ਭਾਰਤ ਨੇ ਮਲੇਸ਼ੀਆ ਨੂੰ ਡਕਵਰਥ ਲੁਇਸ ਨਿਯਮ ਨਾਲ 30 ਦੌੜਾਂ ਨਾਲ ਹਰਾਇਆ

ਸਿਲਹਟ  : ਸਲਾਮੀ ਬੱਲੇਬਾਜ਼ ਸਬਿਨੇਨੀ ਮੇਘਨਾ ਨੇ ਸਿਖਰਲੇ ਨੰਬਰ ਵਿਚ ਮਿਲੇ ਮੌਕੇ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਆਪਣੇ ਕਰੀਅਰ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਲਾਇਆ ਜਿਸ ਨਾਲ ਭਾਰਤ ਨੇ ਸੋਮਵਾਰ ਨੂੰ ਇੱਥੇ ਏਸ਼ੀਆ ਕੱਪ ਦੇ ਬਾਰਿਸ਼ ਨਾਲ ਪ੍ਰਭਾਵਿਤ ਮੈਚ ਵਿਚ ਭਾਰਤ ਨੇ ਮਲੇਸ਼ੀਆ ਨੂੰ ਡਕਵਰਥ ਲੁਇਸ ਨਿਯਮ ਨਾਲ 30 ਦੌੜਾਂ ਨਾਲ ਹਰਾਇਆ। ਉੱਪ-ਕਪਤਾਨ ਸਮਿ੍ਤੀ ਮੰਧਾਨਾ ਦੀ ਥਾਂ ਸਿਖਰਲੇ ਨੰਬਰ ਵਿਚ ਬੱਲੇਬਾਜ਼ੀ ਲਈ ਉਤਰੀ ਮੇਘਨਾ ਨੇ 53 ਗੇਂਦਾਂ 'ਤੇ 69 ਦੌੜਾਂ ਬਣਾਈਆਂ ਜੋ ਉਨ੍ਹਾਂ ਦੇ ਕਰੀਅਰ ਦਾ ਸਰਬੋਤਮ ਸਕੋਰ ਹੈ। ਇਸ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 181 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿਚ ਮਲੇਸ਼ੀਆ ਜਦ 5.2 ਓਵਰਾਂ ਵਿਚ ਦੋ ਵਿਕਟਾਂ 'ਤੇ 16 ਦੌੜਾਂ ਬਣਾ ਕੇ ਸੰਘਰਸ਼ ਕਰ ਰਿਹਾ ਸੀ ਤਦ ਬਾਰਿਸ਼ ਕਾਰਨ ਖੇਡ ਰੋਕਣੀ ਪਈ ਤੇ ਉਸ ਸਮੇਂ ਡਕਵਰਥ ਲੁਇਸ ਨਿਯਮ ਦੇ ਹਿਸਾਬ ਨਾਲ ਬਰਾਬਰੀ ਦਾ ਸਕੋਰ 46 ਦੌੜਾਂ ਸੀ। ਇਸ ਤੋਂ ਬਾਅਦ ਅੱਗੇ ਖੇਡ ਨਹੀਂ ਹੋ ਸਕੀ। ਇਸ ਜਿੱਤ ਨਾਲ ਭਾਰਤ ਅੰਕ ਸੂਚੀ ਵਿਚ ਚਾਰ ਅੰਕਾਂ ਨਾਲ ਦੂਜੇ ਸਥਾਨ 'ਤੇ ਪੁੱਜ ਗਿਆ।