ਰਾਜੌਰੀ : ਜੰਮੂ ਦੇ ਰਾਜੌਰੀ ਜ਼ਿਲ੍ਹੇ ਵਿੱਚ ਅੱਜ ਤੜਕੇ ਦੋ ਸਥਾਨਕ ਨਾਗਰਿਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਕਾਰਨ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣ ਗਈ ਹੈ। ਮੌਤ ਦੀ ਖ਼ਬਰ ਮਿਲਦੇ ਹੀ ਸਥਾਨਕ ਲੋਕ ਜੰਮੂ-ਰਾਜੌਰੀ ਹਾਈਵੇਅ ‘ਤੇ ਉਤਰ ਆਏ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ, ਸੁਰੱਖਿਆ ਬਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਇਸ ਦੌਰਾਨ ਫੌਜ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਸ਼ੁੱਕਰਵਾਰ ਤੜਕੇ ਰਾਜੌਰੀ ਦੇ ਫੌਜੀ ਹਸਪਤਾਲ ਨੇੜੇ ਅਣਪਛਾਤੇ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੀ ਘਟਨਾ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਪੁਲਿਸ, ਸੁਰੱਖਿਆ ਬਲ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਸਬੰਧੀ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਸੜਕ ਜਾਮ ਕਰ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰ ਨੂੰ 10-10 ਲੱਖ ਦਾ ਮੁਆਵਜ਼ਾ, ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀ, ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ। ਜਾਣਕਾਰੀ ਮੁਤਾਬਕ ਗੋਲੀਬਾਰੀ ‘ਚ ਰਾਜੌਰੀ ਦੇ ਰਹਿਣ ਵਾਲੇ ਸ਼ਲਿੰਦਰ ਕੁਮਾਰ ਅਤੇ ਕਮਲ ਕਿਸ਼ੋਰ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜੌਰੀ ਦੇ ਮੁਰਾਦਪੁਰ ‘ਚ ਫੌਜ ਅਤੇ ਪੁਲਿਸ ਨੇ ਸ਼ੱਕੀ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀ ਮੋਢਿਆਂ ‘ਤੇ ਬੈਗ ਲੈ ਕੇ ਉਨ੍ਹਾਂ ਦੇ ਅਹਾਤੇ ‘ਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾਇਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦੋਵੇਂ ਵਿਅਕਤੀ ਭੱਜ ਗਏ, ਇਸਤੋਂ ਬਾਅਦ ਤੁਰੰਤ ਫ਼ੌਜ ਅਤੇ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਕਰੀਬ 6 ਘੰਟੇ ਤੱਕ ਫੌਜ ਅਤੇ ਪੁਲਿਸ ਨੇ ਹਰ ਪਾਸੇ ਤਲਾਸ਼ੀ ਲਈ, ਪਰ ਕੋਈ ਸਫਲਤਾ ਨਹੀਂ ਮਿਲੀ।