ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ, ਗੋਲੀ ਚਲਾਉਣ ਵਾਲਾ ਮੌਕੇ ਤੇ ਗ੍ਰਿਫਤਾਰ

ਅੰਮ੍ਰਿਤਸਰ, 4 ਦਸੰਬਰ 2024 : ਧਾਰਮਿਕ ਸਜ਼ਾ ਮਿਲਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਸੇਵਾ ਨਿਭਾ ਰਹੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਸੁਖਬੀਰ ਬਾਦਲ ਸੇਵਾ ਨਿਭਾ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਹਨਾਂ ਦੇ ਕੋਲ ਆਉਂਦੇ ਹੋਏ, ਫਾਇਰ ਕਰ ਦਿੱਤਾ, ਮੌਕੇ ਤੇ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਫੜ ਲਿਆ। ਹਮਲਾਵਰ ਦੀ ਪਛਾਣ ਦਲ ਖਾਲਸਾ ਦੇ ਐਕਟੀਵਿਸਟ ਨਰਾਇਣ ਸਿੰਘ ਚੌੜਾ ਵਾਸੀ ਡੇਰਾ ਬਾਬਾ ਨਾਨਕ, ਗੁਰਦਾਸਪੁਰ ਵਜੋਂ ਹੋਈ ਹੈ। ਨਾਰਾਇਣ ਸਿੰਘ ਦਾ ਜਨਮ 04 ਅਪ੍ਰੈਲ 1956 ਵਿੱਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਪਿੰਡ ਚੌੜਾ ਵਿੱਚ ਹੋਇਆ ਸੀ। ਇਹ ਗਰਮਖਿਆਲੀ ਕਥਿਤ ਤੌਰ ‘ਤੇ ਗਰਮਖਿਆਲੀ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ। ਚੌੜਾ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਸਾਥੀਆਂ ਸੁਖਦੇਵ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਉਸੇ ਦਿਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੁਰਾਲੀ ਵਿਖੇ ਇੱਕ ਛੁਪਣਗਾਹ ‘ਤੇ ਛਾਪਾ ਮਾਰਿਆ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਕੈਸ਼ ਬਰਾਮਦ ਕਰਨ ਦਾ ਦਾਅਵਾ ਕੀਤਾ। ਉਸ ‘ਤੇ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿਚ 8 ਮਈ 2010 ਨੂੰ ਵਿਸਫੋਟਕ ਐਕਟ ਦੇ ਤਹਿਤ ਇਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਉਹ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਧੀਨ ਕੇਸਾਂ ਵਿੱਚ ਵੀ ਲੋੜੀਂਦਾ ਸੀ। ਮੁਲਜ਼ਮ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਕੇਸ ਵਿੱਚ ਬਰੀ ਕਰ ਦਿੱਤਾ ਸੀ। ਚੌੜਾ  1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿੱਚ ਰਹਿੰਦਿਆਂ, ਉਸਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ “ਦੇਸ਼ ਧ੍ਰੋਹੀ” ਸਾਹਿਤ ‘ਤੇ ਇੱਕ ਕਿਤਾਬ ਲਿਖੀ। ਉਹ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਮੁਲਜ਼ਮ ਸੀ।

ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ : ਪੁਲਿਸ ਕਮਿਸ਼ਨਰ 
ਸੁਖਬੀਰ ਸਿੰਘ ਬਾਦਲ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ‘ਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਬਾਦਲ ਸੇਵਾ ਕਰ ਰਹੇ ਹਨ ਇਥੇ 200 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਸੀਨੀਅਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਪੁਲਿਸ ਮੁਲਾਜ਼ਮ ਰਛਪਾਲ ਸਿੰਘ ਨੇ ਮੁਲਜ਼ਮ ਨੂੰ ਨੇੜੇ ਆਉਂਦਾ ਦੇਖ ਕੇ ਉਸ ਦਾ ਪਿੱਛਾ ਕੀਤਾ। ਜਿਵੇਂ ਹੀ ਉਸ ਨੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਿੰਨ ਮੁਲਾਜ਼ਮਾਂ ਨੇ ਮਿਲ ਕੇ ਵੱਡੀ ਘਟਨਾ ਨੂੰ ਵਾਪਰਨ ਤੋਂ ਰੋਕ ਲਿਆ ਲਿਆ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 3 ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਲਈ ਡੀਜੀਪੀ ਨੂੰ ਸਿਫ਼ਾਰਸ਼ ਕਰਨਗੇ। ਲੋਕਾਂ ਨੂੰ ਅਪੀਲ ਹੈ ਕਿ ਜੇਕਰ ਉਹਨਾਂ ਕੋਲ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕਰਨ।

ਹਮਲਾ ਸੁਖਬੀਰ ਸਿੰਘ ਬਾਦਲ 'ਤੇ ਨਹੀਂ ਸਗੋਂ ਇੱਕ ਸੇਵਾਦਾਰ ਤੇ ਹੈ : ਜਥੇਦਾਰ ਗਿਆਨੀ ਰਘਬੀਰ ਸਿੰਘ 
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲੇ ਨੂੰ ਲੈ ਕੇ ਕਿਹਾ ਕਿ ਇਹ ਪੰਜ ਸਿੰਘ ਸਾਹਿਬਾਨ ਵਲੋਂ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਨਹੀਂ ਹੈ, ਸਗੋਂ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਏ ਗਏ ਇੱਕ ਸੇਵਾਦਾਰ, ਜੋ ਕਿ ਸ੍ਰੀ ਦਰਬਾਰ ਸਾਹਿਬ ਦੀ ਡਿਓਡੀ ਦੇ ਬਾਹਰ ਸੇਵਾ ਕਰ ਰਿਹਾ ਹੈ, 'ਤੇ ਹਮਲਾ ਹੈ, ਜਿਸ ਦੀ ਉਹ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਉਨ੍ਹਾਂ ਨਾਲ ਹੀ ਪੰਜਾਬ ਨੂੰ ਤਾੜਨਾ ਕੀਤੀ ਕਿ ਇਸ ਘਟਨਾ ਦੀ ਮੁਸਤੈਦੀ ਤੇ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਇਸ ਘਟਨਾ ਦੀ ਉਹ ਸਖਤ ਨਿਖੇਧੀ ਕਰਦੇ ਹਨ।

ਸੁਖਬੀਰ ਬਾਦਲ ਜੀ ‘ਤੇ ਹੋਏ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ : ਭਗਵੰਤ ਮਾਨ
ਸੁਖਬੀਰ ਸਿੰਘ ਬਾਦਲ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ “ਪੰਜਾਬ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ,ਪੰਜਾਬ ਪੁਲਿਸ ਦੀ ਮੁਸਤੈਦੀ ਦਾ ਨਤੀਜਾ ਹੈ, ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਕਾਮ ਹੋਈ ਹੈ… ਪੁਲਿਸ ਨੇ ਆਪਣੀ ਮੁਸਤੈਦੀ ਨਾਲ ਮੌਕੇ ‘ਤੇ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ.. ਮੈਂ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ, ਸੁਖਬੀਰ ਬਾਦਲ ਜੀ ‘ਤੇ ਹੋਏ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ… ਮੈਂ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ”

ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ. ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਨਿਭਾਉਂਦਿਆਂ ਸ. ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲੈਣਾ ਬੇਹੱਦ ਦੁਖਦਾਈ ਅਤੇ ਗ਼ੈਰ-ਇਖਲਾਕੀ ਕਰਵਾਈ ਹੈ। ਹਿੰਸਕ ਪ੍ਰਵਿਰਤੀ ਨਾਲ ਕੀਤਾ ਗਿਆ ਹਮਲਾ ਸ੍ਰੀ ਦਰਬਾਰ ਸਾਹਿਬ ਦੀ ਧਾਰਮਿਕ ਆਭਾ ’ਤੇ ਵੀ ਹਮਲਾ ਕਿਹਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਹ ਪ੍ਰੰਪਰਾ ਰਹੀ ਹੈ ਕਿ ਉਹ ਕਿਸੇ ਵੀ ਪੰਥਕ ਅਵੱਗਿਆ ਦਾ ਨੋਟਿਸ ਲੈ ਕੇ ਧਾਰਮਿਕ ਸਜ਼ਾ ਦਾ ਆਦੇਸ਼ ਕਰਦਾ ਹੈ, ਜਿਸ ਨੂੰ ਨਿਮਾਣੇ ਸਿੱਖ ਵਾਂਗ ਮੰਨਣਾ ਹਰ ਇਕ ਸਿੱਖ ਦਾ ਫ਼ਰਜ਼ ਹੈ। ਅਜਿਹੀ ਹੀ ਪਾਲਣਾ ਆਪਣੀ ਧਾਰਮਿਕ ਤਨਖ਼ਾਹ ਪੂਰੀ ਕਰਨ ਦੌਰਾਨ ਸ. ਸੁਖਬੀਰ ਸਿੰਘ ਬਾਦਲ ਸਮਰਪਤ ਹੋ ਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ. ਬਾਦਲ ’ਤੇ ਹਮਲਾ ਕਰਨਾ ਜਿਥੇ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਅਤੇ ਗ਼ੈਰ-ਮਨੁੱਖੀ ਹਰਕਤ ਹੈ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ’ਤੇ ਤੌਹੀਨ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਬਾਦਲ ’ਤੇ ਹੋਇਆ ਇਹ ਹਮਲਾ ਪੰਜਾਬ ਸਰਕਾਰ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਅਮਨ ਕਾਨੂੰਨ ਦੇ ਹਾਲਾਤਾਂ ’ਤੇ ਵੀ ਵੱਡੇ ਸਵਾਲ ਪੈਦਾ ਕਰਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ੁੰਮੇਵਾਰੀ ਨਿਭਾਉਂਦਿਆਂ ਧਾਰਮਿਕ ਸੇਵਾ ਦੌਰਾਨ ਹਰ ਅਕਾਲੀ ਆਗੂ ਦੀ ਸੁਰੱਖਿਆ ਯਕੀਨੀ ਬਣਾਏ।

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ‘ਤੇ ਹੋਏ ਕਾਤਲਾਨਾ ਹਮਲੇ ਦੀ ਕੀਤੀ ਨਿਖੇਧੀ 
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ। ਇੱਕ ਬਿਆਨ ਵਿੱਚ, ਕੈਪਟਨ ਅਮਰਿੰਦਰ ਨੇ ਰਾਹਤ ਜ਼ਾਹਰ ਕੀਤੀ ਕਿ ਬਾਦਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਗੋਲੀ ਨਹੀਂ ਲੱਗੀ ਅਤੇ ਨਾ ਹੀ ਕੋਈ ਨੁਕਸਾਨ ਹੋਇਆ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਵਿਅਕਤੀ ਦੀ ਸ਼ਲਾਘਾ ਕੀਤੀ ਜਿਸ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਉਸਦੀ ਬਾਂਹ ਵੀ ਮੋੜ ਦਿੱਤੀ, ਜਿਸ ਕਾਰਨ ਗੋਲੀ ਬਾਦਲ ਨੂੰ ਲੱਗਣ ਤੋਂ ਰੋਕੀ ਗਈ। ਸਾਬਕਾ ਮੁੱਖ ਮੰਤਰੀ ਨੇ ਕਿਹਾ, ਬਾਦਲ ਨੇ ਅਕਾਲ ਤਖਤ ਤੋਂ ਭੁੱਲਾਂ ਬਖਸ਼ਹਾਇਆਂ ਸਨ ਅਤੇ ਉਸ ਨੂੰ ਸੁਣਾਈ ਗਈ ਤਨਖ਼ਾਹ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਭੁਗਤ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ‘ਤੇ ਹਮਲਾ ਕਰਨ ਵਾਲਿਆਂ ਨੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ 1980 ਅਤੇ 1990 ਦੇ ਦਹਾਕੇ ਦੌਰਾਨ ਬਹੁਤ ਨੁਕਸਾਨ ਝੱਲਿਆ ਹੈ ਅਤੇ ਇਹ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ, ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਸੱਚਾ ਸਿੱਖ ਗੁਰੂ ਘਰ ਦੇ ਅੰਦਰ ਅਜਿਹੀ ਘਟਿਆ ਕਾਰਵਾਈ ਨਹੀਂ ਕਰ ਸਕਦਾ : ਸੁਨੀਲ ਜਾਖੜ
ਅੱਜ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੀ ਡਿਉਢੀ 'ਚ ਸੇਵਾ ਨਿਭਾਅ ਰਹੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੱਚਾ ਸਿੱਖ ਗੁਰੂ ਘਰ ਦੇ ਅੰਦਰ ਅਜਿਹੀ ਘਟਿਆ ਅਤੇ ਕਾਇਰਤਾ ਭਰੀ ਕਾਰਵਾਈ ਨਹੀਂ ਕਰ ਸਕਦਾ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਹਮਲਾਵਰ ਆਪਣੇ ਇਰਾਦੇ ਵਿੱਚ ਕਾਮਯਾਬ ਨਾ ਹੋ ਸਕਿਆ।

ਬਿਕਰਮ ਸਿੰਘ ਮਜੀਠੀਆ ਨੇ ਕੀਤੀ ਸਖ਼ਤ ਨਿਖੇਧੀ 
ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਇਸ ਹਮਲੇ ਦੀ ਸਖ਼ਤ ਤੇ ਤਿੱਖੀ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ, ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਗੂਆਂ ਨੇ ਕਿਹਾ ਕਿ ਇਹ ਸਭ ਤੋਂ ਪਤਾ ਸੀ ਕਿ ਸੁਖਬੀਰ ਸਿੰਘ ਬਾਦਲ ਇਥੇ ਮੌਜੂਦ ਹਨ ਅਤੇ ਇਹ ਵਿਅਕਤੀ ਹਮਲਾਵਰ ਇਥੇ ਬੀਤੇ ਦਿਨ ਵੀ ਜਦ ਵੇਖਿਆ ਗਿਆ ਅਤੇ ਸੰਕੇਤ ਸਨ ਕਿ ਕੋਈ ਹਮਲਾ ਹੋ ਸਕਦਾ ਹੈ ਤਾਂ ਫਿਰ ਇਸ ਨੂੰ ਲੈ ਕੇ ਇੰਨੀ ਢਿੱਲ ਕਿਉਂ ਵਰਤੀ ਗਈ?

ਦਲਜੀਤ ਸਿੰਘ ਚੀਮਾ ਨੇ ਘਟਨਾ ਦੀ ਜੂਡੀਸ਼ਿਅਲ ਜਾਂਚ ਦੀ ਕੀਤੀ ਮੰਗ 
ਅਕਾਲੀ ਆਗੂ ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਘਟਨਾ ਦੀ ਨਿਖੇਧੀ ਕਰਦਿਆਂ, ਘਟਨਾ ਨੂੰ ਮੰਦਭਾਗੀ ਦੱਸਿਆ। ਦਲਜੀਤ ਚੀਮਾ ਨੇ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਫੌਰੀ ਐਕਸ਼ਨ ਲੈਂਦੇ ਹੋਏ, ਸੁਖਬੀਰ ਬਾਦਲ ਦਾ ਬਚਾਅ ਕਰਦਿਆਂ ਹਮਲੇ ਨੂੰ ਨਾਕਾਮ ਕੀਤਾ। ਦਲਜੀਤ ਸਿੰਘ ਚੀਮਾ ਨੇ ਘਟਨਾ ਦੀ ਜੂਡੀਸ਼ਿਅਲ ਜਾਂਚ ਦੀ ਮੰਗ ਕੀਤੀ ਹੈ।  

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲੇ ਦੀ ਸਖ਼ਤ ਨਿੰਦਾ  
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵੱਡੀ ਘਟਨਾ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ।

ਜੋ ਕੁਝ ਉਸਨੇ ਕੀਤਾ, ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ : ਜਸਮੀਤ ਕੌਰ 
ਨਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਨਰਾਇਣ ਸਿੰਘ ਕਰੀਬ ਸਵਾ 6 ਵਜੇ ਘਰੋਂ ਨਿਕਲਿਆ ਸੀ। ਜੋ ਕੁਝ ਵੀ ਉਸਨੇ ਕੀਤਾ ਹੈ ਉਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਜਸਮੀਤ ਕੌਰ ਦਾ ਕਹਿਣਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਬਰਸੀ ਦਾ ਪ੍ਰੋਗਰਾਮ ਹੋਣ ਦੀ ਗੱਲ ਕਹਿ ਕੇ ਘਰ ਤੋਂ ਚੱਲੇ ਸੀ। ਜਿਸ ਵਿੱਚ ਉਹ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਨਹੀਂ ਸੀ। ਉਸ ਨੇ ਜੋ ਵੀ ਕੀਤਾ ਹੈ, ਉਹ ਬਿਲਕੁਲ ਗਲਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦਾ ਪਤੀ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਚੁੱਕਾ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਵਧਾਇਆ 
ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਦੱਸ ਦਈਏ ਕਿ 5 ਦਸੰਬਰ ਯਾਨੀ ਕੱਲ੍ਹ ਸੁਖਬੀਰ ਸਿੰਘ ਬਾਦਲ ਸਣੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੇਵਾ ਕਰਨਗੇ। ਜਿਸ ਨੂੰ ਲੈ ਕੇ ਅੱਜ ਏ.ਡੀ.ਜੀ.ਪੀ ਅਮਨ ਕਾਨੂੰਨ, ਐੱਸਪੀ ਐਸ ਪਰਮਾਰ ਤੇ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਗੁਰਮੀਤ ਸਿੰਘ ਖੁਰਾਨਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਤੇ ਸਥਿਤੀ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅੱਜ ਵਾਪਰੇ ਘਟਨਾ ਮਗਰੋਂ ਸਮੁੱਚੇ ਪੰਜਾਬ ’ਚ ਸੁਰੱਖਿਆ ਵਧਾਈ ਗਈ ਹੈ ਅਤੇ ਅੱਜ ਜਿੱਥੇ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਨ। ਉੱਥੇ ਹੀ ਉਨ੍ਹਾਂ ਵੱਲੋਂ ਸੁਰੱਖਿਆ ਦਾ ਵੀ ਜਾਇਜਾ ਲਿਆ ਗਿਆ।  ਉਨ੍ਹਾਂ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸੁਰੱਖਿਆ ਕਰਮੀਆਂ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ। ਨਾਲ ਹੀ ਹੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਵਧਾਇਆ ਗਿਆ ਹੈ।