ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 6 ਕਿੱਲੋ ਹੈਰੋਇਨ, ਇੱਕ 32 ਬੋਰ ਦੇਸੀ ਪਿਸਟਲ ਸਮੇਤ 5 ਵਿਅਕਤੀਆਂ ਨੂੰ ਕੀਤਾ ਕਾਬੂ

ਅੰਮ੍ਰਿਤਸਰ, 21 ਨਵੰਬਰ, 2024 : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਅਪਰੇਸ਼ਨਾਂ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਖਤਮ ਕੀਤਾ ਗਿਆ ਅਤੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 6.5 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਇਸ ਦੇ ਨਾਲ ਹੀ ਇੱਕ ਮਾਮਲੇ ’ਚ 32 ਬੋਰ ਪਿਸਤੋਲ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਤੇ ਇਹਨਾਂ ਸਾਰੇ ਮਾਮਲਿਆਂ ’ਚ ਪੁਲਿਸ ਨੇ 5 ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ।ਇਹ ਤਸਕਰੀ ਦਾ ਨੈੱਟਵਰਕ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਡਰੋਨਾਂ ਦੀ ਵਰਤੋਂ ਕਰਦਾ ਸੀ ਅਤੇ ਦੋਸ਼ੀ ਪਾਕਿ-ਅਧਾਰਤ ਸਮੱਗਲਰਾਂ ਨਾਲ ਸਿੱਧੇ ਸਬੰਧ ਰੱਖਦਾ ਸੀ। ਪੰਜਾਬ ਪੁਲਿਸ ਸੰਗਠਿਤ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਆਪਣੀ ਲੜਾਈ ਵਿੱਚ ਦ੍ਰਿੜ ਹੈ, ਨੈਟਵਰਕ ਦੇ ਸਾਰੇ ਸਬੰਧਾਂ ਨੂੰ ਬੇਨਕਾਬ ਅਤੇ ਖਤਮ ਕਰਨ ਲਈ ਵਚਨਬੱਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਲੋਪੇਕੇ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਹੈਰੋਇਨ ਖਿਲਾਫ਼ ਕਾਰਵਾਈ ਕਰਦਿਆਂ ਆਰੋਪੀ ਮਲਕੀਤ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਤੋਤਾ  ਨੂੰ 2 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰੀਕੇ ਇੱਕ ਹੋਰ ਮਾਮਲੇ ਵਿੱਚ ਥਾਣਾ ਲੋਪੋਕੇ ਪੁਲਿਸ ਵੱਲੋਂ  ਨਸ਼ਿਆ ਖਿਲਾਫ਼ ਕਾਰਵਾਈ ਕਰਦਿਆਂ ਆਰੋਪੀ ਗੁਰਭੇਜ ਸਿੰਘ ਨੂੰ 3 ਕਿਲੋ ਹੈਰੋਇਨ ਅਤੇ 2 ਮੋਬਾਇਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਸਦੇ ਸਬੰਧ ਵਿਚ ਥਾਣਾ ਲੋਪੋਕੇ ਵਿਖੇ ਪੁਲਿਸ ਨੇ ਮਾਮਲਾ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਪਤਾ ਚੱਲਿਆ ਹੈ ਕਿ ਬਲਜਿੰਦਰ ਸਿੰਘ ਉਰਫ਼ ਤੋਤਾ ਪਹਿਲਾਂ ਵੀ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਭਾਰਤ ਵਿਚ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਦਾ ਸੀ ਅਤੇ ਇਸ ਵਿਅਕਤੀ ਦੇ ਖਿਲਾਫ਼ ਪਹਿਲਾਂ ਵੀ ਥਾਣਾ ਰੋਪੜ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਇੱਕ ਹੋਰ ਅਲੱਗ ਮਾਮਲੇ ਵਿੱਚ ਥਾਣਾ ਘਰਿੰਡਾ ਪੁਲਿਸ ਵੱਲੋਂ ਇਲਾਕਾ ’ਚ ਗਸ਼ਤ ਕਰਦਿਆਂ ਜਗਰੂਪ ਸਿੰਘ ਉਰਫ਼ ਸਾਜਨ ਦੇ ਘਰੋਂ 1 ਕਿੱਲੇ 498 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਕਤ ਜਗਰੂਪ ਸਿੰਘ ਉਰਫ਼ ਸਾਜਨ ਖਿਲਾਫ਼ ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਰਮਦਾਸ ਪੁਲਿਸ ਵੱਲੋਂ ਗੈਰਕਾਨੂੰਨੀ ਹੱਥਿਆਰਾ ਖਿਲਾਫ਼ ਕਾਰਵਾਈ ਕਰਦਿਆ ਟੀ ਪੁਆਇੰਟ ਬੱਲ ਲੱਲੇ ਦਰਿਆ ਤੋਂ ਫਰੈਂਕੋ ਮਸੀਹ ਅਤੇ ਅਰਸ਼ ਮਸੀਹ ਨੂੰ ਇੱਕ 32 ਬੋਰ ਪਿਸਟਲ ਸਮੇਤ ਮੈਗਜ਼ੀਨ ਅਤੇ 4 ਜਿੰਦਾ ਰੋਂਦ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।