ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ 

ਨਵੀਂ ਦਿੱਲੀ, 08 ਅਗਸਤ 2024 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੁਪਨਾ ਅਤੇ ਉਨ੍ਹਾਂ ਦਾ ਹੌਂਸਲਾ ਟੁੱਟ ਗਿਆ ਹੈ। ਉਸ ਕੋਲ ਹੁਣ ਬਹੁਤੀ ਤਾਕਤ ਨਹੀਂ ਬਚੀ ਹੈ। ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਕਾਫੀ ਪਰੇਸ਼ਾਨ ਸੀ। ਉਸ ਨੂੰ ਬੁਧਵਾਰ (7 ਅਗਸਤ) ਨੂੰ ਓਲੰਪਿਕ ਤੋਂ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਫੋਗਾਟ ਨੇ ਐਕਸ 'ਤੇ ਲਿਖਿਆ, "ਮਾਂ, ਕੁਸ਼ਤੀ ਮੇਰੇ ਸਾਹਮਣੇ ਜਿੱਤ ਗਈ, ਮੈਂ ਹਾਰ ਗਈ, ਮਾਫ ਕਰਿਓ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਕੁੱਝ ਟੁੱਟ ਗਿਆ। ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਮੈਂ ਤੁਹਾਡੀ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ, ਮੁਆਫ ਕਰਨਾ।"

ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ
29 ਸਾਲਾ ਮਹਿਲਾ ਪਹਿਲਵਾਨ ਨੇ ਇਤਿਹਾਸ ਰਚਿਆ ਸੀ ਜਦੋਂ ਉਸ ਨੇ ਸੈਮੀਫਾਈਨਲ ਮੈਚ ਵਿੱਚ ਕਿਊਬਾ ਦੇ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਓਲੰਪਿਕ ਖੇਡਾਂ ਵਿੱਚ ਅਜਿਹਾ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣੀ। ਇਸ ਤਰ੍ਹਾਂ 50 ਕਿਲੋ ਕੁਸ਼ਤੀ ਵਰਗ ਵਿੱਚ ਉਸ ਦਾ ਚਾਂਦੀ ਦਾ ਤਗ਼ਮਾ ਵੀ ਪੱਕਾ ਹੋ ਗਿਆ। ਪੂਰਾ ਦੇਸ਼ ਭਰੋਸੇ ਨਾਲ ਭਰਿਆ ਜਾਪਦਾ ਸੀ ਕਿ ਘੱਟੋ-ਘੱਟ ਇੱਕ ਤਮਗਾ ਯਕੀਨੀ ਹੈ।

ਡੀਹਾਈਡ੍ਰੇਸ਼ਨ ਕਾਰਨ ਵਿਨੇਸ਼ ਨੂੰ ਹਸਪਤਾਲ 'ਚ ਕਰਵਾਇਆ ਭਰਤੀ   
ਵਿਨੇਸ਼ ਨੇ ਮੰਗਲਵਾਰ ਨੂੰ ਤਿੰਨ ਸਖ਼ਤ ਮੈਚਾਂ ਵਿੱਚ ਹਿੱਸਾ ਲਿਆ, ਜਿਸ ਕਾਰਨ ਉਸ ਦੇ ਸਰੀਰ ਵਿੱਚ ਡੀਹਾਈਡ੍ਰੇਸ਼ਨ ਹੋ ਗਈ। ਇਸ ਤੋਂ ਬਾਅਦ ਵੀ, ਉਸਨੇ ਥੋੜ੍ਹਾ ਜਿਹਾ ਪਾਣੀ ਪੀਤਾ, ਆਪਣੇ ਵਾਲ ਕੱਟੇ ਅਤੇ ਕਸਰਤ ਕੀਤੀ, ਇਹ ਯਕੀਨੀ ਬਣਾਉਣ ਲਈ ਕਿ ਉਸਦਾ ਭਾਰ ਨਿਰਧਾਰਤ ਵਜ਼ਨ ਸੀਮਾ ਤੋਂ ਵੱਧ ਨਾ ਜਾਵੇ। ਹਾਲਾਂਕਿ ਬੁੱਧਵਾਰ ਨੂੰ ਮਿਲੀ ਨਿਰਾਸ਼ਾ ਨੇ ਉਸ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਸਰੀਰ 'ਚ ਪਾਣੀ ਦੀ ਕਮੀ ਕਾਰਨ ਵਿਨੇਸ਼ ਫੋਗਾਟ ਨੂੰ ਖੇਲਗਾਓਂ ਸਥਿਤ ਪੋਲੀ ਕਲੀਨਿਕ 'ਚ ਲਿਜਾਇਆ ਗਿਆ।

UWW ਨਿਯਮ ਕੀ ਕਹਿੰਦਾ ਹੈ?
ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਅਯੋਗ ਹੋਣ ਤੋਂ ਬਾਅਦ ਯੂਨਾਈਟਿਡ ਵਰਲਡ ਰੈਸਲਿੰਗ (UWW) ਦੇ ਨਿਯਮਾਂ 'ਤੇ ਵੀ ਚਰਚਾ ਹੋਣ ਲੱਗੀ ਹੈ। ਨਿਯਮਾਂ ਮੁਤਾਬਕ ਪਹਿਲਵਾਨ ਨੂੰ ਵਜ਼ਨ  ਤੋਲਣ ਦੇ ਸਮੇਂ ਦੌਰਾਨ ਕਈ ਵਾਰ ਆਪਣਾ ਵਜ਼ਨ ਕਰਵਾਉਣ ਦਾ ਅਧਿਕਾਰ ਦਿੱਤਾ ਜਾਂਦਾ ਹੈ। ਜੇਕਰ ਕੋਈ ਖਿਡਾਰੀ ਪਹਿਲੇ ਅਤੇ ਦੂਜੇ ਵਾਰ ਆਪਣਾ ਵਜ਼ਨ ਕਰਵਾਉਣ  ਦੌਰਾਨ ਮੌਜੂਦ ਨਹੀਂ ਹੁੰਦਾ ਜਾਂ ਅਯੋਗ ਕਰਾਰ ਦਿੱਤਾ ਜਾਂਦਾ ਹੈ, ਤਾਂ ਉਸ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਹ ਆਖਰੀ ਸਥਾਨ 'ਤੇ ਰਹਿੰਦਾ ਹੈ ਅਤੇ ਉਸ ਨੂੰ ਕੋਈ ਰੈਂਕ ਨਹੀਂ ਮਿਲਦਾ।

ਵਿਨੇਸ਼, ਤੁਸੀਂ ਹਾਰੇ ਨਹੀਂ, ਤੁਹਾਨੂੰ ਹਾਰਿਆ ਗਿਆ ਹੈ : ਪੁਨੀਆ
ਪਹਿਲਵਾਨ ਬਜਰੰਗ ਪੂਨੀਆ ਨੇ ਵਿਨੇਸ਼ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਤੁਸੀਂ ਹਾਰੇ ਨਹੀਂ, ਸਗੋਂ ਹਾਰਿਆ ਗਿਆ ਹੈ, ਉਨ੍ਹਾਂ ਨੇ ਟਵੀਟ ਕੀਤਾ, "ਵਿਨੇਸ਼, ਤੁਸੀਂ ਹਾਰੇ ਨਹੀਂ, ਤੁਹਾਨੂੰ ਹਾਰਿਆ ਗਿਆ ਹੈ, ਸਾਡੇ ਲਈ ਤੁਸੀਂ ਹਮੇਸ਼ਾ ਜੇਤੂ ਰਹੋਗੇ, ਤੁਸੀਂ ਭਾਰਤ ਦੀ ਧੀ ਹੋਣ ਦੇ ਨਾਲ-ਨਾਲ ਭਾਰਤ ਦਾ ਮਾਣ ਵੀ ਹੋ।"