ਚੰਡੀਗੜ੍ਹ, 2 ਦਸੰਬਰ 2024 : ਪਹਾੜੀ ਇਲਾਕਿਆਂ ਦੇ ਨਾਲ-ਨਾਲ ਉੱਤਰੀ ਅਤੇ ਪੂਰਬੀ ਭਾਰਤ ਵਿੱਚ ਵੀ ਠੰਡ ਨੇ ਦਸਤਕ ਦੇ ਦਿੱਤੀ ਹੈ। ਹਾਲਾਂਕਿ ਇਸ ਦਾ ਅਸਰ ਅਜੇ ਵੀ ਇੰਨਾ ਜ਼ਿਆਦਾ ਨਹੀਂ ਦੇਖਿਆ ਗਿਆ ਜਿੰਨਾ ਆਮ ਤੌਰ ‘ਤੇ ਦੇਖਿਆ ਜਾਂਦਾ ਹੈ। ਉੱਚ ਪਹਾੜੀ ਸੂਬਿਆਂ ਦੇ ਮੌਸਮ ਵਿੱਚ ਤਬਦੀਲੀ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਮੈਦਾਨੀ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ। ਪੰਜਾਬ ਸਣੇ ਮੈਦਾਨੀ ਇਲਾਕਿਆਂ ‘ਚ ਠੰਡ ਵਧੇਗੀ। ਕਸ਼ਮੀਰ ਦੇ ਕਈ ਇਲਾਕਿਆਂ ‘ਚ ਐਤਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਦਕਿ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਘਾਟੀ ‘ਚ ਕਈ ਥਾਵਾਂ ‘ਤੇ ਪਾਰਾ ਜ਼ੀਰੋ ਤੋਂ ਹੇਠਾਂ ਚਲਾ ਗਿਆ। ਭਾਰਤੀ ਮੌਸਮ ਵਿਭਾਗ (IMD) ਦੇ ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ‘ਚ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ‘ਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਕਸ਼ਮੀਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸੰਘਣੀ ਧੁੰਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਕਾਰਨ ਸ੍ਰੀਨਗਰ ਅਤੇ ਕਸ਼ਮੀਰ ਦੇ ਕੁਝ ਹੋਰ ਸਥਾਨਾਂ ‘ਤੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹਿ ਗਈ। ਵਿਜ਼ੀਬਿਲਟੀ ਖ਼ਰਾਬ ਹੋਣ ਕਾਰਨ ਵਾਹਨ ਚਾਲਕਾਂ ਨੂੰ ਆਵਾਜਾਈ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਹੋਈ ਤਾਜ਼ਾ ਬਰਫਬਾਰੀ ਕਾਰਨ ਘਾਟੀ ‘ਚ ਬੀਤੀ ਰਾਤ ਕਈ ਥਾਵਾਂ ‘ਤੇ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ। ਆਉਣ ਵਾਲੇ ਦਿਨਾਂ ‘ਚ ਘਾਟੀ ‘ਚ ਸੀਤ ਲਹਿਰ ਹੋਰ ਵਧਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਦੀਆਂ ਦੇ ਮੌਸਮ ਵਿੱਚ ਘਾਟੀ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ। ਮੌਸਮ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਚਾਈ ‘ਤੇ ਸਥਿਤ ਸ਼੍ਰੀਨਗਰ ਏਅਰ ਸਟੇਸ਼ਨ ਕਸ਼ਮੀਰ ਘਾਟੀ ਦਾ ਸਭ ਤੋਂ ਠੰਡਾ ਸਥਾਨ ਸੀ। ਇੱਥੇ ਪਾਰਾ ਮਨਫ਼ੀ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.3 ਡਿਗਰੀ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 2.6 ਡਿਗਰੀ ਰਿਹਾ, ਜਦੋਂ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਪਾਰਾ ਮਨਫ਼ੀ 0.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘਾਟੀ ਦੇ ਪ੍ਰਵੇਸ਼ ਦੁਆਰ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 1.8 ਡਿਗਰੀ ਸੈਲਸੀਅਸ ਅਤੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।