ਪੰਜਾਬ ਵਿੱਚ ਫੇਲ੍ਹ ਹੋ ਚੁੱਕੀ ਅਮਨ ਕਨੂੰਨ ਵਿਵਸਥਾ ਅਤੇ ਸੂਬਾ ਸਰਕਾਰ ਦੀ ਲਾਪਰਵਾਹੀ ਨੂੰ ਜੱਗ ਜ਼ਾਹਿਰ : ਬਾਦਲ

ਬਟਾਲਾ : ਪਿੰਡ ਸ਼ੇਖੋਪੁਰ ਵਿਖੇ ਬੀਤੀ ਰਾਤ ਲਗਪਗ 12 ਵਜੇ ਗੋਲੀਆਂ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਜੀਤ ਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿੱਚ ਦੁੱਖ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਕਤਲ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਲੈ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ, "ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਵਰਕਰ ਸ. ਅਜੀਤਪਾਲ ਸਿੰਘ ਦਾ ਨਿਰਦਯਤਾ ਨਾਲ ਕੀਤਾ ਗਿਆ ਕਤਲ ਸਮੁੱਚੀ ਪਾਰਟੀ ਲਈ ਨਾਂ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਬਤੌਰ ਪਾਰਟੀ ਪ੍ਰਧਾਨ, ਮੈਂ ਪਰਿਵਾਰ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਹਾਂ, ਉੱਥੇ ਹੀ ਅਜੀਤਪਾਲ ਦੀ ਮੌਤ ਦਾ ਇਨਸਾਫ਼ ਦਿਵਾਉਣ ਲਈ ਵੀ ਵਿਸ਼ਵਾਸ ਦਿਵਾਉਂਦਾ ਹਾਂ। ਇਹ ਘਟਨਾ ਪੰਜਾਬ ਵਿੱਚ ਫੇਲ੍ਹ ਹੋ ਚੁੱਕੀ ਅਮਨ ਕਨੂੰਨ ਵਿਵਸਥਾ ਅਤੇ ਇਸ ਪ੍ਰਤੀ ਸੂਬਾ ਸਰਕਾਰ ਦੀ ਲਾਪਰਵਾਹੀ ਨੂੰ ਜੱਗ ਜ਼ਾਹਿਰ ਕਰਦੀ ਹੈ। ਦਿਨ ਦਿਹਾੜੇ ਨਿਰੰਤਰ ਹੋ ਰਹੀਆਂ ਲੁੱਟਾਂ, ਖੋਹਾਂ, ਕਤਲ, ਬਲਾਤਕਾਰ, ਨਸ਼ਾਖੋਰੀ ਅਧਾਰਤ ਜ਼ੁਰਮ, ਰਿਸ਼ਵਖੋਰੀ ਆਦਿ ਅਸਮਾਜਿਕ ਤੱਤਾਂ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ ਪਰ ਭਗਵੰਤ ਮਾਨ ਸਰਕਾਰ ਝੂਠੀਆਂ ਇਸ਼ਤਿਹਾਰਬਾਜੀਆਂ ਅਤੇ ਐਲਾਨਾਂ ਨਾਲ ਬੁੱਤਾ ਸਾਰ ਰਹੀ ਹੈ।" ਜ਼ਿਕਰ ਕਰ ਦਈਏ ਕਿ ਪੁਲਿਸ ਨੇ ਇਸ ਕੇਸ ਦੀ ਗੁੱਥੀ ਸੁਲਝਾਉਂਦਿਆਂ ਹੁਣ ਦਾਅਵਾ ਕੀਤਾ ਹੈ ਕਿ ਆਪਣੇ ਹੀ ਦੋਸਤ ਨਾਲ ਖੁੰਦਕ ਅਤੇ ਸ਼ਰੀਕੇਬਾਜ਼ੀ ਦੇ ਚੱਲਦਿਆਂ ਅੰਮ੍ਰਿਤਪਾਲ ਸਿੰਘ ਨੇ ਖ਼ੁਦ ਹੀ ਆਪਣੇ ਦੋਸਤ ਅਜੀਤ ਪਾਲ ਸਿੰਘ ਦਾ ਕਤਲ ਕੀਤਾ ਸੀ। ਉਸ ਨੇ ਇਕ ਹੋਰ ਸਾਥੀ ਦੇ ਨਾਲ ਅਜੀਤ ਪਾਲ ਸਿੰਘ ਦਾ ਕਤਲ ਕਿਤੇ ਹੋਰ ਕਰਕੇ ਇਸ ਵਾਰਦਾਤ ਨੂੰ ਹਾਈਵੇਅ ’ਤੇ ਕੀਤੀ ਗਈ ਵਾਰਦਾਤ ਦਿਖਾਉਣ ਲਈ ਸਾਰਾ ਡਰਾਮਾ ਰਚਿਆ ਕਿ ਕੋਈ ਵਿਅਕਤੀ ਕਾਰ ਵਿੱਚ ਆ ਕੇ ਅਜੀਤ ਪਾਲ ਸਿੰਘ ’ਤੇ ਗੋਲੀਆਂ ਚਲਾ ਗਏ। ਇਸ ਤੋਂ ਬਾਅਦ ਇਹ ਆਪ ਹੀ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।