ਬਾਗੀ ਅਕਾਲੀ ਧੜੇ ਨਾਲ ਰਲ ਕੇ ਕੰਮ ਕਰ ਰਿਹਾ ਸੁਖਜਿੰਦਰ ਸਿੰਘ ਰੰਧਾਵਾ : ਡਾ. ਚੀਮਾ

  • ਜੱਥੇਬੰਦਕ ਚੋਣਾਂ ਨੂੰ ਮੁਅੱਤਲ ਕਰਵਾਉਣ ਲਈ ਰੰਧਾਵਾ ਨੇ ਗਾਂਧੀ ਤੇ ਖੜਗੇ ਦੇ ਹੁਕਮਾਂ ਅਤੇ ਬਾਗੀ ਧੜੇ ਨਾਲ ਰਲ ਕੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

ਚੰਡੀਗੜ੍ਹ, 10 ਅਪ੍ਰੈਲ 2025 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਐਡਵੋਕੇਟ ਕਲੇਰ ਅਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆਂ ਵੀ ਮੌਜ਼ੂਦ ਸਨ।ਇਸ ਮੌਕੇ ਡਾ. ਚੀਮਾਂ ਨੇ ਕਿਹਾ ਕਿ ਜੋ ਕਾਂਗਰਸੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਕਾਲੀ ਦਲ ਖਿਲਾਫ ਸਿਕਾਇਤ ਕਰਕੇ ਜੱਥੇਬੰਂਦਕ ਚੋਣਾਂ ਮੁਅੱਤਲ ਕਰਵਾਉਣ ਦੀ ਮੰਗ ਕੀਤੀ ਹੈ, ਉਹ ਉਨ੍ਹਾਂ ਆਪਣੇ ਆਕਾ ਰਾਹੁਲ ਗਾਂਧੀ, ਪ੍ਰਧਾਨ ਮਲਿੱਕਾ ਅਰਜੁਨ ਖੜਗੇ ਦੇ ਕਹਿਣ ਤੇ ਅਤੇ ਬਾਗੀ ਧੜੇ ਨਾਲ ਰਲ ਕੀਤੀ ਗਈ ਹੈ। ਡਾ. ਚੀਮਾ ਨੇ ਕਿਹਾ ਕਿ ਇਹ ਸ਼ਿਕਾਇਤ ਹੋਰ ਕੁੱਝ ਨਹੀਂ ਸਗੋਂ ਅਕਾਲੀ ਦਲ ਨੂੰ ਮੁੜ ਮੈਦਾਨ ਵਿੱਚ ਆਉਣ ਤੋਂ ਰੋਕਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਗੀ ਧੜੇ ਨੇ ਭਾਜਪਾ ਅਤੇ ਆਪ ਪਾਰਟੀ ਨਾਲ ਰਲ ਕੇ ਕੰਮ ਕੀਤਾ ਤੇ ਹੁਣ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ। ਡਾ. ਚੀਮਾ ਨੇ ਕਿਹਾ ਕਿ ਬਾਗੀ ਧੜੇ ਦੇ ਚਿਹਰੇ ਤੋਂ ਨਕਾਬ ਉੱਤਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਹ ਪਾਰਟੀਆਂ ਅਕਾਲੀ ਦਲ ਤੋਂ ਡਰਦੀਆਂ ਹਨ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਬਾਗੀ ਧੜਾ ਪਾਰਟੀ ਦੀ ਮੈਂਬਰਸ਼ਿਪ ਭਰਤੀ ਨੂੰ ਧਰਮ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ ਅਤੇ ਇਸਦੀ ਮਾਨਤਾ ਰੱਦ ਕਰਵਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਬਾਗੀ ਧੜੇ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਗੰਢਤੁੱਪ ਨੇ ਇਸਨੂੰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਨੇ ਰਾਹੁਲ ਗਾਂਧੀ ਤੇ ਮਲਿਕਅਰਜੁਨ ਖੜਗੇ ਸਮੇਤ ਕਾਂਗਰਸ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਆਖਿਆ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਗੂਆਂ ਨੂੰ ਚੋਣ ਕਮਿਸ਼ਨ ਅੱਗੇ ਪੇਸ਼ ਕਰਨ ਅਤੇ ਅਕਾਲੀ ਦਲ ਦੀ ਪਿੱਠ ਵਿਚ ਛੁਰਾ ਮਾਰਨ ਦੀ ਥਾਂ ਖੁੱਲ੍ਹ ਕੇ ਲੜਾਈ ਵਿਚ ਸਾਹਮਣੇ ਆਵੇ। ਡਾ. ਚੀਮਾ ਨੇ ਰੰਧਾਵਾ ਵੱਲੋਂ ਉਹਨਾਂ ਦੀ ਸ਼ਿਕਾਇਤ ਗੁਪਤ ਰੱਖਣ ਦੀ ਕੀਤੀ ਬੇਨਤੀ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਦੂਜੇ ਪਾਸੇ ਰੰਧਾਵਾ ਉਸੇ ਵਿਸ਼ੇ ’ਤੇ ਮੀਡੀਆ ਨੂੰ ਇੰਟਰਵਿਊ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿਥੋਂ ਤੱਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਚੋਣ ਦਾ ਸੰਬੰਧ ਹੈ ਤਾਂ ਸੱਚਾਈ ਇਹ ਹੈ ਕਿ ਇਹ ਹਾਲ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਸ਼ਾਸਕੀ ਬਲਾਕ ਦਾ ਹਿੱਸਾ ਹੈ ਤੇ ਇਹ ਹਮੇਸ਼ਾ ਰਵਾਇਤ ਰਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਇਸ ਹਾਲ ਵਿਚ ਹੀ ਹੁੰਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਾਲ ਵਿਚ ਮੀਟਿੰਗ ਕਰਨ ਵਾਸਤੇ ਅਗਾਊਂ ਪ੍ਰਵਾਨਗੀ ਵੀ ਲੈ ਲਈ ਹੈ।ਡਾ. ਚੀਮਾ ਨੇ ਸਪਸ਼ਟ ਕੀਤਾ ਕਿ ਅਜਿਹੇ ਯਤਨ ਰਾਜਨੀਤੀ ਤੋਂ ਪ੍ਰੇਰਿਤ ਹਨ ਜਿਹਨਾਂ ਦਾ ਮਕਸਦ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਨੂੰ ਸਾਬੋਤਾਜ਼ ਕਰਨਾ ਹੈ ਪਰ ਇਸ ਵਿਚ ਇਹ ਲੋਕ ਕਦੇ ਵੀ ਸਫਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਡੈਲੀਗੇਟ ਸੈਸ਼ਨ ਵਿਚ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਕੀਤੀ ਜਾਵੇਗੀ ਤੇ 13 ਅਪ੍ਰੈਲ ਨੂੰ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਅਕਾਲੀ ਆਗੂ ਨੇ ਕਿਹਾ ਕਿ ਬਾਗੀ ਅਕਾਲੀ ਧੜੇ ਨੇ ਪਹਿਲਾਂ ਭਾਜਪਾ ਨਾਲ ਰਲ ਕੇ ਅਕਾਲੀ ਦਲ ਦਾ ਨੁਕਸਾਨ ਕਰਨ ਦਾ ਯਤਨ ਕੀਤਾ। ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਹੈ ਤੇ ਇਕ ਸਾਜ਼ਿਸ਼ ਤਹਿਤ ਅਜਿਹਾ ਕੀਤਾ ਗਿਆ ਹੈ। ਪਹਿਲਾਂ ਬਾਗੀ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ (ਆਪ) ਨਾਲ ਰਲ ਕੇ ਆਪਣੇ ਅਸਲ ਰੰਗ ਵਿਖਾਏ ਸਨ ਜਦੋਂ ਮੰਗ ਕੀਤੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਲਈ ਨਿਯਮ ਵਿਧਾਨ ਸਭਾ ਵਿਚ ਤੈਅ ਕੀਤੇ ਜਾਣ।