ਇਹ ਕੋਟਲੇ ਨਾਲ ਖੇਡੀ ਜਾਣ ਵਾਲੀ ਖੇਡ ਹੈ । ਕਿਸੇ ਕੱਪੜੇ ਨੂੰ ਵੱਟ ਦੇ ਕੇ ਉਸਨੂੰ ਦੂਹਰਾ ਕਰਕੇ ਦੋ ਜਾਂ ਤਿੰਨ ਕੁ ਫੁੱਟ ਦਾ ਇੱਕ ਪੋਲਾ ਜਿਹਾ ਰੱਸਾ ਬਣਾ ਲਿਆ ਜਾਂਦਾ ਹੈ ਜਿਸਨੂੰ ਕੋਟਲਾ ਆਖਦੇ ਹਨ । ਕੋਟਲਾ ਛਪਾਕੀ ਖੇਡਣ ਤੋਂ ਪਹਿਲਾਂ ਪੁੱਗ ਲਿਆ ਜਾਂਦਾ ਹੈ । ਦਾਈ ਦੇਣ ਵਾਲਾ ਪੁੱਗਣ ਸਮੇਂ ਹਾਰਿਆ ਖਿਡਾਰੀ ਕੋਟਲੇ ਨੂੰ ਆਪਣੇ ਹੱਥ ਵਿੱਚ ਫੜ ਲੈਂਦਾ ਹੈ । ਬਾਕੀ ਸਾਰੇ ਖਿਡਾਰੀ ਹੇਠਾਂ ਧਰਤੀ ਉੱਤੇ ਕਾਫੀ ਚੌੜਾ ਘੇਰਾ ਬਣਾ ਕੇ ਸਾਰੇ ਅੰਦਰ ਵੱਲ ਮੂੰਹ ਘੁਮਾਕੇ ਆਪਣਾ ਚਿਹਰਾ ਗੋਡਿਆਂ ਵਿੱਚ ਛੁਪਾਂਗੇ ਬੈਠ ਜਾਂਦੇ ਹਨ ਅਤੇ ਦਾਈ ਦੇਣ ਵਾਲਾ ਕੋਟਲਾ ਫੜਕੇ ਹੇਠਾਂ ਬੈਠੇ ਬਾਕੀਆਂ ਦੁਆਲੇ ਚੱਕਰ ਲਗਾਉਂਦਾ ਹੋਇਆ ਬੋਲਦਾ ਹੈ ,

                                                         ‘ ਕੋਟਲਾ ਛਪਾਕੀ ਜੁਮੇ ਰਾਤ ਆਈ ਏ । ‘

                                                 ਹੇਠਾਂ ਬੈਠੇ ਬਾਕੀ ਸਾਰੇ ਦੂਸਰੇ ਖਿਡਾਰੀ ਬੋਲਦੇ ਹਨ ,

                                                             ‘  ਆਈ ਏ , ਜੀ ਆਈ ਏ । ‘

                                             ਚੱਕਰ ਲਗਾ ਰਿਹਾ ਦਾਈ ਦੇਣ ਵਾਲਾ ਖਿਡਾਰੀ ਫਿਰ ਬੋਲਦਾ ਹੈ ,

                                               ‘ ਜਿਹੜਾ ਅੱਗੜ ਪਿੱਛੜ ਝਾਕੂ ਉਹਦੀ ਸਾਮਤ ਆਈ ਏ । ‘

ਦਾਈ ਦੇਣ ਵਾਲਾ ਖਿਡਾਰੀ ਬੈਠੇ ਖਿਡਾਰੀਆਂ ਦੁਆਲੇ ਚੱਕਰ ਲਗਾਉਂਦੇ ਸਮੇਂ ਚੁਸਤੀ ਦਿਖਾਉਂਦਿਆਂ ਹੋਇਆਂ ਚੋਰੀ ਕਿਸੇ ਦੂਸਰੇ ਖਿਡਾਰੀ ਪਿੱਛੇ ਕੋਟਲਾ ਰੱਖ ਦਿੰਦਾ ਹੈ । ਜੇਕਰ ਹੇਠਾਂ ਬੈਠੇ ਖਿਡਾਰੀਆਂ ਵਿੱਚੋਂ ਕੋਈ ਚੋਰ ਅੱਖ ਨਾਲ ਦੇਖਣ ਦਾ ਯਤਨ ਕਰਦਾ ਹੈ ਕਿ ਕੋਟਲਾ ਕਿਸ ਪਿੱਛੇ ਦਾਈ ਦੇਣ ਵਾਲੇ ਨੇ ਰੱਖਿਆ ਹੈ ਤਾਂ ਦਾਈ ਦੇਣ ਵਾਲਾ ਉਸਦੇ ਢੂਹੇ ਉੱਤੇ ਕੋਟਲਾ ਮਾਰਦਾ ਹੈ । ਪ੍ਰੰਤੂ ਜੇਕਰ ਹੇਠਾਂ ਬੈਠੇ ਖਿਡਾਰੀ ਨੂੰ ਪਤਾ ਲੱਗ ਜਾਵੇ ਕਿ ਦਾਈ ਦੇਣ ਵਾਲੇ ਵੱਲੋਂ ਕੋਟਲਾ ਉਸਦੇ ਪਿੱਛੇ ਰੱਖਿਆ ਹੋਇਆ ਹੈ ਤਾਂ ਉਹ ਆਪਣੇ ਪਿੱਛਿਓਂ ਕੋਟਲਾ ਚੁੱਕਕੇ ਦਾਈ ਦੇਣ ਵਾਲੇ ਪਿੱਛੇ ਉਸਨੂੰ ਕੋਟਲਾ ਮਾਰਨ ਲਈ ਦੌੜਦਾ ਹੈ । ਉਹ ਦਾਈ ਦੇਣ ਵਾਲੇ ਦਾ ਉਦੋਂ ਤੱਕ ਪਿੱਛਾ ਕਰਦਾ ਹੈ ਜਦੋਂ ਤੱਕ ਦਾਈ ਦੇਣ ਵਾਲਾ ਉਸਦੀ ਜਗ੍ਹਾ ਉੱਤੇ ਬੈਠ ਨਹੀਂ ਜਾਂਦਾ ।

ਜੇਕਰ ਹੇਠਾਂ ਬੈਠੇ ਕਿਸੇ ਖਿਡਾਰੀ ਨੂੰ ਇਹ ਨਾ ਪਤਾ ਲੱਗੇ ਕਿ ਕੋਟਲਾ ਉਸ ਪਿੱਛੇ ਪਿਆਂ ਹੈ ਤਾਂ ਦਾਈ ਦੇਣ ਵਾਲਾ ਕੋਟਲੇ ਨਾਲ ਉਸਨੂੰ ਕੁੱਟਦਾ ਹੈ ਅਤੇ ਇਸ ਪਿੱਛੋਂ ਦੂਸਰਾ ਖਿਡਾਰੀ ਦਾਈ ਦਿੰਦਾ ਹੈ ।            

ਬਾਂਦਰ ਕੀਲਾ:  ਬਾਂਦਰ ਕੀਲਾ ਬੱਚਿਆ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਖੇਡ ਹੈ । ਪ੍ਰੰਤੂ ਅਜੋਕੇ ਸਮੇਂ ਦੀ ਕਰਵਟ ਨੇ ਇਸ ਖੇਡ ਨੂੰ ਅਲੋਪ ਕਰ ਦਿੱਤਾ ਹੈ । ਇਹ ਖੁੱਲ੍ਹੇ ਮੈਦਾਨਾਂ ਵਿੱਚ ਖੇਡੀ ਜਾਣ ਵਾਲੀ ਖੇਡ ਹੈ । ਇਸਨੂੰ ਖੇਡਣ ਲਈ ਖਿਡਾਰੀਆਂ ਦੀ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੈ । ਪ੍ਰੰਤੂ ਫਿਰ ਵੀ ਇਸ ਖੇਡ ਵਿੱਚ ਜਿਆਦਾ ਘੱਟ ਖਿਡਾਰੀ ਹੋਣ ਤੇ ਬਾਂਦਰ ਕੀਲਾ ਖੇਡਣ ਵਿੱਚ ਮਜ਼ਾ ਨਹੀਂ ਲਿਆ ਜਾ ਸਕਦਾ । ਇਸਨੂੰ ਖੇਡਣ ਲਈ ਸਭ ਤੋਂ ਪਹਿਲਾਂ ਧਰਤੀ ਉੱਤੇ ਇੱਕ ਚਾਰ ਪੰਜ ਫੁੱਟ ਦੇ ਘੇਰੇ ਦਾ ਚੱਕਰ ਵਾਹ ਲਿਆ ਜਾਂਦਾ ਹੈ ਅਤੇ ਉਸਦੇ ਬਿਲਕੁਲ ਵਿਚਕਾਰ ਇੱਕ ਕਿੱਲਾ ਗੱਡ ਲਿਆ ਜਾਂਦਾ ਹੈ । ਉਸ ਕਿੱਲੇ ਨੂੰ ਪੰਜ ਕੁ ਫੁੱਟ ਦੀ ਰੱਸੀ ਬੰਨ੍ਹ ਲਈ ਜਾਂਦੀ ਹੈ । ਚੱਕਰ ਵਿੱਚ ਸਾਰੇ ਖਿਡਾਰੀ ਆਪਣੀਆਂ ਜੁੱਤੀਆਂ ਰੱਖ ਦਿੰਦੇ ਹਨ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀ ਪੁੱਗ ਲੈਂਦੇ ਹਨ ਅਤੇ ਹਾਰਨ ਵਾਲੇ ਖਿਡਾਰੀ ਨੂੰ ਦਾਈ ਦੇਣੀ ਪੈਂਦੀ ਹੈ । ਦਾਈ ਦੇਣ ਵਾਲਾ ਕਿੱਲੇ ਨਾਲ ਬੰਨ੍ਹੀ ਰੱਸੀ ਦਾ ਸਿਰਾ ਫੜਕੇ ਚੱਕਰ ਵਿੱਚ ਖੜੋ ਜਾਂਦਾ ਹੈ । ਬਾਹਰ ਖੜੇ ਦੂਸਰੇ ਖਿਡਾਰੀ ਦਾਈ ਦੇਣ ਵਾਲੇ ਨੂੰ ਝਕਾਨੀ ਦਿੰਦੇ ਹੋਏ ਚੱਕਰ ਵਿੱਚੋਂ ਜੁੱਤੀਆਂ ਜਾਂ ਚੱਪਲ਼ਾਂ ਚੁੱਕਦੇ ਹਨ । ਦਾਈ ਦੇਣ ਵਾਲਾ ਚੱਕਰ ਦੇ ਅੰਦਰ ਰਹਿਕੇ ਹੀ ਬਾਹਰ ਵਾਲੇ ਖਿਡਾਰੀਆਂ ਨੂੰ ਜੁੱਤੀਆਂ ਚੁੱਕਣ ਸਮੇ ਛੂਹਣ ਦਾ ਯਤਨ ਕਰਦਾ ਹੈ । ਜੇਕਰ ਦਾਈ ਦੇਣ ਵਾਲਾ ਜੁੱਤੀਆਂ ਚੁੱਕਣ ਵਾਲੇ ਵਿੱਚੋਂ ਕਿਸੇ ਨੂੰ ਛੂਹ ਦਿੰਦਾ ਹੈ ਤਾਂ ਛੂਹੇ ਜਾਣ ਵਾਲੇ ਨੂੰ ਦਾਈ ਦੇਣ ਵਾਲੇ ਦੀ ਜਗ੍ਹਾ ਲੈਣੀ ਪੈਂਦੀ ਹੈ । ਪ੍ਰੰਤੂ ਜੇਕਰ ਬਾਹਰ ਵਾਲੇ ਖਿਡਾਰੀ ਦਾਈ ਦੇਣ ਵਾਲੇ ਨੂੰ ਝਕਾਨੀਆਂ ਦੇ ਕੇ ਚੱਕਰ ਵਿੱਚੋਂ ਸਾਰੀਆਂ ਜੁੱਤੀਆਂ ਚੁੱਕ ਲੈਂਦੇ ਹਨ ਤਾਂ ਦਾਈ ਦੇਣ ਵਾਲੇ ਨੂੰ ਕਿਸੇ ਖ਼ਾਸ ਦੂਰੀ ਤੇ ਨਿਸ਼ਚਿਤ ਕੀਤੀ ਚੀਜ਼ ਨੂੰ ਭੱਜਕੇ ਛੂਹਣ ਜਾਣਾ ਪੈਂਦਾ ਹੈ । ਭੱਜੇ ਜਾਂਦੇ ਵੱਲ ਪਿੱਛੇ ਬਾਕੀ ਖਿਡਾਰੀ ਜੁੱਤੀਆਂ ਮਾਰਦੇ ਹੋਏ ਪਿੱਛਾ ਕਰਦੇ ਹਨ । ਦਾਈ ਦੇਣ ਵਾਲੇ ਨੂੰ ਜੁੱਤੀਆਂ ਦੀ ਮਾਰ ਉਦੋਂ ਤੱਕ ਪੈਂਦੀ ਰਹਿੰਦੀ ਹੈ ਜਦੋਂ ਤੱਕ ਉਹ ਨਿਸ਼ਚਿਤ ਕੀਤੀ ਚੀਜ਼ ਨੂੰ ਛੂਹ ਨਹੀਂ ਲੈਂਦਾ ਅਤੇ ਨਿਸ਼ਚਿਤ ਕੀਤੀ ਗਈ ਚੀਜ਼ ਛੂਹਣ ਪਿੱਛੋਂ ਖੇਡ ਮੁੜ ਤੋਂ ਸ਼ੁਰੂ ਕੀਤੀ ਜਾਂਦੀ ਹੈ ।

ਗੁੱਲੀ ਡੰਡਾ:   ਗੁੱਲੀ ਡੰਡਾ ਪੰਜਾਬ ਦੀ ਮੁੰਡਿਆਂ ਦੁਆਰਾ ਖੇਡੀ ਜਾਣ ਵਾਲੀ ਪ੍ਰਾਚੀਨ ਖੇਡ ਹੈ । ਇਹ ਖੁੱਲ੍ਹੇ ਮੈਦਾਨ ਵਿੱਚ ਘੁੱਤੀ (ਰਾਬ ) ਬਣਾਕੇ ਖੇਡੀ ਜਾਣ ਵਾਲੀ ਖੇਡ ਹੈ । ਇਸਨੂੰ ਖੇਡਣ ਲਈ ਗੁੱਲੀ ਅਤੇ ਡੰਡੇ ਦੀ ਜ਼ਰੂਰਤ ਪੈਂਦੀ ਹੈ । ਚਾਰ ਕੁ ਇੰਚ ਦੇ ਡੰਡੇ ਨੂੰ ਸਿਰਿਆਂ ਤੋਂ ਘੜਕੇ ਗੁੱਲੀ ਤਿਆਰ ਕਰ ਲਈ ਜਾਂਦੀ ਹੈ ਅਤੇ ਢਾਈ ਤਿੰਨ ਫੁੱਟ ਦਾ ਇੱਕ ਡੰਡਾ ਤਿਆਰ ਕਰ ਲਿਆ ਜਾਂਦਾ ਹੈ । ਆਮਤੌਰ ਤੇ ਡੰਡੇ ਦੀ ਚੋਣ ਖੇਡਣ ਵਾਲਾ ਆਪਣੇ ਕੱਦ ਦੇ ਹਿਸਾਬ ਨਾਲ ਵੀ ਕਰ ਲੈਂਦਾ ਹੈ । ਗੁੱਲੀ ਡੰਡਾ ਦੋ ਟੋਲੀਆਂ ਬਣਾਕੇ ਖੇਡੀ ਜਾਣ ਵਾਲੀ ਖੇਡ ਹੈ । ਕਈ ਵਾਰੀ ਦੋ ਖਿਡਾਰੀ ਆਪਣੀ ਆਪਣੀ ਮਰਜ਼ੀ ਨਾਲ ਚੋਣ ਕਰਕੇ ਦੋ ਟੋਲੀਆਂ ਬਣਾ ਲੈਂਦੇ ਹਨ । ਖੇਡ ਸ਼ੁਰੂ ਕਰਨ ਵੇਲੇ ਵਾਰੀ ਦੇਣ ਵਾਲੀ ਟੋਲੀ ਰਾਬ ਦੇ ਅਗਲੇ ਪਾਸੇ ਖੜੋ ਜਾਂਦੀ ਹੈ ਅਤੇ ਦੂਸਰੀ ਟੋਲੀ ਰਾਬ ਦੇ ਪਿਛਲੇ ਪਾਸੇ ਖੜੋ ਜਾਂਦੀ ਹੈ । ਇਸ ਖੇਡ ਵਿੱਚ ਪਹਿਲਾਂ ਵਾਰੀ ਲੈਣ ਲਈ ਗੁੱਲੀ ਡੰਡੇ ਨਾਲ ਬੱਤੀਆਂ ਪਾਈਆਂ ਜਾਂਦੀਆਂ ਹਨਵੱਧ ਬੱਤੀਆਂ ਪਾਉਣ ਵਾਲਾ ਪਹਿਲਾਂ ਵਾਰੀ ਲੈਂਦਾ ਹੈ । ਵਾਰੀ ਲੈਣ ਵਾਲਾ ਮੁੰਡਾ ਘੁੱਤੀ ( ਰਾਬ ) ਉੱਤੇ ਗੁੱਲੀ ਟਿਕਾ ਕੇ ਹੇਠਾਂ ਤੋਂ ਡੰਡੇ ਨਾਲ ਗੁੱਲੀ ਨੂੰ ਜ਼ੋਰ ਦੇ ਕੇ ਉਛਾਲਦਾ ਹੈ । ਜੇਕਰ ਉਸ ਵੱਲੋਂ ਉਛਾਲੀ ਗਈ ਗੁੱਲੀ ਸਾਹਮਣੇ ਖੜੀ ਦੂਸਰੀ ਟੋਲੀ ਦੇ ਖਿਡਾਰੀਆਂ ਵੱਲੋਂ ਧਰਤੀ ਤੇ ਡਿੱਗਣ ਤੋਂ ਪਹਿਲਾਂ ਬੋਚ ਲਈ ਜਾਂਦੀ ਹੈ ਤਾਂ ਵਾਰੀ ਲੈਣ ਵਾਲਾ ਖੇਡ ਵਿੱਚੋਂ ਬਾਹਰ ਹੋ ਜਾਂਦਾ ਹੈ ਅਤੇ ਫਿਰ ਦੂਸਰੀ ਟੋਲੀ ਵਾਲਾ ਵਾਰੀ ਲੈਂਦਾ ਹੈ ਜੇਕਰ ਵਿਰੋਧੀ ਖਿਡਾਰੀ ਉਛਾਲੀ ਗਈ ਗੁੱਲੀ ਨੂੰ ਬੋਚਣ ਤੋਂ ਖੁੰਝ ਜਾਂਦਾ ਹੈ ਤਾਂ ਵਿਰੋਧੀਆਂ ਵਿੱਚੋਂ ਕੋਈ ਇੱਕ ਖਿਡਾਰੀ ਘੁੱਤੀ ਉੱਪਰ ਰੱਖੇ ਡੰਡੇ ਨੂੰ ਗੁੱਲੀ ਨਾਲ ਨਿਸ਼ਾਨਾ ਬਣਾ ਕੇ ਸੁੱਟਦਾ ਹੈ । ਜੇਕਰ ਗੁੱਲੀ ਦਾ ਡੰਡੇ ਨੂੰ ਨਿਸ਼ਾਨਾ ਲੱਗ ਜਾਂਦਾ ਹੈ ਜਾਂ ਘੁੱਤੀ ਵਿੱਚ ਪੈ ਜਾਂਦੀ ਹੈ ਤਾਂ ਦੂਸਰੀ ਟੋਲੀ ਦੀ ਖੇਡਣ ਦੀ ਵਾਰੀ ਆ ਜਾਂਦੀ ਹੈ । ਪ੍ਰੰਤੂ ਜੇਕਰ ਗੁੱਲੀ ਡੰਡੇ ਨੂੰ ਨਹੀਂ ਛੂੰਹਦੀ ਜਾਂ ਘੁੱਤੀ ਵਿੱਚ ਨਹੀਂ ਪੈਂਦਾ ਤਾਂ ਵਾਰੀ ਲੈਣ ਵਾਲਾ ਗੁੱਲੀ ਦੀ ਨੋਕ ਤੇ ਪੋਲਾ ਜਿਹਾ ਡੰਡਾ ਮਾਰਦਾ ਹੈ ਜਿਉਂ ਹੀ ਗੁੱਲੀ ਉੱਪਰ ਬੁੜ੍ਹਕਦੀ ਹੈ ਤਾਂ ਡੰਡੇ ਨਾਲ ਗੁੱਲੀ ਨੂੰ ਜ਼ੋਰ ਲਗਾਕੇ ਬੱਘ ਮਾਰਦਾ ਹੈ ਜਿਸ ਨਾਲ ਗੁੱਲੀ ਦੂਰ ਹਵਾ ਵਿੱਚ ਉਛਲਦੀ ਹੋਈ ਜਾ ਡਿੱਗਦੀ ਹੈ । ਜੇਕਰ ਹਵਾ ਵਿੱਚ ਉਛਲੀ ਗੁੱਲੀ ਹੇਠਾਂ ਧਰਤੀ ਤੇ ਡਿੱਗਣ ਤੋਂ ਪਹਿਲਾਂ ਹੀ ਕਿਸੇ ਵਿਰੋਧੀ ਖਿਡਾਰੀ ਵੱਲੋਂ ਕ੍ਰਿਕਟ ਦੀ ਬਾਲ ਵਾਂਗ ਬੋਚ ਲਈ ਜਾਂਦੀ ਹੈ ਤਾਂ ਖੇਡਣ ਵਾਲਾ ਆਊਟ ਹੋ ਜਾਂਦਾ ਹੈ ਅਤੇ ਫਿਰ ਉਸਦੀ ਜਗ੍ਹਾ ਦੂਸਰਾ ਖਿਡਾਰੀ ਲੈਂਦਾ ਹੈ ।

ਬੰਟੇ (ਗੋਲ਼ੀਆਂ ):  ਬੰਟੇ ਪੰਜਾਬੀਆਂ ਦੀ ਬਹੁਤ ਹੀ ਲੋਕਪ੍ਰਿਅ ਪੇਂਡੂ ਖੇਡ ਹੈ । ਭਾਵੇਂ ਇਹ ਛੋਟੇ ਮੁੰਡਿਆ ਵੱਲੋਂ ਖੇਡੀ ਜਾਣ ਵਾਲੀ ਖੇਡ ਮੰਨੀ ਜਾਂਦੀ ਹੈ । ਪ੍ਰੰਤੂ ਇਸਨੂੰ ਨੌਜੁਆਨ ਵੀ ਸ਼ੌਕ ਨਲ ਖੇਡਣਾ ਪਸੰਦ ਕਰਦੇ ਹਨ । ਇਸਨੂੰ ਅਲੱਗ ਅਲੱਗ ਖ਼ਿੱਤਿਆਂ ਵਿੱਚ ਵੱਖਰੇ ਵੱਖਰੇ ਨਾਂ ਨਾਲ ਜਾਣਿਆਂ ਜਾਂਦਾ ਹੈ । ਇਸ ਖੇਡ ਨੂੰ ਉੱਤਰੀ ਭਾਰਤ ਵਿੱਚ ਕੰਚੇ ਅਤੇ ਦੱਖਣੀ ਭਾਰਤ ਵਿੱਚ ਗੋਲੀ ਗੁੰਡੂ ਦੇ ਨਾਂ ਨਲ ਜਾਣਿਆ ਜਾਂਦਾ ਹੈ । ਬੰਟੇ ਕਈ ਤਰਾਂ ਨਾਲ ਖੇਡੇ ਜਾਂਦੇ ਹਨ । ਇਸ ਖੇਡ ਲਈ ਘੱਟੋ ਘੱਟ ਦੋ ਖਿਡਾਰੀ ਹੋਣੇ ਜ਼ਰੂਰੀ ਹਨ । ਬੰਟੇ ਖੇਡਣ ਲਈ ਸਭ ਤੋਂ ਪਹਿਲਾਂ ਖੁੱਤੀ ਜਾਂ ਪਿੱਲ ਪੁੱਟ ਲਈ ਜਾਂਦੀ ਹੈ ਅਤੇ ਖੁੱਤੀ ਤੋਂ ਥੱਪੜਾਂ ਪਿੱਛੇ ਲਕੀਰ ਖਿੱਚਕੇ ਬੰਟੇ ਸੁੱਟਣ ਲਈ ਜਗਾ ਮਿਥ ਲਈ ਜਾਂਦੀ ਹੈ । ਨਿਸ਼ਾਨਾ ਲਾਉਣ ਵਾਲੀ ਖੇਡ ਵਿੱਚ ਬਰਾਬਰ ਗਿਣਤੀ ਵਿੱਚ ਬੰਟੇ ਪਾ ਲਏ ਜਾਂਦੇ ਹਨ । ਪਹਿਲਾਂ ਵਾਰੀ ਲੈਣ ਵਾਲਾ ਖਿਡਾਰੀ ਇੱਕ ਨਿਸ਼ਚਿਤ ਸਥਾਨ ਤੋਂ ਪਿੱਲ ਜਾਂ ਖੁੱਤੀ ਵੱਲ ਬੰਟੇ ਸੁੱਟਦਾ ਹੈ । ਕੁਝ ਬੰਟੇ ਪਿੱਲ ਵਿੱਚ ਪੈ ਜਾਂਦੇ ਹਨ ਅਤੇ ਕੁਝ ਬਾਹਰ ਰਹਿ ਜਾਂਦੇ ਹਨ । ਵਿਰੋਧੀ ਖਿਡਾਰੀ ਬਾਹਰ ਰਹਿ ਗਏ ਬੰਟਿਆਂ ਵਿੱਚੋਂ ਕਿਸੇ ਇੱਕ ਤੇ ਵਾਰੀ ਲੈਣ ਵਾਲੇ ਨੂੰ ਨਿਸ਼ਾਨਾ ਲਾਉਣ ਲਈ ਆਖਦਾ ਹੈ । ਜੇਕਰ ਉਹ ਨਿਸ਼ਾਨਾ ਲਗਾ ਦਿੰਦਾ ਹੈ ਤਾਂ ਵਾਰੀ ਲੈਣ ਵਾਲਾ ਸਾਰੇ ਬੰਟੇ ਜਿੱਤ ਲੈਂਦਾ ਹੈ । ਪ੍ਰੰਤੂ ਜੇਕਰ ਨਿਸ਼ਾਨਾ ਨਹੀਂ ਲੱਗਦਾ ਤਾਂ ਸਿਰਫ ਪਿੱਲ ਜਾਂ ਖੁੱਤੀ ਵਿੱਚ ਆਏ ਬੰਟੇ ਵਾਰੀ ਲੈਣ ਵਾਲਾ ਜਿੱਤਦਾ ਹੈ ਅਤੇ ਬਾਕੀ ਬਚਦੇ ਬੰਟਿਆਂ ਨਾਲ ਵਿਰੋਧੀ ਦੁਬਾਰਾ ਪਹਿਲੀ ਵਿਧੀ ਦੁਹਰਾਉਂਦਾ ਹੈ । ਪ੍ਰੰਤੂ ਜੇਕਰ ਨਿਸ਼ਾਨਾ ਲਾਉਣ ਸਮੇਂ ਕਿਸੇ ਹੋਰ ਬੰਟੇ ਨੂੰ ਨਿਸ਼ਾਨਾ ਲੱਗ ਜਾਂਦਾ ਹੈ ਤਾਂ ਵਾਰੀ ਲੈਣ ਵਾਲਾ ਪਿੱਲ ਵਿੱਚ ਆਏ ਬੰਟੇ ਵੀ ਹਾਰ ਜਾਂਦਾ ਹੈ ।ਇਸਤੋਂ ਇਲਾਵਾ ਬੰਟਿਆਂ ਨਾਲ ਖੇਡੀਆਂ ਜਾਣ ਵਾਲੀਆਂ ਕਈ ਤਰਾਂ ਦੀਆਂ ਵੱਖ ਵੱਖ ਹੋਰ ਵੀਖੇਡਾਂ ਹਨ ।