ਲੁੱਡੀ

ਯੂਨਾਨੀ ਬੋਲੀ ਵਿੱਚ ‘ਲੁੱਡੀ’ ਦਾ ਅਰਥ ਹੈ ਖੇਡਣਾ-ਕੁੱਦਣਾ । ਇਸੇ ਕਾਰਨ ਹੀ ਇਹ ਵੀ ਧਾਰਨਾ ਵੀ ਬਣੀ ਹੋਈ ਹੈ ਕਿ ਲੁੱਡੀ ਸ਼ਬਦ ਯੂਨਾਨੀ ਭਾਸ਼ਾ  ਰਾਹੀਂ ਪੰਜਾਬੀ ਬੋਲੀ ਵਿੱਚ ਆਇਆ । ਲੁੱਡੀ ਪੰਜਾਬ ਦਾ ਜਿਵੇਂ ਹਰਮਨ ਪਿਆਰਾ ਲੋਕ- ਨਾਚ ਹੈ , ਉਸੇ ਤਰ੍ਹਾਂ ਲੋਕਾਂ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਇੱਕ ਲੋਕ-ਪ੍ਰਿਅ ਮੁਹੱਬਤਾਂ ਵੀ ਬਣਿਆਂ ਹੋਇਆ ਹੈ । ਜਿਵੇਂ ਮਾਲਵਾ ਖੇਤਰ ਦਾ ਗਿੱਧਾ ਔਰਤਾਂ ਤੋਂ ਹੌਲੀ-ਹੌਲੀ ਮਰਦਾਂ ਦਾ ਵੀ ਹਰਮਨ ਪਿਆਰਾ (ਮਲਵਈ ਗਿੱਧਾ ) ਦੇ ਨਾਲ ਲੋਕ-ਪ੍ਰਿਅ ਹੋ ਗਿਆ , ਉਸੇ ਤਰ੍ਹਾਂ ਲੁੱਡੀ ਵੀ ਮਰਦਾਂ ਵੱਲੋਂ ਪਾਇਆ ਜਾਣ ਲੱਗਾ । ਇਸ ਤਰ੍ਹਾਂ ਇਹ ਨਾਚ ਮਰਦ ਅਤੇ ਔਰਤਾਂ ਦੋਵਾਂ ਵੱਲੋਂ ਪਾਇਆ ਜਾਣ ਵਾਲਾ ਨਾਚ ਬਣ ਗਿਆ । ਲਹਿੰਦੇ ਪੰਜਾਬ (ਪਾਕਿਸਤਾਨ) ਦੇ ਜਿਹਲਮ , ਸਿਆਲਕੋਟ , ਸਾਂਝੀਵਾਲ , ਗੁੱਜਰਾਂਵਾਲ਼ਾ , ਸਰਗੋਧਾ ਆਦਿ ਇਲਾਕਿਆਂ ਨੂੰ ਲੁੱਡੀ -ਨਾਚ ਦਾ ਅਸਲ ਜਨਮ-ਦਾਤਾ ਮੰਨਿਆਂ ਜਾਂਦਾ ਹੈ । ਇਹ ਨਾਚ ਆਮਤੌਰ ਤੇ ਖੁੱਲ੍ਹਾ ਕੁਰਤਾ-ਚਾਦਰਾ ਪਹਿਨ ਕੇ ਪਾਰਿਆਂ ਜਾਂਦਾ ਹੈ । ਕਿਸੇ ਸਮੇਂ ਜੰਗ , ਖੇਡ ਜਾਂ ਮੁਕੱਦਮੇ ਵਿੱਚ ਜਿੱਤ ਪ੍ਰਾਪਤ ਕਰਨ ਵਾਲ਼ਿਆਂ ਦਾ ਲੁੱਡੀ ਪਾ ਕੇ ਭਰਵਾਂ ਸਵਾਗਤ ਕੀਤਾ ਜਾਂਦਾ ਸੀ । ਲੁੱਡੀ ਨਾਚ ਸੰਮੀ ਨਾਚ ਨਾਲ ਕਾਫ਼ੀ ਹੱਦ ਤੱਕ ਮੇਲ ਖਾਂਦਾ ਨਾਚ ਹੈ । ਇਨ੍ਹਾਂ ਦੋਵੇਂ ਨਾਚਾਂ ਵਿੱਚ ਫਰਕ ਸਿਰਫ ਇਹੀ ਹੈ ਕਿ ਸੰਮੀ-ਨਾਚ ਪਾਉਣ ਸਮੇਂ ਨਾਲ਼ੋਂ-ਨਾਲ ਗੀਤ ਵੀ ਗਾਏ ਜਾਂਦੇ ਹਨ , ਜਦੋਂ ਕਿ ਲੁੱਡੀ -ਨਾਚ ਪਾਉਣ ਸਮੇਂ ਕੋਈ ਵੀ ਗੀਤ ਜਾਂ ਬੋਲੀ ਆਦਿ ਨਹੀਂ ਪਾਈ ਜਾਂਦੀ । ਇਸ ਨਾਚ ਵਿੱਚ ਨੱਚਣ ਵਾਲ਼ਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਲੁੱਡੀ ਪਾਉਣ ਸਮੇਂ ਢੋਲ ਪਾਉਣ ਵਾਲੇ ਢੋਲੀ ਦੀ ਮੁੱਖ ਭੂਮਿਕਾ ਹੁੰਦੀ ਹੈ । ਜਦੋਂ ਢੋਲੀ ਢੋਲ ਉੱਤੇ ਡੱਗਾ ਲਾਉਂਦਾ ਹੈ ਤਾਂ ਢੋਲ ਦੀ ਤਾਲ ਤੇ ਨੱਚਣ ਵਾਲੇ ਆਪਣੀਆਂ ਛਾਤੀਆਂ ਅੱਗੇ ਜ਼ੋਰ ਨਾਲ ਤਾੜੀ ਮਾਰਦੇ ਹਨ । ਉਹ ਆਪਣੇ ਮੋਢਿਆਂ ਨੂੰ ਹਿਲਾਉਂਦੇ ਹੋਏ ਮੁਸਕਰਾ ਕੇ ਅੱਖਾਂ ਮਟਕਾਉਂਦੇ ਹਨ । ਉਹ ਨੱਚਦੇ ਹੋਏ ਢੋਲੀ ਦੀ ਤਾਲ ਨਾਲ ਨਾਚ ਕਰਦੇ ਹੋਏ ਅੱਗੇ ਵਧਦੇ ਰਹਿੰਦੇ ਹਨ । ਇਸ ਨਾਚ ਵਿੱਚ ਇੱਕੋ ਤਾਲ ਤੇ ਤਾੜੀ ਮਾਰ ਕੇ  ਬਹੁਤ ਹੀ ਧੀਮੀ ਸੁਰ ਵਿੱਚ ਕਦੇ ਤੇਜ਼ ਅਤੇ ਕਦੇ ਹੌਲੀ ਗਤੀ ਵਿੱਚ ਲੁੱਡੀ ਪਾਈ ਜਾਂਦੀ ਹੈ ।