ਸੰਮੀ

ਸੰਮੀ-ਨਾਚ ਪਾਕਿਸਤਾਨ ਵਿਚਲੇ ਪੱਛਮੀ ਪੰਜਾਬ ਦੇ ਸਾਂਦਲਬਾਰ ਇਲਾਕੇ ਦਾ ਹਰਮਨ ਪਿਆਰਾ ਨਾਚ ਹੈ । ਸੰਮੀ-ਨਾਚ ਦੇ ਇਤਿਹਾਸ ਵਾਰੇ ਵੱਖਰੀਆਂ- ਵੱਖਰੀਆਂ ਦੰਦ-ਕਥਾਵਾਂ ਪ੍ਰਚੱਲਿਤ ਹਨ । ਸੰਮੀ-ਨਾਚ ਵਾਰੇ ਇਹ ਧਾਰਨਾ ਮਸ਼ਹੂਰ ਹੈ ਕਿ ਇੱਕ ਸੰਮੀ ਨਾਂ ਦੀ ਅਤਿ ਸੁੰਦਰ ਮੁਟਿਆਰ ਸੀ , ਜਿਸਦਾ ਢੋਲਾ ਨਾਂ ਦਾ ਇੱਕ ਪ੍ਰੇਮੀ ਸੀ । ਸੰਮੀ ਅਤੇ ਢੋਲਾ ਬਹੁਤ ਹੀ ਅਮੀਰ ਜਾਗੀਰਦਾਰਾਂ ਦੇ ਧੀਆਂ-ਪੁੱਤਰ ਸਨ । ਕਹਿੰਦੇ ਹਨ ਕਿ ਢੋਲਾ ਸ਼ਿਕਾਰ ਖੇਡ੍ਹਦਾ ਆਪਣੇ ਸ਼ਿਕਾਰ ਦਾ ਪਿੱਛਾ ਕਰਦਾ ਹੋਇਆ ਸੰਮੀ ਦੇ ਬਾਗ਼ ਵਿੱਚ ਜਾ ਵੜਿਆ ।ਉਹ ਬਾਗ਼ ਵਿੱਚ ਸੰਮੀ ਨੂੰ ਪਹਿਲੀ ਨਜਰੇ ਹੀ ਤੱਕਦਿਆਂ ਦਿਲ ਦੇ ਬੈਠਾ । ਢੋਲਾ ਸੰਮੀ ਦੇ ਹੁਸਨ ਦਾ ਦੀਵਾਨਾ ਹੋ ਗਿਆ । ਸੰਮੀ ਵੀ ਪਹਿਲੀ ਤੱਕਣੀ ਹੀ ਢੋਲੇ ਨੂੰ ਦਿਲ ਬੈਠਦੀ ਹੈ । ਦੋਵਾਂ ਵਿੱਚ ਪਿਆਰ ਪੈ ਜਾਂਦਾ ਹੈ । ਪਰ ਇੱਕ ਦਿਨ ਢੋਲਾ ਕਿਸੇ ਵਜਹ ਸੰਮੀ ਨੂੰ ਛੱਡਕੇ ਦੂਰ ਚਲਾ ਜਾਂਦਾ ਹੈ । ਪਿੱਛੋਂ ਸੰਮੀ ਆਪਣੇ ਪ੍ਰੇਮੀ ਦੇ ਵਿਯੋਗ-ਰਸ ਵਿੱਚ ਤੜਪਦੀ ਹੋਈ ਨੱਚਦੀ ਹੀ ਰਹਿੰਦੀ ਸੀ ।ਸੰਮੀ-ਨਾਚ ਪ੍ਰੇਮ , ਬ੍ਰਿਹਾ ਅਤੇ ਖੁਸ਼ੀਆਂ ਖੇੜਿਆਂ ਸਮੇਂ ਪਾਇਆ ਜਾਣ ਵਾਲਾ ਨਾਚ ਹੈ । ਇਹ ਅੱਲ੍ਹੜ ਮੁਟਿਆਰਾਂ ਦੇ ਦਿਲਾਂ ਦੇ ਅਰਮਾਨਾਂ ਅਤੇ ਸੱਧਰਾਂ ਦੀ ਰਹਿਨੁਮਾਈ ਕਰਨ ਵਾਲਾ ਨਾਚ ਹੈ । ਸੰਮੀ ਨਾਚ ਕੁਦਰਤ ਦੇ ਰੰਗਾਂ ਦੀ ਵੀ ਬਾਖੂਬੀ ਪੇਸ਼ਕਾਰੀ ਕਰਦਾ ਹੈ। ਇਸ ਨਾਚ ਰਾਹੀਂ ਸੰਮੀ ਦਾ ਗੀਤ ਗਾਏ ਜਾਣ ਸਮੇ ਪ੍ਰਕਿਰਤੀ , ਜੰਗਲਾਂ ਅਤੇ ਜੀਵ-ਜੰਤੂਆਂ ਦਾ ਵੀ ਚਿਤਰਣ ਝਲਕ-ਝਲਕ ਪੈਂਦਾ ਹੈ ।

ਦੇਸ਼ ਦੀ ਵੰਡ ਹੋ ਜਾਣ ਬਾਦ ਮੁਟਿਆਰਾਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆਉਣ ਸਮੇਂ ਸੰਮੀ-ਨਾਚ ਨੂੰ ਆਪਣੇ ਨਾਲ ਹੀ ਲੈ ਆਈਆਂ । ਹੌਲੀ-ਹੌਲੀ ਇਹ ਸੰਮੀ ਪਾਉਣ ਸਮੇਂ ਮੁਟਿਆਰਾਂ/ਔਰਤਾਂ ਬਾਹਵਾਂ ਵਿੱਚ ਬਾਹਵਾਂ ਪਾ ਕੇ ਘੇਰਾ ਬਣਾ ਲੈਂਦੀਆਂ ਹਨ । ਉਹ ਹੱਥਾਂ ਨਾਲ ਤਾੜੀਆਂ ਵਜਾ ਕੇ ਅਤੇ ਚੁਟਕੀਆਂ ਵਜਾ ਕੇ ਨੱਚਦੀਆਂ ਹੋਈਆਂ ਸੰਮੀ ਗਾਉਂਦੀਆਂ ਹਨ । ਉਹ ਆਪਣਾ ਸੱਜਾ ਹੱਥ ਆਪਣੇ ਲੱਕ ਦੁਆਲੇ ਅਤੇ ਖੱਬਾ ਹੱਥ ਮੱਥੇ ਨਾਲ ਲਗਾ ਕੇ ਸਲਾਮ ਕਰਨ ਦਾ ਨਾਟਕ ਕਰਦੀਆਂ ਹਨ ਅਤੇ ਫਿਰ ਆਪਣੇ ਦੋਵੇਂ ਹੱਥ ਆਪਣੇ ਮੱਥੇ ਉੱਤੇ ਰੱਖਕੇ ਲੱਕ ਅੱਗੇ ਕਰਕੇ ਸਲਾਮ ਕਰਦੀਆਂ ਹਨ । ਮੁਟਿਆਰਾਂ ਚੁਟਕੀਆਂ ਅਤੇ ਤਾੜੀਆਂ ਦੀ ਲੈਅ ਨਾਲ ਨੱਚਦੀਆਂ ਹੋਈਆਂ ਆਪਣੇ ਕਦਮਾਂ ਦੀ ਤਾਲ ਨੂੰ ਇੱਕਸੁਰ ਕਰਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੰਦੀਆਂ ਹਨ । ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ , ਸੰਮੀ ਨੇ ਵੀ ਅਪਣੀ ਪੂਰਵ ਹੋਂਦ ਬਦਲ ਲਈ ਹੈ । ਅਜੋਕੇ ਸਮੇ ਨੱਚਣ ਵਾਲੀਆਂ ਮੁਟਿਆਰਾਂ ਨੇ ਸੰਮੀ-ਨਾਚ ਵਿੱਚ ਘੜੇ ਅਤੇ ਢੋਲ ਆਦਿ ਨਵੇਂ ਨਵੇਂ ਉਕਰਨਾਂ ਨੂੰ ਵੀ ਸਾਮਿਲ ਕਰ ਲਿਆ ਹੈ ।