ਕੋਲਕਾਤਾ, 27 ਅਗਸਤ 2024 : ਪੱਛਮੀ ਬੰਗਾਲ ਦੀ ਰਾਜਧਾਨੀ ਵਿੱਚ ਆਰਜੀ ਕਰ ਹਸਪਤਾਲ ਦੀ ਟ੍ਰੇਨੀ ਡਾਕਟਰ ਧੀ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ‘ਨਬੰਨਾ ਅਭਿਆਨ’ ਮਾਰਚ ਕੱਢਿਆ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਉਨ੍ਹਾਂ ‘ਤੇ ਵਾਟਰ ਕੈਨਨ ਵੀ ਛੱਡੇ ਗਏ। ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪਰ ਪ੍ਰਦਰਸ਼ਨਕਾਰੀਆਂ ਨੇ ਹਾਵੜਾ ਦੇ ਸੰਤਰਾਗਾਛੀ ਵਿਖੇ ਪੁਲਿਸ ਬੈਰੀਕੇਡਾਂ ਨੂੰ ਖਿੱਚ ਕੇ ਹਟਾ ਦਿੱਤਾ ਅਤੇ ‘ਨਬੰਨਾ ਅਭਿਆਨ’ ਮਾਰਚ ਕੱਢਿਆ। ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਪੁਲਿਸ ਨੂੰ ਵਾਟਰ ਕੈਨਨ ਦੀ ਵਰਤੋਂ ਵੀ ਕਰਨੀ ਪਈ। ਡਾਕਟਰ ਨਾਲ ਰੇਪ ਅਤੇ ਕਤਲ ਦੀ ਘਟਨਾ ਨੂੰ ਲੈ ਕੇ ਭਾਰੀ ਰੋਸ ਦੇ ਵਿਚਕਾਰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਹਾਵੜਾ ਪੁਲ ‘ਤੇ ਬੈਰੀਕੇਡ ਲਗਾਏ ਗਏ ਸਨ ਪਰ ਵੱਡੀ ਗਿਣਤੀ ‘ਚ ਲੋਕ ਵਿਰੋਧ ਕਰ ਰਹੇ ਹਨ। ਇਸ ਸਬੰਧ ਵਿੱਚ ਇੱਕ ਵਿਦਿਆਰਥੀ ਸੰਗਠਨ ਨੇ ਹਾਵੜਾ ਸਥਿਤ ਸਕੱਤਰੇਤ ਨਬੰਨਾ ਤੱਕ ਰੋਸ ਮਾਰਚ ਕਰਨ ਦੀ ਯੋਜਨਾ ਬਣਾਈ ਸੀ, ਜਿਸ ਦੇ ਮੱਦੇਨਜ਼ਰ ਅੱਜ ਸ਼ਹਿਰ ਵਿੱਚ 6,000 ਤੋਂ ਵੱਧ ਕੋਲਕਾਤਾ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਹਰ ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ। ਕੋਲਕਾਤਾ ਪੁਲਿਸ ਅਤੇ ਹਾਵੜਾ ਸਿਟੀ ਪੁਲਿਸ ਨੇ ਨਬੰਨਾ ਦੇ ਆਲੇ ਦੁਆਲੇ ਦੇ ਖੇਤਰ ਨੂੰ ਤਿੰਨ ਪਰਤਾਂ ਦੀ ਸੁਰੱਖਿਆ ਦੇ ਨਾਲ ਇੱਕ ਕਿਲੇ ਵਿੱਚ ਬਦਲ ਦਿੱਤਾ ਹੈ। 19 ਥਾਵਾਂ ‘ਤੇ ਬੈਰੀਕੇਡ ਲਗਾਏ ਗਏ ਹਨ, ਜਦਕਿ ਹੋਰ ਮਹੱਤਵਪੂਰਨ ਥਾਵਾਂ ‘ਤੇ ਪੰਜ ਐਲੂਮੀਨੀਅਮ ਬੈਰੀਕੇਡ ਲਗਾਏ ਗਏ ਹਨ। ਪੁਲਿਸ ਤੋਂ ਇਲਾਵਾ ਕੰਬੈਟ ਫੋਰਸ, ਹੈਵੀ ਰੇਡੀਓ ਫਲਾਇੰਗ ਸਕੁਐਡ (ਐੱਚਆਰਐੱਫਐੱਸ), ਰੈਪਿਡ ਐਕਸ਼ਨ ਫੋਰਸ (ਆਰਏਐੱਫ), ਕਵਿੱਕ ਰਿਐਕਸ਼ਨ ਟੀਮ (ਕਿਊਆਰਟੀ) ਅਤੇ ਵਾਟਰ ਕੈਨਨ ਨੂੰ ਤਾਇਨਾਤ ਕੀਤਾ ਗਿਆ ਹੈ। ਡਰੋਨ ਰਾਹੀਂ ਵੀ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕੋਲਕਾਤਾ ਕਾਂਡ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਨਬੰਨਾ ਮੁਹਿੰਮ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੀ ਧਰਤੀ ‘ਤੇ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੀਆਂ ਧੀਆਂ ਲਈ ਇਨਸਾਫ਼ ਲਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਜਾਜ਼ਤ ਨਾ ਮਿਲਣ ਦੇ ਬਾਵਜੂਦ ਕਈ ਜਥੇਬੰਦੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਸਰਕਾਰੀ ਮੁਲਾਜ਼ਮ ਵੀ ਧਰਨੇ ਵਿੱਚ ਸ਼ਾਮਲ ਹੋ ਰਹੇ ਹਨ। ਸਰਕਾਰੀ ਕਰਮਚਾਰੀ ਹਾਵੜਾ ਮੈਦਾਨ ਤੋਂ ਨਬੰਨਾ ਤੱਕ ਰੈਲੀ ਕਰਨ ਜਾ ਰਹੇ ਹਨ। ਵਿਦਿਆਰਥੀ ਸਤਰਾਗਾਛੀ ਤੋਂ ਨਬੰਨਾ ਵੱਲ ਰੈਲੀ ਕਰ ਰਹੇ ਹਨ। ਕਾਲਜ ਚੌਕ ਤੋਂ ਨਬੰਨਾ ਤੱਕ ਰੈਲੀ ਕੀਤੀ ਜਾਵੇਗੀ। ਇੱਕ ਹੋਰ ਰੈਲੀ ਹੇਸਟਿੰਗਜ਼ ਤੋਂ ਸ਼ੁਰੂ ਹੋਵੇਗੀ ਜੋ ਹੁਗਲੀ ਨਦੀ ਨੂੰ ਪਾਰ ਕਰਕੇ ਨਬੰਨਾ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਸ਼ੱਕ ਹੈ ਕਿ ਅੱਜ ਦਾ ਧਰਨਾ ਕਾਨੂੰਨ ਵਿਵਸਥਾ ਨੂੰ ਵਿਗਾੜਨ ਲਈ ਯੋਜਨਾਬੱਧ ਪ੍ਰਦਰਸ਼ਨ ਹੈ। ਇਸ ਰੈਲੀ ਵਿੱਚ ਭਾਜਪਾ, ਐਸਯੂਸੀਆਈ, ਕਾਂਗਰਸ ਅਤੇ ਖੱਬੀਆਂ ਪਾਰਟੀਆਂ ਬਿਨਾਂ ਕਿਸੇ ਬੈਨਰ ਦੇ ਸ਼ਮੂਲੀਅਤ ਕਰਨਗੀਆਂ। ਉਹ ਇਸਨੂੰ ਜਨਰੈਲੀ ਦਾ ਨਾਂ ਦੇ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਸ ਨੂੰ 21 ਜੁਲਾਈ 1993 ਵਰਗਾ ਬਣਾਉਣ ਲਈ ਸਿਆਸੀ ਪਾਰਟੀਆਂ ਵਿਚਾਲੇ ਕੋਈ ਸਾਜ਼ਿਸ਼ ਚੱਲ ਰਹੀ ਹੈ, ਜਦੋਂ ਪੁਲਿਸ ਗੋਲੀਬਾਰੀ ਵਿਚ 13 ਲੋਕ ਮਾਰੇ ਗਏ ਸਨ। ਸਥਿਤੀ ‘ਤੇ ਕਾਬੂ ਪਾਉਣ ਲਈ 100 ਤੋਂ ਵੱਧ ਆਈਪੀਐਸ ਨੂੰ ਗ੍ਰਾਉਂਡ ‘ਤੇ ਬਣੇ ਰਹਿਣ ਲਈ ਕਿਹਾ ਗਿਆ ਹੈ। ਧਰਨੇ ਦੇ ਮੱਦੇਨਜ਼ਰ ਪੁਲਿਸ ਨੇ ਰਾਤ 10 ਵਜੇ ਤੱਕ ਸ਼ਹਿਰ ਦੇ ਅੰਦਰ ਅਤੇ ਬਾਹਰ ਸਾਰੇ ਭਾਰੀ ਵਾਹਨਾਂ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਨਬੰਨਾ ਰੈਲੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਟੀਐਮਸੀ ਨੇ ਕਿਹਾ ਹੈ ਕਿ ਇਸ ਮੁਹਿੰਮ ਦੇ ਜ਼ਰੀਏ ਰਾਮ-ਵਾਮ ਸਾਰੇ ਮਿਲ ਕੇ ਟੀਐਮਸੀ ਵਿਰੁੱਧ ਅਰਾਜਕਤਾ ਪੈਦਾ ਕਰ ਰਹੇ ਹਨ। ਟੀਐਮਸੀ ਨੇਤਾ ਕੁਨਾਲ ਘੋਸ਼ ਨੇ ਕਿਹਾ, ‘ਭਾਜਪਾ, ਸੀਪੀਐਮ, ਕਾਂਗਰਸ ਸਾਰੇ ਇੱਕੋ ਹਨ। ਭਾਜਪਾ ਨਬੰਨਾ ਅਭਿਆਨ ਕਰ ਰਹੀ ਹੈ, ਕਾਂਗਰਸ ਇਸ ਦਾ ਸਮਰਥਨ ਕਰ ਰਹੀ ਹੈ ਅਤੇ ਸੀਪੀਐਮ ਜੋ ਵੀ ਕਹੇ, ਪਰ ਉਹ ਸਾਰੇ ਵਿਰੋਧ ਮੰਚ ‘ਤੇ ਜਾਣ ਦੀ ਗੱਲ ਕਰ ਰਹੇ ਹਨ, ਰਾਮ-ਵਾਮ ਸਾਰੇ ਟੀਐਮਸੀ ਵਿਰੁੱਧ ਅਰਾਜਕਤਾ ਪੈਦਾ ਕਰਨ ਲਈ ਇਕੱਠੇ ਹੋ ਰਹੇ ਹਨ।’ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਨੇ ਕਿਹਾ, ‘ਮੈਂ ਧਰਨੇ ਦੀ ਸਟੇਜ ਤੋਂ ਸੱਦਾ ਦਿੱਤਾ ਸੀ ਕਿ ਇਨਸਾਫ਼ ਦੀ ਮੰਗ ਲਈ ਅਸੀਂ ਸਾਰੇ ਮ੍ਰਿਤਕ ਡਾਕਟਰ ਦੀ ਯਾਦ ‘ਚ ਦੀਵਾ ਜਗਾਈਏ, ਸਾਡੇ ਵਰਕਰ ਵੀ ਦੀਵਾ ਜਗਾਉਣਗੇ। ਮੈਂ ਇਸ ਦੀ ਸ਼ੁਰੂਆਤ ਮ੍ਰਿਤਕ ਡਾਕਟਰ ਦੇ ਮਾਤਾ-ਪਿਤਾ ਦੇ ਘਰੋਂ ਦੀਵਾ ਜਗਾ ਕੇ ਕੀਤੀ ਹੈ। ਮੈਂ ਪ੍ਰਾਥਣਾ ਕਰਦਾ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਗਠਿਤ ਨੈਸ਼ਨਲ ਟਾਸਕ ਫੋਰਸ ਦੀ ਪਹਿਲੀ ਬੈਠਕ ਅੱਜ ਸਵੇਰੇ 11.30 ਵਜੇ ਹੋਈ। ਕੋਲਕਾਤਾ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਡਾਕਟਰਾਂ ‘ਚ ਭਾਰੀ ਗੁੱਸਾ ਹੈ। ਕਤਲ ਤੋਂ ਬਾਅਦ ਸ਼ੁਰੂ ਹੋਏ ਰੋਹ ਤੋਂ ਬਾਅਦ ਸੁਪਰੀਮ ਕੋਰਟ ਨੇ ਡਾਕਟਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ, ਜਿਸ ਦੀ ਪਹਿਲੀ ਮੀਟਿੰਗ ਅੱਜ ਕੈਬਨਿਟ ਸਕੱਤਰੇਤ ਵਿਖੇ ਹੋਈ। ਇਹ ਟਾਸਕ ਫੋਰਸ ਤਿੰਨ ਹਫ਼ਤਿਆਂ ਵਿੱਚ ਅੰਤਰਿਮ ਰਿਪੋਰਟ ਸੌਂਪੇਗੀ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਇਸ ਨੂੰ ਦੋ ਮਹੀਨਿਆਂ ਵਿੱਚ ਅੰਤਿਮ ਰਿਪੋਰਟ ਸੌਂਪਣੀ ਪਵੇਗੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਸਾਬਕਾ ਕੈਬਨਿਟ ਸਕੱਤਰ ਸਮੇਤ ਸਾਰੇ ਵੱਡੇ ਡਾਕਟਰ ਸ਼ਾਮਲ ਸਨ।