ਹਾਂਗਕਾਂਗ, 21 ਜੂਨ : ਭਾਰਤ ਨੇ ਬੁੱਧਵਾਰ ਨੂੰ ਇਥੇ ਫ਼ਾਈਨਲ ਵਿਚ ਸ਼੍ਰੇਅੰਕਾ ਪਾਟਿਲ ਅਤੇ ਮੰਨਤ ਕਸ਼ਯਪ ਦੇ ਕੁਝ ਜਾਦੂ ਨਾਲ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾ ਕੇ ਮਹਿਲਾ ਐਮਰਜਿੰਗ ਏਸ਼ੀਆ ਕੱਪ ਟੀ-20 ਖ਼ਿਤਾਬ ਜਿੱਤ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੱਤ ਵਿਕਟਾਂ 'ਤੇ 127 ਦੌੜਾਂ ਦਾ ਪ੍ਰਤੀਯੋਗੀ ਸਕੋਰ ਖੜ੍ਹਾ ਕੀਤਾ ਅਤੇ ਫਿਰ ਸ਼੍ਰੇਅੰਕਾ (13 ਦੌੜਾਂ 'ਤੇ 4 ਵਿਕਟਾਂ) ਅਤੇ ਮੰਨਤ (20 ਦੌੜਾਂ 'ਤੇ 3 ਵਿਕਟਾਂ) ਨੇ ਬੰਗਲਾਦੇਸ਼ ਨੂੰ 19.2 ਓਵਰਾਂ 'ਚ 96 ਦੌੜਾਂ 'ਤੇ ਢੇਰ ਕਰ ਦਿਤਾ। ਆਫ਼ ਸਪਿੰਨਰ ਕਨਿਕਾ ਆਹੂਜਾ ਨੇ ਵੀ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸ਼੍ਰੇਅੰਕਾ, ਮੰਨਤ ਅਤੇ ਕਨਿਕਾ ਦੀ ਸਪਿਨ ਤਿਕੜੀ ਨੇ ਮਿਸ਼ਨ ਰੋਡ ਗਰਾਊਂਡ ਦੀ ਹੌਲੀ ਪਿੱਚ 'ਤੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿਤਾ। ਬੰਗਲਾਦੇਸ਼ ਲਈ ਨਾਹਿਦਾ ਅਖ਼ਤਰ ਨੇ ਨਾਬਾਦ 17 ਦੌੜਾਂ ਬਣਾਈਆਂ ਜਦਕਿ ਸ਼ੋਭਨਾ ਮੁਸਤਾਰੀ ਨੇ 16 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਲਈ ਦਿਨੇਸ਼ ਵਰਿੰਦਾ ਨੇ 29 ਗੇਂਦਾਂ 'ਤੇ 36 ਦੌੜਾਂ ਬਣਾਈਆਂ ਜਦਕਿ ਕਨਿਕਾ ਨੇ 23 ਗੇਂਦਾਂ 'ਤੇ ਅਜੇਤੂ 30 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਨਿਯਮਤ ਅੰਤਰਾਲ 'ਤੇ ਵਿਕਟਾਂ ਲੈ ਕੇ ਭਾਰਤੀ ਬੱਲੇਬਾਜ਼ਾਂ 'ਤੇ ਦਬਾਅ ਬਣਾਈ ਰਖਿਆ। ਭਾਰਤ ਵਲੋਂ ਵਰਿੰਦਾ ਅਤੇ ਕਨਿਕਾ ਤੋਂ ਇਲਾਵਾ ਸਿਰਫ਼ ਵਿਕਟਕੀਪਰ ਯੂ ਛੇਤਰੀ (22) ਅਤੇ ਕਪਤਾਨ ਸ਼ਵੇਤਾ ਸਹਿਰਾਵਤ (13) ਹੀ ਦੋਹਰੇ ਅੰਕੜੇ ਤਕ ਪਹੁੰਚ ਸਕੇ। ਬੰਗਲਾਦੇਸ਼ ਲਈ ਖੱਬੇ ਹੱਥ ਦੀ ਸਪਿਨਰ ਨਾਹਿਦਾ ਨੇ 13 ਦੌੜਾਂ ਦੇ ਕੇ ਦੋ ਵਿਕਟਾਂ ਜਦਕਿ ਆਫ਼ ਸਪਿੰਨਰ ਸੁਲਤਾਨਾ ਖਾਤੂਨ ਨੇ 30 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਭਾਰਤ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਵਿਰੁਧ ਸੈਮੀਫ਼ਾਈਨਲ ਵਿਚ ਇਕ ਗੇਂਦ ਸੁੱਟੇ ਬਗ਼ੈਰ ਬਾਰਿਸ਼ ਕਾਰਨ ਫ਼ਾਈਨਲ ਵਿਚ ਜਗ੍ਹਾ ਬਣਾ ਲਈ ਸੀ। ਭਾਰਤ ਨੇ ਮੇਜ਼ਬਾਨ ਹਾਂਗਕਾਂਗ ਵਿਰੁਧ ਫ਼ਾਈਨਲ ਤੋਂ ਪਹਿਲਾਂ ਸਿਰਫ਼ ਇਕ ਮੈਚ ਖੇਡਿਆ ਸੀ। ਟੀਮ ਦਾ ਟੂਰਨਾਮੈਂਟ ਵਿਚ ਇਹ ਪਹਿਲਾ ਮੈਚ ਸੀ ਜੋ ਇਸ ਨੇ ਨੌਂ ਵਿਕਟਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ, ਸ਼੍ਰੀਲੰਕਾ ਵਿਰੁਧ ਸੈਮੀਫ਼ਾਈਨਲ ਸਮੇਤ ਭਾਰਤ ਦੇ ਤਿੰਨ ਮੈਚ ਬਗ਼ੈਰ ਗੇਂਦ ਸੁੱਟੇ ਬਾਰਿਸ਼ ਦੀ ਭੇਂਟ ਚੜ੍ਹ ਗਏ। ਜ਼ਿਕਰਯੋਗ ਹੈ ਕਿ ਮੀਂਹ ਕਾਰਨ ਟੂਰਨਾਮੈਂਟ ਵਿਚ ਅੱਠ ਮੈਚ ਨਹੀਂ ਖੇਡੇ ਜਾ ਸਕੇ।