ਜਰਗ ਦਾ ਮੇਲਾ

ਜਰਗ ਦਾ ਮੇਲਾ ਪੰਜਾਬ ਦੇ ਮੇਲਿਆਂ ਵਿਚ ਇਕ ਮਸ਼ਹੂਰ ਮੇਲਾ ਹੈ । ਇਸ ਮੇਲੇ ਦਾ ਜ਼ਿਕਰ ਕਈ ਪੰਜਾਬੀ ਗਾਣਿਆਂ ਵਿਚ ਵੀ ਮਿਲਦਾ ਹੈ । ਇਹ ਮੇਲਾ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਪਿੰਡ ਜਰਗ (ਮਲੇਰਕੋਟਲਾ - ਖੰਨਾ ਸੜਕ, ਜਿ਼ਲ੍ਹਾ ਲੁਧਿਆਣਾ) ਵਿਖੇ ਲਗਦਾ ਹੈ । ਜਰਗ ਦਾ ਮੇਲਾ ਸੀਤਲਾ ਮਾਤਾ (ਰਾਈ ) ਨੂੰ ਪਤਿਆਉਣ ਲਈ ਲੱਗਦਾ ਹੈ।
ਸ਼ੀਤਲਾ ਦੀ ਪੂਜਾ ਸਮੇਂ, ਮੇਲੇ ਤੋਂ ਇੱਕ ਦਿਨ ਪਹਿਲਾਂ ਗੁਲਗੁਲੇ ਪਕਾਏ ਜਾਂਦੇ ਹਨ। ਦੂਜੇ ਦਿਨ ਬਾਸੀ ਹੋਣ ਤੇ ਮਾਤਾ ਦੇ ਥਾਨ (ਮੰਦਿਰ) `ਤੇ ਚੜ੍ਹਾਉਣ ਉਪਰੰਤ ਮੰਦਿਰ ਦੇ ਬਾਹਰ ਖੜ੍ਹੇ, ਮਾਤਾ ਦੇ ਵਾਹਨ (ਖੋਤਿਆਂ) ਨੂੰ ਭੋਗ ਲਾਉਣ ਪਿੱਛੋਂ ਵੰਡੇ ਅਤੇ ਖਾਧੇ ਜਾਂਦੇ ਹਨ। ਇਸ ਲਈ ਇਸ ਮੇਲੇ ਨੂੰ `ਬਾਸਤੀਏ` ਦਾ ਮੇਲਾ ਵੀ ਆਖਦੇ ਹਨ।
ਜਰਗ ਦੇ ਇਸ ਮੇਲੇ ਦਾ ਇੱਕ ਹੋਰ ਦਿਲਚਸਪ ਪਹਿਲੂ, ਮੇਲੇ ਅਤੇ ਮੰਦਿਰ ਨੇੜੇੇ ਕੁਝ ਘੁਮਿਆਰਾਂ ਵੱਲੋਂ ਖੋਤਿਆਂ ਨੂੰ ਸ਼ਿੰਗਾਰ ਕੇ ਲਿਆ ਖੜ੍ਹੇ ਕਰਨਾ ਹੈ। ਰੰਗ-ਬਰੰਗੀਆਂ ਲੀਰਾਂ ਦੀਆਂ ਵੱਟੀਆਂ ਰੱਸੀਆਂ ਵਿੱਚ ਮਣਕੇ, ਕੌਡੀਆਂ ਅਤੇ ਘੋਗੇ ਆਦਿ ਪਰੋ ਕੇ ਪਿੱਠ ਉੱਪਰ ਰੰਗ-ਬਰੰਗੀਆਂ ਜੁੱਲੀਆਂ ਦੇ ਝੁੱਲ ਦਿੱਤੇ ਹੁੰਦੇ ਹਨ। ਪੂਜਾ ਲਈ ਆਏ ਸ਼ਰਧਾਲੂ ਮਾਤਾ ਰਾਈ ਨੂੰ ਭੋਗ ਲਵਾਉਣ ਉਪਰੰਤ ਖੋਤਿਆਂ ਨੂੰ ਗੁਲਗੁਲੇ ਜਾਂ ਪਿੰਨੇ, ਮੋਠ, ਬਾਜਰੇ ਆਦਿ ਦੀਆਂ ਬੱਕਲੀਆਂ ਚਾਰਦੇ ਹਨ। ਜੇਕਰ ਰੱਜਿਆ ਖੋਤਾ ਹਿਣਕ ਪਵੇ ਤਾਂ ਮਾਤਾ ਰਾਈ ਪ੍ਰਸੰਨ ਹੋਈ ਸਮਝ ਲਈ ਜਾਂਦੀ ਹੈ। ਮੇਲੇ ਵਿੱਚ ਜੀਆਂ ਦੀ ਸੁੱਖ ਦੇ ਨਾਲ-ਨਾਲ. ਭੇਡਾਂ. ਬੱਕਰੀਆਂ, ਮੱਝਾਂ, ਗਾਵਾਂ ਆਦਿ ਲਿਆ ਕੇ ਵੀ ਚੌਕੀ ਭਰਵਾਈ ਜਾਂਦੀ ਹੈ ।
ਕਈ ਸ਼ਰਧਾਲੂ ਬੱਚੇ ਦੀ ਪਹਿਲੀ ਝੰਡ ਉਤਰਵਾ ਕੇ ਮਾਤਾ ਰਾਈ ਦੇ ਥਾਨ `ਤੇ ਭੇਟ ਕਰਦੇ ਹਨ। ਜਿਨ੍ਹਾਂ ਲੋਕਾਂ ਨੇ ਮਾਤਾ ਦੇ ਥਾਨ ਤੇ ਜਿਊਂਦਾ ਜੀ ਚਾੜ੍ਹਨ ਦੀ ਸੁੱਖ ਸੁੱਖੀ ਰੁੰਦੀ ਹੈ ਅਜਿਹੇ ਸ਼ਰਧਾਲੂ ਥਾਨ ਨੇੜੇ ਮੁਰਗੇ ਲੈ ਕੇ ਬੈਠੇ ਵਿਅਕਤੀਆਂ ਪਾਸੋਂ ਕੁਝ ਪੈਸੇ ਦੇ ਕੇ ਮੁਰਗਾ ਖ਼ਰੀਦ ਲੈਂਦੇ ਹਨ । ਜਿਨ੍ਹਾਂ ਲੋਕਾਂ ਨੇ ਮਾਤਾ ਦਾ ਥਾਨ ਉਸਾਰਨ ਦੀ ਸੁੱਖ ਸੁੱਖੀ ਹੁੰਦੀ ਹੈ, ਉਹ ਮੰਦਿਰ ਨੇੜੇ ਬੈਠੇ ਕਾਰੀਗਰਾਂ ਤੋਂ ਕੁੱਝ ਇੱਟਾਂ ਦੀ ਮਟੀ ਬਣਵਾ ਕੇ ਸੁੱਖ ਲਾਹ ਲੈਂਦੇ ਹਨ ਪਰ ਇਹ ਮਟੀ ਦੀ ਉਸਾਰੀ ਸਦੀਵੀ ਨਹੀਂ ਹੁੰਦੀ । ਸ਼ਰਧਾਲੂ ਦੇ ਪਿੱਠ ਮੋੜਦਿਆਂ ਹੀ ਕਾਰੀਗਰ ਉਹਨਾਂ ਇੱਟਾਂ ਨਾਲ ਹੀ ਕਿਸੇ ਹੋਰ ਦੀ ਮਟੀ ਉਸਾਰ ਰਿਹਾ ਹੁੰਦਾ ਹੈ।
ਜਰਗ ਵਿੱਚ ਸ਼ੀਤਲਾ ਮਾਤਾ ਨਾਲ ਸਬੰਧਤ ਚਾਰ ਮੰਦਿਰ ਹਨ। ਬਸੰਤੀ, ਮਸਾਈ ਅਤੇ ਸੀਤਲਾ ਅਤੇ ਫਰੀਦ । ਇਹਨਾਂ ਨੂੰ ਮਾਤਾ ਦੇ ਥਾਨ ਕਿਹਾ ਜਾਂਦਾ ਹੈ। ਇੱਕ  ਦੰਤ-ਕਥਾ ਅਨੁਸਾਰ, ਇੱਕ ਸਮੇਂ ਇਸ ਇਲਾਕੇ ਵਿੱਚ ਮਾਹਾਂਮਾਰੀ ਦੇ ਰੂਪ ਵਿੱਚ ਚੇਚਕ ਫ਼ੈਲ ਗਈ। ਚੇਚਕ ਇਕ ਬਿਮਾਰੀ ਹੈ ਇਹ ਬਿਮਾਰੀ ਹੋਣ ਨਾਲ ਸ਼ਰੀਰ ਉਪਰ ਫਿਣਸੀਆਂ ਜਾਂ ਦਾਣੇ ਨਿਕਲਦੇ ਹਨ ਜੋ ਬਹੁਤ ਦਰਦ ਕਰਦੇ ਹਨ ਕਈ ਵਾਰ ਇਹ ਸੋਹਣੇ ਸੁਨਖੇ ਇਨਸਾਨ ਨੂੰ ਕਰੂਪ ਵੀ ਕਰ ਦਿੰਦੇ ਹਨ। ਪੁਰਾਤਨ ਗ੍ਰੰਥਾਂ ਵਿੱਚ ਸੀਤਲਾ (ਚੇਚਕ ਦੀ) ਦੇਵੀ ਬਾਰੇ ਕਿਹਾ ਗਿਆ ਹੈ ਕਿ ਇਸ ਦਾ ਰੰਗ ਸੁਨਹਿਰੀ, ਲਾਲ ਰੰਗ ਦੇ ਵਸਤਰ, ਹੱਥ ਵਿੱਚ ਝਾੜੂ (ਬੁਹਾਰੀ) ਅਤੇ ਸਿਰ ਉਪਰ ਛੱਜ ਹੈ ਇਹ ਦੇਵੀ ਖੋਤੇ ਦੀ ਸੁਆਰੀ ਕਰਦੀ ਹੈ। ਕਥਾ ਅਨੁਸਾਰ ਇੱਕ ਬਜ਼ੁਰਗ ਨੂੰ ਸੁਪਨੇ ਵਿੱਚ ਮਾਤਾ ਸ਼ੀਤਲਾ ਨੇ ਕਿਹਾ, `ਮੇਰਾ ਥਾਨ ਥਾਪ ਕੇ ਪੂਜਾ ਕਰੋ, ਸੁੱਖ ਵਰਤੇਗੀ।` ਤਦ ਤੋਂ ਇਸ ਥਾਂ ਤੇ ਮੇਲਾ ਲੱਗਣ ਸੁਰੂ ਹੋਇਆ। 
ਜਰਗ ਦਾ ਮੇਲਾ ਸ਼ੀਤਲਾ (ਜਿਸ ਨੂੰ ਰਾਈ ਵੀ ਕਿਹਾ ਜਾਂਦਾ ਹੈ ) ਦੇ ਇਸ ਵਿਆਪਕ ਰੂਪ ਦੀ ਹੀ ਪੂਜਾ ਦਾ ਇੱਕ ਅੰਗ ਹੈ। ਪਿੰਡ ਵਿੱਚ ਮੁੱਖ ਥਾਨ ਮਾਤਾ ਰਾਈ (ਸੀਤਲਾ) ਦਾ ਹੀ ਹੈ ਜੋ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਹੈ। ਚਾਰੇ ਥਾਂਵਾਂ ਤੇ ਵੱਖੋ-ਵੱਖ ਮੂਰਤੀਆਂ ਸਜਾਈਆਂ ਗਈਆਂ ਹਨ। ਸੀਤਲਾ ਮਾਈ ਦੇ ਮੁੱਖ ਬਾਨ `ਤੇ ਕੁੱਕੜ. ਭੇਡ, ਸੂਰ ਦੇ ਬੱਚੇ, (ਇਸਤਰੀ ਸ਼ਿੰਗਾਰ ਦੀਆਂ ਵਸਤਾਂ) ਚੂੜੀਆਂ. ਨਹੁੰ ਪਾਲਿਸ਼. ਚੁੰਨੀਆਂ ਆਦਿ ਚੜ੍ਹਾਈਆਂ ਜਾਂਦੀਆਂ ਹਨ। ਦੂਸਰਾ ਥਾਨ ਮਾਈ ਮਸਾਈ (ਸੇਡਲਾ) ਦਾ ਹੈ ਜਿਸ ਨੂੰ ਚੂੜੀਆਂ, ਚੁੰਨੀਆਂ ਅਤੇ ਪੂੜਿਆਂ ਆਦਿ ਦਾ ਭੈਗ ਲਾਇਆ ਜਾਂਦਾ ਹੈ। ਤੀਜਾ ਥਾਨ ਮਾਈ ਬਸੰਤੀ ਦਾ ਹੈ, ਜਿੱਥੇ ਚੁੰਨੀਆਂ ਅਤੇ ਚੂੜੀਆਂ ਤੋਂ ਬਿਨਾਂ ਪਤਾਸੇ ਆਦਿ ਵੀ ਚੜ੍ਹਾਏ ਜਾਂਦੇ ਹਨ। ਚੌਥਾ ਥਾਨ ਫ਼ਰੀਦ ਮੰਦਿਰ ਹੈ ਜੇ ਤਿੰਨਾਂ ਭੈਠਾਂ ਦਾ ਸੇਵਕ ਦੱਸਿਆ ਜਾਂਦਾ ਹੈ। ਇਸ ਥਾਨ ਤੇ ਲੱਡੂਆਂ ਦਾ ਪ੍ਰਸ਼ਾਦ ਭੇਟ ਕਰਨ ਦੀ ਪ੍ਰਥਾ ਹੈ।