ਹੁਣ ਨਹੀਂ ਰਿਹਾ ਪਹਿਲਾਂ ਵਾਲਾ ਪੰਜਾਬ

ਅੱਜ ਲੋਕਾਂ ਦੇ ਅੰਦਰੋਂ ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਮਜਬੂਤ ਸਮਾਜ ਸਿਰਜਣ ਲਈ ਸ਼ਾਂਤੀ ਬਹੁਤ ਜਰੂਰੀ ਹੁੰਦੀ ਹੈ। ਸੰਸਾਰ ਕਿੱਧਰ ਨੂੰ ਜਾ ਰਿਹਾ ਹੈ। ਰੂਸ-ਯੂਕਰੇਨ ਤੇ ਇਜ਼ਰਾਇਲ ਫ਼ਲਸਤੀਨ ਜੰਗ ਨੂੰ ਸ਼ਹਿਰ, ਕਸਬੇ ਤਬਾਹ ਕਰ ਦਿੱਤੇ ਹਨ। ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਸਮਾਜ ਵਿੱਚ ਅੱਜ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਮਨਾਂ ਵਿੱਚ ਨਫਰਤਾਂ ਪੈਦਾ ਕਰ ਲੈਂਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਧਰਤੀ ਤੇ ਕੀ ਕਰਨ ਆਏ ਹਾਂ। ਕੀ ਕਰ ਰਹੇ ਹਾਂ? ਜਦੋਂ ਅਸੀਂ ਇਸ ਸੰਸਾਰ ਤੋਂ ਰੁਖ਼ਸਤ ਕਰਨਾ ਹੈ ਤਾਂ ਸਾਨੂੰ ਕਿੰਨੀ ਕੁ ਜਮੀਨ ਚਾਹੀਦੀ ਹੋਣੀ ਹੈ। ਇਹ ਵਿਚਾਰਨ ਵਾਲੀ ਗੱਲ ਹੈ। ਨਿਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਛੇੜਛਾੜ ਕਰ ਰਿਹਾ ਹੈ। ਉੱਤਰਾਖੰਡ ਦੇ ਜੋਸ਼ੀ ਮੱਠ, ਹਿਮਾਚਲ ਦੇ ਧਰਮਸ਼ਾਲਾ ਵਿੱਚ ਬਣੇ ਮਕਾਨਾਂ ਵਿੱਚ ਤਰੇੜਾਂ ਆਉਣ ਦੀਆਂ ਖਬਰਾਂ ਅਸੀਂ ਆਮ ਪੜ੍ਹੀਆਂ ਸਨ। ਦੋ ਕੁ ਮਹੀਨੇ ਪਹਿਲਾਂ ਆਏ ਹੜਾਂ ਨੇ ਹਿਮਾਚਲ ਵਿੱਚ ਜੋ ਤਬਾਹੀ ਮਚਾਈ ਹੈ, ਉਹ ਦਿਲ ਕੰਬਾਉਣ ਵਾਲੀ ਸੀ। ਪੰਜਾਬ ਦੇ ਵੀ ਕਈ ਜਿਲੇ ਹੜਾਂ ਨਾਲ ਪ੍ਰਭਾਵਿਤ ਹੋਏ ਸਨ। 2012 ਵਿੱਚ ਜੋ ਉੱਤਰਾਖੰਡ ਵਿੱਚ ਹੜਾਂ ਨਾਲ ਨੁਕਸਾਨ ਹੋਇਆ ਸੀ, ਗੱਡੀਆਂ ਦੀਆਂ ਗੱਡੀਆਂ ਰੁੜ ਗਈਆਂ ਸਨ। ਇਨਸਾਨ ਨੇ ਉਸ ਤੋਂ ਵੀ ਸਬਕ ਨਹੀਂ ਲਿਆ। ਪਹਾੜਾਂ ਨੂੰ ਕੱਟ ਕੇ ਵੱਡੇ ਵੱਡੇ ਹੋਟਲ ਬਣਾ ਦਿੱਤੇ ਗਏ। ਨਦੀਆਂ, ਨਾਲੀਆਂ ਨੂੰ ਤੰਗ ਕਰ ਦਿੱਤਾ ਗਿਆ। ਪਾਣੀ ਦੀ ਨਿਕਾਸੀ ਆਪਣੇ ਆਪ ਰੁੱਕ ਗਈ । ਕੁਦਰਤ ਇਨਸਾਨ ਨੂੰ ਬਾਰ-ਬਾਰ ਇਸ਼ਾਰੇ ਕਰ ਰਹੀ ਹੈ । ਪਰ ਅੱਜ ਦਾ ਇਨਸਾਨ ਨਹੀਂ ਸੰਭਲ ਰਿਹਾ ਹੈ । ਮੋਹਾਲੀ ਦੇ ਨਾਲ ਲੱਗਦੇ ਪਿੰਡਾਂ ਦੀ ਨਾਮੀ ਕੰਪਨੀਆਂ ਨੇ ਜਮੀਨ ਖਰੀਦ ਕੇ ਅਸਮਾਨ ਨੂੰ ਲੱਗਦੀ ਇਮਾਰਤ ਖੜੀਆਂ ਕਰ ਦਿੱਤੀਆਂ । ਚੋਇਆ ਵਿੱਚ ਵੀ ਫਲੈਟ ਬਣਾ ਦਿੱਤੇ ਗਏ । ਪੈਸਾ, ਪ੍ਰੋਪਰਟੀ ਦੀ ਲਾਲਸਾ ਕਰਕੇ ਅੱਜ ਇਨਸਾਨ ਆਪਣੇ ਹੀ ਪਰਿਵਾਰਿਕ ਮੈਂਬਰਾਂ ਦਾ ਕਤਲ ਕਰਨ ਤੇ ਤੁਰ ਗਿਆ ਹੈ । ਹਾਲ ਹੀ ਵਿੱਚ ਖਰੜ ਵਿਖੇ ਇੱਕ ਭਰਾ ਨੇ ਆਪਣੇ ਹੀ ਸਕੇ ਭਰਾ, ਭਰਜਾਈ ਤੇ ਭਤੀਜੇ ਦਾ ਕਤਲ ਕਰਕੇ ਲਾਸ਼ਾਂ ਨੂੰ ਨਹਿਰ ਵਿੱਚ ਸੁੱਟ ਦਿੱਤਾ । ਦੇਖੋ ਰਿਸ਼ਤੇ ਤਾਰ ਤਾਰ ਹੋ ਚੁੱਕੇ ਹਨ । ਇਨਸਾਨੀਅਤ ਖ਼ਤਮ ਹੋ ਚੁੱਕੀ ਹੈ । ਪੈਸੇ ਦੀ ਇੰਨੀ ਹੋੜ ਲੱਗੀ ਹੋਈ ਹੈ ਕਿ ਆਪਣੇ ਹੀ ਖੂਨ ਦੇ ਰਿਸ਼ਤਿਆਂ ਨੂੰ ਖਤਮ ਕਰ ਰਹੇ ਹਾਂ । ਇੱਕ ਹੋਰ ਘਟਨਾ ਸੀ ਕਿ ਜਮੀਨ ਖ਼ਾਤਰ ਇੱਕ ਬੱਚੇ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ । ਦੇਖੋ ਸਮਾਜ ਦੀ ਕਿੰਨੀ ਬੁਰੀ ਹਾਲਤ ਹੁੰਦੀ ਜਾ ਰਹੀ ਹੈ । ਰਿਸ਼ਤਿਆਂ ਦੀ ਅਹਿਮੀਅਤ ਬਿਲਕੁਲ ਵੀ ਨਹੀਂ ਰਹੀ ਹੈ । ਆਪਸ ਵਿੱਚ ਪਿਆਰ ਹੀ ਨਹੀਂ ਰਿਹਾ ਹੈ । ਗਾਜਰ ਮੂਲੀ ਦੀ ਤਰ੍ਹਾਂ ਆਪਣੇ ਹੀ ਰਿਸ਼ਤਿਆਂ ਨੂੰ ਕੱਟ ਦਿੰਦੇ ਹਨ । ਦਿਨ ਪ੍ਰਤੀ ਦਿਨ ਬਜ਼ੁਰਗਾਂ ਦਾ ਆਦਰ ਸਤਿਕਾਰ ਘੱਟ ਰਿਹਾ ਹੈ । ਬਜ਼ੁਰਗਾਂ ਨੂੰ ਘਰ ਵਿੱਚ ਰਹਿਣ ਲਈ ਜਗ੍ਹਾ ਤੱਕ ਨਹੀਂ ਹੈ । ਜਿਹੜੇ ਬਜ਼ੁਰਗ ਪੈਨਸ਼ਨ ਲੈਂਦੇ ਹਨ ਉਹਨਾਂ ਦੀ ਔਲਾਦ ਉਨ੍ਹਾਂ ਤੋਂ ਪੈਨਸ਼ਨ ਦੇ ਸਾਰੇ ਪੈਸੇ ਲੈ ਕੇ ਵੀ ਉਹਨਾਂ ਨੂੰ ਇੱਜਤ ਮਾਣ ਨਾਲ ਰੋਟੀ ਨਹੀਂ ਦਿੰਦੀ ਹੈ । ਵਿਚਾਰਨ ਵਾਲੀ ਗੱਲ ਹੈ ਕਿ ਜਿਹੜੇ ਬਜ਼ੁਰਗ ਪੈਨਸ਼ਨ ਨਹੀਂ ਲੈਂਦੇ ਉਹਨਾਂ ਦਾ ਕੀ ਹਾਲ ਹੁੰਦਾ ਹੋਣਾ । ਪਿੱਛੇ ਜਿਹੇ ਖਬਰ ਵੀ ਪੜੀ ਕਿ ਇੱਕ ਬਜ਼ੁਰਗ ਨੇ ਆਪਣੀ ਔਲਾਦ ਨੂੰ ਦਵਾਈ ਲਿਆਉਣ ਲਈ ਕਿਹਾ । ਦਵਾਈ ਤਾਂ ਕੀ ਦੇਣੀ ਸੀ ਬਜ਼ੁਰਗ ਦੇ ਸਿਰ ਤੇ ਹੀ ਉਸਦੇ ਪੁੱਤਰ ਨੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ । ਅਜਿਹੀਆਂ ਖਬਰਾਂ ਅਸੀਂ ਆਮ ਸੁਣਦੇ ਹਾਂ ਕਿ ਬਜ਼ੁਰਗਾਂ ਨੂੰ ਉਸਦੀ ਔਲਾਦ ਨੇ ਘਰ ਤੋਂ ਹੀ ਧੱਕੇ ਮਾਰ ਕੇ ਕੱਢ ਦਿੱਤਾ । ਕਈ ਬਜ਼ੁਰਗ ਦੇ ਬੱਚੇ ਆਈਏਐਸ ਹਨ । ਜੋ ਆਪਣੇ ਮਾਂ ਬਾਪ ਨੂੰ ਬਿਲਕੁਲ ਵੀ ਨਹੀਂ ਪੁੱਛਦੇ ਹਨ । ਬਜ਼ੁਰਗ ਨੇ ਦੱਸਿਆ ਕਿ ਮੈਂ ਦਿਹਾੜੀ ਕਰਕੇ ਬੱਚਿਆਂ ਨੂੰ ਲਾਭਿਕ ਬਣਾਇਆ । ਅੱਜ ਬਜ਼ੁਰਗ ਦੇ ਸਮੇਂ ਦੀ ਰੋਟੀ ਲਈ ਮੁਥਾਜ ਹੋ ਗਏ ਹਨ । ਸਮਾਜ ਕਿੱਧਰ ਨੂੰ ਜਾ ਰਿਹਾ ਹੈ । ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ । ਬਜ਼ੁਰਗ ਘਰ ਦੇ ਜਿੰਦਰੇ ਹੁੰਦੇ ਹਨ । ਬਜ਼ੁਰਗ ਘਰ ਨੂੰ ਸਵਾਰ ਕੇ ਰੱਖਦੇ ਹਨ । ਜਮੀਨਾਂ ਖਾਤਰ ਪੁੱਤਰਾਂ ਹੱਥੋਂ ਬਜ਼ੁਰਗਾਂ ਦਾ ਕਤਲ ਹੋਣ ਦੀਆਂ ਖਬਰਾਂ ਅਸੀਂ ਅਖਬਾਰਾਂ ਵਿੱਚ ਪੜ੍ਹਦੇ ਰਹਿੰਦੇ ਹਨ। ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ। ਹਰ ਰੋਜ਼ ਸਰਹੱਦ ਖੇਤਰਾਂ ਤੋਂ ਬੀਐਸਐਫ ਵੱਲੋਂ ਕਰੋੜਾਂ ਦੀ ਹੈਰੋਇਨ ਫੜੀ ਜਾ ਰਹੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਰਾਹੀ ਡਰੋਨਾਂ ਨਾਲ ਨਸ਼ਿਆਂ ਦੀ ਸਪਲਾਈ ਕੀਤੀ ਜਾ ਰਹੀ ਹੈ। 15 ਤੋਂ 20 ਸਾਲ ਦੇ ਨੌਜਵਾਨ ਚਿੱਟੇ ਦੇ ਆਦੀ ਹੋ ਚੁੱਕੇ ਹਨ। ਸੱਤ ਤੋਂ 10 ਮੋਤਾਂ ਲਗਾਤਾਰ ਚਿੱਟੇ ਨਾਲ ਹੋ ਰਹੀਆਂ ਹਨ। ਹਾਲਾਂਕਿ ਸੂਬਾ ਸਰਕਾਰ ਰਾਹੀਂ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ। ਨਸ਼ਾ ਤਸਕਰਾਂ ਨੂੰ ਫੜਿਆ ਵੀ ਜਾ ਰਿਹਾ ਹੈ। ਡਰੱਗ ਮਨੀ ਵੀ ਬਰਾਮਦ ਕੀਤੀ ਜਾ ਰਹੀ ਹੈ। ਫਿਰ ਵੀ ਨਸ਼ਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੁੜੀਆਂ ਵੀ ਹੁਣ ਤਾਂ ਨਸ਼ੇ ਦੀ ਆਦੀ ਹੋ ਚੁੱਕੀਆਂ ਹਨ। ਪਿੱਛੇ ਜਿਹੇ ਦੋ ਤਿੰਨ ਵੀਡਿਓ ਵਾਇਰਲ ਹੋਈਆਂ, ਉਹਨਾਂ ਵਿੱਚ ਅਸੀਂ ਦੇਖਿਆ ਕਿ ਕੁੜੀਆਂ ਨਸ਼ੇ ਚ ਧੁੱਤ ਸਨ। ਮਾਂ ਬਾਪ ਚੰਡੀਗੜ੍ਹ ਇੱਕ ਕੁੜੀ ਨੂੰ ਪੜ੍ਹਾਈ ਲਿਖਾਈ ਲਈ ਭੇਜਦੇ ਹਨ। ਉਹ ਕੁੜੀ ਚਿੱਟੇ ਦਾ ਸ਼ਿਕਾਰ ਹੋ ਗਈ। ਫਿਰ ਮਾਂ ਬਾਪ ਤੰਗ ਪਰੇਸ਼ਾਨ ਹੋ ਕੇ ਆਪਣੇ ਬੱਚਿਆਂ ਦੇ ਇਲਾਜ ਲਈ ਇਹਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਦੇ ਹਨ। ਕਈ ਨਸ਼ੇੜੀ ਨੌਜਵਾਨਾਂ ਨੇ ਤਾਂ ਆਪਣੇ ਘਰ ਦੇ ਭਾਂਡੇ ਤੱਕ ਵੀ ਨਹੀਂ ਛੱਡੇ। ਮਾਵਾਂ ਵਿਲਕਦੀਆਂ ਹੋਈਆਂ ਦੱਸਦੀਆਂ ਹਨ ਕਿ ਜਮੀਨਾਂ ਟਰੈਕਟਰਾਂ, ਇੱਥੋਂ ਤੱਕ ਕੀ ਦੁਧਾਰੂ ਪਸ਼ੂ ਵੀ ਇਹਨਾਂ ਨੇ ਵੇਚ ਦਿੱਤੇ ਹਨ। ਨਸ਼ੇ ਨਾ ਤਾਂ ਚੰਗੀ ਤਰ੍ਹਾਂ ਨਾਲ ਪਹਿਲਾਂ ਬੰਦ ਹੋਏ ਹਨ ਤੇ ਹੁਣ ਵੀ ਨਹੀਂ ਬੰਦ ਹੋ ਰਹੇ ਹਨ। ਅੱਜ ਪੰਜਾਬ ਵਿੱਚ ਕਾਲਾ ਪੀਲੀਆ ਤੇ ਕੈਂਸਰ ਵਰਗੀ ਨਾ ਮੁਰਾਦ ਬਿਮਾਰੀਆਂ ਕਾਰਨ ਲੱਖਾਂ ਲੋਕ ਸ਼ਿਕਾਰ ਹੋ ਗਏ ਹਨ। ਮਾਲਵਾ ਖੇਤਰ ਲਗਾਤਾਰ ਕੈਂਸਰ ਨਾਲ ਪ੍ਰਭਾਵਿਤ ਹੈ। ਖਬਰ ਪੜ੍ਹੀ ਸੀ ਕਿ ਦੁਧਾਰੂ ਪਸ਼ੂ ਵੀ ਇਸ ਨਾਮ ਮੁਰਾਦ ਬਿਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ। ਜਿਹੜੇ ਲੋਕ ਇਹਨਾਂ ਦਾ ਦੁੱਧ ਪੀਂਦੇ ਹਨ ਉਹ ਤਾਂ ਹੋਰ ਵੀ ਜਿਆਦਾ ਪ੍ਰਭਾਵਿਤ ਹੋਣਗੇ। ਮਿਲਾਵਟ ਦਾ ਧੰਦਾ ਜੋਰਾਂ ਤੇ ਹੈ। ਆਜ਼ਾਦੀ ਦੇ ਇੰਨੇ ਵਰੇ ਬੀਤ ਜਾਣ ਤੋਂ ਬਾਅਦ ਵੀ ਮਿਲਾਵਟ ਖ਼ਤਮ ਨਹੀਂ ਹੋਈ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਇਹ ਧੰਦਾ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲਦਾ ਹੈ। ਪੰਜਾਬ ਖਾਲੀ ਹੋ ਰਿਹਾ ਹੈ। ਹਰ ਰੋਜ਼ ਜਹਾਜ਼ ਦੇ ਜਹਾਜ਼ ਬਰ ਕੇ ਨੌਜਵਾਨਾਂ ਨਾਲ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਖ਼ਬਰ ਪੜੀ ਸੀ ਕਿ ਦੁਆਬੇ ਦੇ ਕਈ ਪਿੰਡਾਂ ਵਿੱਚ ਬਿਹਾਰੀ, ਯੂਪੀ ਦੇ ਪ੍ਰਵਾਸੀ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਕੋਠੀਆਂ ਵਿੱਚ ਉਹ ਰਹਿ ਰਹੇ ਹਨ। ਅਸਲੀ ਵਾਲੀ ਵਾਰਸ ਵਿਦੇਸ਼ਾਂ ਵਿੱਚ ਪੱਕੇ ਹੋ ਗਏ ਹਨ। ਅੱਜ ਨਸ਼ਿਆਂ ਦੇ ਡਰ ਤੋਂ ਮਾਂ ਬਾਪ ਆਪਣੇ ਬੱਚਿਆਂ ਨੂੰ ਬਾਰਵੀਂ ਪੂਰੀ ਹੋਣ ਤੋਂ ਬਾਅਦ ਹੀ ਵਿਦੇਸ਼ਾ ਨੂੰ ਭੇਜ ਦਿੰਦੇ ਹਨ। ਕਰਜ਼ਈ ਹੋ ਕੇ ਜਮੀਨ ਗਹਿਣੇ ਰੱਖ ਕੇ ਬੱਚਿਆਂ ਦੇ ਵਧੀਆ ਭਵਿੱਖ ਲਈ ਉਹਨਾਂ ਨੂੰ ਵਧੀਆ ਦੇਸ਼ਾਂ ਵੱਲ ਭੇਜ ਰਹੇ ਹਨ। ਪਿੱਛੋਂ ਆਪ ਕਰਜ਼ੇ ਦੀਆਂ ਕਿਸ਼ਤਾਂ ਲਾਉਂਦੇ ਰਹਿੰਦੇ ਹਨ। ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਮਾਂ ਪਿਓ ਵਿੱਚੋਂ ਜੇ ਕੋਈ ਚਲਾ ਜਾਂਦਾ ਹੈ ਤਾਂ ਉਸਦੀ ਅੰਤਿਮ ਰਸਮਾਂ ਵੇਲੇ ਵੀ ਉਨ੍ਹਾਂ ਦੀ ਔਲਾਦ ਨਹੀਂ ਆਉਂਦੀ? ਅੱਜ ਹਰ ਇਨਸਾਨ ਵਿਦੇਸ਼ ਵੱਲ ਭੱਜ ਰਿਹਾ ਹੈ। ਜਿਨ੍ਹਾਂ ਦੇ ਪੰਜਾਬ ਵਿੱਚ ਵਧੀਆ ਕਾਰੋਬਾਰ ਹਨ, ਵਧੀਆ ਬਿਜ਼ਨਸਮੈਨ ਹਨ, ਪੈਸੇ ਵੱਲੋਂ ਬਹੁਤ ਖੁਸ਼ ਹਨ, ਉਹ ਵੀ ਜਲਦੀ ਤੋਂ ਜਲਦੀ ਇਥੋਂ ਨਿਕਲਣ ਦੀ ਸੋਚ ਰਹੇ ਹਨ। ਔਰਤਾਂ ਵੀ ਸੁਰੱਖਿਅਤ ਨਹੀਂ ਹਨ। ਜਬਰ ਜ਼ਨਾਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਤੇਜ਼ਾਬੀ ਹਮਲੇ, ਛੇੜਛਾੜ, ਬਲਾਤਕਾਰ ਹੋਰ ਪਤਾ ਨਹੀਂ ਕਿੰਨੀਆਂ ਹੀ ਘਿਨੋਣੀਆਂ ਹਰਕਤਾਂ ਦਾ ਔਰਤਾਂ ਸ਼ਿਕਾਰ ਹੋ ਰਹੀਆਂ ਹਨ। ਕਿਸਾਨਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਚੁੱਕੀ ਹੈ। ਕਰਜੇ ਦੀ ਭਾਰੀ ਪੰਡ ਕਰਕੇ ਉਹਨਾਂ ਨੂੰ ਖੁਦਕੁਸ਼ੀ ਦੇ ਰਾਹ ਤੁਰਨਾ ਪੈ ਰਿਹਾ ਹੈ। ਵਧੀਆ ਉਦਯੋਗਨੀਤੀ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਉਲੀਕਣੀ ਚਾਹੀਦੀ ਹੈ ਤਾਂ ਜੋ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲ ਸਕੇ। ਪੰਜ ਦਰਿਆਵਾਂ ਦੀ ਧਰਤੀ ਕਹਾਉਣ ਵਾਲਾ ਪੰਜਾਬ ਹੁਣ ਹੁਣ ਪਹਿਲੇ ਵਰਗਾ ਨਹੀਂ ਰਿਹਾ ਹੈ। ਫਸਲਾਂ ਦੀ ਪੈਦਾਵਾਰ ਲਈ ਤਰ੍ਹਾਂ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ। ਵਾਤਾਵਰਣ ਵਿੱਚ ਪ੍ਰਦੂਸ਼ਣ ਵੱਧ ਚੁੱਕਿਆ ਹੈ। ਸੋ ਮਾਨ ਸਰਕਾਰ ਕਹਿ ਤਾਂ ਰਹੀ ਹੈ ਕਿ ਅਸੀਂ ਜਲਦੀ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਇਹ ਹੁਣ ਆਉਣ ਵਾਲਾ ਵੇਲਾ ਹੀ ਦੱਸੇਗਾ।

Add new comment