ਲੁਧਿਆਣਾ 4 ਦਸੰਬਰ, 2024 : ਅੱਜ ਪੀਏਯੂ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਮਾਊਂਟ ਐਵਰੈਸਟ ਉਪਰ ਚੜਾਈ ਕਰਨ ਅਤੇ ਪੀਏਯੂ ਦਾ ਝੰਡਾ ਲਿਜਾਣ ਵਾਲੇ ਸਾਬਕਾ ਵਿਦਿਆਰਥੀ ਸ ਮਲਕੀਤ ਸਿੰਘ ਨੇ ਵਿਦਿਆਰਥੀਆਂ ਅਤੇ ਪੀਏਯੂ ਦੇ ਅਮਲੇ ਨਾਲ ਗੱਲਬਾਤ ਕੀਤੀ। ਭਰਵੀਂ ਹਾਜ਼ਰੀ ਵਿੱਚ ਹੋਏ ਇਸ ਸਮਾਰੋਹ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਉਨਾਂ ਨਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਤੋਂ ਇਲਾਵਾ ਪੀਏਯੂ ਦੇ ਉੱਚ ਅਧਿਕਾਰੀ, ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਮਾਹਿਰ ਵੀ ਮੌਜੂਦ ਰਹੇ। ਮਲਕੀਤ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਉਨਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਨੂੰ ਉਸਾਰੂ ਪਾਸੇ ਲਿਜਾਣ ਦਾ ਸਭ ਤੋਂ ਵਧੀਆ ਸਰੋਤ ਹਨ। ਸਿਹਤ ਦੀ ਤੰਦਰੁਸਤੀ ਨੂੰ ਮਾਨਸਿਕ ਤੰਦਰੁਸਤੀ ਦੇ ਨਾਲ ਸਮਤੋੋਲ ਬਣਾ ਕੇ ਮਨੁੱਖੀ ਸਮਾਜ ਦਾ ਵਿਕਾਸ ਸੰਭਵ ਹੈ । ਸ ਮਲਕੀਤ ਸਿੰਘ ਨੇ ਕਿਹਾ ਕਿ ਜੇਕਰ ਮਿੱਥ ਲਿਆ ਜਾਵੇ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੋ ਸਕਦਾ। ਉਹਨਾਂ ਨੇ ਮਾਊਂਟ ਐਵਰੈਸਟ ਦੀ ਚੜਾਈ ਦੌਰਾਨ ਵਾਪਰਨ ਵਾਲੀਆਂ ਘਟਨਾਵਾਂ ਬਹੁਤ ਸਾਰੇ ਭਾਵਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਇਸ ਦੌਰਾਨ ਉਨਾਂ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਅਨੇਕ ਸਵਾਲਾਂ ਦੇ ਜਵਾਬ ਦਿੱਤੇ। ਸ ਮਲਕੀਤ ਸਿੰਘ ਨੇ ਕਿਹਾ ਕਿ ਪੀਏਯੂ ਦਾ ਝੰਡਾ ਜਦੋਂ ਉਨਾਂ ਨੇ ਮਾਊਂਟ ਐਵਰੈਸਟ ਦੀ ਸਿਖਰ ਤੇ ਫਹਿਰਾਇਆ ਤਾਂ ਉਨਾਂ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ। ਉਨਾਂ ਨੇ ਪੀਏਯੂ ਨੂੰ ਸਿਰਫ ਇੱਕ ਸੰਸਥਾ ਤੋਂ ਵਧੇਰੇ ਇੱਕ ਭਾਵਨਾ ਕਹਿੰਦਿਆਂ ਵਿਦਿਆਰਥੀਆਂ ਨੂੰ ਇਸ ਨੂੰ ਮਹਿਸੂਸ ਕਰਨ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿਉਂਦੇ ਰੱਖਣ ਲਈ ਪ੍ਰੇਰਿਤ ਕੀਤਾ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀਏਯੂ ਦੇ ਸਾਬਕਾ ਵਿਦਿਆਰਥੀ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚੇ ਹਨ ਅਤੇ ਉਹਨਾਂ ਦੇ ਨਾਲ ਹੀ ਪੀਏਯੂ ਦਾ ਨਾਂ ਅਤੇ ਮਾਣ ਵੀ ਪਹੁੰਚਿਆ ਹੈ। ਉਹਨਾਂ ਕਿਹਾ ਕਿ ਇਸ ਸੰਸਥਾ ਨਾਲ ਕਿਸੇ ਵੀ ਰੂਪ ਵਿੱਚ ਜੁੜੇ ਹੋਣਾ ਬੇਹਦ ਵੱਕਾਰ ਵਾਲੀ ਗੱਲ ਹੈ ਅਤੇ ਸਰਦਾਰ ਮਲਕੀਤ ਸਿੰਘ ਨੇ ਇਹ ਸਾਬਿਤ ਕੀਤਾ ਹੈ ਕਿ ਤੁਸੀਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਉੱਪਰ ਵੀ ਪੀ ਏ ਯੂ ਦੇ ਨਾਂ ਤੋਂ ਅਭਿੱਜ ਨਹੀਂ ਰਹਿ ਸਕਦੇ। ਉਨਾਂ ਨੇ ਸ ਮਲਕੀਤ ਸਿੰਘ ਨੂੰ ਮੌਜੂਦਾ ਵਿਦਿਆਰਥੀਆਂ ਦੇ ਨਾਲ ਨਾਲ ਆਉਣ ਵਾਲੀਆਂ ਪੀੜੀਆਂ ਲਈ ਵੀ ਪ੍ਰੇਰਨਾ ਸਰੋਤ ਕਿਹਾ। ਵਾਈਸ ਚਾਂਸਲਰ ਅਤੇ ਹੋਰ ਪਤਵੰਤਿਆਂ ਨੇ ਸਰਦਾਰ ਮਲਕੀਤ ਸਿੰਘ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਵਿਦਿਆਰਥੀਆਂ ਨਾਲ ਸ ਮਲਕੀਤ ਸਿੰਘ ਦਾ ਤੁਆਰਫ ਕਰਵਾਇਆ। ਉਨਾਂ ਕਿਹਾ ਕਿ ਸਾਨੂੰ ਆਪਣੇ ਖੇਡ ਕਰਮੀਆਂ ਅਤੇ ਖਿਡਾਰੀਆਂ ਉੱਪਰ ਅਥਾਹ ਮਾਣ ਹੈ ਅਤੇ ਸ ਮਲਕੀਤ ਸਿੰਘ ਇਸ ਦੀ ਬਹੁਤ ਜੀਵੰਤ ਮਿਸਾਲ ਹਨ। ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਸ ਮਲਕੀਤ ਸਿੰਘ ਨੂੰ ਮਿਲਣਾ ਪੀਏਯੂ ਦੀ ਰਵਾਇਤ ਨਾਲ ਇਕਸੁਰ ਹੋਣਾ ਹੈ। ਉਹਨਾਂ ਵਿਦਿਆਰਥੀਆਂ ਨੂੰ ਇਸ ਮਹਾਨ ਸ਼ਖਸੀਅਤ ਤੋਂ ਪ੍ਰੇਰਨਾ ਲੈਣ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਢਾਲਣ ਲਈ ਪ੍ਰੇਰਿਤ ਵੀ ਕੀਤਾ। ਸਮਾਰੋਹ ਦਾ ਸੰਚਾਲਨ ਸਰੀਰਕ ਸਿੱਖਿਆ ਦੇ ਪ੍ਰੋਫੈਸਰ ਡਾਕਟਰ ਸੁਖਬੀਰ ਸਿੰਘ ਨੇ ਕੀਤਾ। ਇਸ ਸਮੇਂ ਪੀ ਏ ਯੂ ਦੇ ਖਿਡਾਰੀ ਅਤੇ ਵੱਖ ਵੱਖ ਖੇਡਾਂ ਦੇ ਕੋਚ ਸਾਹਿਬਾਨ ਦੀ ਭਰਵੀਂ ਹਾਜ਼ਰੀ ਰਹੀ।ਅੰਤ ਵਿੱਚ ਧੰਨਵਾਦ ਦੇ ਸ਼ਬਦ ਜੁਆਇੰਟ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਕਹੇ ।ਉਹਨਾਂ ਕਿਹਾ ਕਿ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਹੋਰ ਸਮਾਰੋਹ ਆਯੋਜਿਤ ਕੀਤੇ ਜਾਣਗੇ ਅਤੇ ਪ੍ਰਾਪਤੀਆਂ ਕਰਨ ਵਾਲੇ ਪੀਏਯੂ ਦੇ ਸਾਬਕਾ ਵਿਦਿਆਰਥੀਆਂ ਨੂੰ ਮੌਜੂਦਾ ਵਿਦਿਆਰਥੀਆਂ ਦੇ ਸਨਮੁਖ ਕੀਤਾ ਜਾਂਦਾ ਰਹੇਗਾ।