ਭਾਵੇਂ ਅੱਜ ਮਨੁੱਖ 21ਵੀਂ ਸਦੀ ਵਿੱਚ ਪ੍ਰਵੇਸ਼ ਕਰਕੇ ਮਾਡਰਨ ਪ੍ਰਵਿਰਤੀ ਵਾਲਾ ਸੱਭਿਅਕ ਮਨੁੱਖ ਹੋਣ ਦੀਆਂ ਡੀਂਗਾਂ ਮਾਰਦਾ ਹੈ , ਪਰ ਅੱਜ ਵੀ ਉਹ ਅਸਲੀਅਤ ਵਿੱਚ ਕਈ ਜਗ੍ਹਾ ਸਚਾਈ ਤੋਂ ਕੋਹਾਂ ਦੂਰ ਹੈ। ਬਾਬੇ ਨਾਨਕ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਡਰਾਮਾ ਕਰਕੇ ਨਾਰੀ ਦਾ ਅਦਬ ਕਰਨ ਦੀਆਂ ਗੱਲਾਂ ਕਰਨ ਵਾਲੇ ਆਮ ਕੀ ਪੜ੍ਲਿਖੇ ਸੱਭਿਅਕ ਦਿੱਖ ਵਾਲੇ ਬਹਿਰੂਪੀਏ ਵੀ ਆਮ ਦੇਖੇ ਜਾ ਸਕਦੇ ਹਨ। ਇਸਦੀ ਤਾਜ਼ਾ ਮਿਸਾਲ ਹਲਕਾ ਬਠਿੰਡਾ ਦੀ ਆਮ ਆਦਮੀ ਸਰਕਾਰ ਦੀ ਵਿਧਾਇਕਾ ਬੀਬੀ ਬਲਜਿੰਦਰ ਕੌਰ ਦੀ ਉਸਦੇ ਹੀ ਪਤੀ ਵੱਲੋਂ ਸ਼ਰੇਆਮ ਥੱਪੜ ਮਾਰ ਦੇਣ ਦੀ ਜਨਤਕ ਹੋਣ ਦੀ ਵੀਡੀਓ ਅੱਜਕੱਲ ਸੋਸ਼ਲ ਮੀਡੀਆ ‘ਤੇ ਖ਼ੂਬ ਚਰਚਿਤ ਹੋਈ ਹੈ ।
ਮਿਲੀ ਜਾਣਕਾਰੀ ਅਨੁਸਾਰ ਘਰੇਲੂ ਹਿੰਸਾ ਦੀ ਸ਼ਿਕਾਰ ਵਿਧਾਇਕਾ ਬੀਬੀ ਬਲਜਿੰਦਰ ਕੌਰ ਦੇ ਪਤੀ ਦੀ ਬਲਜਿੰਦਰ ਕੌਰ ਨਾਲ ਕਿਸੇ ਗੱਲੋਂ ਕਿਸੇ ਘਰੇਲੂ ਮਸਲੇ ‘ਤੇ ਕਹੀ ਸੁਣੀ ਹੋ ਗਈ ਅਤੇ ਤਲਖ਼ੀ ਵਿੱਚ ਆ ਕੇ ਵਿਧਾਇਕਾ ਦੇ ਸਟੇਟਸ ਦੀ ਪ੍ਰਵਾਹ ਕੀਤੇ ਬਿਨਾ ਹੀ ਉੱਥੇ ਮੌਜੂਦ ਲੋਕਾਂ ਦੇ ਸਾਹਮਣੇ ਹੀ ਅੱਜ ਵੀ ਮਰਦ ਪ੍ਰਧਾਨ ਹੋਣ ਦਾ ਸਬੂਤ ਦਿੰਦੇ ਹੋਇਆਂ ਪਰਿਵਾਰਕ ਮੈਬਰਾਂ ਦੇ ਰੋਕਣ ਦੇ ਬਾਵਜੂਦ ਥੱਪੜ ਜੜਨ ਲੱਗ ਪੈਂਦਾ ਹੈ । ਇਸ ਮੰਦਭਾਗੀ ਘਟਨਾ ਨੂੰ ਭਾਵੇਂ ਪਰਿਵਾਰਕ ਝਗੜੇ ਦੇ ਤੌਰ ‘ਤੇ ਹੀ ਲਿਆ ਜਾ ਰਿਹਾ ਹੈ, ਪਰ ਕੁਝ ਟੀ ਵੀ ਚੈਨਲ ਆਪਣੇ ਢੰਗ ਨਾਲ ਇਸ ਘਟਨਾ ਨੂੰ ਪੇਸ਼ ਕਰਕੇ ਖ਼ੂਬ ਮਜ਼ੇ ਲੈ ਰਹੇ ਹਨ । ਪਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਦਭਾਗੀ ਘਟਨਾ ਮੰਨਿਦਿਆਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਹੈ ।