
- ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਨੇ ਰੂਪਨਗਰ ਦੀ ਦਾਣਾ ਮੰਡੀ ’ਚ ਚੱਲ ਰਹੀ ਕਣਕ ਦੀ ਖਰੀਦ ਦਾ ਲਿਆ ਜਾਇਜ਼ਾ
- ਮਜ਼ਦੂਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਧਰਤੀ ਉੱਤੇ ਅਸਲ ਦੇਵਤਾ ਮਜ਼ਦੂਰ ਹਨ, ਸਰਕਾਰ ਨੇ ਮਿਹਨਤਾਨੇ 'ਚ 2 ਵਾਰ ਵਾਧਾ ਕਰਕੇ ਕੀਤੇ 2 ਰੁਪਏ 64 ਪੈਸੇ
- ਸੂਬੇ ’ਚ ਬਾਰਦਾਨਾ, ਟ੍ਰਾਂਸਪੋਰਟ ਤੇ ਲਿਫ਼ਟਿੰਗ ਦੀ ਕੋਈ ਮੁਸ਼ਕਿਲ ਨਹੀਂ
ਰੂਪਨਗਰ, 18 ਅਪ੍ਰੈਲ 2025 : ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਰੂਪਨਗਰ ਦੀ ਦਾਣਾ ਮੰਡੀ ਵਿਖੇ ਕਣਕ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ, ਉਨ੍ਹਾਂ ਆਖਿਆ ਕਿ ਪੰਜਾਬ ’ਚ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਈ ਹੈ ਅਤੇ ਇਸ ਸੀਜ਼ਨ ਦੌਰਾਨ ਲਗਭਗ 125 ਲੱਖ ਮੀਟ੍ਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ। ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਕਟਾਰੂਚੱਕ ਨੇ ਅੱਗੇ ਆਖਿਆ ਕਿ ਹੁਣ ਤੱਕ ਮੰਡੀਆ ’ਚ 13 ਲੱਖ 16 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ਵਿੱਚੋਂ ਲਗਭਗ 11 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ’ਚ 703 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਅਦਾਇਗੀ ਖਰੀਦ ਹੋਣ ਦੇ 24 ਘੰਟਿਆਂ ’ਚ ਕੀਤੀ ਜਾ ਰਹੀ ਹੈ ਉੱਥੇ ਲਿਫ਼ਟਿੰਗ ’ਚ ਵੀ ਕੋਈ ਢਿੱਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੰਡੀਆਂ ਦੇ ਦੌਰੇ ਦੌਰਾਨ ਫ਼ਿਲਹਾਲ ਕੋਈ ਮੁਸ਼ਕਿਲ ਸਾਹਮਣੇ ਨਹੀਂ ਆਈ। ਖੁਰਾਕ ਤੇ ਸਪਲਾਈ ਮੰਤਰੀ ਅਨੁਸਾਰ ਮੌਸਮ ਜੇਕਰ ਇੰਜ ਹੀ ਸਾਥ ਦਿੰਦਾ ਰਹੇ ਤਾਂ ਇਸ ਵਾਰ ਕਣਕ ਦੇ ਦਾਣੇ ਦੀ ਗੁਣਵੱਤਾ ਵੀ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਆਏ ਅਨਾਜ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਲਈ ਸਾਰੀਆਂ ਏਜੰਸੀਆਂ ਅਤੇ ਆੜ੍ਹਤੀਆਂ ਨੂੰ ਤਰਪਾਲਾਂ ਅਤੇ ਕਰੇਟਾਂ ਦੇ ਸਮੁੱਚੇ ਪ੍ਰਬੰਧ ਕਰਕੇ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬਾਰਦਾਨੇ ਦੀ ਵੀ ਕੋਈ ਕਮੀ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਦੇ ਆਦੇਸ਼ਾਂ ਅਨੁਸਾਰ ਉਹ ਖੁਦ ਮੰਡੀਆਂ ਦਾ ਦੌਰਾ ਕਰਕੇ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਖਰੀਦ ਕਾਰਜਾਂ ਨਾਲ ਜੁੜੇ ਸਮੂਹ ਅਧਿਕਾਰੀਆਂ ਨੂੰ ਸਖਤ ਹਿਦਾਇਤਾਂ ਕੀਤੀਆਂ ਗਈਆਂ ਹਨ ਕਿ ਮੰਡੀਆਂ ’ਚ ਕੋਈ ਵੀ ਢਿੱਲ ਮੱਠ ਨਾ ਆਵੇ ਅਤੇ ਕਿਸੇ ਵੀ ਕਿਸਾਨ ਜਾਂ ਆੜ੍ਹਤੀ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸ਼੍ਰੀ ਕਟਾਰੂਚੱਕ ਨੇ ਮਜ਼ਦੂਰ ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਧਰਤੀ ਉਂਤੇ ਅਸਲ ਦੇਵਤਾ ਮਜ਼ਦੂਰ ਹਨ ਜੋ ਕਿ ਇੰਨੀ ਮਿਹਨਤ ਮੁਸ਼ੱਕਤ ਨਾਲ ਆਪਣਾ ਪਰਿਵਾਰ ਪਾਲਦੇ ਹਨ। ਉਨ੍ਹਾਂ ਮਜ਼ਦੂਰਾਂ ਦਾ ਫਸਲਾਂ ਦੇ ਮੰਡੀਕਰਨ ਵਿੱਚ ਸਹਿਯੋਗ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਇਨ੍ਹਾਂ ਦੇ ਨਾਲ ਖੜੀ ਹੈ ਅਤੇ ਸੂਬਾ ਸਰਕਾਰ ਨੇ ਇਨ੍ਹਾਂ ਦਾ ਮਿਹਨਤਤਾਨਾ ਸਿਰਫ 1 ਸਾਲ ਵਿੱਚ ਹੀ 2 ਵਾਰ ਵਧਾਇਆ ਹੈ, ਉਨ੍ਹਾਂ ਕਿਹਾ ਕਿ ਪਹਿਲਾ 1 ਰੁਪਏ 80 ਤੋਂ ਵਧਾ ਕੇ 2 ਰੁਪਏ 21 ਪੈਸੇ ਕੀਤਾ ਤੇ ਵੱਧਦੀ ਮਹਿੰਗਾਈ ਤੇ ਆੜ੍ਹਤੀਆਂ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਦਲੇਰਾਨਾ ਫੈਸਲਾ ਲਿਆ ਤੇ 43 ਪੈਸੇ ਦਾ ਹੋਰ ਵਾਧਾ ਕਰਦੇ ਹੋਏ ਇਨ੍ਹਾਂ ਦਾ ਰੇਟ 2 ਰੁਪਏ 64 ਪੈਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਧੇ ਨਾਲ ਲਗਭਗ 10 ਕਰੋੜ ਰੁਪਏ ਦਾ ਲਾਭ ਇਨ੍ਹਾਂ ਮਜ਼ਦੂਰ ਭਾਈਚਾਰੇ ਨੂੰ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ 130 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦੇ ਪ੍ਰਬੰਧ ਕੀਤੇ ਹਨ ਤਾਂ ਜੋ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦਾ ਕਣਕ ਦਾ ਹਰੇਕ ਦਾਣਾ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਿਆ ਜਾਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੇ ਅਨਾਜ ਦੇ ਹਰੇਕ ਦਾਣੇ ਨੂੰ ਖਰੀਦਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਕੁਮਾਰ ਚੱਢਾ, ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ, ਸੀਨੀਅਰ ਪੁਲਿਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਭਾਗ ਸਿੰਘ ਮਦਾਨ, ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਡਾ. ਕਿੰਮੀ ਵਨੀਤ ਕੌਰ ਸੇਠੀ, ਇੰਪਰੁਵਮੇਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਸ਼ਿਵ ਕੁਮਾਰ ਲਾਲਪੁਰਾ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।